Articles

ਬੱਸ ਸਟੈਂਡਾਂ ਦੀ ਦੁਨੀਆਂ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਸ਼ਹਿਰਾਂ ਦੇ ਬੱਸ ਸਟੈਂਡਾਂ ‘ਤੇ ਇੱਕ ਅਲੱਗ ਹੀ ਦੁਨੀਆਂ ਵੱਸਦੀ ਹੈ। ਮੈਂ 9ਵੀਂ ਤੋਂ ਲੈ ਕੇ 1990 ਵਿੱਚ ਪੁਲਿਸ ਵਿੱਚ ਭਰਤੀ ਹੋਣ ਤੱਕ ਅੰਮ੍ਰਿਤਸਰ ਪੜ੍ਹਿਆ ਹਾਂ। ਇਨ੍ਹਾਂ 9 – 10 ਸਾਲਾਂ ਵਿੱਚ ਪਹਿਲਾਂ ਪਿੰਡ ਮੰਨਣ ਜਾਂ ਗੋਹਲਵੜ੍ਹ ਦੇ ਅੱਡੇ ਦੀ ਕਿਸੇ ਦੁਕਾਨ ‘ਤੇ ਸਾਈਕਲ ਲਗਾ ਕੇ ਉਥੋਂ ਰੋਡਵੇਜ਼ ਦੀ ਬੱਸ ‘ਤੇ ਅੰਮ੍ਰਿਤਸਰ ਤੇ ਫਿਰ 2 – 4 ਕਿ.ਮੀ. ਤੁਰ ਕੇ ਸਕੂਲ ਜਾਂ ਕਾਲਜ ਪਹੁੰਚਦੇ ਸੀ। ਰੋਡਵੇਜ਼ ਦੀਆਂ ਬੱਸਾਂ ਵਿੱਚ ਸਫਰ ਕਰਨ ਲਈ ਵਿਦਿਆਰਥੀਆਂ ਦਾ ਨਾਮਤਾਰ ਪੈਸਿਆਂ ਨਾਲ ਤਿੰਨ ਮਹੀਨਿਆਂ ਦਾ ਪਾਸ ਬਣਦਾ ਹੁੰਦਾ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਣ ਲਈ ਬੱਸ ਸਟੈਂਡ ਤੋਂ ਥਰੀ ਵ੍ਹੀਲਰ ਚੱਲਦੇ ਹੁੰਦੇ ਸਨ ਤੇ ਕਿਰਾਇਆ ਸਾਰਾ ਦੋ ਰੁਪਏ ਹੁੰਦਾ ਸੀ। ਬੱਸ ਸਟੈਂਡਾਂ ‘ਤੇ ਅਤੇ ਬੱਸਾਂ ਵਿੱਚ ਰੋਜ਼ਾਨਾ ਨਵੇਂ ਤੋਂ ਨਵੇਂ ਦ੍ਰਿਸ਼ ਵੇਖਣ ਨੂੰ ਮਿਲਦੇ ਸਨ। ਕਈ ਲੜਕਿਆ ਦਾ ਸਭ ਤੋਂ ਮਨਭਾਉਂਦਾ ਸ਼ੁਗਲ ਕਿਸੇ ਲੜਕੀ ਨੂੰ ਬੱਸ ਸਟੈਂਡ ਤੋਂ ਕਾਲਜ ਛੱਡ ਕੇ ਆਉਣਾ ਤੇ ਕਾਲਜ ਤੋਂ ਬੱਸ ਸਟੈਂਡ ਤੱਕ ਲੈ ਕੇ ਆਉਣਾ ਹੁੰਦਾ ਸੀ। ਲੜਕੀ ਨਾਲ ਗੱਲ ਕਰਨ ਦੀ ਹਿੰਮਤ ਘੱਟ ਹੀ ਲੜਕਿਆਂ ਦੀ ਪੈਂਦੀ ਸੀ। ਲੜਕੀ ਨੂੰ ਡਿਗਰੀ ਮੁਕੰਮਲ ਹੋਣ ਤੱਕ ਵੀ ਪਤਾ ਨਹੀਂ ਸੀ ਚੱਲਦਾ ਕਿ ਇਹ ਰਾਂਝਾ ਉਸ ਦੇ ਪਿੱਛੇ ਰੋਜ਼ਾਨਾ ਜੁੱਤੀਆਂ ਕਿਉਂ ਤੁੜਵਾਉਂਦਾ ਫਿਰਦਾ ਹੈ?
