Articles

ਭਾਰਤੀ ਖ਼ਬਰ ਚੈਨਲਾਂ ਦੁਆਰਾ ਕਿਸਾਨ ਅੰਦੋਲਨ ਅਣਗੌਲਿਆ ਕਿਓਂ ?

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਭਾਰਤੀ ਮੀਡੀਆ ਪੱਤਰਕਾਰੀ ਦੀਆਂ ਸੱਚੀਆ ਸੁੱਚੀਆਂ ਰਿਵਾਇਤਾਂ ਅਤੇ ਪੱਤਰਕਾਰੀ ਦੇ ਕੋਡ ਆਫ ਕੰਡਕਟ ਤੋਂ ਕਿੰਨਾ ਪਰੇ ਦਾ ਚੁੱਕਾ ਹੈ, ਇਸ ਸੰਬੰਧ ਚ ਵੱਖ ਵੱਖ ਮੀਡੀਆ ਅਦਾਰਿਆਂ ਵੱਲੋਂ ਸਮੇਂ ਸਮੇਂ ਕੀਤੀ ਜਾ ਰਹੀ ਪਾਸਕੂ ਮਾਰਕਾ ਪੀਲੀ ਪੱਤਰਕਾਰੀ ਦੀਆ ਉਦਾਹਰਣਾਂ ਬੇਸ਼ੱਕ ਵੇਖਣ, ਸੁਣਨ ਤੇ ਪੜ੍ਹਨ ਨੂੰ ਅਕਸਰ ਹੀ ਮਿਲਦੀਆਂ ਰਹਿੰਦੀਆ ਹਨ, ਪਰ ਕਿਰਤੀ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਨਾਲ ਇਸ ਮੀਡੀਏ ਦਾ ਹੀਜ ਪਿਆਜ਼ ਸਰੇ ਬਾਜ਼ਾਰ ਨੰਗਾ ਹੋ ਗਿਆ ਹੈ । ਕਾਰਪੋਰੇਟ ਤੇ ਸਿਆਸੀ ਹੱਥਾਂ ਚ ਖੇਡ ਰਹੇ ਭਾਰਤੀ ਮੀਡੀਏ ਨੇ ਕਿਰਤੀ ਕਿਸਾਨ ਸੰਘਰਸ਼ ਨੂੰ ਪਹਿਲਾਂ ਮੁੱਠੀ ਭਰ ਲੋਕਾਂ ਦਾ ਰਾਮ ਰੌਲਾ ਦੱਸਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਖਾਲਿਸਤਾਨੀ ਤੇ ਅੱਤਵਾਦੀਆ ਦਾ ਅੰਦੋਲਨ ਕਹਿਕੇ ਨਿੰਦਿਆਂ ਤੇ ਹੁਣ ਜਦ ਅੰਦੋਲਨਕਾਰੀਆਂ ਨੇ ਇਸ ਇਕਪਾਸੜ ਤੇ ਪੀਲੀ ਪੱਤਰਕਾਰੀ ਕਰਨ ਵਾਲੇ ਮੀਡੀਏ ਦਾ ਬਾਈਕਾਟ ਕੀਤਾ ਤੇ ਇਸ ਦੀ ਹਰ ਥਾਂ ਤੋਏ ਤੋਏ ਕਰਕੇ ਇਸ ਮੀਡੀਏ ਦੀ ਅਸਲੀਅਤ ਜੱਗ ਜਾਹਿਰ ਕੀਤੀ ਹੈ ਤਾਂ ਜਾ ਕੇ ਇਸ ਮੀਡੀਏ ਨੂੰ ਠੱਲ੍ਹ ਪਈ ਹੈ।
ਕਿਰਤੀ ਕਿਸਾਨ ਅੰਦੋਲਨ ਨੂੰ ਲੈ ਕੇ ਭਾਰਤੀ ਮੀਡੀਆ ਇਸ ਵੇਲੇ ਪੂਰੀ ਤਰਾਂ ਦੋ ਹਿੱਸਿਆ ਵਿੱਚ ਵਟ ਚੁੱਕਾ ਹੈ । ਇਕ ਹਿੱਸਾ ਨਿਰਪੱਖ ਪੱਤਰਕਾਰੀ ਦੀਆ ਰਿਵਾਇਤਾਂ ‘ਤੇ ਪਹਿਰਾ ਦਿੰਦਾ ਹੋਇਆ ਕਿਰਤੀ ਕਿਸਾਨ ਅੰਦੋਲਨ ਤੇ ਸਰਕਾਰੀ ਪੱਖ ਦੋਹਾਂ ਦੀ ਕਵਰੇਜ ਵਿੱਚ ਸਮਤੋਲ ਰੱਖ ਰਿਹਾ ਹੈ ਜਦ ਕਿ ਦੂਸਰੀ ਪ੍ਰਕਾਰ ਦਾ ਮੀਡੀਆ ਇਕ ਪਾਸੜ ਹੋ ਸਰਕਾਰ ਪ੍ਰਸਤੀ ਕਰਕੇ ਗੋਦੀ ਮੀਡੀਆ ਬਣਕੇ ਟੁਕੜ-ਬੋਚ ਮੀਡੀਏ ਵਜੋਂ ਵਿਚਰ ਰਿਹਾ ਹੈ ।
ਅੱਗੇ ਗੱਲ ਕਰਨ ਤੋਂ ਪਹਿਲਾ ਇੱਥੇ ਇਹ ਗੱਲ ਸ਼ਪੱਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਕਿਸੇ ਵੀ ਪ੍ਰਕਾਰ ਦੇ ਮੀਡੀਏ ਦਾ ਅਜ਼ਾਦ ਤੇ ਨਿਰਪੱਖ ਹੋਣ ਵਾਸਤੇ ਉਸ ਦਾ ਮਾਲੀ ਤੌਰ ‘ਤੇ ਮਜ਼ਬੂਤ ਹੋਣਾ ਪਹਿਲੀ ਗੱਲ ਹੁੰਦੀ ਹੈ । ਜੇਕਰ ਕੋਈ ਮੀਡੀਆ ਮਾਲੀ ਔਕੜਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹ ਕਦੇ ਵੀ ਅਜ਼ਾਦ, ਬੇਬਾਕ ਤੇ ਨਿਰਪੱਖ ਨਹੀਂ ਹੋ ਸਕਦਾ । ਅੱਜ ਦੇ ਯੁੱਗ ਵਿੱਚ ਸ਼ੋਸ਼ਲ ਮੀਡੀਆ ਮਾਲੀ ਬੋਝ ਤੋਂ ਅਜ਼ਾਦ ਹੈ ਤੇ ਏਹੀ ਕਾਰਨ ਹੈ ਕਿ ਹਰ ਕੋਈ ਇਸ ਮੀਡੀਏ ਰਾਹੀਂ ਆਪਣੇ ਵਿਚਾਰ ਨਿਡਰ ਤੇ ਨਿਰਸੰਕੋਚ ਹੋ ਕੇ ਰੱਖ ਰਿਹਾ ਹੈ ।
ਅਗਲੀ ਗੱਲ ਇਹ ਵੀ ਹੈ ਕਿ ਜੇਕਰ ਕੋਈ ਮੀਡੀਆ ਮਾਲੀ ਪੱਖੋਂ ਬਹੁਤ ਮਜ਼ਬੂਤ ਹੈ, ਪਰ ਉਹ ਕਾਰਪੋਰੇਟ ਤੇ ਸਿਆਸੀ ਲੋਕਾਂ ਦੀ ਪੁਸਤਪਨਾਹੀ ਵਿੱਚ ਚੱਲ ਰਿਹਾ, ਤਦ ਵੀ ਅਜਿਹਾ ਮੀਡੀਆ ਪੱਤਰਕਾਰੀ ਵਿੱਚ ਉਸਾਰੂ ਤੇ ਨਿੱਗਰ ਭੂਮਿਕਾ ਨਹੀਂ ਨਿਭਾ ਸਕੇਗਾ । ਇਸ ਦਾ ਕਾਰਨ ਇਹ ਹੈ ਕਿ ਵਪਾਰੀ ਕਦੇ ਵੀ ਪੱਤਰਕਾਰ ਨਹੀਂ ਹੋ ਸਕਦਾ ਤੇ ਸਿਆਸੀ ਲੋਕ ਕਦੇ ਵੀ ਇਕ ਸਟੈਂਡ ਵਾਲੇ ਨਹੀ ਹੁੰਦੇ । ਇਹ ਉਕਤ ਦੋਵੇ ਤਰਾ ਦੇ ਲੋਕ ਮੌਕਾਪ੍ਰਸਤ ਤੇ ਮਨਾਫਾਖੋਰ ਹੁੰਦੇ ਹਨ, ਜਿਧਰੋ ਵੀ ਤੇ ਜਿਸ ਤਰਾਂ ਵੀ ਇਹਨਾ ਦਾ ਉੱਲੂ ਸਿੱਧਾ ਹੁੰਦਾ ਹੈ ਬਿਨਾ ਦੇਰੀ ਉਧਰ ਪਲਟੀ ਮਾਰਕੇ ਇਹ ਲੋਕ ਥਾਲੀ ਦੇ ਬੈਂਗਣ ਵਾਲਾ ਕਿਰਦਾਰ ਨਿਭਾਊੰਦੇ ਹਨ, ਜਿਸ ਕਰਕੇ ਨਿਰਪੱਖ ਪੱਤਰਕਾਰੀ ਕਰਕੇ ਇਸ ਕਿੱਤੇ ਨਾਲ ਇਨਸਾਫ਼ ਕਰਨਾ ਉਹਨਾ ਦੇ ਵੱਸ ਦੀ ਗੱਲ ਹੀ ਨਹੀਂ ਹੁੰਦੀ ।
ਭਾਰਤ ਵਿੱਚ ਇਸ ਵੇਲੇ ਕਾਰਪੋਰੇਟ ਤੇ ਸਿਆਸਤ ਦੇ ਸੁਮੇਲ ਵਾਲਾ ਮੀਡੀਆ ਪ੍ਰਧਾਨ ਹੈ । ਦੂਜੇ ਸ਼ਬਦਾਂ ਚ ਚੋਰ ਤੇ ਕੁੱਤੀ ਰਲੇ ਹੋਏ ਹਨ ਜਾਂ ਫਿਰ ਚੋਰ ਚੋਰ ਮਸੇਰੇ ਭਾਈ ਵਾਲੀ ਗੱਲ ਬਣੀ ਹੋਈ ਹੈ । ਇਸੇ ਕਰਕੇ ਹੀ ਦੇਸ਼ ਦੇ ਲੋਕਾਂ ਨੂੰ ਨਿੱਤ ਝੂਠ ਪਰੋਸਿਆ ਜਾ ਰਿਹਾ ਹੈ ਤੇ ਸੱਚ ਦੀ ਪਰਦਾਪੋਸ਼ੀ ਕੀਤੀ ਜਾ ਰਹੀ ਹੈ । ਲੋਕਾਂ ਨੂੰ ਹਨੇਰੇ ਚ ਰੱਖਕੇ ਸਰਕਾਰ ਤੇ ਕਾਰਪੋਰੇਟਾਂ ਵੱਲੋਂ ਦੇਸ਼ ਦੇ ਲੋਕਾਂ ਨਾਲ ਚਿੱਟੇ ਦਿਨ ਹੇਰਾ ਫੇਰੀ ਤੇ ਠੱਗੀ ਠੋਰੀ ਕੀਤੀ ਜਾ ਰਹੀ ਹੈ ।
ਦਿੱਲੀ ਵਿਚ ਕਿਰਤੀ ਕਿਸਾਨ ਸੰਘਰਸ਼ ਨੂੰ ਬਹੁਤ ਸਾਰੇ ਭਾਰਤੀ ਖਬਰ ਚੈਨਲਾਂ ਦੁਆਰਾ ਕਵਰ ਕਿਓਂ ਨਹੀਂ ਕੀਤਾ ਜਾ ਰਿਹਾ, ਇਸ ਸਵਾਲ ਨੂੰ ਅਸਾਨੀ ਨਾਲ ਸਮਝਣ ਤੇ ਉਸ ਵਜ੍ਹਾ ਨੂੰ ਬੇਪਰਦਾ ਕਰਨ ਵਾਲੀ ਇਕ ਝਲਕ ਪੇਸ਼ ਹੈ :
– ਰਿਲਾਇੰਸ ਇੰਡਸਟਰੀ ਦਾ ਮੁਕੇਸ਼ ਅੰਬਾਨੀ 20 ਨਿਊਜ਼ ਚੈਨਲਾਂ ਦਾ ਮਾਲਕ ਹੈ , ਜਿਨ੍ਹਾਂ ਵਿਚੋਂ ਪ੍ਰਮੁੱਖ ਹਨ– News 18, CNBC Awaaz ,CNN -News 18 , ਅਤੇ CNBC TV18 ਆਦਿ. ਇਸ ਤੋਂ ਇਲਾਵਾ ਉਸ ਕੋਲ ਫਸਟਪੋਸਟ ਅਤੇ ਮਨੀ ਕੰਟਰੌਲ ਵਰਗੇ ਨਿਊਜ਼ ਪੋਰਟਲ ਹਨ ।
– ਸਾਰੇ Zee News ਚੈਨਲ ਸੁਭਾਸ਼ ਚੰਦਰ ਦੀ ਮਲਕੀਅਤ ਹਨ, ਜੋ ਕਿ ਭਾਜਪਾ ਤੋਂ ਰਾਜ ਸਭਾ ਦਾ ਮੈਂਬਰ ਹੈ । ਇਹ WION ਦਾ ਵੀ ਮਾਲਕ ਹੈ, ਜੋ ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਦਾ ਨਿਊਜ਼ ਚੈਨਲ ਹੈ।
– Repulic TV BJP ਦੇ ਰਾਜ ਸਭਾ ਮੇਂਬਰ ਰਾਜੀਵ ਚੰਦਰਸ਼ੇਖਰ ਅਤੇ ਅਰਨਾਬ ਗੋਸਵਾਮੀ ਦਾ ਹੈ ।
– ਇੰਡੀਆ ਟੀਵੀ ਦਾ ਮਾਲਕ, ਰਜਤ ਸ਼ਰਮਾ ਏਬੀਵੀਪੀ ਦਾ ਮੈਂਬਰ ਰਿਹਾ ਹੈ।
– ਨਿਊਜ਼ 24 ਦੀ ਮਾਲਕ ਅਨੁਰਾਧਾ ਪ੍ਰਸਾਦ ਹੈ ਜੋ ਕੇ ਮੋਦੀ ਸਰਕਾਰ ਵਿੱਚ ਮੌਜੂਦਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੀ ਭੈਣ ਲਗਦੀ ਹੈ ।
– ਸੁਦਰਸ਼ਨ ਨਿਊਜ਼ ਦਾ ਮਾਲਿਕ ਸੁਰੇਸ਼ ਚਾਵਹੰਕੇ ਹੈ ਜੋ ਏਬੀਵੀਪੀ ਅਤੇ ਆਰਐਸਐਸ ਦਾ ਲੰਬੇ ਸਮੇਂ ਤੋਂ ਵਲੰਟੀਅਰ ਅਤੇ ਅਹੁਦੇਦਾਰ ਰਿਹਾ ਹੈ ।
ਉਕਤ ਤੱਥਾਂ ਦੇ ਅਧਾਰ ‘ਤੇ ਹੁਣ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤ ਵਿੱਚਲਾ ਬਹੁਤਾ ਮੀਡੀਆ ਰੂਪੀ ਲੋਕ-ਤੰਤਰ ਦਾ ਚੌਥਾ ਥੰਮ੍ਹ, ਇਸ ਸਮੇਂ ਬੇਕਾਰ, ਫ਼ਰੇਬੀ ਤੇ ਚੱਪਲ਼ ਚੱਟ ਬਣਕੇ ਰਹਿ ਗਿਆ ਹੈ । ਇਸ ਤਰਾਂ ਦੇ ਮੀਡੀਏ ਦਾ ਸਾਹਮਣਾ ਕਰਨ ਵਾਸਤੇ ਇਸ ਸਮੇਂ ਸਾਡੇ ਕੋਲ ਵਧੀਆ ਹਥਿਆਰ ਹੈ ਸ਼ੋਸ਼ਲ ਮੀਡੀਆ ਤੇ ਜੇਕਰ ਇਸ ਦੀ ਵਰਤੋ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਇਸ ਮੀਡੀਏ ਦਾ ਅਜ ਦੇ ਜਮਾਨੇ ਦੂਸਰਾ ਰੋਈ ਬਦਲ ਹੀ ਨਹੀ । ਦਰਅਸਲ ਇਹ ਸ਼ੋਸ਼ਲ ਮੀਡੀਏ ਦੀ ਸਹੀ ਵਰਤੋ ਦਾ ਹੀ ਨਤੀਜਾ ਹੈ ਕਿ ਅੱਜ ਕਿਰਤੀ ਕਿਸਾਨ ਸੰਘਰਸ਼ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ, ਉੱਤਰਾਖੰਡ, ਯੂ ਪੀ, ਬਿਹਾਰ ਤੇ ਪੂਰੇ ਭਾਰਤ ਦੇ ਕੋਨੇ ਕੋਨੇ ਚ ਫੈਲਣ ਤੋਂ ਬਾਅਦ ਦੁਨੀਆ ਦੇ ਦੂਜੇ ਮੁਲਕਾਂ ਦੀਆ ਸਰਕਾਰਾਂ ਤੇ ਸ਼ਹਿਰੀਆ ਤੱਕ ਵੀ ਪਹੁੰਚ ਚੁੱਕਾ ਹੈ । ਕਨੇਡਾ, ਜਰਮਨ, ਅਮਰੀਕਾ ਤੇ ਇਟਲੀ ਆਦਿ ਮੁਲਕਾਂ ਚ ਸੰਘਰਸ ਕਰ ਰਹੇ ਕਿਰਤੀ ਕਿਸਾਨਾ ਦੇ ਹੱਕ ਚ ਅਵਾਜ ਉਠ ਰਹੀ ਹੈ ਤੇ ਉਹਨਾ ਮੁਲਕਾ ਦੀਆ ਸਰਕਾਰਾਂ ਵਲੋ ਕਿਸਾਨ ਸੰਘਰਸ਼ ਦੇ ਹੱਕ ਚ ਮਤੇ ਪਾਏ ਜਾ ਰਹੇ ਹਨ ਤੇ ਭਾਰਤ ਸਰਕਾਰ ‘ਤੇ ਕਿਸਾਨ ਮਸਲੇ ਨੂੰ ਜਲਦੀ ਹੱਲ ਕਰਨ ਵਾਸਤੇ ਦਬਾ ਬਣਾਇਆ ਜਾ ਰਿਹਾ ਹੈ ਤੇ ਨਾਲ ਹੀ ਗੋਦੀ ਤੇ ਕਾਰਪੋਰੇਟ ਮੀਡੀਆ ਨੂੰ ਫਿਟਕਾਰਾਂ ਤੇ ਲਾਹਨਤਾ ਵੀ ਪਾਈਆ ਜਾ ਰਹੀਆ ਹਨ ।

Related posts

ਮਨੁੱਖ ਦਾ ਵਿਗਿਆਨਕ ਨਾਮ ‘ਹੋਮੋ ਸੈਪੀਅਨਜ’ ਹੈ !

admin

ਚੈਂਪੀਅਨਜ਼ ਟਰਾਫੀ: ਭਾਰਤ ਨੇ ਪਾਕਿ ਨੂੰ 6 ਵਿਕਟਾਂ ਨਾਲ ਹਰਾਇਆ !

admin

ਅਮਰੀਕਾ ਤੋਂ ਡਿਪੋਰਟ ਹੋਏ ਲੋਕ, ਕਸੂਰ ਵਾਰ ਕੌਣ ?

admin