ਬਾਲੀਵੁੱਡ ਦੇ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਉਹਨਾਂ ਨੇ ਆਪਣੇ ਕੰਮ ਅਤੇ ਕਲਾਕਾਰੀ ਦੇ ਰਾਹੀਂ ਬਾਲੀਵੁੱਡ ਨੂੰ ਪੂਰੀ ਦੁਨੀਆਂ ਦੇ ਵਿੱਚ ਚਮਕਾਇਆ ਹੈ। ਬਾਲੀਵੁੱਡ ਦੇ ਵਿੱਚ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਔਰਤਾਂ ਨੇ ਆਪਣੀ ਸਖਤ ਮਿਹਨਤ ਦੇ ਨਾਲ ਜਿਥੇ ਬਾਲੀਵੁੱਡ ਨੂੰ ਤਾਂ ਬੁਲੰਦੀਆਂ ‘ਤੇ ਤਾਂ ਪਹੁੰਚਾਇਆ ਪਰ ਆਪ ਖੁਦ ਨੂੰ ਆਰਥਿਕ ਤੰਗੀਆਂ ਦੇ ਨਾਲ ਜੂਝਣਾ ਪਿਆ। ਆਰਥਿਕ ਤੰਗੀਆਂ ਦੇ ਨਾਲ ਜੂਝਣ ਵਾਲੇ ਕਲਾਕਾਰਾਂ ਦੇ ਵਿੱਚ ਮਰਦ ਅਤੇ ਔਰਤਾਂ ਦੋਵੇਂ ਹੀ ਸ਼ਾਮਿਲ ਹਨ। ਪਰ ਇਥੇ ਅਸੀਂ ਇੱਕ ਅਜਿਹੀਆਂ ਔਰਤ ਕਲਾਕਾਰ ਦਾ ਜਿ਼ਕਰ ਕਰਨ ਜਾ ਰਹੇ ਹਾਂ ਜਿਹਨਾਂ ਨੇ ਆਪਣੀ ਕਲਾਕਾਰੀ ਦੇ ਨਾਲ-ਨਾਲ ਬਾਲੀਵੁੱਡ ਦੇ ਵਿੱਚ ਆਰਥਿਕ ਪੱਖੋਂ ਸਭ ਤੋਂ ਵੱਧ ਮਜ਼ਬੂਤ ਹੋਣ ਵਿੱਚ ਵੀ ਖੂਬ ਨਾਮਣਾ ਖੱਟਿਆ ਹੈ।
ਬਾਲੀਵੁੱਡ ਦੇ ਵਿੱਚ ਜੂਹੀ ਚਾਵਲਾ ਸਭ ਤੋਂ ਅਮੀਰ ਔਰਤ ਕਲਾਕਾਰ ਹੈ ਅਤੇ ਬਾਲੀਵੁੱਡ ਕਲਾਕਾਰ ਐਸ਼ਵਰਿਆ ਰਾਏ ਦਾ ਨਾਮ ਇਸ ਸੂਚੀ ਵਿੱਚ ਦੂਜੇ ਨੰਬਰ ‘ਤੇ ਹੈ। ਇਸ ਸੂਚੀ ਵਿੱਚ ਪ੍ਰਿਯੰਕਾ ਚੋਪੜਾ ਤੀਜੇ ਨੰਬਰ ‘ਤੇ ਹੈ। ਇਹਨਾਂ ਤੋਂ ਇਲਾਵਾ ਕਰੀਨਾ ਕਪੂਰ, ਅਨੁਸ਼ਕਾ ਸ਼ਰਮਾ, ਕੰਗਣਾ ਰਣੋਤ, ਆਲੀਆ ਭੱਟ ਅਤੇ ਦੀਪਿਕਾ ਪਾਦੂਕੋਣ ਦੇ ਨਾਮ ਵੀ ਚੋਟੀ ਦੀਆਂ ਅਮੀਰ ਕਲਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹਨ।
