
ਬੱਸ ਇੱਕ ਦਿਨ ਹੈਪੀ ਵੂਮੈਨ ਡੇ ਆਖ ਕਿ ਅਸੀਂ ਸੱਚੀ ਔਰਤਾਂ ਨੂੰ ਸਨਮਾਨ ਦਿੰਦੇ ਹਾਂ ?ਏਨਾਂ ਹੀ ਹੱਕ ਬਣਦਾ ਉਹਨਾਂ ਕਿਰਦਾਰਾਂ ਦਾ ਜਿੰਨਾ ਨੇ ਕਦੇ ਭੈਣ,ਕਦੇ ਮਾਂ ,ਕਦੇ ਧੀ ,ਕਦੇ ਪਤਨੀ ,ਤੇ ਕਈ ਹੋਰ ਰੂਪ ਵਿੱਚ ਭੂਆ,ਚਾਚੀ ,ਤਾਈ ,ਮਾਸੀ ,ਮਾਮੀ ,ਨਾਨੀ,ਦਾਦੀ ਦੇ ਰੋਲ ਨਿਭਾੳਦਿਆਂ ਹੋਇਆਂ ਸਾਨੂੰ ਪਿਆਰ ਦਿੱਤਾ ,ਰਿਸ਼ਤਿਆਂ ਦਾ ਨਿੱਘ ਦਿੱਤਾ ਤੇ ਸਿਖਾਇਆ ਜਿੰਦਗੀ ਦੇ ਹਰ ਮੌੜ ਉੱਤੇ ਕਿਵੇਂ ਡਿੱਗ ਕੇ ਸੰਭਲ਼ਣਾ ।
ਭਾਵੇਂ ਕਿ ਅਸੀਂ ਉਹ ਪੀੜ੍ਹੀ ਹਾਂ ।ਜਿਨ੍ਹਾਂ ਦੀਆਂ ਮਾਂਵਾਂ ਨੇ ਕਦੇ ਨਹੀਂ ਜਤਾਇਆ ਕਿ ਉਹਨਾਂ ਨੇ ਸਾਡੇ ਕੀ -ਕੀ ਕੀਤਾ ।ਉਹ ਤਾਂ ਸਾਡੇ ਪਾਲਣ ਪੋਸ਼ਣ ਵਿੱਚ ਏਨਾਂ ਰੁੱਝੀਆਂ ਕਿ ਆਪਣਾ ਆਪ ਹੀ ਭੁੱਲ ਕੇ ਬਹਿ ਗਈਆਂ।ਉਹਨਾਂ ਨੇ ਤਾਂ ਸੁਪਨੇ ਵਿੱਚ ਸੁਪਨਾਂ ਵੀ ਸਾਡੀ ਖੁਸ਼ੀ ਦਾ ਲਿਆ ।ਉਹਨਾਂ ਵੱਲੋਂ ਕੀਤੀ ਹਰ ਅਰਦਾਸ ਵਿੱਚ ਬੱਸ ਸਾਡਾ ਫ਼ਿਕਰ ਤੇ ਜ਼ਿਕਰ ਰਿਹਾ।
ਤੇ ਜਦੋ ਉਹ ਕੁੜੀ “ਭੈਣ “ਬਣੀ ਤਾਂ ਮਾਂ -ਪਿੳ ਦੇ ਘਰ ਦੀ ਸੁੱਖ ਤੇ ਵੀਰੇ ਦੇ ਚਾਅ ਅੱਗੇ ਜਿੳਣ ਲੱਗ ਜਾਂਦੀ ਏ ।ਆਪਣੇ ਹਰ ਖਿਡੋਣੇ ਨੂੰ ਬੜੇ ਚਾਅ ਨਾਲ ਆਪਣੇ ਵੀਰ ਨੂੰ ਦੇ ਦਿੰਦੀ।ਬਿਨਾਂ ਕੋਈ ਬਹਿਸ ਕੀਤਿਆਂ।ਤੇ ਫੇਰ ਵਾਰੀ ਆੳਦੀ ਏ “ਪਤਨੀ “ਵਾਲੇ ਕਿਰਦਾਰ ਦੀ ਆਪਣਾ ਘਰ -ਬਾਰ ਛੱਡ ਆਪਣੇ ਹਮਸਫ਼ਰ ਨਾਲ ਨਵੇਂ ਸਫ਼ਰ ਉੱਤੇ ਤੁਰ ਪੈਂਦੀ ਏ ।ਹਰ ਰਿਸ਼ਤੇ ਨੂੰ ਸਮਝਦੀ ਆਪਣੇ ਜੰਮੇ -ਜਾਇਆ ਦਾ ਮੋਹ ਘੱਟ ਕਰਦੀ ਜਾਂਦੀ ਏ ।ਨਵੇਂ ਮਾਹੌਲ ਵਿੱਚ ਢਾਲ ਲੈਂਦੀ ਆਪਣੇ -ਆਪ ਨੂੰ ਕਰਕੇ ਕਾਂਟ -ਛਾਂਟ ਜਜ਼ਬਾਤਾਂ ਦੀ ,ਜਿੱਥੇ ਕੋਈ ਉਸਨੂੰ ਸਮਝੇ ਨਾ ਸਮਝੇ ਪਰ ੳਸਨੂੰ ਪੜਨਾ ਪੈਂਦਾ ਹਰ ਚਿਹਰਾ ਕੀ ਕਹਿੰਦਾ?
