ਬ੍ਰਿਟਿਸ਼ ਰੈਪ ਕਲਾਕਾਰ ਸਟੈਫਨੀ ਐਲਨ, ਜਿਸ ਨੂੰ ਸਟੈਫਲੌਨ ਡੌਨ ਵਜੋਂ ਜਾਣਿਆ ਜਾਂਦਾ ਹੈ, ਨੇ ਸਵੀਡਨ ’ਚ ਆਪਣੇ ਲਾਈਵ ਕੌਂਸਰਟ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਨਾਲ ਹੀ, ਉਨ੍ਹਾਂ ਨੇ ਮੂਸੇਵਾਲਾ ਨਾਲ ਆਪਣੇ ਸਬੰਧਾਂ ਅਤੇ ਸਾਂਝੇ ਕੰਮ ਬਾਰੇ ਵੀ ਦੱਸਿਆ।
ਸਵੀਡਨ ’ਚ ਹੋਏ ਲਾਈਵ ਕੌਂਸਰਟ ’ਚ ਸਟੈਫਲੌਨ ਡੌਨ ਨੇ ਮੂਸੇਵਾਲਾ ਨਾਲ ਸ਼ੂਟ ਕੀਤੇ ਮਸ਼ਹੂਰ ਗੀਤ ‘ਡਿਲੇਮਾ’ ਦੀ ਕਹਾਣੀ ਸਾਂਝੀ ਕੀਤੀ। ਕੌਂਸਰਟ ਦੌਰਾਨ ‘ਡਿਲੇਮਾ’ ਗੀਤ ਵਜਾਇਆ ਗਿਆ, ਜਿਸ ’ਚ ਸਟੈਫਲੌਨ ਨੇ ਖੁਦ ਮੂਸੇਵਾਲਾ ਦੀਆਂ ਲਾਈਨਾਂ ਗਾਈਆਂ। ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਨੇ ਉਨ੍ਹਾਂ ਨੂੰ ਭਾਰਤ ਬੁਲਾਇਆ ਸੀ, ਪਰ ਉਹ ਉਸ ਸਮੇਂ ਨਹੀਂ ਜਾ ਸਕੀ। ਜਦੋਂ ਉਹ ਗਈ ਤਾਂ ਮੂਸੇਵਾਲਾ ਦੁਨੀਆ ’ਚ ਨਹੀਂ ਸਨ। ਸਟੈਫਨੀ ਨੇ ਕਿਹਾ, “ਮੂਸੇਵਾਲਾ ਨਾਲ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਸੀ।”
ਕੌਂਸਰਟ ’ਚ ਸਟੈਫਲੌਨ ਡੌਨ ਨੇ ਜਿਵੇਂ ਹੀ ਸਟੇਜ ਤੋਂ ਸਿੱਧੂ ਮੂਸੇਵਾਲਾ ਦਾ ਨਾਂ ਲਿਆ, ਪੂਰਾ ਕੌਂਸਰਟ ਹਾਲ ਤਾੜੀਆਂ ਅਤੇ ਨਾਅਰਿਆਂ ਨਾਲ ਗੂੰਜ ਉੱਠਿਆ। ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਕਿਹਾ, “ਮੈਂ ਮੂਸੇਵਾਲਾ ਨਾਲ ਗੀਤ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਭਾਰਤ ਬੁਲਾਇਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਮੈਂ ਉਨ੍ਹਾਂ ਦੇ ਪਰਿਵਾਰ ਨੂੰ ਮਿਲੀ ਅਤੇ ਗੀਤ ਸ਼ੂਟ ਕੀਤਾ। ਇਹ ਬੜਾ ਦੁਖਦਾਈ ਹੈ ਕਿ ਅੱਜ ਉਹ ਸਾਡੇ ਵਿਚ ਨਹੀਂ ਹਨ।”