Articles Punjab

ਭਾਰਤੀ-ਅਮਰੀਕਨ ਔਰਤ ਦਾ ਪੰਜਾਬ ‘ਚ ਕਤਲ : ਬਾਲੀਵੁੱਡ ਫਿਲਮ ਦੀ ਕਹਾਣੀ ਨੂੰ ਮਾਤ ਪਾ ਦੇਵੇਗੀ ਦਿਲ ਝੰਜੋੜਨ ਵਾਲੀ ਕਹਾਣੀ !

ਵਿਦੇਸ਼ ਜਾਣ ਦੀ ਚਾਹਤ, ਪੈਸਾ ਅਤੇ ਲਾਲਚ ਇਨਸਾਨ ਨੂੰ ਕਿਸ ਕਦਰ ਤੱਕ ਅੰਨ੍ਹਾਂ ਕਰ ਦਿੰਦਾ ਹੈ ਕਿ ਉਹ ਕਿਸੇ ਵੀ ਹੱਦ ਤੱਕ ਜਾ ਗੁਜ਼ਰਦਾ ਹੈ।

ਵਿਦੇਸ਼ ਜਾਣ ਦੀ ਚਾਹਤ, ਪੈਸਾ ਅਤੇ ਲਾਲਚ ਇਨਸਾਨ ਨੂੰ ਕਿਸ ਕਦਰ ਤੱਕ ਅੰਨ੍ਹਾਂ ਕਰ ਦਿੰਦਾ ਹੈ ਕਿ ਉਹ ਕਿਸੇ ਵੀ ਹੱਦ ਤੱਕ ਜਾ ਗੁਜ਼ਰਦਾ ਹੈ। ਵਿਦੇਸ਼ ਜਾਣ ਦੀ ਚਾਹਤ, ਪੈਸਾ ਅਤੇ ਲਾਲਚ ਦੇ ਵਿੱਚ ਇੱਕ ਭਾਰਤੀ-ਅਮਰੀਕਨ ਦੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਇੱਕ ਅਜਿਹੀ ਹੀ ਵਾਰਦਾਤ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਹੈ। ਇੱਕ ਭਾਰਤੀ-ਅਮਰੀਕਨ ਔਰਤ ਰੁਪਿੰਦਰ ਕੌਰ ਦੇ ਸਿਰ ‘ਤੇ ਪਹਿਲਾਂ ਬੇਸਬਾਲ ਬੈਟ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਫਿਰ ਉਸ ਦੇ ਮ੍ਰਿਤਕ ਸਰੀਰ ਦੇ ਟੁਕੜੇ-ਟੁਕੜੇ ਕਰਕੇ ਉਹਨਾਂ ਨੂੰ ਕੋਲਿਆਂ ਦੀ ਅੱਗ ਦੇ ਵਿੱਚ ਸਾੜ ਦਿੱਤਾ ਗਿਆ। ਲਾਸ਼ ਨੂੰ ਸਾੜਨ ਤੋਂ ਬਾਅਦ ਬਚੀਆਂ-ਖੁਚੀਆਂ ਹੋਈਆਂ ਹੱਡੀਆਂ ਨੂੰ ਇੱਕ ਬੋਰੀ ਵਿੱਚ ਪਾ ਕੇ ਦੂਰ-ਦੁਰਾਡੇ ਇੱਕ ਸੂਏ ਵਿੱਚ ਸੁੱਟ ਦਿੱਤਾ ਗਿਆ। ਲੁਧਿਆਣਾ ਦੇ ਪੁਲਿਸ ਕਮਿਸ਼ਨਰੇਟ ਦੇ ਵਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਉਸਦੇ ਘਰ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਇੱਕ ਸੂਏ ਦੇ ਵਿੱਚੋਂ ਹੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਦੋਸ਼ੀ ਸੁਖਜੀਤ ਨੇ ਪੰਜਾਹ ਲੱਖ ਰੁਪਏ ਦੇ ਲਾਲਚ ਅਤੇ ਵਿਦੇਸ਼ ਵਿੱਚ ਰਹਿ ਰਹੇ ਚਰਨਜੀਤ ਸਿੰਘ ਵਲੋਂ ਇੰਗਲੈਂਡ ਲਿਜਾਉਣ ਦੇ ਕੀਤੇ ਗਏ ਵਾਅਦੇ ਅਨੁਸਾਰ ਇਹ ਕਤਲ ਕੀਤਾ। ਇਸ ਕੇਸ ਦੇ ਦੋਸ਼ੀ ਨੇ ਇਸ ਕਤਲ ਦੀ ਯੋਜਨਾ ਬਹੁਤ ਸਾਵਧਾਨੀ ਨਾਲ ਬਣਾਈ ਸੀ ਪਰ ਫਿਰ ਵੀ ਉਹ ਆਪਣੇ ਹੀ ਜਾਲ ਵਿੱਚ ਫਸ ਗਿਆ।

ਲੁਧਿਆਣਾ ਦੇ ਡੀਸੀਪੀ ਰੁਪਿੰਦਰ ਸਿੰਘ ਨੇ ਇਸ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨਆਰਆਈ ਔਰਤ ਵਿਰੁੱਧ ਐਨਆਰਆਈ ਪੁਲਿਸ ਸਟੇਸ਼ਨ ਵਿੱਚ ਕਈ ਕੇਸ ਦਰਜ ਸਨ। ਇੰਗਲੈਂਡ ਵਿੱਚ ਰਹਿਣ ਵਾਲੇ ਚਰਨਜੀਤ ਸਿੰਘ ਗਰੇਵਾਲ ਦੇ ਰੁਪਿੰਦਰ ਕੌਰ ਨਾਲ ਸਬੰਧ ਸਨ ਅਤੇ ਮ੍ਰਿਤਕਾ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ। ਦੋਸ਼ੀ ਸੁਖਜੀਤ ਸਿੰਘ ਅਦਾਲਤ ਵਿੱਚ ਟਾਈਪਿਸਟ ਵਜੋਂ ਕੰਮ ਕਰਦਾ ਸੀ ਅਤੇ ਚਰਨਜੀਤ ਸਿੰਘ ਗਰੇਵਾਲ ਦਾ ਚੰਗਾ ਦੋਸਤ ਸੀ। ਚਰਨਜੀਤ ਸਿੰਘ ਨੇ ਰੁਪਿੰਦਰ ਕੌਰ ਨੂੰ ਸੁਖਜੀਤ ਨਾਲ ਮਿਲਾਇਆ ਸੀ ਤਾਂ ਜੋ ਉਹ ਉਸਦੇ ਕੇਸਾਂ ਵਿੱਚ ਮਦਦ ਕਰ ਸਕੇ ਅਤੇ ਚਰਨਜੀਤ ਸਿੰਘ ਗਰੇਵਾਲ ਫਿਰ ਵਿਦੇਸ਼ ਚਲਾ ਗਿਆ। ਰੁਪਿੰਦਰ ਕੌਰ ਨੇ ਸੁਖਜੀਤ ਸਿੰਘ ਨੂੰ ਪੈਸੇ ਵੀ ਦਿੱਤੇ। ਜਿੰਨਾ ਚਿਰ ਉਹ ਪੈਸੇ ਦਿੰਦੀ ਰਹੀ ਸਭ ਕੁਝ ਠੀਕ ਰਿਹਾ। ਕੁਝ ਸਮੇਂ ਬਾਅਦ ਚਰਨਜੀਤ ਸਿੰਘ ਗਰੇਵਾਲ ਨੇ ਰੁਪਿੰਦਰ ਕੌਰ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਰੁਪਿੰਦਰ ਨੇ ਕਿਹਾ ਕਿ ਚਰਨਜੀਤ ਨੇ ਆਪਣੇ ਮਤਲਬ ਲਈ ਉਸਦਾ ਇਸਤੇਮਾਲ ਕੀਤਾ ਹੈ ਅਤੇ ਉਹ ਉਸਦੇ ਨਾਲ ਵਿਆਹ ਕਰਕੇ ਹੀ ਰਹੇਗੀ। ਚਰਨਜੀਤ ਸਿੰਘ ਗਰੇਵਾਲ ਨੇ ਫਿਰ ਸੁਖਜੀਤ ਸਿੰਘ ਨੂੰ ਕਿਹਾ ਕਿ ਰੁਪਿੰਦਰ ਕੌਰ ਉਸਦੇ ਲਈ ਸਿਰਦਰਦ ਬਣ ਗਈ ਹੈ। ਜੇਕਰ ਉਹ ਉਸਨੂੰ ਮਾਰ ਦਿੰਦਾ ਹੈ ਜਾਂ ਉਸਦੇ ਰਾਹ ਤੋਂ ਹਟਾ ਦਿੰਦਾ ਹੈ ਤਾਂ ਉਹ ਉਸਨੂੰ ਪੰਜਾਹ ਲੱਖ ਰੁਪਏ ਦੇਵੇਗਾ ਅਤੇ ਉਸਨੂੰ ਇੰਗਲੈਂਡ ਵੀ ਬੁਲਾ ਲਵੇਗਾ।