ਸੋਚ ਕੇ ਵੇਖੋ ਇਸਤੋਂ ਔਖਾਂ ਸਾਇਦ ਕੀ ਹੋਵੇਗਾ ਜਦੋਂ ਆਪਣੇ ਮਾਂ -ਪਿੳ ਨੂੰ ਮਿਲਣ ਜਾਣ ਵਾਸਤੇ ਵੀ ਉਹ ਸਹੁਰੇ ਘਰੋਂ ਇਜਾਜ਼ਤ ਲੈਂਦੀ ਏ ।ਤੇ ਕਈ ਵਾਰੀ ਨਾਂਹ ਸੁਣ ਕੇ ਚੁੱਪ ਕਰ ਆਪਣੇ ਕੰਮ ਲੱਗ ਜਾਣਾ ।ਇਹ ਵੀ ਔਰਤ ਦੇ ਹਿੱਸੇ ਆਇਆ ,ਭਾਂਵੇ ਕਿ ਹੁਣ ਸਮਾਂ ਬਹੁਤ ਬਦਲ ਗਿਆ ਏ ।ਪਰ ਔਰਤ ਲਈ ਜਮਾਨਾਂ ਕਦੇ ਨਹੀਂ ਬਦਲਿਆਂ ।ਕਈ ਰਿਸ਼ਤਿਆਂ ਵਿੱਚ ਨਿੱਭਦੀ -ਪਿਸਦੀ ਔਰਤ ਚੁੱਪ -ਚਾਪ ਲੰਘ ਦਿੰਦੀ ਏ ।ਆਪਣੇ ਹਿੱਸੇ ਦੀ ਜਿੰਦਗੀ ਬਿਨਾਂ ਕੋਈ ਸਿਕਵੇ -ਸ਼ਿਕਾਇਤ ਕੀਤਿਆਂ।
ਤੇ ਕਦੀ ਨਹੀਂ ਆਖਿਆ ਕਿ ਮੈਂ ਥੱਕ ਗਈ ਹਾਂ ,ਮੈਂ ਅੱਕ ਗਈ ਹਾਂ ।ਸਗੋ ਸਾਡੇ ਤੋ ਵਿਹਲੀਆਂ ਹੋ ਸਾਡੇ ਬੱਚਿਆਂ ਦੇ ਬਚਪਨ ਨੂੰ ਵੀ ਦਾਦੀਆਂ ਨਾਨੀਆਂ ਸੰਵਾਰ ਦਿੰਦੀਆਂ ਹਨ ।ਬਾਹਰਲੇ ਮੁਲਕਾਂ ਵਿੱਚ ਵੱਸਦੀਆਂ ਭੈਣਾਂ ਦੇ ਕੰਮਾਂ ਕਾਰਾਂ ਨੂੰ ਮਾਪਣਾ ਤਾਂ ਸ਼ੌਖਾਂ ਨਹੀ ਆ ।ਉਹ ਤਾਂ ਮਸ਼ੀਨ ਵਾਂਗ ਕੰਮ ਕਰਦੀਆਂ-ਕਰਦੀਆਂ ਸਿਹਤ ,ਰਿਸ਼ਤੇ ਵੀ ਗਵਾ ਬੈਠਦੀਆਂ ਹਨ ।ਉਹਨਾਂ ਦਾ ਦੁੱਖ ਸੁਣਨ ਵਾਲਾ ਕੋਈ ਨਹੀਂ ਹੁੰਦਾ ।ਕਿੳ ਕਿ ਚਕਾਚੌਂਧ ਵਾਲੀ ਦੁਨੀਆਂ ਵੇਖ ਹਰ ਰਿਸ਼ਤੇ ਨੂੰ ਉਹ ਦੂਰੋਂ ਸੁਖੀ ਹੀ ਲੱਗਦੀਆਂ ਹਨ ।ਤੇ ਇੱਕ ਟਾਇਮ ਤੇ ਆ ਉਹ ਆਪਣੇ ਮਾਪਿਆਂ ਨਾਲ ਵੀ ਗੱਲ ਸਾਂਝੀ ਨਹੀਂ ਕਰਦੀਆਂ।ਜੇ ਜੀਵਨ ਸਾਥੀ ਸਮਝ ਰੱਖਣ ਵਾਲਾ ਹੋਵੇ ਤਾਂ ਜਿੰਦਗੀ ਸੌਖੀ ਲੰਘ ਜਾਂਦੀ ਏ ।ਨਹੀਂ ਤਾਂ ਫੇਰ ਕੱਟੀ ਤਾਂ ਸਾਰਿਆਂ ਨੇ ਜਾਣੀ ਏ ।
ਏਦਾਂ ਔਰਤਾਂ ਦੇ ਜਜ਼ਬਾਤਾਂ ਨੂੰ ਇੱਕ ਲੇਖ ਵਿੱਚ ਲਿਖਿਆ ਨਹੀਂ ਜਾਣਾ ।ਉਹ ਤਾਂ ਪਿਆਰ ਤੇ ਜਜ਼ਬਾਤ ਨਾਲ ਗੁੱੜਚ ਸਖਸੀਅਤ ਏ ।ਜੋ ਉਹ ਵਾਅਦੇ ਵੀ ਨਿਭਾਂ ਜਾਂਦੀ ਏ ਜੋ ਉਸਨੇ ਕਦੇ ਕਰੇ ਹੀ ਨਹੀਂ ਹੁੰਦੇ ।ਇਸਦੇ ਬਦਲੇ ਵਿੱਚ ਉਸਨੇ ਕਦੇ ਕੋਈ ਮੰਗ ਤਾਂ ਨਹੀਂ ਕੀਤੀ।ਤੇ ਨਾਂ ਹੀ ਕੋਈ ਉਸਦੇ ਇਸ ਪਿਆਰ ਦਾ ਮੁੱਲ ਤਾਰ ਸਕਦਾ ਏ ।ਪਰ ਹਾਂ ਜੇ ਅਸੀਂ ਕੁਝ ਕਰਨਾ ਚਾਹੀਏ ਤਾਂ ਬੱਸ ਨਿੱਕੇ -ਨਿੱਕੇ ਫ਼ਿਕਰ ਕਦੇ ਉਸਦੀ ਪਸੰਦ ਦਾ ਕੁਝ ਨਾ ਕੁਝ ,ਜੋ ਸੁਪਨੇ ਉਸਨੇ ਵੇਖੇ ਉਸਦੇ ਲਈ ਉਸਦਾ ਸਾਥ ਦੇਈਦੇ ,ਕੰਮਾਂ ਕਾਰਾਂ ਤੋ ਥੱਕੀ ਹਾਰੀ ਆਈ ਨੂੰ ਇੱਕ ਕੱਪ ਚਾਹ ਜਾਂ ਕੌਫੀ ,ਰੱਸ ਜਾਣ ਤੇ ਝਿੜਕਾਂ ਨਹੀਂ ਬਲਕਿ ਇੱਕ ਨਿੱਘੀ ਜਿਹੀ ਗੱਲਬਾਤ,ਗਲੱਵਕੜੀ ਉਸਦੇ ਮਾਂ ਪਿੳ ਦਾ ਉਨਾਂ ਹੀ ਸਤਿਕਾਰ ਜਿਨ੍ਹਾਂ ਤੁਸੀਂ ਆਸ ਰੱਖਦੇ ਹੋ ਕਿ ਉਹ ਤੁਹਾਡੇ ਮਾਪਿਆਂ,ਭੈਣਾਂ-ਭਰਾਵਾਂ ਦਾ ਕਰੇ ।ਹਰ ਫੈਸਲੇ ਵਿੱਚ ਉਸਦੀ ਅਹਿਮੀਅਤ ।ਉਸਦੇ ਮਾਣ -ਸਨਮਾਨ ਦਾ ਕੱਦ ਉੱਚਾ ਰੱਖੋ ।