
ਸਿਰਲੇਖ ਪੜ੍ਹ ਕੇ ਪਾਠਕ ਝੱਟ ਦੇਣੀ ਕਹਿ ਦੇਣਗੇ ਕਿ ਭਾਈ ਹਰਜਿੰਦਰ ਸਿੰਘ ਧਾਮੀ ਹੀ ਪ੍ਰਧਾਨ ਹਨ ਸ਼੍ਰੋਮਣੀ ਕਮੇਟੀ ਦੇ, ਇਹਦੇ ‘ਚ ਬੁੱਝਣ ਵਾਲ਼ੀ ਕਿਹੜੀ ਗੱਲ ਹੋਈ? ਪਰ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਦੇ ਪ੍ਰਧਾਨਗੀ ਕਾਲ ਦੌਰਾਨ ਵਾਪਰੀ ਹੇਠ ਲਿਖੀ ਵਾਰਤਾ ਪੜ੍ਹ ਕੇ ਪਾਠਕਾਂ ਦਾ ਉਤਲਾ ਜਵਾਬ ਬਿਲਕੁਲ ਗਲ੍ਹਤ ਸਾਬਤ ਹੋ ਜਾਵੇਗਾ! ਮੇਰਾ ਦਾਅ੍ਹਵਾ ਹੈ ਕਿ ਇਹ ਲੇਖ ਪੜ੍ਹਦਿਆਂ ਧਾਮੀ ਜੀ ਨੂੰ ਪ੍ਰਧਾਨ ਮੰਨਦੇ ਹੋਇਆਂ ਵੀ ਤੁਹਾਡੇ ਮਨ ਵਿਚ ‘ਪ੍ਰਧਾਨ ਕੌਣ?’ ਦਾ ਸਵਾਲ ਉੱਠ ਖੜ੍ਹੇਗਾ !
ਸ੍ਰੀ ਅਨੰਦ ਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਬਣੇ ਹੋਏ ਮਾਤਾ ਨਾਨਕੀ ਨਿਵਾਸ ਵਿਚ, ਇਕ ਜੋੜ-ਮੇਲੇ ਤੋਂ ਪਹਿਲਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ‘ਜਾਇਦਾਦ ਸਬ-ਕਮੇਟੀ’ ਦੀ ਮੀਟਿੰਗ ਹੋਈ। ਜਿਸ ਵਿਚ ਇਨ੍ਹਾਂ ਸਤਰਾਂ ਦਾ ਲੇਖਕ ਵੀ ਬਤੌਰ ਮੈਂਬਰ ਸ਼੍ਰੋਮਣੀ ਕਮੇਟੀ ਸ਼ਾਮਲ ਸੀ। ਸਮਾਪਤੀ ਮੌਕੇ ਦਫ਼ਤਰ ਦੀ ਸੂਮੋ ਗੱਡੀ ਸਾਨੂੰ ਚਾਰ-ਪੰਜ ਮੈਂਬਰਾਂ ਨੂੰ ਘਰੋ-ਘਰੀਂ ਪਹੁੰਚਾਉਣ ਲਈ ਗੜ੍ਹਸ਼ੰਕਰ ਵੱਲ ਨੂੰ ਰਵਾਨਾ ਹੋ ਗਈ। ਕਿਉਂ ਕਿ ਮੈਂ ਨਵਾਂਸ਼ਹਿਰ ਵੱਲ੍ਹ ਆਉਣਾ ਸੀ ਤੇ ਮੇਰੇ ਦੋ ਸਾਥੀ ਮੈਂਬਰਾਂ ਨੇ ਆਪਣੇ ਟਿਕਾਣੇ ਗਰਨ੍ਹਾ ਸਾਹਿਬ (ਹੁਸ਼ਿਆਰਪੁਰ) ਪਹੁੰਚਣਾ ਸੀ। ਜਿਵੇਂ ਅਕਸਰ ਪੇਂਡੂ ਬੀਬੀਆਂ ਬੱਸਾਂ ਵਿਚ ਸਫ਼ਰ ਕਰਨ ਵੇਲ਼ੇ ਆਪਣੀਆਂ ਨੂੰਹਾਂ-ਧੀਆਂ ਦੀਆਂ ਚੁਗ਼ਲੀਆਂ ਦਿਲ ਖੋਲ੍ਹ ਕੇ ਕਰਦੀਆਂ ਨੇ। ਇਵੇਂ ਹੀ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ, ਮੀਟਿੰਗ ‘ਤੇ ਗਏ ਹੋਏ ਰਾਤ ਦੇ ਠਹਿਰਾਅ ਦੌਰਾਨ ਜਾਂ ਕਿਤੇ ਏਧਰ-ਓਧਰ ਨੂੰ ਇਕੱਠਿਆਂ ਸਫ਼ਰ ਕਰਨ ਮੌਕੇ ਦਿਲਾਂ ਦੀ ਭੜਾਸ ਕੱਢ ਲੈਂਦੇ ਹਨ।
ਸ੍ਰੀ ਅਨੰਦ ਪੁਰ ਸਾਹਿਬ-ਨੰਗਲ਼ ਵਾਲ਼ੀ ਰੇਲਵੇ ਲਾਈਨ ਟੱਪਦਿਆਂ ਸਾਰ ਸੂਮੋ ‘ਚ ਬੈਠੇ ਹੁਸ਼ਿਆਰਪੁਰ ਇਲਾਕੇ ਨਾਲ਼ ਸੰਬੰਧਤ ਦੋਵੇਂ ਕਮੇਟੀ ਮੈਂਬਰਾਂ ਨੇ ਆਪਣੇ ਦਰਦਾਂ ਦੀ ਪੂਣੀ ਛੋਹ ਲਈ। ਇਕ ਦੂਜੇ ਦੀ ਤਾਈਦ ਅਤੇ ਤਾਈਦ ਮਜੀਦ ਕਰਦਿਆਂ ਉਨ੍ਹਾਂ ਨੇ ਪੂਰੀ ਦਾਸਤਾਂ ਸੁਣਾਉਣੀ ਸੁਰੂ ਕੀਤੀ। ਇਨ੍ਹਾਂ ਦੋਹਾਂ ਮੈਂਬਰਾਂ ਦੇ ਆਪਣੇ ਹਲਕੇ ਵਿਚ ਸ਼੍ਰੋਮਣੀ ਕਮੇਟੀ ਵਲੋਂ ਚਲਾਏ ਜਾਂਦੇ ਇਕ ਵਿਦਿਅਕ ਅਦਾਰੇ ਵਿਚ ਲੈਕਚਰਾਰ ਦੀ ਅਸਾਮੀ ਖਾਲੀ ਹੋ ਗਈ। ਇਸ ਅਸਾਮੀ ਲਈ ਵਿੱਦਿਅਕ ਯੋਗਤਾਵਾਂ ਪੂਰੀਆਂ ਕਰਦੇ ਇਕ ਗੁਰਸਿੱਖ ਨੌਜਵਾਨ ਨੇ ਇਨ੍ਹਾਂ ਨਾਲ਼ ਰਾਬਤਾ ਬਣਾਇਆ ਅਤੇ ਉਪਰੋਕਤ ਅਸਾਮੀ ‘ਚ ਆਪਣੀ ਨਿਯੁਕਤੀ ਕਰਵਾਉਣ ਲਈ ਹਮਾਇਤ ਮੰਗੀ। ਅੰਮ੍ਰਿਤਧਾਰੀ ਗੁਰਸਿੱਖ ਅਤੇ ਪੜ੍ਹਿਆ-ਲਿਖਿਆ ਮੁੰਡਾ ਵੇਖ ਕੇ ਇਹ ਦੋਵੇਂ ਮੈਂਬਰ ਪ੍ਰਸੰਨ ਹੋ ਕੇ ਉਸਦੀ ਸਿਫਾਰਸ਼ ਕਰਨ ਲਈ ਝੱਟ ਤਿਆਰ ਹੋ ਗਏ। ਦੂਜੇ ਦਿਨ ਹੀ ਇਹ ਮੈਂਬਰ, ਉਸ ਮੁੰਡੇ ਨੂੰ ਨਾਲ਼ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਨੂੰ ਜਾ ਮਿਲ਼ੇ। ਪ੍ਰਧਾਨ ਜੀ ਨੇ ਰਸਮੀ ਜਿਹੇ ਤਰੀਕੇ ਨਾਲ਼ ਉਸ ਉਮੀਦਵਾਰ ਦੇ ਸਰਟੀਫ਼ਿਕੇਟ ਵਗੈਰਾ ਵੇਖੇ ਅਤੇ ਮੁੰਡੇ ਸਾਹਮਣੇ ਦੋਹਾਂ ਮੈਂਬਰਾਂ ਨੂੰ ‘ਵਿਚਾਰ ਕਰਨ’ ਦਾ ਭਰੋਸਾ ਦੇ ਦਿੱਤਾ। ਪਰ ਮੈਂਬਰਾਂ ਨੂੰ ਵੱਖਰੇ ਤੌਰ ‘ਤੇ ਅੰਦਰ ਲਿਜਾ ਕੇ ਪ੍ਰਧਾਨ ਜੀ ਨੇ ਦੱਸਿਆ ਕਿ “ਜਥੇਦਾਰ ਜੀ ਤੁਸੀਂ ਪੰਜ-ਸੱਤ ਘੰਟੇ ਲੇਟ ਹੋ ਗਏ ਓ! ਤੁਹਾਡੇ ਤੋਂ ਪਹਿਲਾਂ ਮੈਨੂੰ ਫਲਾਣਾ ਮੈਂਬਰ ਆਪਣੇ ਇਕ ਰਿਸ਼ਤੇਦਾਰ ਮੁੰਡੇ ਦਾ ਨਾਂ ਲਿਖਾ ਗਿਆ ਹੈ। ਉਸ ਮੈਂਬਰ ਕੋਲ਼ ‘ਪ੍ਰਧਾਨ ਸਾਹਿਬ’ ਦੀ ਸਿਫਾਰਸ਼ੀ ਚਿੱਠੀ ਵੀ ਸੀ। ਹੁਣ ਬੰਦਾ ਉਹੀ ਰੱਖ ਹੋਣਾ ਐਂ ਵੈਸੇ ਮੁੰਡਾ ਉਹ ਵੀ ਗੁਰਸਿੱਖ ਹੀ ਹੈ।”
ਇਨ੍ਹਾਂ ਮੈਂਬਰਾਂ ਨੇ ਰੋਸ ਜ਼ਾਹਰ ਕੀਤਾ ਕਿ ਸਾਨੂੰ ਹਲਕਾ ਮੈਂਬਰਾਂ ਨੂੰ ਛੱਡ ਕੇ ਬਾਹਰਲੇ ਹਲਕੇ ਦੇ ਮੈਂਬਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜੋ ਕਿ ਸਾਡੇ ਨਾਲ਼ ਸਰਾ ਸਰ ਬੇਇਨਸਾਫ਼ੀ ਹੈ ਪਰ ਪ੍ਰਧਾਨ ਜੀ ਨੇ ਅਸਮਰੱਥਾ ਜ਼ਾਹਿਰ ਕਰਦਿਆਂ ਇਨ੍ਹਾਂ ਨੂੰ ਇਹ ‘ਸਿਆਸੀ ਭਰੋਸਾ’ ਦੇ ਦਿੱਤਾ ਕਿ “ਫ਼ਿਕਰ ਨਾ ਕਰੋ। ਤੁਹਾਡਾ ਬੰਦਾ ਵੀ ਕਿਤੇ ਨਾ ਕਿਤੇ ਜ਼ਰੂਰ ਐਡਜਸਟ ਕਰ ਦਿਆਂਗੇ !” ਇਨ੍ਹਾਂ ਦੋਹਾਂ ਮੈਂਬਰਾਂ ਤੋਂ ਪਹਿਲਾਂ ਬਡੂੰਗਰ ਜੀ ਨੂੰ ਮਿਲ਼ ਚੁੱਕੇ ਓਸ ਮੈਂਬਰ ਨੇ ਵੀ ਇਨ੍ਹਾਂ ਦੋਹਾਂ ਜਥੇਦਾਰਾਂ ਦੇ ਘਰੀਂ ਜਾ ਕੇ ਉਨ੍ਹਾਂ ਨੂੰ ‘ਰਾਜ਼ੀ’ ਕਰ ਲਿਆ। ਇੰਜ ਹੁਸ਼ਿਆਰਪੁਰੀਏ ਇਨ੍ਹਾਂ ਦੋਹਾਂ ਮੈਂਬਰਾਂ ਦਾ ਗੁੱਸਾ ਵੀ ਠੰਢਾ ਹੋ ਗਿਆ। ਕੁਝ ਅਰਸੇ ਪਿੱਛੋਂ ਇਸ ਵਿੱਦਿਅਕ ਅਦਾਰੇ ਵਿਚ ਕੋਈ ਸਮਾਗਮ ਆਯੋਜਤ ਹੋਇਆ। ਉੱਥੇ ਦਫ਼ਤਰ ‘ਚ ਬੈਠਿਆਂ ਇਨ੍ਹਾਂ ਦੋਹਾਂ ਮੈਂਬਰਾਂ ਨੇ ਪ੍ਰਿੰਸੀਪਲ ਨੂੰ ਸੁਭਾਵਿਕ ਹੀ ਪੁੱਛ ਲਿਆ ਕਿ ਜਿਹੜਾ ਨਵਾਂ ਲੈਕਚਰਾਰ ਰੱਖਿਆ ਹੈ, ਸਾਨੂੰ ਵੀ ਉਹਦੇ ਦਰਸ਼ਨ ਕਰਵਾ ਦਿਉ ਜੀ?
ਪ੍ਰਿੰਸੀਪਲ ਨੇ ਖੁਸ਼ ਹੁੰਦਿਆਂ ਲਾਗੇ ਬੈਠੇ ਇਕ ਨੌਜਵਾਨ ਵੱਲ ਇਸ਼ਾਰਾ ਕਰਦਿਆਂ ਆਖਿਆ-“ਆਹ ਦੇਖੋ ਤਾਂ ਬੈਠੇ ਨੇ ਸ੍ਰੀ … ਸਾਬ੍ਹ ਬੜੇ ਮਿਲਾਪੜੇ ਤੇ ਮਿਹਨਤੀ ਨੇ ਇਹ।” ਦੋਵੇਂ ਮੈਂਬਰ ਉਸ ਕਲੀਨਸ਼ੇਵਨ ਲੈਕਚਰਾਰ ਵੱਲ ਵੇਖ ਕੇ ਹੱਕੇ-ਬੱਕੇ ਰਹਿ ਗਏ। ਦੋਹਾਂ ਮੈਂਬਰਾਂ ਦੇ ਮੂੰਹ ਇੰਜ ਦੇ ਹੋ ਗਏ ਜਿਵੇਂ ਕੁਨੈਣ ਪੀਤੀ ਹੋਈ ਹੋਵੇ। ਦੋਵੇਂ ਜਣੇ ਸੋਚਣ ਲੱਗੇ ਕਿ ਅਕਸਰ ਅਜਿਹੀਆਂ ਗੱਲਾਂ ਸੁਣਨ ‘ਚ ਆਉਂਦੀਆਂ ਰਹਿੰਦੀਆਂ ਨੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਸਕੂਲਾਂ/ਕਾਲਜਾਂ ਵਿਚ ਨੌਕਰੀ ਲੈਣ ਲਈ ਸਿੱਖ ਪਰਿਵਾਰਾਂ ਦੇ ਮੁੰਡੇ ਚਹੁੰ ਕੁ ਦਿਨਾਂ ਲਈ ਕੇਸ ਕੱਟਣੇ ਬੰਦ ਕਰਕੇ ਦਾੜ੍ਹੀਆਂ ਵਧਾ ਲੈਂਦੇ ਹਨ ਅਤੇ ਨੌਕਰੀ ਮਿਲ਼ ਜਾਣ ਤੋਂ ਬਾਅਦ, ਕੋਈ ਨਾ ਕੋਈ ਬਹਾਨਾ ਲਾ ਕੇ ਮੁੜ ਘਰੜ-ਮਰੜ ਹੋ ਜਾਂਦੇ ਨੇ! ਉਨ੍ਹਾਂ ਨੂੰ ਇਸ ਕੇਸ ਵਿਚ ਵੀ ਐਸਾ ਹੀ ‘ਭਾਣਾ ਵਰਤਿਆ’ ਹੋਇਆ ਜਾਪਿਆ।
ਕੁਝ ਚਿਰ ਚੁੱਪ ਰਹਿਣ ਤੋਂ ਬਾਅਦ, ਇਨ੍ਹਾਂ ਮੈਂਬਰਾਂ ਨੇ ਉਸ ਲੈਕਚਰਾਰ ਨੂੰ ਪੁੱਛਿਆ-“ਕੀ ਨਾਂ ਏ ਬਈ ਜੁਆਨਾ ਤੇਰਾ?” ਮੁੰਡੇ ਮੂੰਹੋਂ ਗ਼ੈਰ ਸਿੱਖਾਂ ਵਾਲ਼ਾ ਨਾਂ ਸੁਣ ਕੇ ਦੋਹਾਂ ਜਥੇਦਾਰਾਂ ਦੇ ਰਹਿੰਦੇ ਵੀ ਤੌਰ ਭੌਰ ਉਡ ਗਏ। “ਹੈਂਅ? ਸਾਡੇ ਨਾਲ਼ ਨੰਗਾ ਚਿੱਟਾ ਧੋਖਾ? ਸਾਨੂੰ ਤਾਂ ਪ੍ਰਧਾਨ ਜੀ ਨੇ ਓਦਣ ਦੱਸਿਆ ਸੀ ਕਿ ਸਾਥੋਂ ਪਹਿਲਾਂ ਆਈ ਹੋਈ ਸਿਫਾਰਸ਼ ਵਾਲ਼ਾ ਨੌਜਵਾਨ ਵੀ ਗੁਰਸਿੱਖ ਹੀ ਹੈ। ਪਰ ਆਹ ਤਾਂ ਹੋਰ ਈ ਚੰਨ ਚੜ੍ਹਿਆ ਹੋਇਆ ਹੈ?”
ਅਦਾਰੇ ਵਿਚ ਹੋਇਆ ਸਮਾਗਮ ਮੁੱਕਣ ਤੋਂ ਬਾਅਦ ਦੋਵੇਂ ਮੈਂਬਰ ਭੱਜੇ-ਭੱਜੇ ਜਾ ਗੱਜੇ ਪ੍ਰਧਾਨ ਬਡੂੰਗਰ ਜੀ ਪਾਸ, ਜੋ ਉਸੇ ਸਮਾਗਮ ਵਿਚ ‘ਮੁੱਖ ਮਹਿਮਾਨ’ ਵਜੋਂ ਪਧਾਰੇ ਹੋਏ ਸਨ! ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ ਪਹਿਲਾਂ ਤਾਂ ਪ੍ਰਧਾਨ ‘ਲੋਲੋ-ਪੋਪੋ’ ਜਿਹੀ ਕਰਨ ਲੱਗ ਪਿਆ। ਪਰ ਜਦ ਇਹ ਦੋਵੇਂ ਮੈਂਬਰ ਖਹਿੜੇ ਈ ਪੈ ਗਏ ਕਿ ਜੋ ਹੋ ਗਿਆ ਸੋ ਹੋ ਗਿਆ, ਘੱਟ ਤੋਂ ਘੱਟ ਸਾਨੂੰ ਹੁਣ ਤਾਂ ਦੱਸ ਦਿਉ ਕਿ ਸ਼੍ਰੋਮਣੀ ਕਮੇਟੀ ਦੇ ਕਾਲਜ ਵਿਚ ਵਿੱਦਿਅਕ ਸ਼ਰਤਾਂ ਪੂਰੀਆਂ ਕਰਦੇ ਦੋ ਅੰਮ੍ਰਿਤਧਾਰੀ ਗੁਰਸਿੱਖ ਉਮੀਦਵਾਰਾਂ ਨੂੰ ਛੱਡ ਕੇ ਇਕ ਗੈਰ-ਸਿੱਖ ਨੂੰ ਨੌਕਰੀ ਕਿਸਦੇ ਕਹੇ ਤੋਂ ਦਿੱਤੀ ਗਈ? ਤਾਂ ਫਿਰ ਪ੍ਰਧਾਨ ਜੀ ਨੇ ਇਨ੍ਹਾਂ ਨੂੰ ‘ਵਿਚਲੀ ਗੱਲ’ ਇਹ ਦੱਸੀ-
“ਬਈ ਜਥੇਦਾਰ .…!” ਪ੍ਰਧਾਨ ਜੀ ਹੌਲੀ ਜਿਹੇ ਬੋਲੇ- “ਤੁਹਾਡਾ ਰੋਸਾ ਬਿਲਕੁਲ ਜਾਇਜ਼ ਹੀ ਹੈ। ਓਦਣ ਮੇਰੇ ਕੋਲ ਤੁਹਾਥੋਂ ਪਹਿਲਾਂ ਆਏ ਜਥੇਦਾਰ … ਸਿੰਘ ਦਾ ਸਿਫ਼ਾਰਸੀ ਮੁੰਡਾ ਮੈਂ ‘ਸਿਲੈਕਟ’ ਕਰ ਲਿਆ ਸੀ, ਪਰ ਐਨ ਆਖ਼ਰੀ ਪਲਾਂ ‘ਚ ਮੈਨੂੰ ਚੰਡੀਗੜ੍ਹੋਂ ‘ਪ੍ਰਧਾਨ ਸਾਹਿਬ’ ਦਾ ਫ਼ੋਨ ਆ ਗਿਆ ਸੀ ਕਿ ਬਡੂੰਗਰ ਜੀ ਮੈਂ ਇਸ ਮੁੰਡੇ ਨੂੰ ਇਹ ਸਲਿੱਪ ਦੇ ਕੇ ਤੁਹਾਡੇ ਕੋਲ਼ ਭੇਜ ਰਿਹਾਂ, ਇਹਨੂੰ ਹੀ ਪੋਸਟ ‘ਤੇ ‘ਜੁਆਇਨ’ ਕਰਵਾਉਣਾ ਹੈ!”
ਪ੍ਰਧਾਨ ਬਡੂੰਗਰ ਜ਼ਰਾ ਹੋਰ ਧੀਮੀਂ ‘ਵਾਜ ਵਿਚ ਬੋਲੇ ਕਿ ਬਾਦਲ ਸਾਹਿਬ ਨੂੰ ਇਸ ਮੁੰਡੇ ਦੀ ਸਿਫਾਰਸ਼ ਬਾਰੇ ਦਿੱਲੀਉਂ ਅਡਵਾਨੀ ਸਾਹਿਬ ਦਾ ਫ਼ੋਨ ਆ ਗਿਆ ਸੀ! (ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਉਸ ਵੇਲੇ ਕੇਂਦਰੀ ਗ੍ਰਹਿ ਮੰਤਰੀ ਸਨ) ਜਥੇਦਾਰੋ ਤੁਹਾਨੂੰ ਪਤਾ ਈ ਅ ੈ… ਹੀਂ-ਹੀਂ-ਹੀਂ… ਮਜਬੂਰੀ ਵਿਚ ‘ਕਈ ਕੁਛ’ ਕਰਨਾ ਪੈਂਦਾ ਐ!”
