ਟੀ.ਵੀ. ਹਰ ਘਰ ਦਾ ਸ਼ਿੰਗਾਰ ਅਤੇ ਜ਼ਰੂਰਤ ਹੁੰਦਾ ਹੈ। ਇਸ ਨੂੰ ਮਨੋਰੰਜਨ ਦਾ ਸਭ ਤੋਂ ਸਸਤਾ ਅਤੇ ਵਧੀਆ ਸਾਧਨ ਮੰਨਿਆਂ ਗਿਆ ਹੈ। ਘਰਾਂ ਵਿੱਚ ਲਗਭਗ ਹਰ ਉਮਰ ਦੇ ਲੋਕ ਇਸ ਨੂੰ ਦੇਖਕੇ ਆਪਣਾ ਮਨੋਰੰਜਨ ਅਤੇ ਜਾਣਕਾਰੀ ਵਿੱਚ ਵਾਧਾ ਕਰਦੇ ਹਨ। ਅਜੋਕੇ ਸਮੇਂ ਵਿੱਚ ਟੀ.ਵੀ. ਚੈਨਲਾਂ ਦੀ ਬਹੁਤਾਤ ਵੱਧ ਗਈ ਹੈ ਜਿਸ ਨਾਲ ਲੋਕਾਂ ਨੂੰ ਇਹ ਸਮਝ ਨਹੀਂ ਲਗਦੀ ਕਿ ਕਿਹੜਾ ਚੈਨਲ ਦੇਖਿਆ ਜਾਵੇ ਅਤੇ ਕਿਹੜਾ ਨਾ ਦੇਖਿਆ ਜਾਵੇ। ਸਭ ਤੋਂ ਵੱਧ ਧਿਆਨ ਸਾਨੂੰ ਪਰਿਵਾਰ ਦੇ ਬੱਚਿਆਂ ਦਾ ਰੱਖਣ ਦੀ ਲੋੜ ਹੈ ਕਿ ਉਹ ਕਿਸ ਟੀ.ਵੀ. ਚੈਨਲ ਨੂੰ ਦੇਖ ਅਤੇ ਪਸੰਦ ਕਰ ਰਹੇ ਹਨ। ਇਸ ਪ੍ਰਤੀ ਮਾਪਿਆਂ ਨੂੰ ਆਪਣੇ ਬੱਚਿਆਂ ਉੱਤੇ ਪੂਰੀ ਤਰਾਂ ਨਿਗਰਾਨੀ ਰੱਖਣ ਦੀ ਲੋੜ ਹੈ। ਬੱਚਿਆਂ ਦੇ ਸਾਹਮਣੇ ਮਾਪਿਆਂ ਨੂੰ ਵੀ ਸਹੀ ਟੀ.ਵੀ. ਚੈਨਲ ਦੇਖਣਾ ਚਾਹੀਦਾ ਹੈ। ਜ਼ਿਆਦਾਤਰ ਘਰਾਂ ਵਿੱਚ ਲੋਕਾਂ ਨੂੰ ਸਿੱਖਿਆ ਭਰਪੂਰ ਜਾਣਕਾਰੀ ਦਿੰਦੇ ਚੈਨਲ ਦੇਖਣ ਦੀ ਲੋੜ ਹੁੰਦੀ ਹੈ। ਕੁਝ ਕਾਰਟੂਨ ਚੈਨਲ ਵੀ ਬੱਚਿਆਂ ਦੇ ਦੇਖਣ ਲਈ ਸਹੀ ਮੰਨੇ ਜਾ ਸਕਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਸਾਰੇ ਕਾਰਟੂਨ ਚੈਨਲ ਸਹੀ ਹੀ ਹੋਣ ਇਸ ਗਲ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਦੇ ਕੋਲ ਬੈਠ ਕੇ ਹੀ ਟੀ.ਵੀ. ਦੇਖਣਾ ਚਾਹੀਦਾ ਹੈ। ਹਰ ਉਮਰ ਦੇ ਬੱਚਿਆਂ ਲਈ ਵੱਖਰੇ ਟੀ.ਵੀ. ਚੈਨਲਾਂ ਦੀ ਚੋਣ ਕਰਨ ਦੀ ਲੋੜ ਹੈ। ਉਂਝ ਤਾਂ ਬੱਚਿਆਂ ਲਈ ਲੋੜ ਤੋਂ ਜ਼ਿਆਦਾ ਟੀ.ਵੀ. ਦੇਖਣਾ ਵੀ ਬਹੁਤ ਹਾਨੀਕਾਨਰਕ ਹੈ ਜਿਵੇਂ ਜ਼ਿਆਦਾ ਟੀ.ਵੀ. ਦੇਖਣਾ ਅੱਖਾਂ ਅਤੇ ਦਿਮਾਗ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦਾ ਹੈ। ਇਸ ਲਈ ਆਪਣੇ ਬੱਚਿਆਂ ਦਾ ਟੀ.ਵੀ. ਦੇਖਣ ਦਾ ਸਮਾਂ ਸੁਨਿਸ਼ਚਿਤ ਕਰਨਾ ਵੀ ਜ਼ਰੂਰੀ ਹੈ। ਟੀ.ਵੀ. ਦੇਖਣ ਦੀ ਬਜਾਏ ਬੱਚਿਆਂ ਨੂੰ ਖੇਡਣ-ਮੱਲਣ ਲਈ ਸਮਾਂ ਕੱਡਣ ਦੀ ਲੋੜ ਹੈ। ਅਜੋਕੇ ਸਮੇਂ ਵਿੱਚ ਹਰ ਰੋਜ਼ ਹੀ ਬਹੁਤ ਸਾਰੇ ਟੀ.ਵੀ. ਚੈਨਲ ਹੋਂਦ ਵਿੱਚ ਆ ਰਹੇ ਹਨ। ਅਜਿਹੀ ਹਾਲਤ ਵਿੱਚ ਮਾਪਿਆਂ ਨੂੰ ਆਪ ਵੀ ਅਤੇ ਬੱਚਿਆਂ ਨੂੰ ਵੀ ਸਹੀ ਚੈਨਲ ਦੀ ਚੋਣ ਕਰਨ ਦੀ ਲੋੜ ਹੈ। ਪੜਾਈ ਨਾਲ ਸੰਬੰਧਤ ਪ੍ਰੋਗਰਾਮ ਦਿਖਾਉਂਦੇ ਟੀ.ਵੀ. ਚੈਨਲ ਬੱਚਿਆਂ ਨੂੰ ਦਿਖਾਉਣ ਦੀ ਲੋੜ ਹੈ। ਬੱਚਿਆਂ ਦਾ ਟੀ.ਵੀ. ਦੇਖਣ ਅਤੇ ਪੜਾਈ ਕਰਨ ਦਾ ਸਮਾਂ ਸਾਰਣੀ ਬਣਾਉਣਾ ਜ਼ਰੂਰੀ ਹੈ। ੧੫ ਤੋਂ ੨੫ ਸਾਲ ਦੇ ਬੱਚਿਆਂ ਲਈ ਟੀ.ਵੀ. ਚੈਨਲ ਦੀ ਚੋਣ ਕਰਨਾਂ ਬਹੁਤ ਜ਼ਰੂਰੀ ਹੈ। ਛੋਟੀਆਂ ਅਤੇ ਜਵਾਨ ਹੋ ਰਹੀਆਂ ਕੁੜੀਆਂ ਲਈ ਵੀ ਸਹੀ ਟੀ.ਵੀ. ਚੈਨਲ ਦੀ ਚੋਣ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਕੰਮ ਕਾਜੀ ਮਾਪਿਆਂ ਲਈ ਜੋ ਸਾਰਾ ਦਿਨ ਆਪਣੇ ਦਫ਼ਤਰ ਵਿੱਚ ਰਹਿੰਦੇ ਹਨ ਉਹ ਵੀ ਆਪਣੇ ਬੱਚਿਆਂ ਲਈ ਜ਼ਿਆਦਾ ਸਤਰਕ ਰਹਿਣ ਤਾਂ ਜੋ ਉਹਨਾਂ ਦੇ ਬੱਚੇ ਸਹੀ ਮਾਹੌਲ ਵਿੱਚ ਰਹਿਣ। ਟੀ.ਵੀ. ਚੈਨਲਾਂ ਦੀ ਤਾਲਾਬੰਦੀ (ਚੈਨਲ ਲੋਕਿੰਗ) ਕਰਨਾ ਵੀ ਇੱਕ ਸੁਚੱਜਾ ਢੰਗ ਹੈ ਬੱਚਿਆਂ ਨੂੰ ਸਹੀ ਰਾਹ ਪਾਉਣ ਦਾ। ਗੀਤਾਂ ਅਤੇ ਪਰਿਵਾਰਕ ਨਾਟਕਾਂ ਵਾਲੇ ਟੀ.ਵੀ. ਚੈਨਲਾਂ ਤੋਂ ਵੀ ਜਵਾਨ ਹੋ ਰਹੇ ਬੱਚਿਆਂ ਨੂੰ ਪਰਹੇਜ ਰੱਖਣ ਦੀ ਲੋੜ ਹੈ। ਚੈਨਲਾਂ ਵਾਲਿਆਂ ਨੂੰ ਵੀ ਆਪਣੀਆਂ ਹੱਦਾਂ ਵਿੱਚ ਰਹਿ ਕੇ ਹੀ ਪ੍ਰੋਗਰਾਮ ਦਿਖਾਉਣੇ ਚਾਹੀਦੇ ਹਨ। ਜ਼ਿਆਦਾਤਰ ਟੀ.ਵੀ. ਚੈਨਲਾਂ ਵਿੱਚ ਪਰਿਵਾਰਾਂ ਵਿੱਚ ਸਮੱਸਿਆਵਾਂ ਪੈਦਾ ਕਰਨ ਵਾਲੇ ਹੀ ਹੁੰਦੇ ਹਨ। ਸਕੂਲਾਂ ਅਤੇ ਕਾਲਜਾਂ ਵਿੱਚ ਵੀ ਆਪਣੇ ਘਰਾਂ ਵਿੱਚ ਸਹੀ ਟੀ.ਵੀ. ਚੈਨਲਾਂ ਦੀ ਚੋਣ ਬਾਰੇ ਬੱਚਿਆਂ ਨੂੰ ਸਿਖਿਅਤ ਕਰਨ ਦੀ ਬਹੁਤ ਲੋੜ ਹੈ। ਘਰ ਵਿੱਚ ਮਾਹੌਲ ਇਸ ਤਰਾਂ ਦਾ ਹੋਵੇ ਕਿ ਬੱਚਿਆਂ ਨੂੰ ਕੋਈ ਵੀ ਚੈਨਲ ਮਾਪਿਆਂ ਤੋਂ ਚੋਰੀ ਦੇਖਣ ਦੀ ਲੋੜ ਨਾ ਪਵੇ। ਆਪਣੇ ਛੋਟੇ ਅਤੇ ਜਵਾਨ ਹੋ ਰਹੇ ਬੱਚਿਆਂ ਨੂੰ ਮਾਨਸਿਕ ਅਤੇ ਸ਼ਰੀਰਕ ਤੰਦਰੁਸਤੀ ਵਾਲੇ ਪ੍ਰੋਗਰਾਮ ਦਿਖਾਉਣ ਦੀ ਲੋੜ ਹੈ। ਵਾਤਾਵਰਣ ਦੀ ਸੰਭਾਲ ਲਈ ਵੀ ਪ੍ਰੋਗਰਾਮ ਦਿਖਾਉਣੇ ਚਾਹੀਦੇ ਹਨ। ਬੱਚਿਆਂ ਨੂੰ ਆਪਣੇ ਧਰਮ ਅਤੇ ਸਭਿਆਚਾਰ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਹੈ ਇਸ ਲਈ ਅਜਿਹੇ ਚੈਨਲਾਂ ਨੂੰ ਵੀ ਤਰਜੀਹ ਦੇਣ ਦੀ ਲੋੜ ਹੈ। ਚਲੰਤ ਮਾਮਲਿਆਂ ਅਤੇ ਖ਼ਬਰਾਂ ਵਾਲੇ ਚੈਨਲਾਂ ਨੂੰ ਵੀ ਦੇਖਣਾ ਬਹੁਤ ਜ਼ਰੂਰੀ ਹੈ। ਪੂਰੀ ਦੁਨੀਆਂ ਵਿੱਚ ਕੀ ਵਾਪਰ ਰਿਹਾ ਹੈ ਬੱਚਿਆਂ ਲਈ ਇਹ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਪਰਿਵਾਰ ਦੇ ਹਰ ਮੈਂਬਰ ਨੂੰ ਟੀ.ਵੀ. ਚੈਨਲ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਘਰ ਦੇ ਬਜ਼ੁਰਗਾਂ ਨੂੰ ਵੀ ਬੱਚਿਆਂ ਉੱਤੇ ਨਿਗਰਾਨੀ ਰੱਖਣ ਦੀ ਲੋੜ ਹੈ। ਸਿਰਫ਼ ਬੱਚੇ ਹੀ ਨਹੀਂ ਘਰ ਦੇ ਹੋਰ ਦੂਜੇ ਮੈਂਬਰ ਵੀ ਸਹੀ ਚੈਨਲਾਂ ਨੂੰ ਦੇਖਣ ਤਾਂ ਜੋ ਘਰ ਦਾ ਮਾਹੌਲ ਵਧੀਆ ਬਣਿਆਂ ਰਹੇ। ਅੱਜਕਲ ਦੀਆਂ ਫ਼ਿਲਮਾਂ ਵੀ ਬੱਚਿਆਂ ਦੇ ਦੇਖਣ ਵਾਲੀਆਂ ਨਹੀਂ ਹਨ ਇਸ ਬਾਰੇ ਵੀ ਸਤਰਕ ਰਹਿਣਾ ਜ਼ਰੂਰੀ ਹੈ। ਖੇਡਾਂ ਅਤੇ ਆਪਣੀ ਮਾਂ-ਬੋਲੀ ਨੂੰ ਪੇਸ਼ ਕਰਦੇ ਚੈਨਲਾਂ ਨੂੰ ਦੇਖਣਾ ਬੱਚਿਆਂ ਦੀ ਜ਼ਰੂਰਤ ਹੋਣੀ ਚਾਹੀਦੀ ਹੈ। ਸਰਕਾਰ ਨੂੰ ਵੀ ਟੀ.ਵੀ. ਚੈਨਲਾਂ ਤੇ ਆਪਣੀ ਪੂਰੀ ਨਜ਼ਰ ਰੱਖਣ ਦੀ ਲੋੜ ਹੈ। ਬੱਚਿਆਂ ਦੇ ਭਵਿੱਖ ਦੇ ਵਿਕਾਸ ਲਈ ਸਹੀ ਟੀ.ਵੀ. ਚੈਨਲ ਦੀ ਲੋੜ ਹੈ। ਘਰ ਦਾ ਮਾਹੌਲ ਪੂਰੀ ਤਰਾਂ ਨਾਲ ਸਾਕਾਰਾਤਮਕ ਅਤੇ ਸਾਫ਼ ਸੁਥਰਾ ਹੋਣਾ ਵੀ ਸਾਡੇ ਬੱਚਿਆਂ ਦੇ ਵਧੀਆ ਵਿਕਾਸ ਲਈ ਜ਼ਰੂਰੀ ਹੁੰਦਾ ਹੈ।
– ਦਿਨੇਸ਼ ਦਮਾਥੀਆ