ਜੇਕਰ ਕੋਈ ਰਿਸ਼ਤੇ ਵਿੱਚ ਭੁੱਲਾਂ -ਚੁੱਕਾਂ ਨੇ ਤਾਂ ਉਹ ਆਪਸ ਵਿੱਚ ਸੁਲਝਾਉਣ ਵਿੱਚ ਫ਼ਾਇਦਾ ਏ ਤੇ ਸ਼ਾਬਾਸ਼ੀਆਂ ਜੀਵਨ ਸਾਥੀ ਨੂੰ ਸਾਰਿਆਂ ਦੇ ਸਾਹਮਣੇ ਦੇਣ ਨਾਲ ਤੁਹਾਡਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ ।
ਧੀ ਭੈਣ ਦੀ ਇੱਜ਼ਤ ਕਰਨੀ ਮਾਂਵਾਂ ਨੂੰ ਘਰੋਂ ਹੀ ਸਿਖਾੳਣਾ ਹੋਵੇਗਾ।ਜਿਸ ਦਿਨ ਧੀਆਂ ਨੂੰ ਘਰੋਂ ਨਿਕਲਣ ਉੱਤੇ ਡਰ ਨਾ ਲੱਗੇ ।ਚਾਰ ਮਰਦ ਖੜੇ ਵੇਖ ਉਸਦਾ ਦਿਲ ਨਾ ਕੰਬੇ ,ਬਾਹਰ ਨੌਕਰੀ ਕਰਨ ਗਈ ਨੂੰ ਕੋਈ ਸ਼ੱਕ ਦੀ ਨਜ਼ਰ ਨਾ ਵੇਖੇ ।ਕੰਮ ਵਾਲੀ ਥਾਂ ਉੱਤੇ ਉਸਦਾ ਕੱਦ ਉਸਦੇ ਰੁਤਬੇ ਅਨੁਸਾਰ ਹੋਵੇ ।ਉਸਦੀ ਤਰੱਕੀ ਵਾਸਤੇ ਕੋਈ ਨਾਜਾਇਜ਼ ਮੰਗ ਨਾ ਰੱਖੇ ।ਵਿਆਹ ਵੇਲੇ ਸੌਦਾ ਨਾ ਕੀਤਾ ਜਾਵੇ ।ਕਿਸੇ ਧੀ ਨੂੰ ਇਹ ਮਿਹਣਾ ਨਾ ਵੱਜੇ ਕਿ ਤੇਰੇ ਪਿੳ ਨੇ ਦਿੱਤਾ ਹੀ ਕੀ ਏ ?ਸਗੋਂ ਕਾਬਲੀਅਤ ਵੇਖ ਰਿਸ਼ਤਾ ਹੋਵੇ ।ਬੇਲੋੜੇ ਰਿਸ਼ਤੇ ਦਾ ਬੌਝ ਢੋਹਦੀ ਕੋਈ ਧੀ ਆਪਣੀ ਜ਼ਿੰਦਗੀ ਖ਼ਤਮ ਨਾ ਕਰੇ ।ਮੁੰਡਾ ਜੰਮਣ ਵਾਲੀ ਮਸ਼ੀਨ ਨਾ ਸਮਝਿਆ ਜਾਵੇ ।ਤੇ ਜੇਕਰ ਉਸਦੇ ਘਰ ਔਲਾਦ ਨਹੀ ਹੁੰਦੀ ਤਾਂ ਉਸਨੂੰ ਤਾਹਨੇ-ਮਿਹਣੇ ਦੇ ਲਿਤਾੜਿਆ ਨਾ ਜਾਵੇ ।ਕੁੱਖਾਂ ਵਿੱਚ ਵਧੀਆ ਦੀ ਹੱਤਿਆ ਨਾ ਹੋਵੇ ।