ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੇ ਦਹਾਕਿਆਂ ਤੋਂ ਆਪਣੀ ਅਦਾਕਾਰੀ, ਵਿਲੱਖਣ ਸ਼ੈਲੀ ਅਤੇ ਰੋਮਾਂਸ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ ਹੈ। ਉਹ ਬਾਲੀਵੁੱਡ ਇੰਡਸਟਰੀ ਵਿੱਚ ਕਿੰਗ ਖਾਨ ਵਜੋਂ ਜਾਣੇ ਜਾਂਦੇ ਹਨ। ਆਪਣਾ 60ਵਾਂ ਜਨਮਦਿਨ ਮਨਾ ਰਹੇ ਸ਼ਾਹਰੁਖ ਖਾਨ ਦੱਸਦੇ ਹਨ ਕਿ ਉਸਦਾ ਬਚਪਨ ਦਾ ਨਾਮ ‘ਅਬਦੁਲ ਰਹਿਮਾਨ’ ਸੀ ਅਤੇ ਇਹ ਨਾਮ ਉਸਦੀ ਦਾਦੀ ਨੇ ਰੱਖਿਆ ਸੀ। ਸ਼ਾਹਰੁਖ ਖਾਨ ਦੱਸਦੇ ਹਨ ਕਿ ਜੇਕਰ ਇਹ ਨਾਮ ਹੀ ਹੁੰਦਾ ਤਾਂ ਇਹ ਸਿਰਫ਼ ਸ਼ਾਹਰੁਖ ਤੋਂ ਵੱਧ ਪ੍ਰਭਾਵਸ਼ਾਲੀ ਨਾ ਲੱਗਦਾ। ਸ਼ਾਹਰੁਖ ਦੇ ਪਿਤਾ ਮੀਰ ਤਾਜ ਮੁਹੰਮਦ ਖਾਨ ਨੇ ਉਸਦਾ ਨਾਮ ਸ਼ਾਹਰੁਖ ਖਾਨ ਰੱਖਿਆ ਜਿਸਦਾ ਅਰਥ ਹੈ ‘ਰਾਜੇ ਦਾ ਚਿਹਰਾ’। ਜਦੋਂ ਸ਼ਾਹਰੁਖ 15 ਸਾਲ ਦੇ ਸਨ ਤਾਂ ਪਿਤਾ ਦਾ ਦੇਹਾਂਤ ਹੋ ਗਿਆ ਅਤੇ 1991 ਵਿੱਚ ਜਦੋਂ ਉਹ 26 ਸਾਲ ਦੇ ਸਨ ਤਾਂ ਉਨ੍ਹਾਂ ਦੀ ਮਾਂ ਦਾ ਵੀ ਦੇਹਾਂਤ ਹੋ ਗਿਆ। ਸ਼ਾਹਰੁਖ ਸ਼ੁਰੂ ਵਿੱਚ ਫਿਲਮਾਂ ਵਿੱਚ ਕੰਮ ਨਹੀਂ ਕਰਨਾ ਚਾਹੁੰਦਾ ਸੀ ਪਰ ਆਪਣੀ ਮਾਂ ਦੀ ਮੌਤ ਤੋਂ ਬਾਅਦ ਉਸਨੇ ਫਿਲਮ ਨਿਰਮਾਤਾ ਵਿਵੇਕ ਵਾਸਵਾਨੀ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ, ‘ਕਿਉਂਕਿ ਇਹ ਮੇਰੀ ਮਾਂ ਦਾ ਸੁਪਨਾ ਸੀ ਕਿ ਮੈਂ ਇੱਕ ਸੁਪਰਸਟਾਰ ਬਣਾਂ। ਹੁਣ ਮੈਂ ਮਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਫਿਲਮਾਂ ਕਰਨਾ ਚਾਹੁੰਦਾ ਹਾਂ।” ਸ਼ਾਹਰੁਖ ਖਾਨ 90 ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਸ਼ਾਹਰੁਖ ਦੀ ਫਿਲਮ “ਦਿਲਵਾਲੇ ਦੁਲਹਨੀਆ ਲੇ ਜਾਏਂਗੇ” ਭਾਰਤੀ ਸਿਨੇਮਾ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਬਣ ਗਈ ਹੈ ਅਤੇ “ਜਵਾਨ” ਹਿੰਦੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ।
