ਨਵੀਂ ਦਿੱਲੀ – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਪ੍ਰਚਾਰ ਅਤੇ ਵਿਰੋਧੀ ਪਾਰਟੀ ਦੀਆਂ ਗ਼ਲਤੀਆਂ ਤੇ ਕਮੀਆਂ ਜ਼ਾਹਿਰ ਕਰਨ ‘ਚ ਕੋਈ ਕਸਰ ਨਹੀਂ ਛੱਡ ਰਹੀਆਂ। ਅਜਿਹੇ ‘’ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ‘’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘’ਚ ਉਹ ਇਕ ਸਿਆਸੀ ਪਾਰਟੀ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ। ਅਭਿਨੇਤਾ ਆਮਿਰ ਖ਼ਾਨ ਦੇ ਬੁਲਾਰੇ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੇ ਆਪਣੇ 35 ਸਾਲਾਂ ਦੇ ਕਰੀਅਰ ’ਚ ਕਦੇ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਹੈ ਅਤੇ ਇਸ ਸਬੰਧ ’ਚ ਸਾਹਮਣੇ ਆਇਆ ਇਹ ਵੀਡੀਓ ‘ਫਰਜ਼ੀ’ ਹੈ। ਖ਼ਾਨ ਦੇ ਬੁਲਾਰੇ ਅਨੁਸਾਰ ਇਸ ਸਬੰਧ ’ਚ ਮੁੰਬਈ ਪੁਲਸ ਦੇ ਸਾਈਬਰ ਅਪਰਾਧ ਸੈਲ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਹ ਵੀਡੀਓ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨੀਕ ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਆਮਿਰ ਖ਼ਾਨ ਨੇ ਕਈ ਸਾਲਾਂ ਤੱਕ ਚੋਣ ਕਮਿਸ਼ਨ ਦੀਆਂ ਜਾਗਰੂਕਤਾ ਮੁਹਿੰਮਾਂ ’ਚ ਹਿੱਸਾ ਲਿਆ ਹੈ ਪਰ ਕਦੇ ਕਿਸੇ ਸਿਆਸੀ ਪਾਰਟੀ ਦਾ ਪ੍ਰਚਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਦਿਨੀਂ ਵਾਇਰਲ ਹੋਏ ਇਕ ਵੀਡੀਓ ਤੋਂ ਪ੍ਰੇਸ਼ਾਨ ਹਾਂ, ਜਿਸ ’ਚ ਕਥਿਤ ਤੌਰ ’ਤੇ ਦਰਸਾਇਆ ਗਿਆ ਹੈ ਕਿ ਆਮਿਰ ਖ਼ਾਨ ਇਕ ਵਿਸ਼ੇਸ਼ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ। ਉਹ ਸਪਸ਼ਟ ਕਰਨਾ ਚਾਹੁਣਗੇ ਕਿ ਇਹ ਇਕ ਫਰਜ਼ੀ ਵੀਡੀਓ ਹੈ ਅਤੇ ਪੂਰੀ ਤਰ੍ਹਾਂ ਝੂਠਾ ਹੈ।