ਮੁੰਬਈ – ਬਾਲੀਵੁੱਡ ਦੇ ਦਿਗੱਜ ਐਕਟਰ ਧਰਮਿੰਦਰ ਅੱਜ ਕੱਲ੍ਹ ਆਪਣਾ ਜ਼ਿਆਦਾ ਸਮਾਂ ਫਾਰਮ ਹਾਊਸ ‘ਚ ਹੀ ਬੀਤਾਉਂਦੇ ਹਨ। ਉਨ੍ਹਾਂ ਨੂੰ ਇਸ ਦੌਰਾਨ ਖੇਤੀ ਕਰਨਾ ਕਾਫੀ ਪਸੰਦ ਹੈ। ਉਹ ਆਪਣੇ ਫਾਰਮ ਹਾਊਸ ਤੋਂ ਕਈ ਵੀਡੀਓਜ਼ ਵੀ ਫੈਨਸ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਧਰਮਿੰਦਰ ਨੇ ਇੱਕ ਤਾਜ਼ਾ ਵੀਡੀਓ ਸਾਂਝਾ ਕੀਤੀ ਹੈ। ਵੀਡੀਓ ਦੇ ਨਾਲ ਧਰਮਿੰਦਰ ਨੇ ਕੈਪਸ਼ਨ ‘ਚ ਲਿਖਿਆ, “ਦੋਸਤੋ ਕਿਵੇਂ ਹੋ?
ਪਿਆਜ਼ ਬੀਜ ਲਏ ਹਨ ਤੇ ਹੁਣ ਆਲੂ ਲਾਉਣ ਜਾ ਰਿਹਾ ਹਾਂ।” ਇਸ ਦੌਰਾਨ ਵੀਡੀਓ ਵਿੱਚ ਧਰਮਿੰਦਰ ਨੂੰ ਖੇਤਾਂ ‘ਚ ਖੜ੍ਹੇ ਕਿਸਾਨਾਂ ਨਾਲ ਗੱਲਬਾਤ ਕਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਦੇ ਹੇਠਾਂ ਉਨ੍ਹਾਂ ਦੇ ਕੁਝ ਫੈਨਸ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕੁਝ ਨੇ ਮਜ਼ਾਕੀਆ ਤੇ ਮਜ਼ੇਦਾਰ ਜਵਾਬ ਦਿੱਤੇ।
ਸੋਸ਼ਲ ਮੀਡੀਆ ‘ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, “ਭਾਜੀ ਮੈਂਨੂੰ ਲਗਦਾ ਤੁਹਾਨੂੰ ਪੰਜਾਬ ਦੀ ਯਾਦ ਆ ਰਹੀ ਹੈ।” ਇੱਕ ਹੋਰ ਨੇ ਲਿਖਿਆ, ‘ਧਰਮ ਸਰ, ਅਸੀਂ ਤੁਹਾਡਾ ਫਾਰਮ ਹਾਊਸ ਵੀ ਦੇਖਣਾ ਹੈ।’
ਇੱਕ ਹੋਰ ਯੂਜ਼ਰ ਨੇ ਲਿਖਿਆ, ‘ਧਰਮ ਭਾਜੀ, ਸਾਨੂੰ ਵੀ ਕੁਝ ਭੇਜੋ’। ਇਕ ਯੂਜ਼ਰ ਨੇ ਮਜ਼ੇਦਾਰ ਜਵਾਬ ਦਿੰਦੇ ਲਿਖਿਆ, ‘ਕਿਉਂ ਕੀ ਪਿਛਲੀ ਕਣਕ ਦੀ ਫਸਲ ‘ਤੇ ਰੇਟ ਚੰਗਾ ਨਹੀਂ ਮਿਲਿਆ, ਜੋ ਆਲੂ ਪਿਆਜ਼ ‘ਤੇ ਆ ਗਏ। ਬੇਨਤੀ ਹੈ ਕਿ ਲੱਸਣ ਨਾ ਲਗਾ ਲੈਣਾ।”
ਵਰਨਣਯੋਗ ਹੈ ਕਿ ਧਰਮਿੰਦਰ ਦਾ ਜਨਮ 1935 ਵਿੱਚ ਕੇਵਲ ਕਿਸ਼ਨ ਸਿੰਘ ਦਿਓਲ ਅਤੇ ਸਤਵੰਤ ਕੌਰ ਦੇ ਘਰ ਇੱਕ ਸਿੱਖ ਪੰਜਾਬੀ ਜੱਟ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਆਪਣੀ ਸਕੂਲੀ ਪੜ੍ਹਾਈ ਲੁਧਿਆਣਾ ਤੋਂ ਕੀਤੀ। ਧਰਮਿੰਦਰ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ। ਧਰਮਿੰਦਰ ਜਲਦੀ ਹੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਵਿੱਚ ਨਜ਼ਰ ਆਉਣਗੇ।