1984 ਵਿੱਚ ਜਦੋਂ ਸ਼ਾਹਰੁਖ 19 ਸਾਲ ਦਾ ਸੀ ਅਤੇ ਗੌਰੀ 14 ਸਾਲ ਦੀ ਸੀ ਤਾਂ ਉਹ ਦਿੱਲੀ ਵਿੱਚ ਇੱਕ ਪਾਰਟੀ ਵਿੱਚ ਪਹਿਲੀ ਵਾਰ ਮਿਲੇ ਸਨ ਅਤੇ ਸ਼ਾਹਰੁਖ ਨੂੰ ਪਹਿਲੀ ਨਜ਼ਰ ਵਿੱਚ ਗੌਰੀ ਨਾਲ ਪਿਆਰ ਹੋ ਗਿਆ। ਦੋਨਾਂ ਦੇ ਵੱਖਰੇ ਧਰਮ ਅਤੇ ਪਰਿਵਾਰ ਦੇ ਵਿਰੋਧ ਕਾਰਣ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੰਜ ਸਾਲਾਂ ਤੱਕ ਸ਼ਾਹਰੁਖ ਖਾਨ ਗੌਰੀ ਦੇ ਪਰਿਵਾਰ ਦੇ ਸਾਹਮਣੇ ਹਿੰਦੂ ਬਣਕੇ ਰਿਹਾ ਪਰ ਜਦੋਂ ਸੱਚਾਈ ਸਾਹਮਣੇ ਆਈ, ਤਾਂ ਉਸਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 1991 ਵਿੱਚ ਸ਼ਾਹਰੁਖ ਨੇ ਗੌਰੀ ਦੇ ਪਰਿਵਾਰ ਨੂੰ ਮਨਾਉਣ ਦੀ ਖਾਤਿਰ ਦੋਵਾਂ ਨੇ ਤਿੰਨ ਵਾਰ ਵਿਆਹ ਕੀਤਾ: ਪਹਿਲਾ ਕੋਰਟ ਮੈਰਿਜ, ਦੂਜਾ ਮੁਸਲਿਮ ਧਰਮ ਅਨੁਸਾਰ ਨਿਕਾਹ ਅਤੇ ਤੀਜਾ ਪੰਜਾਬੀ ਸਭਿਆਚਾਰ ਵਾਲਾ ਵਿਆਹ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਵਿਆਹ ਤੋਂ ਬਾਅਦ ਵੀ ਉਹ ਨਾ ਸਿਰਫ਼ ਬਾਲੀਵੁੱਡ ਦੇ ਸਭ ਤੋਂ ਮਜ਼ਬੂਤ ਜੋੜਿਆਂ ਵਿੱਚੋਂ ਇੱਕ ਹਨ। ਉਨ੍ਹਾਂ ਦੇ ਤਿੰਨ ਬੱਚੇ ਆਰੀਅਨ ਖਾਨ, ਸੁਹਾਨਾ ਖਾਨ ਅਤੇ ਅਬਰਾਮ ਖਾਨ ਹਨ।
ਸ਼ਾਹਰੁਖ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲਾਂ ਨਾਲ ਕੀਤੀ ਸੀ। ਉਹ ਫੌਜੀ (1989), ਦਿਲ ਦਰਿਆ (1988), ਅਤੇ ਸਰਕਸ (1994) ਵਰਗੇ ਸ਼ੋਅ ਵਿੱਚ ਨਜ਼ਰ ਆਏ। ਇਨ੍ਹਾਂ ਸ਼ੋਅ ਵਿੱਚ ਉਨ੍ਹਾਂ ਦੇ ਦਮਦਾਰ ਪ੍ਰਦਰਸ਼ਨ ਕਰਕੇ ਫਿਲਮਾਂ ਦੀਆਂ ਪੇਸ਼ਕਸ਼ਾਂ ਹੋਈਆਂ ਅਤੇ 1992 ਵਿੱਚ ਫਿਲਮ ‘ਦੀਵਾਨਾ’ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ। ਸ਼ਾਹਰੁਖ ਨੇ ਫਿਲਮਾਂ ਵਿੱਚ ਬਹਾਦਰੀ, ਨਕਾਰਾਤਮਕ ਅਤੇ ਕਈ ਹੋਰ ਵੱਖ-ਵੱਖ ਭੂਮਿਕਾਵਾਂ ਨੇ ਉਸਦੀ ਸ਼ਾਨਦਾਰ ਅਦਾਕਾਰੀ ਨੂੰ ਬਹੁਤ ਮਸ਼ਹੂਰ ਕਰ ਦਿੱਤਾ। ਇਸੇ ਕਰਕੇ ਸ਼ਾਹਰੁਖ ਖਾਨ ਨੇ 1994 ਵਿੱਚ 39ਵੇਂ ਫਿਲਮਫੇਅਰ ਅਵਾਰਡਾਂ ਵਿੱਚ ਬਾਜ਼ੀਗਰ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ। ਉਸੇ ਸਾਲ ਉਸਨੂੰ ਡਰ ਲਈ ਸਰਬੋਤਮ ਖਲਨਾਇਕ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਉਸਨੂੰ ਫਿਲਮ ਅੰਜਾਮ (1994) ਲਈ ਸਰਬੋਤਮ ਖਲਨਾਇਕ ਦਾ ਫਿਲਮਫੇਅਰ ਪੁਰਸਕਾਰ ਵੀ ਮਿਲਿਆ।
ਸ਼ਾਹਰੁਖ ਨੇ ਪਹਿਲੀ ਵਾਰ 1997 ਵਿੱਚ ਆਪਣੀ ਫਿਲਮ “ਯੈੱਸ ਬੌਸ” ਦੀ ਸ਼ੂਟਿੰਗ ਦੌਰਾਨ ‘ਮੰਨਤ’ ਬੰਗਲੇ ਨੂੰ ਦੇਖਿਆ ਸੀ। ਉਸ ਸਮੇਂ ਇਸ ਬੰਗਲੇ ਨੂੰ “ਵਿਲਾ ਵਿਏਨਾ” ਵਜੋਂ ਜਾਣਿਆ ਜਾਂਦਾ ਸੀ। ਇਹ ਸਮੁੰਦਰੀ ਕੰਢੇ ਵਾਲਾ ਬੰਗਲਾ ਉਸਦੇ ਲਈ ਇੱਕ ਸੁਪਨੇ ਵਾਂਗ ਸੀ। ਇੱਕ ਸਫਲ ਅਦਾਕਾਰ ਹੋਣ ਦੇ ਬਾਵਜੂਦ ਸ਼ਾਹਰੁਖ ਕੋਲ ਇੰਨਾ ਵੱਡਾ ਘਰ ਖਰੀਦਣ ਲਈ ਪੈਸੇ ਨਹੀਂ ਸਨ। ਪਰ ਇੱਕ ਦਿਨ ਸ਼ਾਹਰੁਖ ਨੇ ਸਾਲ 2001 ਵਿੱਚ ਆਪਣੀ ਪਤਨੀ ਗੌਰੀ ਨੂੰ ਉਸਦੇ ਜਨਮਦਿਨ ‘ਤੇ ਇਹ ਬੰਗਲਾ ਤੋਹਫ਼ੇ ਵਜੋਂ ਦਿੱਤਾ ਸੀ। ਮੁੰਬਈ ਦੇ ਬਾਂਦਰਾ ਵਿੱਚ ਸਥਿਤ ਸ਼ਾਹਰੁਖ ਖਾਨ ਦਾ ਆਲੀਸ਼ਾਨ ਘਰ ‘ਮੰਨਤ’ ਹਮੇਸ਼ਾ ਸੈਲਾਨੀਆਂ ਨਾਲ ਭਰਿਆ ਰਹਿੰਦਾ ਹੈ। ਸ਼ਾਹਰੁਖ ਦਾ ਮੰਨਤ ਬਾਰੇ ਮੰਨਣਾ ਹੈ ਕਿ ਜੇਕਰ ਮੈਂ ਕਦੇ ਗਰੀਬ ਹੋ ਗਿਆ ਤਾਂ ਮੈਂ ਸਭ ਕੁਝ ਵੇਚ ਦਿਆਂਗਾ ਪਰ ਮੰਨਤ ਨਹੀਂ।” ਸ਼ਾਹਰੁਖ ਲਈ ਇਹ ਘਰ ਸਿਰਫ਼ ਇੱਕ ਘਰ ਨਹੀਂ ਹੈ, ਸਗੋਂ ਉਸਦੇ ਸੁਪਨਿਆਂ ਦਾ ਇੱਕ ਜੀਵਤ ਰੂਪ ਹੈ।
ਬਾਲੀਵੁੱਡ ਹੀਰੋ ਸ਼ਾਹਰੁਖ ਖਾਨ ਸਿਰਫ਼ ਬਾਲੀਵੁੱਡ ਦੇ ਹੀ ‘ਕਿੰਗ’ ਨਹੀਂ ਹਨ, ਸਗੋਂ ਜਾਇਦਾਦ ਦੇ ਮਾਮਲੇ ਵਿੱਚ ਵੀ ਕਿੰਗ ਬਣੇ ਹੋਏ ਹਨ। ਸ਼ਾਹਰੁਖ ਖਾਨ ਜਿਸਨੂੰ ਕਦੇ ਆਪਣੀ ਪਹਿਲੀ ਤਨਖਾਹ ਵਜੋਂ 50 ਰੁਪਏ ਮਿਲਦੇ ਸਨ, ਅੱਜ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ ਹਨ। ਇਸ ਸਾਲ ਸ਼ਾਹਰੁਖ ਖਾਨ ਨਾ ਸਿਰਫ਼ ਭਾਰਤ ਵਿੱਚ ਸਗੋਂ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ ਬਣ ਗਏ ਹਨ। ਕਿਸੇ ਵੇਲੇ ਭਾਰਤ ਦੇ ਸਭ ਤੋਂ ਅਮੀਰ ਅਦਾਕਾਰ, ਹੁਣ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ ਬਣ ਗਏ ਹਨ। ‘ਹੁਰੂਨ ਇੰਡੀਆ’ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਸ਼ਾਹਰੁਖ ਖਾਨ ਹੁਣ ਦੁਨੀਆ ਭਰ ਦੇ ਕਈ ਹੋਰ ਅਦਾਕਾਰਾਂ ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ ਬਣ ਗਏ ਹਨ। ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ ਇਸ ਸਾਲ 12,490 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਰਿਪੋਰਟ ਦੇ ਅਨੁਸਾਰ ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ ਇੱਕ ਸਾਲ ਵਿੱਚ ਸ਼ਾਹਰੁਖ ਦੀ ਕੁੱਲ ਜਾਇਦਾਦ ਇੱਕ ਸਾਲ ਵਿੱਚ 71 ਪ੍ਰਤੀਸ਼ਤ ਦਾ ਵੱਡਾ ਵਾਧਾ ਹੋਇਆ ਹੈ। ਰਿਪੋਰਟ ਦੇ ਅਨੁਸਾਰ ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ ਪਿਛਲੇ ਸਾਲ 7,300 ਕਰੋੜ ਰੁਪਏ ਸੀ, ਪਰ ਹੁਣ ਇਹ ਇੱਕ ਸਾਲ ਵਿੱਚ 5,190 ਕਰੋੜ ਰੁਪਏ ਦੇ ਵਾਧੇ ਨਾਲ 12,490 ਕਰੋੜ ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਉਹ ਇਸ ਸੂਚੀ ਵਿੱਚ ਕਈ ਵੱਡੇ ਨਾਵਾਂ ਨੂੰ ਪਛਾੜਦੇ ਹੋਏ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ ਵੀ ਬਣ ਗਏ ਹਨ। ਸ਼ਾਹਰੁਖ ਖਾਨ ਮੁੰਬਈ ਤੋਂ ਇਲਾਵਾ ਦਿੱਲੀ, ਅਲੀਬਾਗ, ਡੁਬਈ, ਲੰਡਨ ਅਤੇ ਇੰਗਲੈਂਡ ਵਿੱਚ ਵੀ ਜਾਇਦਾਦਾਂ ਦੇ ਮਾਲਕ ਹਨ। ਰਿਪੋਰਟ ਦੇ ਅਨੁਸਾਰ ਸ਼ਾਹਰੁਖ ਖਾਨ ਕੋਲ ਕੁੱਲ 12 ਲਗਜ਼ਰੀ ਕਾਰਾਂ ਹਨ। ਇਨ੍ਹਾਂ ਵਿੱਚ ਦੋ ਰੋਲਸ-ਰਾਇਸ ਕਲਿਨਨ ਅਤੇ ਫੈਂਟਮ, ਇੱਕ ਬੁਗਾਟੀ ਵੇਰੋਨ, ਬੈਂਟਲੇ ਕਾਂਟੀਨੈਂਟਲ ਜੀਟੀ, ਬੀਐਮਡਬਲਯੂ 7 ਸੀਰੀਜ਼, ਆਈ8, 6-ਸੀਰੀਜ਼ ਕਨਵਰਟੀਬਲ, ਇੱਕ ਮਰਸੀਡੀਜ਼-ਬੈਂਜ਼, ਮਿਟਸੁਬੀਸ਼ੀ ਪਜੇਰੋ, ਆਡੀ ਏ8ਐਲ ਅਤੇ ਟੋਇਟਾ ਲੈਂਡ ਕਰੂਜ਼ਰ ਆਦਿ ਸ਼ਾਮਲ ਹਨ।
ਇੱਕ ਸਫਲ ਅਦਾਕਾਰ ਹੋਣ ਦੇ ਬਾਵਜੂਦ ਸ਼ਾਹਰੁਖ ਨੇ 2002 ਵਿੱਚ ਆਪਣੀ ਪਤਨੀ ਗੌਰੀ ਖਾਨ ਨਾਲ ਮਿਲ ਕੇ ਰੈੱਡ ਚਿਲੀਜ਼ ਐਂਟਰਟੇਨਮੈਂਟ ਦੀ ਸਥਾਪਨਾ ਕੀਤੀ। ਇਹ ਕੰਪਨੀ ਨਾ ਸਿਰਫ਼ ਫਿਲਮਾਂ ਦਾ ਨਿਰਮਾਣ ਕਰਦੀ ਹੈ ਬਲਕਿ ਡਿਸਟ੍ਰੀਬਿਊਸ਼ਨ, ਮਾਰਕੀਟਿੰਗ ਅਤੇ ਵੀਐਫਐਕਸ ਵਰਗੀਆਂ ਤਕਨੀਕੀ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਸ਼ਾਹਰੁਖ ਖਾਨ ਨੇ 2008 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਟੀਮ ਖਰੀਦੀ ਅਤੇ ਬਾਅਦ ਵਿੱਚ ਹੋਰ ਕ੍ਰਿਕਟ ਲੀਗਾਂ, ਕੈਰੇਬੀਅਨ ਪ੍ਰੀਮੀਅਰ ਲੀਗ, ਦੇ ਟ੍ਰਿਨਬਾਗੋ ਨਾਈਟ ਰਾਈਡਰਜ਼ ਅਤੇ ਅਬੂ ਧਾਬੀ ਨਾਈਟ ਰਾਈਡਰਜ਼ ਵਿੱਚ ਵੀ ਨਿਵੇਸ਼ ਕੀਤਾ ਹੋਇਆ ਹੈ।