ਆਪਣੇ ਸੁਪਨਿਆਂ ਨੂੰ ਆਪਣੇ ਅੰਦਰ ਦੱਬ ਕੇ ਨਾ ਰੱਖੇ ।ਆਪਣੇ ਹਿੱਸੇ ਦੀ ਦੁਨੀਆਂ ਉੱਤੇ ਉਸਦਾ ਆਪਣਾ ਹੱਕ ਹੋਵੇ ।ਖੁੱਲ ਕੇ ਹੱਸਣ ਦੀ ਅਜ਼ਾਦੀ ਹੋਵੇ ।ਆਪਣਾ ਦੁੱਖ ਦੱਸਣ ਦੀ ਖੁੱਲ ਹੋਵੇ ।ਰੋਣ ਲਈ ਵੀ ਉਸਨੂੰ ਆਪਣੇ ਘਰ ਵਿੱਚ ਕੋਨਾ ਨਾ ਲੱਭਣਾ ਪਵੇ ।ਉਹ ਬੇਝਿਜਕ ਹੋ ਕੇ ਆਖ ਸਕੇ ਅੱਜ ਮੈਂ ਉਦਾਸ ਹਾਂ ।ਉਸਨੂੰ ਸਮਝਿਆ ਜਾਵੇ ,ਪਰਖਿਆ ਨਹੀ ।ਉਹ ਮੁਕਤ ਹੋਵੇ ਸਰੀਰਕ ਸ਼ੋਸ਼ਣ ਤੇ ਮਾਨਸਿਕ ਪੀੜਾ ਤੋ ,
ਵਿਧਵਾ ਹੋਣ ਤੇ ਵੀ ਉਸਦੇ ਕੋਲੋਂ ਉਸਦੇ ਮਨਪਸੰਦ ਰੰਗ ਨਾ ਖੋਹੇ ਜਾਣ ਤੇ ਨਾ ਖੋਹਿਆ ਜਾਵੇ ਜਿੳਣ ਦਾ ਸਲੀਕਾ॥ਜੇਕਰ ਇਹ ਸਾਰੀਆਂ ਗੱਲਾਂ ਸਾਡੇ ਸਮਾਜ ਵਿੱਚ ਲਾਗੂ ਹੋ ਜਾਂਦੀਆਂ ਨੇ ।ਜਿਸਨੂੰ ਕਿ ਹਾਲੇ ਬਹੁਤ ਵਕਤ ਲੱਗਣਾ ਏ ਤਾਂ …,,
ਉਸ ਦਿਨ ਸੱਚੀਂ ਕਿਸੇ ਵੀ ਵਰਗ ਨੂੰ ਨਾਰੀ ਦਿਵਸ ਮਨਾਉਣ ਦੀ ਖੇਚਲ ਨਹੀਂ ਕਰਨੀ ਪਵੇਗੀ॥ਹਰ ਦਿਨ ਖੁੱਲ ਕੇ ਜਿੳਣ ਦੇਣਾ ਹੀ ਔਰਤਾਂ ਦਾ ਸਨਮਾਨ ਏ ।ਜਿਸਦੇ ਲਈ ਸਦੀਆਂ ਤੋ ਔਰਤ ਦੀ ਜੱਦੋ -ਜਹਿਦ ਜਾਰੀ ਏ ।ਜੋ ਕਿ ਪਤਾ ਨਹੀ ਕਿੰਨਾ ਚਿਰ ਹੋਰ ਜਾਰੀ ਰਹੇਗੀ???
ਹਰ ਰੋਜ਼ ਸਤਿਕਾਰ ਦੇਣਾ ਔਖਾ ਏ
ਇਸ ਲਈ ਇੱਕ ਦਿਨ ਕਾਫ਼ੀ ਏ ਔਰਤ ਨੂੰ
ਹੈਪੀ ਵੂਮੈਨ ਆਖ ਦੇਣਾ ?