ਪ੍ਰਧਾਨ ਜੀ ਨੇ ਦੋਹਾਂ ਮੈਂਬਰਾਂ ਨੂੰ ਆਪਣੀ ਮਜਬੂਰੀ ਵਾਲੀ ‘ਗੋਲ਼ੀ’ ਨਾਲ਼ ਸ਼ਾਂਤ ਕਰ ਦਿੱਤਾ।
ਦੋਹਾਂ ਮੈਂਬਰਾਂ ਵਲੋਂ ਸੁਣਾਈ ਜਾ ਰਹੀ ਇਹ ਵਾਰਤਾ ਮੁਕਦੀ ਨੂੰ ਸਾਡੀ ਸੂਮੋ ਗੱਡੀ ਗੜ੍ਹਸ਼ੰਕਰ ਦੇ ਬੱਸ ਅੱਡੇ ਪਹੁੰਚ ਚੁੱਕੀ ਸੀ। ਇੱਥੇ ਸੱਤੀ ਦੇ ਢਾਬੇ ‘ਤੇ ਬਹਿ ਕੇ ਚਾਹ ਨਾਲ਼ ਸਮੋਸੇ ਖਾਂਦਿਆਂ, ਅਸੀਂ ਤਿੰਨੋਂ ਜਣੇ ਲੰਘੇ ਸੱਪ ਦੀ ਲਕੀਰ ਕੁੱਟਣ ਵਾਂਗ ਉਤਲੇ ਪ੍ਰਕਰਣ ਦੀ ਵੱਖ-ਵੱਖ ਪੱਖਾਂ ਤੋਂ ਚੀਰ-ਫਾੜ ਕਰਦੇ ਰਹੇ-
‘ਏਨੀ ਕੱਟੜਤਾ ਵੀ ਨਹੀਂ ਚਾਹੀਦੀ ਕਿ ਕਿਸੇ ਹੋਰ ਧਰਮ ਦਾ ਪੈਰੋਕਾਰ ਸਾਡੇ ਅਦਾਰਿਆਂ ‘ਚ ਵੜੇ ਈ ਨਾ, ਪਰ ਆਹ ਤਾਂ ਸ਼ਰੇਆਮ ਧੱਕਾ ਹੈ ਕਿ ਦੋ ਯੋਗ ਗੁਰਸਿੱਖ ਉਮੀਦਵਾਰਾਂ ਨੂੰ ਪਾਸੇ ਕਰਕੇ ਇਕ ਗ਼ੈਰ-ਸਿੱਖ …!’
ਉੱਥੇ ਅੱਧਾ-ਪੌਣਾ ਘੰਟਾ ਅਜਿਹੇ ਯਾਭਾਂ ਦੇ ਭੇੜ ਕਰਕੇ ਅਸੀਂ ਆਪੋ-ਆਪਣੇ ਘਰਾਂ ਨੂੰ ਤੁਰ ਆਏ। ਇਸ ਲਿਖਤ ਨੂੰ ਮੈਂ ਅਗਲੀਆਂ ਹੋਰ ਗੱਲਾਂ ਲਿਖ ਕੇ ਲਮਕਾਉਣਾ ਨਹੀਂ ਚਾਹੁੰਦਾ ਕਿ ਕਿਵੇਂ ਮੈਂ ਉਨ੍ਹਾਂ ਸਾਥੀ ਮੈਂਬਰਾਂ ਦੀ ਸਲਾਹ ਨਾਲ਼ ਪ੍ਰਧਾਨ ਜੀ ਨੂੰ ਉਕਤ ਵਰਤਾਰੇ ਬਾਰੇ ਰੋਸ-ਪੱਤਰ ਵੀ ਲਿਖਿਆ। ਉਸ ਰੋਸ-ਪੱਤਰ ਦਾ ਬਣਿਆ ਕੀ? ਇਹ ਵਿਸਥਾਰ ਵੀ ਨਹੀਂ ਲਿਖ ਰਿਹਾ। ਬਸ ਪਾਠਕ-ਜਨਾਂ ਅੱਗੇ ਆਪਣੀ ਕੌਮ ਦੇ ਨਿਘਾਰ ਦਾ ਵਾਸਤਾ ਪਾ ਕੇ ਇਕ ਅਰਜ਼ ਕਰਨੀ ਚਾਹੁੰਦਾ ਹਾਂ ਕਿ ਆਪ ਸਭ ਨੂੰ ਇਹ ਲਿਖਤ ਪੜ੍ਹ ਕੇ, ‘ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੁੰਦਾ ਐ ?’ ਦਾ ਜਵਾਬ ਤਾਂ ਮਿਲ਼ ਗਿਆ ਹੋਵੇਗਾ ਜੀ ਪਰ ਉਸ ‘ਭਰਦਾਨ’ ਦੀ ਪੰਜਾਲ਼ੀ ਹਾਲੇ ਤੱਕ ਵੀ ਸ਼੍ਰੋਮਣੀ ਕਮੇਟੀ ਦੇ ਗਲ਼ ਵਿਚ ਪਈ ਹੋਈ ਹੈ ਉਸਨੂੰ ਉਤਾਰਨ ਲਈ ਕਮਰਕੱਸੇ ਕਰੀਏ!