ਪੁਲਿਸ ਦਾ ਮੰਨਣਾ ਹੈ ਕਿ ਰੁਪਿੰਦਰ ਕੌਰ ਦੇ ਕਤਲ ਦੀ ਸਾਜ਼ਿਸ਼ ਯੂਕੇ ਵਿੱਚ ਰਹਿਣ ਵਾਲੇ ਇੱਕ ਐਨਆਰਆਈ 75 ਸਾਲਾ ਚਰਨਜੀਤ ਸਿੰਘ ਗਰੇਵਾਲ ਨੇ ਰਚੀ ਸੀ ਜਿਸਨੇ ਸ਼ੁਰੂ ਵਿੱਚ ਰੁਪਿੰਦਰ ਕੌਰ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ। 71 ਸਾਲਾ ਐਨਆਰਆਈ ਔਰਤ ਦੇ ਕਤਲ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ ਜੋ ਵਿਆਹ ਦੀ ਉਮੀਦ ਨਾਲ ਭਾਰਤ ਆਈ ਸੀ। ਰੁਪਿੰਦਰ ਕੌਰ ਦਾ ਕਤਲ ਕਥਿਤ ਦੋਸ਼ੀ ਸੁਖਜੀਤ ਸਿੰਘ ਦੁਆਰਾ ਕੀਤਾ ਗਿਆ ਜਿਸਨੂੰ ਰੁਪਿੰਦਰ ਕੌਰ ਦੇ 75 ਸਾਲਾ ਮੰਗੇਤਰ ਚਰਨਜੀਤ ਸਿੰਘ ਗਰੇਵਾਲ ਨੇ ਕਰਾਇਆ। ਕਤਲ ਤੋਂ ਬਾਅਦ ਦੋਸ਼ੀ ਸੁਖਜੀਤ ਸਿੰਘ ਨੇ ਕਈ ਦਿਨਾਂ ਤੱਕ ਰੁਪਿੰਦਰ ਕੌਰ ਦੀ ਲਾਸ਼ ਨੂੰ ਟੁਕੜੇ-ਟੁਕੜੇ ਕਰਕੇ ਸਾੜਨ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਬਾਕੀ ਰਹਿੰਦ-ਖੁੰਹਦ ਨੂੰ ਲੁਧਿਆਣਾ ਦੇ ਬਾਹਰਵਾਰ ਇੱਕ ਨਾਲੇ ਵਿੱਚ ਸੁੱਟ ਦਿੱਤਾ ਗਿਆ।