ਪਿਛਲੇ ਸਾਲ ਆਪਣੇ 59ਵੇਂ ਜਨਮਦਿਨ ‘ਤੇ ਸ਼ਾਹਰੁਖ ਖਾਨ ਨੇ ਐਲਾਨ ਕੀਤਾ ਸੀ ਕਿ ਉਸਨੇ ਸਿਗਰਟਨੋਸ਼ੀ ਛੱਡ ਦਿੱਤੀ ਹੈ। ਸ਼ਾਹਰੁਖ ਨੇ ਖੁਲਾਸਾ ਕੀਤਾ ਕਿ ਉਸਨੇ ਲਗਭਗ 30 ਸਾਲਾਂ ਦੌਰਾਨ ਬਹੁਤ ਜ਼ਿਆਦਾ ਸਿਗਰਟਨੋਸ਼ੀ ਕੀਤੀ ਹੈ। ਉਹ ਇੱਕ ਦਿਨ ਵਿੱਚ 100-100 ਸਿਗਰਟਾਂ ਅਤੇ 30-30 ਕੱਪ ਬਲੈਕ ਕੌਫੀ ਪੀਂਦਾ ਰਿਹਾ ਹੈ।
ਹੇਮਾ ਮਾਲਿਨੀ ਨੇ ਸ਼ਾਹਰੁਖ ਖਾਨ ਨੂੰ 1992 ਦੀ ਫਿਲਮ ‘ਦਿਲ ਆਸ਼ਨਾ ਹੈ’ ਵਿੱਚ ਕਾਸਟ ਕੀਤਾ ਸੀ। ਹੇਮਾ ਇਸ ਇਸ ਮੁਲਾਕਾਤ ਨੂੰ ਯਾਦ ਕਰਦਿਆਂ ਕਹਿੰਦੀ ਹੈ ਕਿ, “ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ 60 ਸਾਲ ਦਾ ਹੋ ਰਿਹਾ ਹੈ। ਮੈਨੂੰ ਲੱਗਦਾ ਸੀ ਕਿ ਉਹ 40 ਦੇ ਆਸ-ਪਾਸ ਹੋਵੇਗਾ। ਜਦੋਂ ਮੈਂ ਉਸਨੂੰ ਟੀਵੀ ਸੀਰੀਅਲ ‘ਫੌਜੀ’ ਵਿੱਚ ਦੇਖਿਆ ਤਾਂ ਮੈਨੂੰ ਲੱਗਾ ਸੀ ਕਿ ਉਹ ਵੱਖਰਾ ਹੈ। ਉਹ ਉਸ ਅਮੀਰ ਆਦਮੀ ਦੇ ਪੁੱਤਰ ਦੀ ਭੂਮਿਕਾ ਲਈ ਸੰਪੂਰਨ ਸੀ ਜਿਸ ਫਿਲਮ ਲਈ ਮੈਂ ਸ਼ਾਹਰੁਖ ਨੂੰ ਕਾਸਟ ਕਰ ਰਹੀ ਸੀ। ਅੱਜ ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਉਹ ਇੱਕ ਵੱਡਾ ਸਟਾਰ ਬਣ ਗਿਆ ਹੈ।”
ਸਾਲ 1996 ਵਿੱਚ ਸ਼ਾਹਰੁਖ ਖਾਨ ਨੇ ਆਮਿਰ ਖਾਨ ਨੂੰ ਇੱਕ ਲੈਪਟਾਪ ਖ੍ਰੀਦਣ ਦੇ ਲਈ ਪ੍ਰੇਰਿਤ ਕੀਤਾ ਅਤੇ ਇੰਨਾ ਹੀ ਨਹੀਂ ਸਗੋਂ ਉਸਨੇ ਖੁਦ ਆਮਿਰ ਨੂੰ ਇੱਕ ਲੈਪਟਾਪ ਤੋਹਫ਼ੇ ਵਿੱਚ ਦਿੱਤਾ ਅਤੇ ਇਸਨੂੰ ਖੁਦ ਸੈੱਟ ਵੀ ਕਰਕੇ ਦਿੱਤਾ ਸੀ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਾਹਰੁਖ ਖਾਨ ਦੀ ਇੱਕ ਵੱਡੀ ਭੈਣ ਵੀ ਹੈ। ਉਸਦਾ ਨਾਮ ਸ਼ਹਿਨਾਜ਼ ਲਾਲਾਰੁਖ ਖਾਨ ਹੈ। ਉਹ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਪਰ ਉਹ ਮੰਨਤ ਵਿੱਚ ਸ਼ਾਹਰੁਖ ਖਾਨ ਦੇ ਨਾਲ ਹੀ ਰਹਿੰਦੀ ਹੈ।