ਆਪਣੇ ਰੂਟ ਤੋਂ ਆਉਣ ਵਾਲੀ ਲੜਕੀ ‘ਤੇ ਹੱਕ ਸਮਝਿਆ ਜਾਂਦਾ ਸੀ। ਇਸ ਕਾਰਨ ਲੜਾਈਆਂ ਵੀ ਹੋ ਜਾਂਦੀਆਂ ਸਨ ਕਿ ਦੂਸਰੇ ਰੂਟ ਦਾ ਲੜਕਾ ਸਾਡੇ ਰੂਟ ਦੀ ਲੜਕੀ ਦੇ ਪਿੱਛੇ ਕਿਉਂ ਜਾਂਦਾ ਹੈਂ? ਸਾਡੇ ਨਾਲ ਮਜੀਠੇ ਵੱਲ ਦੇ ਕਿਸੇ ਪਿੰਡ ਦਾ ਇੱਕ ਲੜਕਾ ਪੜ੍ਹਦਾ ਹੁੰਦਾ ਸੀ ਜੋ ਫਤਿਹਗੜ੍ਹ ਚੂੜੀਆਂ ਵੱਲੋਂ ਆਉਂਦੀ ਇੱਕ ਲੜਕੀ ਦਾ ਸਵੈ ਘੋਸ਼ਿਤ ਆਸ਼ਿਕ ਸੀ। ਉਨ੍ਹੀਂ ਦਿਨੀ ਅੰਮ੍ਰਿਤਸਰ ਵਿੱਚ ਪਾਲੇ ਮੈਂਟਲ ਨਾਮਕ ਇੱਕ ਬਦਮਾਸ਼ ਦੀ ਬਹੁਤ ਤੂਤੀ ਬੋਲਦੀ ਸੀ। ਉਸ ਬਾਰੇ ਇਹ ਮਸ਼ਹੂਰ ਸੀ ਕਿ ਉਹ ਵਿਰੋਧੀ ਨੂੰ ਗੋਲੀ ਮਾਰਨ ਲੱਗਿਆਂ ਮਿੰਟ ਲਗਾਉਂਦਾ ਹੈ। ਮਜੀਠੇ ਵਾਲੇ ਲੜਕੇ ਨੂੰ ਕਿਸੇ ਨੇ ਭੜਕਾ ਦਿੱਤਾ ਕਿ ਇੱਕ ਸੁੱਕੜ ਜਿਹਾ ਸ਼ਹਿਰੀਆ ਲੜਕਾ (ਪਾਲਾ) ਤੇਰੀ ਮਾਸ਼ੂਕਾ ਪਿੱਛੇ ਚੱਕਰ ਲਗਾ ਰਿਹਾ ਹੈ। ਇੱਕ ਦਿਨ ਉਸ ਨੇ ਬੱਸ ਸਟੈਂਡ ‘ਤੇ ਪਾਲੇ ਨੂੰ ਘੇਰ ਲਿਆ ਤੇ ਦੋਵਾਂ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ। ਮਜੀਠੇ ਵਾਲੇ ਨੂੰ ਇਹ ਪਤਾ ਨਹੀਂ ਸੀ ਕਿ ਉਹ ਪਾਲੇ ਮੈਂਟਲ ਨਾਲ ਪੰਗਾ ਲੈ ਰਿਹਾ ਹੈ। ਉਹ ਸਰੀਰੋਂ ਤਕੜਾ ਸੀ ਤੇ ਉਸ ਨੇ ਪਾਲੇ ਦੀ ਥਪੜਾਈ ਕਰ ਦਿੱਤੀ। ਪਾਲਾ ਮੌਕਾ ਵੇਖ ਉਸ ਨੂੰ ਧਮਕੀਆਂ ਦਿੰਦਾ ਹੋਇਆ ਉਥੋਂ ਖਿਸਕ ਗਿਆ। ਮਜੀਠੇ ਵਾਲਾ ਬਾਹਾਂ ਅਕੜਾਈ ਤਮਾਸ਼ਾ ਵੇਖ ਰਹੇ ਆਪਣੇ ਦੋਸਤਾਂ ਵੱਲ ਆ ਗਿਆ ਤੇ ਫੜ੍ਹਾਂ ਮਾਰਨ ਲੱਗਾ, “ਹੁਣ ਨਹੀ ਇਹ ਸਾਲਾ ਬਾਂਦਰ ਜਿਹਾ ਤੁਹਾਡੀ ਭਾਬੀ ਨੂੰ ਤੰਗ ਕਰਦਾ।” ਉਸ ਦਾ ਇੱਕ ਦੋਸਤ ਜੋ ਪਾਲੇ ਨੂੰ ਜਾਣਦਾ ਸੀ ਬੋਲਿਆ, “ਸਾਲਿਆ ਤੂੰ ਇਹ ਕੀ ਪੰਗਾ ਲੈ ਬੈਠਾ, ਤੈਨੂੰ ਪਤਾ ਨਹੀਂ ਇਹ ਪਾਲਾ ਮੈਂਟਲ ਹੈ?” ਸੁਣ ਕੇ ਮਜੀਠੇ ਵਾਲੇ ਦੀ ਘਿੱਗੀ ਬੱਝ ਗਈ ਤੇ ਸਾਰੀ ਆਸ਼ਿਕੀ ਹਵਾ ਹੋ ਗਈ। ਉਹ ਰੋਣਹਾਕਾ ਹੋ ਕੇ ਬੋਲਿਆ, “ਭੂਤਨੀ ਦਿਆ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਇਹ ਤਾਂ ਬਹੁਤ ਖਤਰਨਾਕ ਆਦਮੀ ਆ, ਇਹ ਨਈਂ ਛੱਡਦਾ ਮੈਨੂੰ ਹੁਣ।” ਮਜੀਠੇ ਵਾਲੇ ਵਿਚਾਰੇ ਨੇ ਪਾਲੇ ਦੇ ਘਰ ਜਾ ਕੇ, ਸਿਆਣੇ ਬੰਦੇ ਵਿੱਚ ਪਾ ਕੇ ਤੇ ਗੋਡੇ ਪਕੜ ਕੇ ਉਸ ਨਾਲ ਰਾਜ਼ੀਨਾਵਾਂ ਕੀਤਾ ਤੇ ਉਸ ਦਿਨ ਤੋਂ ਬਾਅਦ ਉਸ ਨੂੰ ਕਿਸੇ ਨੇ ਬੱਸ ਸਟੈਂਡ ‘ਤੇ ਨਹੀਂ ਵੇਖਿਆ।
ਜਦੋਂ ਬੱਸ ਚੱਲਣ ਵਾਲੀ ਹੁੰਦੀ ਸੀ ਤਾਂ ਉਸ ਵਿੱਚ ਵੱਖ ਵੱਖ ਤਰਾਂ ਦੇ ਵਪਾਰੀ ਆਪਣਾ ਮਾਲ ਵੇਚਣ ਲਈ ਆ ਜਾਂਦੇ ਸਨ। ਇੱਕ ਬੰਦਾ ਮੋਗੇ ਦੇ ਕਿਸੇ ਸਵੈ ਘੋਸ਼ਿਤ ਹਕੀਮ ਦਾ ਸੁਰਮਾ ਵੇਚਦਾ ਹੁੰਦਾ ਸੀ। ਉਸ ਦਾ ਦਾਅਵਾ ਸੀ ਕਿ ਇੱਲ ਦੇ ਆਂਡੇ ਨਾਲ ਬਣਾਏ ਗਏ ਇਸ ਸੁਰਮੇ ਨਾਲ ਕਾਲੇ ਮੋਤੀਏ ਸਮੇਤ ਅੱਖਾਂ ਦੀ ਹਰ ਬਿਮਾਰੀ ਠੀਕ ਹੋ ਜਾਂਦੀ ਹੈ ਤੇ ਨਜ਼ਰ ਇੱਲ ਵਾਂਗ ਤੇਜ਼ ਹੋ ਜਾਂਦੀ ਹੈ। ਉਹ ਸਾਰੀਆਂ ਸਵਾਰੀਆਂ ਨੂੰ ਮੁਫਤ ਵਿੱਚ ਸੁਰਮੇ ਦੀਆਂ ਸਿਲਾਈਆਂ ਪਾ ਦਿੰਦਾ ਸੀ। ਪਤਾ ਨਹੀਂ ਸੁਰਮੇ ਵਿੱਚ ਉਹ ਕਿਹੜੀਆਂ ਲਾਲ ਮਿਰਚਾਂ ਕੁੱਟ ਕੇ ਪਾਉਂਦਾ ਸੀ ਕਿ ਦੋ – ਚਾਰ ਮਿੰਟ ਲਈ ਸਾਰੇ ਮੁਸਾਫਰ ਅੰਨ੍ਹੇ ਹੋ ਜਾਂਦੇ ਸਨ। ਉਸ ਵੇਲੇ ਮੁਸਾਫਰਾਂ ਦੀ ਹਾਲਤ ਇਹ ਹੋ ਜਾਂਦੀ ਸੀ ਕਿ ਭਾਵੇਂ ਕੋਈ ਜੇਬਕਤਰਾ ਜੇਬ ਕੱਟ ਕੇ ਲੈ ਜਾਂਦਾ, ਕਿਸੇ ਨੂੰ ਪਤਾ ਨਹੀਂ ਸੀ ਲੱਗਣਾ। ਇੱਕ ਹੋਰ ਬੰਦਾ ਪੰਜ ਰੁਪਏ ਵਿੱਚ ਪੇਚਕਸਾਂ ਦਾ ਪੂਰਾ ਸੈੱਟ ਵੇਚਦਾ ਹੁੰਦਾ ਸੀ। ਘਰ ਜਾ ਕੇ ਜਦੋਂ ਪੇਚ ਕੱਸਣ ਜਾਂ ਖੋਲ੍ਹਣ ਦੀ ਕੋਸ਼ਿਸ਼ ਕਰੀਦੀ ਸੀ ਤਾਂ ਪੇਚ ਤਾਂ ਨਹੀਂ ਸੀ ਖੁਲ੍ਹਦਾ, ਪੇਚਕਸ ਦੀ ਹੱਥੀ ਜਰੂਰ ਘੁੰਮ ਜਾਂਦੀ ਸੀ। ਇਕ ਰੁਪਏ ਵਿੱਚ ਪੰਜ ਬਾਲ ਪੈੱਨ ਵੇਚਣ ਵਾਲਾ ਵੀ ਆਉਂਦਾ ਸੀ ਜੋ ਪੰਜ ਅੱਖਰ ਵੀ ਨਹੀਂ ਸਨ ਲਿਖਦੇ। ਇੱਕ ਛੱਲੀਆਂ ਵੇਣ ਵਾਲਾ ਮਸਖਰਾ ਜਿਹਾ ਵਿਅਕਤੀ ਆਉਂਦਾ ਹੁੰਦਾ ਸੀ। ਉਸ ਦਾ ਛੱਲੀਆਂ ਵੇਚਣ ਦਾ ਸਟਾਈਲ ਸਾਰਿਆਂ ਤੋਂ ਵੱਖਰਾ ਸੀ। ਉਹ ਲਲਕਾਰ ਕੇ ਕਹਿੰਦਾ ਹੁੰਦਾ ਸੀ ਕਿ ਉਸ ਦੀਆਂ ਛੱਲੀਆਂ ਬਾਸੀ ਹਨ, “ਭਾਵੇਂ ਅੱਜ ਖਾ ਲਉ ਭਾਵੇਂ ਕਲ੍ਹ ਖਾ ਲਿਉ, ਖਾਣੀਆਂ ਤੁਸਾਂ ਈ ਨੇ।” ਇਸ ਤੋਂ ਇਲਾਵਾ ਧੱਕੇ ਨਾਲ ਭੀਖ ਲੈਣ ਵਾਲੇ ਖੁਸਰੇ, ਬੱਚੇ ਦਾ ਹੱਥ ਪਕੜ ਕੇ ਦਰਦ ਭਰੀ ਅਵਾਜ਼ ਵਿੱਚ ਗਾਣਾ ਗਾਉਣ ਵਾਲੇ ਅੰਨ੍ਹੇ ਮੰਗਤੇ ਅਤੇ ਇੱਕ ਰੁਪਏ ਵਿੱਚ ਜੰਤਰੀਆਂ ਵੇਚਣ ਵਾਲੇ ਵੀ ਕੁਝ ਨਾ ਕੁਝ ਕਮਾਈ ਕਰ ਹੀ ਲੈਂਦੇ ਸਨ।