ਬਾਲੀਵੁੱਡ ਦੇ ਵਿੱਚ ਜੂਹੀ ਚਾਵਲਾ ਦੀ ਕਲਾਕਾਰੀ ਨੂੰ ਪੂਰੀ ਦੁਨੀਆਂ ਸਵੀਕਾਰ ਕਰਦੀ ਹੈ ਅਤੇ ਹਰ ਕੋਈ ਉਸ ਦੀ ਕਲਾਕਾਰੀ ਦਾ ਦੀਵਾਨਾ ਹੈ। ਕਲਾਕਾਰੀ ਦੇ ਨਾਲ-ਨਾਲ ਜਦੋਂ ਫਿਲਮ ਇੰਡਸਟਰੀ ਦੀ ਸਭ ਤੋਂ ਅਮੀਰ ਔਰਤ ਕਲਾਕਾਰਾਂ ਦੀ ਗੱਲ ਆਉਂਦੀ ਹੈ ਤਾਂ 1990 ਦੇ ਦਹਾਕੇ ਵਿੱਚ ਆਪਣੀ ਕਲਾ ਰਾਹੀਂ ਦਰਸ਼ਕਾਂ ਦਾ ਮਨ ਮੋਹ ਲੈਣ ਵਾਲੀ ਇਸ ਕਲਾਕਾਰ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਹੋਰ ਕੋਈ ਵੀ ਬਾਲੀਵੁੱਡ ਔਰਤ ਕਲਾਕਾਰ ਜੂਹੀ ਚਾਵਲਾ ਦੀ ਕੁੱਲ ਜਾਇਦਾਦ ਦੇ ਨੇੜੇ-ਤੇੜੇ ਵੀ ਨਹੀਂ ਹੈ। ਬਾਲੀਵੁੱਡ ਦੇ ਨਾਲ ਸਬੰਧਤ ਸਾਲ 2024 ਦੀ ਇੱਕ ਰਿਪੋਰਟ ਦੇ ਅਨੁਸਾਰ ਬਾਲੀਵੁੱਡ ਦੀ ਸਭ ਤੋਂ ਅਮੀਰ ਔਰਤ ਕਲਾਕਾਰ ਜੂਹੀ ਚਾਵਲਾ ਹੈ ਅਤੇ ਉਸਦੀ ਕੁੱਲ ਜਾਇਦਾਦ ਲਗਭਗ 4600 ਕਰੋੜ ਰੁਪਏ ਹੈ। ਅਭਿਨੇਤਰੀ ਜੂਹੀ ਚਾਵਲਾ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਕਾਰੋਬਾਰ ਤੋਂ ਆਉਂਦਾ ਹੈ। ਉਸਦਾ ਰੈੱਡ ਚਿਲੀਜ਼ ਗਰੁੱਪ ਵਿੱਚ ਵੱਡਾ ਹਿੱਸਾ ਹੈ। ਇਸ ਤੋਂ ਇਲਾਵਾ ਜੂਹੀ ਚਾਵਲਾ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੀ ਸਹਿ-ਮਾਲਕ ਹੈ। ਉਸਦਾ ਪਤੀ ਕਰੋੜਪਤੀ ਕਾਰੋਬਾਰੀ ਜੈ ਮਹਿਤਾ ਹੈ। ਜੂਹੀ ਚਾਵਲਾ ਨੇ ਆਪਣੇ ਪਤੀ ਨਾਲ ਸਾਂਝੇ ਕਾਰੋਬਾਰ ਵਿੱਚ ਵੀ ਨਿਵੇਸ਼ ਕੀਤਾ ਹੋਇਆ ਹੈ ਅਤੇ ਉਹ ਰੀਅਲ ਅਸਟੇਟ ਵਿੱਚ ਵੀ ਨਿਵੇਸ਼ ਕਰਦੀ ਹੈ। ਜੂਹੀ ਚਾਵਲਾ ਦੀ ਆਖਰੀ ਹਿੱਟ ਫਿਲਮ ਸਾਲ 2009 ਵਿੱਚ ਆਈ ਸੀ। ਫਿਲਮ ਦਾ ਨਾਮ ‘ਲੱਕ ਬਾਈ ਚਾਂਸ’ ਸੀ। ਇਸ ਫਿਲਮ ਨੂੰ ਬਣਾਉਣ ਵਿੱਚ 15 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜਦੋਂ ਕਿ ਫਿਲਮ ਨੇ 29 ਕਰੋੜ ਰੁਪਏ ਕਮਾਏ ਸਨ।
ਐਸ਼ਵਰਿਆ ਰਾਏ ਅਮੀਰ ਲੋਕਾਂ ਦੀ ਸੂਚੀ ਵਿੱਚ ਦੂਜੇ ਨੰਬਰ ‘ਤੇ ਹੈ। ਐਸ਼ਵਰਿਆ ਰਾਏ ਕੋਲ 850 ਕਰੋੜ ਰੁਪਏ ਦੀ ਜਾਇਦਾਦ ਹੈ। ਉਹ ਬਾਲੀਵੁੱਡ ਅਤੇ ਦੱਖਣ ਦੀਆਂ ਫਿਲਮਾਂ ਤੋਂ ਕਮਾਈ ਕਰਦੀ ਹੈ। ਇਸ ਤੋਂ ਇਲਾਵਾ ਉਹ ਬ੍ਰਾਂਡ ਐਡੋਰਸਮੈਂਟ ਕਰਦੀ ਹੈ। ਐਸ਼ਵਰਿਆ ਰਾਏ ਕਈ ਵੱਡੇ ਬ੍ਰਾਂਡਾਂ ਦੇ ਸੁੰਦਰਤਾ ਉਤਪਾਦਾਂ ਦੇ ਇਸ਼ਤਿਹਾਰ ਦਿੰਦੀ ਹੈ ਜਿਸ ਤੋਂ ਉਸਨੂੰ ਬਹੁਤ ਕਮਾਈ ਹੁੰਦੀ ਹੈ। ਐਸ਼ਵਰਿਆ ਰਾਏ ਦਾ ਬਾਂਦਰਾ-ਕੁਰਲਾ ਕੰਪਲੈਕਸ ਵਿੱਚ ਇੱਕ ਆਲੀਸ਼ਾਨ ਅਪਾਰਟਮੈਂਟ ਹੈ। ਇਸਦੀ ਕੀਮਤ 21 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਸਦਾ ਮੁੰਬਈ ਦੇ ਵਰਲੀ ਇਲਾਕੇ ਵਿੱਚ ਇੱਕ ਅਪਾਰਟਮੈਂਟ ਵੀ ਹੈ। ਐਸ਼ਵਰਿਆ ਰਾਏ ਨੇ ਸੈਂਚੁਰੀ ਫਾਲਸ ਦੁਬਈ ਵਿੱਚ ਵੀ ਇੱਕ ਵਿਲਾ ਖਰੀਦਿਆ ਹੋਇਆ ਹੈ।
ਪ੍ਰਿਯੰਕਾ ਚੋਪੜਾ ਦਾ ਨਾਮ ਅਮੀਰ ਲੋਕਾਂ ਦੀ ਸੂਚੀ ਵਿੱਚ ਤੀਜੇ ਨੰਬਰ ‘ਤੇ ਹੈ। ਉਹ ਅਦਾਕਾਰੀ ਅਤੇ ਇਸ਼ਤਿਹਾਰਬਾਜ਼ੀ ਤੋਂ ਕਮਾਈ ਕਰਦੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਚੋਪੜਾ ਇੱਕ ਫਿਲਮ ਲਈ 14 ਤੋਂ 20 ਕਰੋੜ ਰੁਪਏ ਚਾਰਜ ਕਰਦੀ ਹੈ। ਪ੍ਰਿਯੰਕਾ ਚੋਪੜਾ ਕਈ ਮਸ਼ਹੂਰ ਬ੍ਰਾਂਡਾਂ ਨਾਲ ਜੁੜੀ ਹੋਈ ਹੈ। ਇਸ ਵਿੱਚ ਪੈਪਸੀ, ਗਾਰਨਿਅਰ, ਬੰਬਲ ਵਰਗੇ ਬ੍ਰਾਂਡ ਸ਼ਾਮਲ ਹਨ। ਪ੍ਰਿਯੰਕਾ ਚੋਪੜਾ ‘ਪਰਪਲ ਪੇਬਲ ਪਿਕਚਰਜ਼’ ਨਾਮ ਦਾ ਇੱਕ ਪ੍ਰੋਡਕਸ਼ਨ ਹਾਊਸ ਚਲਾਉਂਦੀ ਹੈ। ਉਸਨੇ ‘ਵੈਂਟੀਲੇਟਰ’, ‘ਦ ਸਕਾਈ ਇਜ਼ ਪਿੰਕ’ ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ। ਪ੍ਰਿਯੰਕਾ ਚੋਪੜਾ ਨੇ ਤਕਨਾਲੋਜੀ ਸਟਾਰਟਅੱਪ ਵਿੱਚ ਵੀ ਨਿਵੇਸ਼ ਵੀ ਕੀਤਾ ਹੈ।
ਆਲੀਆ ਭੱਟ ਦਾ ਨਾਮ ਵੀ ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਆਲੀਆ ਦੀ ਕੁੱਲ ਜਾਇਦਾਦ 550 ਕਰੋੜ ਰੁਪਏ ਹੈ। ਆਲੀਆ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਅਦਾਕਾਰੀ ਤੋਂ ਆਉਂਦਾ ਹੈ। ਇਸ ਤੋਂ ਇਲਾਵਾ ਉਹ ਬ੍ਰਾਂਡ ਐਡੋਰਸਮੈਂਟ ਤੋਂ ਵੀ ਚੰਗੀ ਕਮਾਈ ਕਰਦੀ ਹੈ। ਆਲੀਆ ਭੱਟ ਸੋਸ਼ਲ ਮੀਡੀਆ ‘ਤੇ ਪੋਸਟਾਂ ਲਈ ਕਰੋੜਾਂ ਰੁਪਏ ਵੀ ਲੈਂਦੀ ਹੈ। ਆਲੀਆ ਭੱਟ ‘ਈਟਰਨਲ ਸਨਸ਼ਾਈਨ ਪ੍ਰੋਡਕਸ਼ਨ’ ਨਾਮ ਦੀ ਇੱਕ ਪ੍ਰੋਡਕਸ਼ਨ ਕੰਪਨੀ ਵੀ ਚਲਾਉਂਦੀ ਹੈ। ਆਲੀਆ ‘ਐਡ-ਏ-ਮਾਮਾ’ ਦੀ ਸੰਸਥਾਪਕ ਹੈ ਜੋ ਬੱਚਿਆਂ ਲਈ ਬ੍ਰਾਂਡ ਵਾਲੇ ਕੱਪੜਿਆਂ ਦੀ ਇੱਕ ਸ਼੍ਰੇਣੀ ਪੇਸ਼ ਕਰਦੀ ਹੈ। ਆਲੀਆ ਨੇ ਇਸਨੂੰ ਅਕਤੂਬਰ 2020 ਵਿੱਚ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਆਲੀਆ ਭੱਟ ਨੇ ਆਈਆਈਟੀ ਕਾਨਪੁਰ ਦੀ ਇੱਕ ਕੰਪਨੀ ‘ਫੂਲ.ਕੋ’ ਵਿੱਚ ਵੀ ਨਿਵੇਸ਼ ਕੀਤਾ ਹੈ।