ਰੁਪਿੰਦਰ ਕੌਰ ਜੁਲਾਈ ਦੇ ਸ਼ੁਰੂ ਵਿੱਚ ਅਮਰੀਕਾ ਤੋਂ ਭਾਰਤ ਆਈ ਸੀ ਅਤੇ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਇੱਕ ਟਾਈਪਿਸਟ ਸੁਖਜੀਤ ਸਿੰਘ ਦੇ ਨਾਲ ਰਹਿ ਰਹੀ ਸੀ। ਰੁਪਿੰਦਰ ਕੌਰ ਦੇ ਇੰਗਲੈਂਡ ਰਹਿੰਦੇ ਦੋਸਤ ਐਨਆਰਆਈ ਚਰਨਜੀਤ ਸਿੰਘ ਗਰੇਵਾਲ ਨੇ ਹੀ ਆਪਣੇ ਜਾਣਕਾਰ ਸੁਖਜੀਤ ਨੂੰ ਬੇਨਤੀ ਕੀਤੀ ਸੀ ਕਿ ਉਹ ਰੁਪਿੰਦਰ ਕੌਰ ਨੂੰ ਜਾਇਦਾਦ ਵਿਵਾਦ ਦੇ ਮਾਮਲੇ ਵਿੱਚ ਮਦਦ ਕਰੇ। ਰੁਪਿੰਦਰ ਕੌਰ ਦਾ 12 ਜੁਲਾਈ ਨੂੰ ਹੀ ਕਤਲ ਕਰ ਦਿੱਤਾ ਗਿਆ ਸੀ ਅਤੇ ਕੁੱਝ ਦਿਨਾਂ ਬਾਅਦ ਸੁਖਜੀਤ ਸਿੰਘ ਵਲੋਂ ਰੁਪਿੰਦਰ ਕੌਰ ਦੇ ਲਾਪਤਾ ਹੋਣ ਦੀ ਇੱਕ ਰਿਪੋਰਟ ਪੁਲਿਸ ਥਾਣੇ ਦੇ ਵਿੱਚ ਦਰਜ ਕਰਵਾਈ ਗਈ ਸੀ। ਸੁਖਜੀਤ ਸਿੰਘ ਨੇ ਦੱਸਿਆ ਕਿ ਰੁਪਿੰਦਰ ਕੌਰ ਨੇ ਛੇ ਮਹੀਨੇ ਪਹਿਲਾਂ ਉਸਨੂੰ ਆਪਣੇ ਸਿਵਲ ਅਤੇ ਅਪਰਾਧਿਕ ਮਾਮਲਿਆਂ ਨੂੰ ਸੰਭਾਲਣ ਲਈ ਪਾਵਰ ਆਫ਼ ਅਟਾਰਨੀ ਦਿੱਤੀ ਸੀ। 12 ਜੁਲਾਈ ਨੂੰ ਸੁਖਜੀਤ ਸਿੰਘ ਵਲੋਂ ਰੁਪਿੰਦਰ ਕੌਰ ਨੂੰ ਬੇਸਬਾਲ ਬੈਟ ਨਾਲ ਮਾਰ ਦਿੱਤਾ ਅਤੇ ਉਸਦੇ ਸਰੀਰ ਨੂੰ ਕੋਲਿਆਂ ਨਾਲ ਸਾੜ ਦਿੱਤਾ ਜਦਕਿ ਪਿੰਜਰ ਦੇ ਬਾਕੀ ਬਚੇ ਹਿੱਸੇ ਨੂੰ ਬੋਰੀਆਂ ਦੇ ਵਿੱਚ ਪਾ ਕੇ ਨੇੜਲੇ ਨਾਲੇ (ਡਰੇਨ) ਵਿੱਚ ਸੁੱਟ ਦਿੱਤਾ ਗਿਆ। ਦੋਸ਼ੀ ਸੁਖਜੀਤ ਸਿੰਘ ਨੇ ਇਸ ਕਤਲ ਨੂੰ ਸਿਰੇ ਚਾੜ੍ਹਨ ਦੇ ਲਈ ਵੱਡੀ ਮਾਤਰਾ ਵਿੱਚ ਕੋਲਾ ਲਿਆ ਇਸਨੂੰ ਅੱਗ ਲਗਾ ਦਿੱਤੀ ਅਤੇ ਰੁਪਿੰਦਰ ਕੌਰ ਦੀ ਲਾਸ਼ ਨੂੰ ਸਾੜਨ ਲਈ ਕੋਲਿਆਂ ਦੀ ਅੱਗ ਦੇ ਉਪਰ ਪਾ ਦਿੱਤਾ ਜਿਸ ਵਿੱਚ ਦੋ ਤੋਂ ਤਿੰਨ ਦਿਨ ਲੱਗ ਗਏ। ਉਸਨੇ ਜਲੀ ਹੋਈ ਲਾਸ਼ ਦੇ ਬਾਕੀ ਬਚੇ ਹਿੱਸਿਆਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਪਾਣੀ ਦੇ ਨਾਲੇ ਵਿੱਚ ਸੁੱਟ ਦਿੱਤਾ। ਦੋਸ਼ੀ ਸੁਖਜੀਤ ਸਿੰਘ ਨੇ ਸਬੂਤ ਨਸ਼ਟ ਕਰਨ ਲਈ ਰੁਪਿੰਦਰ ਕੌਰ ਦੇ ਮੋਬਾਈਲ ਫੋਨ ਦੇ ਨੂੰ ਹਥੌੜੇ ਨਾਲ ਟੁਕੜੇ ਕਰਕੇ ਸੁੱਟ ਦਿੱਤਾ। ਪੁਲਿਸ ਨੇ ਸੜੇ ਹੋਏ ਅਵਸ਼ੇਸ਼ ਅਤੇ ਹਥੌੜਾ ਬਰਾਮਦ ਕਰ ਲਿਆ ਗਿਆ ਹੈ।

ਸੁਖਜੀਤ ਸਿੰਘ ਆਪਣੇ ਘਰ ਦੇ ਅੰਦਰ ਕੋਲਾ ਵਰਤਦਾ ਸੀ ਜਿਸ ਨਾਲ ਕਮਰੇ ਨੂੰ ਨੁਕਸਾਨ ਪਹੁੰਚਿਆ ਅਤੇ ਇਸਦੀ ਮੁਰੰਮਤ ਲਈ ਰੱਖੇ ਗਏ ਮਜ਼ਦੂਰਾਂ ਨੂੰ ਸ਼ੱਕ ਹੋਇਆ ਕਿਉਂਕਿ ਪਿੰਡ ਵਿੱਚ ਪਹਿਲਾਂ ਹੀ ਇੱਕ ਐਨਆਰਆਈ ਔਰਤ ਦੇ ਲਾਪਤਾ ਹੋਣ ਬਾਰੇ ਚਰਚਾ ਚੱਲ ਰਹੀ ਸੀ। ਇਹ ਅਪਰਾਧ ਉਦੋਂ ਸਾਹਮਣੇ ਆਇਆ ਜਦੋਂ ਮਜ਼ਦੂਰਾਂ ਦੇ ਸ਼ੱਕ ਕਾਰਣ ਜਾਂਚ ਸ਼ੁਰੂ ਹੋਈ। ਇਸ ਜਾਂਚ ਵਿੱਚ ਪਤਾ ਲੱਗਾ ਕਿ ਇਹ ਕਤਲ ਕੋਈ ਆਮ ਕਤਲ ਨਹੀਂ ਹੈ। ਇਹ ਅਪਰਾਧ ਦੀ ਕਹਾਣੀ ਕਥਿਤ ਤੌਰ ‘ਤੇ ਯੂਕੇ ਵਿੱਚ ਰਹਿਣ ਵਾਲੇ ਇੱਕ ਐਨਆਰਆਈ ਚਰਨਜੀਤ ਸਿੰਘ ਗਰੇਵਾਲ ਦੁਆਰਾ ਲਿਖੀ ਗਈ ਸੀ ਜੋ ਕਿ ਰੁਪਿੰਦਰ ਕੌਰ ਨਾਲ ਲੰਬੇ ਸਮੇਂ ਤੋਂ ਸਬੰਧਾਂ ਵਿੱਚ ਸੀ ਅਤੇ ਸ਼ੁਰੂ ਵਿੱਚ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿੱਚ ਵਿਆਹ ਤੋਂ ਪਿੱਛੇ ਹਟ ਗਿਆ। ਫਿਰ ਚਰਨਜੀਤ ਸਿੰਘ ਗਰੇਵਾਲ ਨੇ ਰੁਪਿੰਦਰ ਕੌਰ ਨੂੰ ਮਾਰ ਮੁਕਾਉਣ ਦੇ ਲਈ ਕਥਿਤ ਤੌਰ ‘ਤੇ ਸੁਖਜੀਤ ਸਿੰਘ ਨੂੰ 50 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਅਤੇ ਉਸਨੂੰ ਯੂਕੇ ਜਾਣ ਵਿੱਚ ਮਦਦ ਕਰਨ ਦਾ ਵੀ ਵਾਅਦਾ ਕੀਤਾ। ਸੁਖਜੀਤ ਸਿੰਘ ਨੇ ਆਪਣੇ ਐਨਆਰਆਈ ਦੋਸਤ ਚਰਨਜੀਤ ਸਿੰਘ ਗਰੇਵਾਲ ਦੇ ਕਹਿਣ ‘ਤੇ ਐਨਆਰਆਈ ਔਰਤ ਰੁਪਿੰਦਰ ਕੌਰ ਦਾ ਕਤਲ ਕਰ ਦਿੱਤਾ। ਪੁਲਿਸ ਹੁਣ ਇੰਗਲੈਂਡ ਵਿੱਚ ਰਹਿੰਦੇ ਚਰਨਜੀਤ ਸਿੰਘ ਗਰੇਵਾਲ ਨੂੰ ਉੱਥੋਂ ਲਿਆਉਣ ਦੀ ਤਿਆਰੀ ਕਰ ਰਹੀ ਹੈ।

Related posts

ਮੁੱਖ-ਮੰਤਰੀ ਵਲੋਂ ਕਾਰੋਬਾਰੀਆਂ ਨੂੰ ਪੰਜਾਬ ‘ਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਸੱਦਾ

admin

ਡੀਜੀਪੀ ਵਲੋਂ ਪੰਜਾਬ ਵਿੱਚ ਸ਼ਾਂਤੀ ਲਈ ਪੁਲਿਸ ਨੂੰ ਹਾਈ-ਅਲਰਟ ‘ਤੇ ਰਹਿਣ ਦੇ ਹੁਕਮ !

admin

ਭਾਈ ਬਲਵੰਤ ਸਿੰਘ ਰਾਜੋਆਣਾ ਕੇਸ: 29 ਸਾਲਾਂ ਤੋਂ ਤਰੀਕ ਤੇ ਤਰੀਕ !

admin