ਇੱਕ ਦਿਨ ਮੇਰਾ ਯੂਨੀਵਰਸਿਟੀ ਪੇਪਰ ਸੀ ਤੇ ਮੈਂ ਕੁਝ ਲੇਟ ਹੋ ਗਿਆ। ਮੈਂ ਥਰੀਵੀਲ੍ਹਰ ਵਿੱਚ ਬੈਠ ਗਿਆ ਪਰ ਉਹ ਸਵਾਰੀਆਂ ਨੂੰ ਅਵਾਜ਼ਾਂ ਮਾਰੀ ਜਾਵੇ, “ਚਲੋ ਚਲੋ ਪੁਤਲੀਘਰ, ਖਾਲਸਾ ਕਾਲਜ, ਯੂਨੀਰਸਿਟੀ, ਛੇਹਰਟਾ।” ਮੈਨੂੰ ਕਾਹਲੀ ਸੀ ਤੇ ਮੈਂ ਉਸ ਨੂੰ ਪੁੱਛਿਆ, “ ਭਰਾ ਥਰੀਵੀਲ੍ਹਰ ਵਿੱਚ ਕਿੰਨੀਆਂ ਸਵਾਰੀਆਂ ਬੈਠਦੀਆਂ ਹਨ?” ਉਸ ਨੇ ਬਿਨਾਂ ਮੇਰੇ ਵੱਲ ਵੇਖਿਆਂ ਜਵਾਬ ਦਿੱਤਾ, “ਪੰਜ।” ਮੈਂ ਉਸ ਨੂੰ ਤਰਲਾ ਮਾਰਿਆ, “ ਯਾਰ ਮੈਂ ਲੇਟ ਹੋ ਰਿਹਾ ਹਾਂ। ਤੂੰ ਮੇਰੇ ਕੋਲੋਂ ਪੰਜ ਸਵਾਰੀਆਂ ਦੇ ਹਿਸਾਬ ਦਸ ਰੁਪਏ ਲੈ ਲਈਂ ਤੇ ਜੇ ਰਾਹ ਵਿੱਚ ਕੋਈ ਸਵਾਰੀ ਮਿਲ ਗਈ ਤਾਂ ਉਹ ਵੀ ਬਿਠਾ ਲਈਂ। ਮੈਨੂੰ ਕੋਈ ਇਤਰਾਜ਼ ਨਹੀਂ।” ਉਹ ਫੌਰਨ ਚੱਲ ਪਿਆ ਪਰ ਜਦੋਂ ਭੰਡਾਰੀ ਪੁਲ ਟੱਪਿਆ ਤਾਂ ਸੋਚਾਂ ਵਿੱਚ ਡੁੱਬ ਗਿਆ ਤੇ ਥਰੀਵੀਲ੍ਹਰ ਹੌਲੀ ਚਲਾਉਣ ਲੱਗ ਪਿਆ। ਮੈਂ ਕਾਰਨ ਪੁੱਛਿਆ ਤਾਂ ਨਿਮਾਣਾ ਜਿਹਾ ਬਣ ਕੇ ਬੋਲਿਆ, “ਮੈਂ ਤੇਰੇ ਕਹਿਣ ‘ਤੇ ਚੱਲ ਪਿਆਂ ਹਾਂ। ਪਰ ਕਈ ਵਾਰ ਯੂਨੀਵਰਸਿਟੀ ਤੋਂ ਛੇਹਰਟੇ ਦੀ ਸਵਾਰੀ ਨਹੀਂ ਮਿਲਦੀ। ਮੇਰਾ ਤਾਂ ਨੁਕਸਾਨ ਹੋ ਜਾਣਾ ਹੈ।” ਮੈਂ ਉਸ ਦੀ ਮਨੋਦਸ਼ਾ ਸਮਝ ਗਿਆ ਤੇ ਹੱਸ ਕੇ ਬੋਲਿਆ, “ਅਸਲ ਵਿੱਚ ਗੱਲ ਇਹ ਹੈ ਕਿ ਤੇਰੇ ਮਨ ਵਿੱਚ ਹੁਣ ਖਿਆਲ ਆ ਰਹੇ ਹਨ ਕਿ ਐਵੇਂ ਦਸਾਂ ਰੁਪਈਆਂ ਵਿੱਚ ਮੰਨ ਗਿਆ। ਜੇ ਤੂੰ ਪੰਦਰਾਂ ਰੁਪਏ ਵੀ ਮੰਗ ਲੈਂਦਾ ਤਾਂ ਮੈਂ ਫਸੇ ਹੋਏ ਨੇ ਦੇ ਦੇਣੇ ਸਨ। ਚੱਲ ਬਾਰਾਂ ਰੁਪਏ ਲੈ ਲਈਂ, ਦੱਬ ਲੈ ਹੁਣ ਟੈਂਪੂ।” ਇਹ ਸੁਣਦੇ ਸਾਰ ਉਸ ਨੇ ਥਰੀਵੀਲ੍ਹਰ ਹਨੇਰੀ ਬਣਾ ਦਿੱਤਾ। ਇੱਕ ਵਾਰ ਮੈਂ ਯੂਨੀਵਰਸਿਟੀ ਤੋਂ ਆਪਣੇ ਦੋਸਤ ਬਲਦੇਵ ਸਿੰਘ (ਹੁਣ ਡੀ.ਐਸ.ਪੀ.) ਦੇ ਘਰ ਪੁਤਲੀਘਰ ਜਾਣ ਲਈ ਰਿਕਸ਼ਾ ਕਰ ਲਿਆ। ਰਿਕਸ਼ੇ ਵਾਲਾ ਬਿਲਕੁਲ ਮਰਿਆਂ ਵਾਂਗ ਪੈਡਲ ਮਾਰ ਰਿਹਾ ਸੀ। ਖਾਲਸਾ ਕਾਲਜ ਤੋਂ ਇੱਕ ਸਟੂਡੈਂਟ ਲੜਕੀ ਰਿਕਸ਼ੇ ਵਿੱਚ ਬੈਠ ਗਈ। ਉਸ ਦੇ ਬੈਠਦੇ ਸਾਰ ਜੂੰ ਚਾਲੇ ਚੱਲ ਰਿਹਾ ਰਿਕਸ਼ਾ ਹਨੇਰੀ ਵਾਂਗ ਉੱਡਣ ਲੱਗ ਪਿਆ। ਕੁਝ ਦੂਰ ਜਾ ਕੇ ਲੜਕੀ ਉੱਤਰ ਗਈ ਤਾਂ ਸਪੀਡ ਫਿਰ ਪਹਿਲਾਂ ਵਾਲੀ ਹੋ ਗਈ। ਮੈਂ ਮਜ਼ਾਕ ਵਿੱਚ ਰਿਕਸ਼ੇ ਵਾਲੇ ਨੂੰ ਪੁੱਛਿਆ, “ਆ ਕੁਝ ਦੇਰ ਪਹਿਲਾਂ ਤੈਨੂੰ ਕੀ ਹੋ ਗਿਆ ਸੀ। ਤੂੰ ਤਾਂ ਰਿਕਸ਼ਾ ਫਰੰਟੀਅਰ ਮੇਲ ਬਣਾ ਦਿੱਤਾ।” ਰਿਕਸ਼ੇ ਵਾਲਾ ਝੂਠਾ ਜਿਹਾ ਹੱਸ ਕੇ ਬੋਲਿਆ, “ਕੁੜੀ ਨੂੰ ਵੇਖ ਕੇ ਐਵੇਂ ਬੱਸ ਜੋਸ਼ ਜਿਹਾ ਈ ਆ ਗਿਆ ਸੀ।”

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin