
ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸੰਨ 2016 ਵਿੱਚ ਸ਼ਰੀਰਿਕ ਸਿੱਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖ਼ੇ ਪ੍ਰੋਫੈਸਰੀ ਕਰਦਿਆਂ, ਪੰਡਿਤ ਮਦਨ ਮੋਹਨ ਮਾਲਵੀਆ ਦੇ ਉੱਦਮ ਸਦਕਾ, ਮਸਤੂਆਣੇ ਵਾਲੇ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਵਸਾਈ ਗਈ ਬਨਾਰਸ ਹਿੰਦੂ ਯੂਨੀਵਰਸਿਟੀ ਵਿਖ਼ੇ ਇੱਕ ਕਾਨਫਰੰਸ ‘ਤੇ ਜਾਣ ਦਾ ਮੌਕਾ ਮਿਲਿਆ। ਉੱਥੇ ਮੇਰੀ ਮੁਲਾਕਾਤ ਹਾਕੀ ਦੇ ਮਹਾਨ ਜਾਦੂਗਰ ਧਿਆਨ ਚੰਦ ਜੀ ਦੇ ਸਪੁੱਤਰ ਓਲੰਪਿਅਨ ਅਸ਼ੋਕ ਧਿਆਨ ਚੰਦ ਜੀ ਨਾਲ ਹੋਈ। ਸ੍ਰੀ ਅਸ਼ੋਕ ਕੁਮਾਰ ਜੀ ਹੁਰਾਂ ਤੋਂ ਉਹਨਾਂ ਦੇ ਪਿਤਾ ਜੀ ਬਾਰੇ ਕਾਫ਼ੀ ਕੁੱਝ ਜਾਨਣ ਦਾ ਮੌਕਾ ਮਿਲਿਆ। ਸ੍ਰੀ ਅਸ਼ੋਕ ਧਿਆਨ ਚੰਦ ਜੀ ਨਾਲ ਗੱਲਾਂ ਕਰਦਿਆਂ ਮੈਨੂੰ ਉਹਨਾਂ ਵਿਚੋਂ ਮੇਜਰ ਧਿਆਨ ਚੰਦ ਜੀ ਦਾ ਅਕ੍ਸ ਨਜ਼ਰ ਆਇਆ। ਮੈਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇੰ ਮੈਂ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ ਜੀ ਹੁਰਾਂ ਨਾਲ ਸਾਕਸ਼ਾਤ ਵਾਰਤਾਲਾਪ ਕਰ ਰਿਹਾਂ ਹੋਵਾਂ। ਉਹਨਾਂ ਨੇ ਮੇਜਰ ਧਿਆਨ ਚੰਦ ਜੀ ਦੇ ਜੀਵਨ ਅਤੇ ਪਰਿਵਾਰ ਬਾਰੇ ਕਾਫ਼ੀ ਗੱਲਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਦਾ ਨਿਚੋੜ ਮੈਂ ਤੁਹਾਡੀ ਜ਼ੇਰ-ਏ-ਨਜ਼ਰ ਕਰਨ ਲੱਗਿਆਂ ਹਾਂ !
ਮੇਜਰ ਧਿਆਨ ਚੰਦ ਦੇ ਪਿਤਾ ਸੂਬੇਦਾਰ ਸਮੇਸ਼ਵਰ ਦੱਤ ਸਿੰਘ ਵੀ ਫ਼ੌਜ ਦੀ ਟੀਮ ਦੇ ਮੋਹਰੀ ਹਾਕੀ ਖਿਡਾਰੀ ਸਨ। ਝਾਂਸੀ ‘ਚ ਰਹਿੰਦੇ ਧਿਆਨ ਚੰਦ ਦੇ ਪਰਿਵਾਰ ਨੇ ਦਰਜਨ ਦੇ ਕਰੀਬ ਹਾਕੀ ਖਿਡਾਰੀ ਮੈਦਾਨ ‘ਚ ਉਤਾਰ ਕੇ ਵਿਸ਼ਵ ਹਾਕੀ ‘ਚ ਵੱਡਾ ਨਾਂਅ ਕਮਾਇਆ ਹੈ। ਧਿਆਨ ਚੰਦ ਹੁਰੀਂ ਤਿੰਨ ਭਰਾ ਸਨ। ਦੋ ਭਰਾਵਾਂ, ਮੇਜਰ ਧਿਆਨ ਚੰਦ ਤੇ ਰੂਪ ਸਿੰਘ ਨੂੰ ਹਾਕੀ ‘ਚ ਓਲੰਪੀਅਨ ਹੋਣ ਦਾ ਮਾਣ ਹਾਸਲ ਹੋਇਆ, ਜਦਕਿ ਤੀਜਾ ਭਰਾ ਮੂਲ ਸਿੰਘ ਕੌਮੀ ਹਾਕੀ ਤੱਕ ਸੀਮਤ ਰਿਹਾ। ਧਿਆਨ ਚੰਦ ਦੇ ਸੱਤ ਪੁੱਤਰਾਂ ‘ਚੋਂ 6 ਹਾਕੀ ਖੇਡ ਦੇ ਲੜ ਲੱਗੇ। ਇੱਕ ਪੁੱਤਰ ਅਸ਼ੋਕ ਕੁਮਾਰ ਹਾਕੀ ਓਲੰਪੀਅਨ ਬਣਿਆ। ਧਿਆਨ ਚੰਦ ਦੇ ਭਰਾ ਰੂਪ ਸਿੰਘ ਦੇ ਦੋਵੇਂ ਬੇਟਿਆਂ ਭਗਤ ਸਿੰਘ ਤੇ ਚੰਦਰ ਸ਼ੇਖਰ ਸਿੰਘ ਨੇ ਵੀ ਕੌਮਾਂਤਰੀ ਹਾਕੀ ਖੇਡ ਕੇ ਪਰਿਵਾਰਕ ਰਵਾਇਤ ਨੂੰ ਹੋਰ ਅੱਗੇ ਤੋਰਿਆ। ਧਿਆਨ ਚੰਦ ਦੀ ਦੋਹਤੀ ਤੇ ਉਸਦੇ ਪੁੱਤਰ ਓਲੰਪੀਅਨ ਅਸ਼ੋਕ ਕੁਮਾਰ ਦੀ ਭਾਣਜੀ ਨੇਹਾ ਸਿੰਘ ਵੀ ਕੌਮੀ ਮਹਿਲਾ ਹਾਕੀ ਟੀਮ ਨਾਲ 1998 ‘ਚ ਹਾਲੈਂਡ ਵਿਖੇ ਹੋਏ ਮਹਿਲਾ ਵਿਸ਼ਵ ਹਾਕੀ ਕੱਪ ਤੇ ਹੋਰ ਕੌਮਾਂਤਰੀ ਟੂਰਨਾਮੈਂਟਾਂ ‘ਚ ਦੇਸ਼ ਦੀ ਨੁਮਾਇੰਦਗੀ ਕਰ ਚੁੱਕੀ ਹੈ।
29 ਅਗਸਤ ਦਾ ਦਿਨ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਕਿਸੇ ਈਦ ਅਤੇ ਦੀਵਾਲ਼ੀ ਤੋਂ ਘੱਟ ਨਹੀਂ ਹੈ, ਕਿਉਂਕਿ ਸਾਰਾ ਖੇਡ ਜਗਤ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ 116ਵੇਂ ਜਨਮਦਿਨ ਦੀ ਖੁਸ਼ੀ ਮਨਾ ਰਿਹਾ। ਹਰ ਸਾਲ 29 ਅਗਸਤ ਨੂੰ ਪੂਰੇ ਭਾਰਤ ਵਿੱਚ ਖੇਡਾਂ ਦਾ ਇਹ ਤਿਓਹਾਰ ਮਨਾਇਆ ਜਾਂਦਾ ਹੈ।
ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿਖ਼ੇ ਹੋਇਆ ਸੀ। ਉਹਨਾਂ 3 ਦਸੰਬਰ 1979 ਨੂੰ ਉਸ ਨੇ ਦਿੱਲੀ ਦੇ ਆਲ ਇੰਡੀਆ ਮੈਡੀਕਲ ਸਇੰਸਿਜ਼ ‘ਚ ਅੰਤਿਮ ਸਾਹ ਲਏ। ਉਨ੍ਹਾਂ ਦਾ ਸੰਸਕਾਰ ਝਾਂਸੀ ਦੇ ਵਾਰ ਹੀਰੋਜ਼ ਗਰਾਊਂਡ ‘ਚ ਮਿਲਟਰੀ ਵੱਲੋਂ ਪੂਰੇ ਸਨਮਾਨਾਂ ਨਾਲ ਕੀਤਾ ਗਿਆ। ਭਾਰਤ ਦੇ ਖੇਡ ਮੰਤਰਾਲੇ ਨੇ ਪਹਿਲੀ ਵਾਰ ਸੰਨ 2012 ਵਿੱਚ ਉਨ੍ਹਾਂ ਦੇ ਜਨਮਦਿਨ ਨੂੰ ਭਾਰਤ ਦੇ ‘ਕੌਮੀ ਖੇਡ ਦਿਵਸ’ ਵਜੋਂ ਮਨਾਉਣ ਦੀਆਂ ਹਦਾਇਤਾਂ ਜਾਰੀ ਕੀਤੇ।
ਇਸ ਤੋਂ ਪਹਿਲਾਂ ਮੇਜਰ ਧਿਆਨ ਚੰਦ ਜੀ ਦੇ ਫੌਤ ਹੋਣ ਤੋਂ ਤੁਰੰਤ ਬਾਅਦ ਸੰਨ 1979 ਡਾਕ ਵਿਭਾਗ ਵੱਲੋਂ ਇੱਕ ਡਾਕ ਟਿਕਟ ਜਾਰੀ ਕੀਤੀ ਸੀ। ਸੰਨ 2002 ਵਿੱਚ ਨਵੀਂ ਦਿੱਲੀ ਦੇ ਨੈਸ਼ਨਲ ਹਾਕੀ ਸਟੇਡੀਅਮ ਦਾ ਨਾਂਅ ‘ਮੇਜਰ ਧਿਆਨ ਚੰਦ ਹਾਕੀ ਸਟੇਡੀਅਮ’ ਰੱਖਿਆ ਗਿਆ। ਓਸੇ ਸਾਲ ਭਾਰਤ ਸਰਕਾਰ ਨੇ ਖੇਡਾਂ ਵਿੱਚ ਤਾਉਮਰ ਨਾਮਣਾ ਖੱਟਣ ਵਾਲੇ ਖਿਡਾਰੀਆਂ ਲਈ ‘ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਐਵਾਰਡ’ ਵੀ ਦੇਣਾ ਸ਼ੁਰੂ ਕੀਤਾ। ਆਂਧਰਾ ਪ੍ਰਦੇਸ਼ ਦੇ ਸ਼ਹਿਰ ਮੇਡਕ ‘ਚ 2005 ਵਿੱਚ ਧਿਆਨ ਚੰਦ ਦਾ ਬੁੱਤ ਲਾਇਆ ਗਿਆ। ਕੌਮੀ ਖੇਡ ਦਿਵਸ ਦੇ ਮੌਕੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਕੌਮੀ ਤੇ ਕੌਮਾਂਤਰੀ ਖੇਡਾਂ ‘ਚ ਮੱਲਾਂ ਮਾਰਨ ਵਾਲੇ ਖਿਡਾਰੀਆਂ, ਕੋਚਾਂ ਅਤੇ ਖੇਡਾਂ ਵਿੱਚ ਆਲਾ ਦਰਜ਼ੇ ਦੀ ਸ਼ਮੂਲੀਅਤ ਕਰ ਰਹੀਆਂ ਸੰਸਥਾਵਾਂ ਨੂੰ ‘ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ (ਪਹਿਲਾਂ ਰਾਜੀਵ ਗਾਂਧੀ ਖੇਲ ਰਤਨ ਅਵਾਰਡ), ਅਰਜੁਨ ਐਵਾਰਡ, ਦਰੋਣਾਚਾਰੀਆ ਐਵਾਰਡ, ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਐਵਾਰਡ, ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ ਅਤੇ ਵਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਟ੍ਰਾਫੀ ਨਾਲ ਸਨਮਾਨਤ ਕੀਤਾ ਜਾਂਦਾ ਹੈ। ਆਲਮੀ ਹਾਕੀ ‘ਚ ਧਿਆਨ ਚੰਦ ਦੀਆਂ ਵਡਮੁੱਲੀਆਂ ਸੇਵਾਵਾਂ ਸਦਕਾ ਆਸਟ੍ਰੀਆ ਦੇ ਸ਼ਹਿਰ ਵਿਆਨਾ ‘ਚ ਧਿਆਨ ਚੰਦ ਦੇ ਸਨਮਾਨ ‘ਚ ਬੁੱਤ ਸਥਾਪਤ ਕੀਤਾ ਗਿਆ। ਧਿਆਨ ਚੰਦ ਦੇ ਛੋਟੇ ਭਰਾ ਓਲੰਪੀਅਨ ਰੂਪ ਸਿੰਘ ਦੇ ਨਾਂ ‘ਤੇ ਜਰਮਨ ਦੇ ਸ਼ਹਿਰ ਬਰਲਿਨ ਦੀ ਇਕ ਸਟ੍ਰੀਟ ਦਾ ਨਾਂਅ ਰੱਖਿਆ ਗਿਆ ਹੈ ਜਿਥੇ ਅੱਜ ਵੀ ਡਾਕ ਉੱਪਰ ‘ਰੂਪ ਸਿੰਘ ਸਟਰੀਟ’ ਅੰਕਿਤ ਹੁੰਦਾ ਹੈ। ਧਿਆਨ ਚੰਦ ਨੇ ਅੰਤਿਮ ਸਮਾਂ ਪਰਿਵਾਰ ਨਾਲ ਆਪਣੇ ਜੱਦੀ ਸ਼ਹਿਰ ਝਾਂਸੀ ‘ਚ ਬਿਤਾਇਆ।
‘ਹਾਕੀ ਦੇ ਜਾਦੂਗਰ’ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦੇ ਨਾਮ ਤੋਂ ਹਰ ਕੋਈ ਵਾਕਿਫ਼ ਹੈ ਕਿ ਕਿਸ ਤਰ੍ਹਾਂ ਉਸ ਨੇ ਦੇਸ਼ ਦੀ ਮਾਂ ਖੇਡ ਹਾਕੀ ਨੂੰ ਉੱਚ ਬੁਲੰਦੀਆਂ ‘ਤੇ ਪਹੁੰਚਾਇਆ ਸੀ। ਉਹ ਭਾਰਤੀ ਹਾਕੀ ਟੀਮ ਦੇ ਇਕ ਮਹਾਨ ਖਿਡਾਰੀ ਰਹੇ ਹਨ। ਉਹ ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ 1926 ਵਿੱਚ ਦਿੱਲੀ ਵਿਖੇ ਬ੍ਰਾਹਮਣ ਰੈਜੀਮੈਂਟ ਵਿੱਚ ਭਰਤੀ ਹੋ ਗਿਆ ਸੀ। ਉਦੋਂ ਉਸ ਦੀ ਹਾਕੀ ਪ੍ਰਤੀ ਕੋਈ ਦਿਲਚਸਪੀ ਨਹੀਂ ਸੀ ਪਰ ਰੈਜੀਮੈਂਟ ਦੇ ਇੱਕ ਸੂਬੇਦਾਰ ਮੇਜਰ ਤਿਵਾੜੀ ਨੇ ਉਸ ਅੰਦਰ ਖਿਡਾਰੀਆਂ ਵਾਲੀ ਇੱਕ ਚਿਣਗ ਦੇਖੀ ਤੇ ਉਸ ਨੂੰ ਖੇਡਣ ਲਈ ਪ੍ਰੇਰਿਆ। ਓਸ ਉਪਰੰਤ ਉਸਦਾ ਤਬਾਦਲਾ 14 ਪੰਜਾਬ ਰੈਜੀਮੈਂਟ ਵਿੱਚ ਹੋ ਗਿਆ ਜਿੱਥੇ ਉਸਦੀ ਖੇਡ ਵਿੱਚ ਕਾਫ਼ੀ ਨਿਖਾਰ ਆਇਆ। ਧਿਆਨ ਚੰਦ ਦਾ ਅਸਲੀ ਨਾ ਧਿਆਨ ਸਿੰਘ ਸੀ, ਪਰ ਓਹ ਅਮੁਮਨ ਚੰਦ ਦੀ ਰੋਸ਼ਨੀ ਵਿੱਚ ਹਾਕੀ ਦੀ ਪ੍ਰੈਕਟਿਸ ਕਰਦਾ ਸੀ, ਜਿਸ ਕਰਕੇ ਉਸਦੇ ਅਫ਼ਸਰ ਓਸਨੂੰ ਧਿਆਨ ਚੰਦ ਦੇ ਨਾਂ ਨਾਲ ਬੁਲਾਉਣ ਲੱਗੇ। ਇਸੇ ਮਿਹਨਤ ਅਤੇ ਲਗਨ ਦੀ ਬਦੌਲਤ ਧਿਆਨ ਚੰਦ ਦਾ ਨਾਂਅ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ।
1926 ਵਿੱਚ ਧਿਆਨ ਚੰਦ ਫ਼ੌਜ ਦੀ ਹਾਕੀ ਟੀਮ ਦਾ ਮੈਂਬਰ ਬਣਿਆ ਅਤੇ ਟੀਮ ਨਾਲ ਪਹਿਲੀ ਵਾਰ ਨਿਊਜ਼ੀਲੈਂਡ ਦੇ ਵਿਦੇਸ਼ੀ ਦੌਰੇ ‘ਤੇ ਗਿਆ। ਇਸ ਟੀਮ ਨੇ ਸਾਰੇ ਮੈਚ ਜਿੱਤੇ। 1928 ਦੀਆਂ ਐਮਸਟਰਡਮ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਆਸਟਰੀਆ ਨੂੰ 6-0, ਬੈਲਜੀਅਮ ਨੂੰ 9-0, ਡੈਨਮਾਰਕ ਨੂੰ 5-0 ਅਤੇ ਸਵਿੱਟਜ਼ਰਲੈਂਡ ਨੂੰ 6-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲਾ ਮੇਜ਼ਬਾਨ ਹਾਲੈਂਡ ਨਾਲ ਹੋਇਆ ਅਤੇ ਭਾਰਤ ਨੇ ਵਿੱਚ ਹਾਲੈਂਡ ਨੂੰ 3-0 ਨਾਲ ਹਰਾ ਪਹਿਲਾ ਗੋਲਡ ਮੈਡਲ ਪ੍ਰਾਪਤ ਕੀਤਾ। ਆਪਣੀ ਚਮਤਕਾਰੀ ਅਤੇ ਕਲਾਤਮਕ ਖੇਡ ਸਦਕਾ ਭਾਰਤ ਹਾਕੀ ਦਾ ਬਾਦਸ਼ਾਹ ਬਣਿਆ।
1932 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ਵਿੱਚ ਹੋਈਆਂ ਸਨ। ਸ਼ੁਰੂਆਤ ਵਿੱਚ ਭਾਰਤ ਨੇ ਜਪਾਨ ਨੂੰ 11-1 ਨਾਲ ਹਰਾਇਆ। ਦੂਜਾ ਮੁਕਾਬਲਾ ਭਾਰਤ ਨੇ ਸੰਯੁਕਤ ਰਾਜ ਅਮਰੀਕਾ ਨੂੰ ਸੋਨ ਤਗਮੇ ਦੇ ਮੈਚ ਵਿੱਚ 24-1 ਦੇ ਨਾ-ਵਿਸ਼ਵਾਸਯੋਗ ਅੰਤਰ ਨਾਲ ਹਰਾਇਆ। ਇਸ ਮੈਚ ਵਿੱਚ ਧਿਆਨ ਚੰਦ ਅਤੇ ਉਸ ਦੇ ਭਰਾ ਰੂਪ ਸਿੰਘ ਨੇ 8-8 ਗੋਲ ਕੀਤੇ ਸਨ। ਇਸ ਤਰ੍ਹਾਂ ਦੂਜੀ ਵਾਰ ਭਾਰਤ ਓਲੰਪਿਕ ਚੈਂਪੀਅਨ ਬਣਿਆ।
1936 ਵਿੱਚ ਤੀਜੀ ਵਾਰ ਹੋ ਰਹੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਜਰਮਨੀ ਨੇ ਕੀਤੀ ਸੀ। ਇੱਥੇ ਫਾਈਨਲ ਮੁਕਾਬਲਾ ਭਾਰਤ ਅਤੇ ਜਰਮਨੀ ਵਿਚਕਾਰ ਹੋਇਆ ਸੀ ਜਿਸ ਨੂੰ ਵੇਖਣ ਲਈ ਜਰਮਨ ਦਾ ਤਾਨਾਸ਼ਾਹ ਅਡੋਲਫ਼ ਹਿਟਲਰ ਵੀ ਪਹੁੰਚਿਆ ਸੀ। ਧਿਆਨ ਚੰਦ, ਰੂਪ ਸਿੰਘ ਅਤੇ ਕਰਨਲ ਦਾਰਾ ਸਿੰਘ ਵਰਗੇ ਫਾਰਵਰਡ ਜਰਮਨੀ ਉੱਤੇ ਹਾਵੀ ਹੋ ਗਏ। ਹਾਰ ਹੁੰਦੀ ਵੇਖ ਜਰਮਨੀ ਖਿਡਾਰੀਆਂ ਨੇ ਜਾਣਬੁੱਝ ਕੇ ਧਿਆਨ ਚੰਦ ਉੱਤੇ ਵਾਰ ਕਰ ਦਿੱਤਾ, ਜਿਸ ਦੌਰਾਨ ਉਸ ਦਾ ਦੰਦ ਟੁੱਟ ਗਿਆ ਪਰ ਇਲਾਜ ਉੱਪਰੰਤ ਉਹ ਫਿਰ ਮੈਦਾਨ ਵਿੱਚ ਆ ਗਿਆ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ 1936 ਬਰਲਿਨ ਉਲੰਪਿਕਸ ਦੇ ਇਸ ਨਿਰਣਾਇਕ ਮੈਚ ਵਿੱਚ ਜਰਮਨੀ ਨੂੰ 8-1 ਨਾਲ ਹਰਾ ਦਿੱਤਾ। ਮੈਚ ਤੋਂ ਬਾਅਦ ਹਿਟਲਰ ਧਿਆਨ ਚੰਦ ਨੂੰ ਵਿਸ਼ੇਸ਼ ਤੌਰ ਉੱਤੇ ਮਿਲਣ ਆਇਆ ਅਤੇ ਉਸ ਨੂੰ ਭਾਰਤ ਛੱਡ ਕੇ ਜਰਮਨੀ ਵਿੱਚ ਫੀਲਡ ਮਾਰਸ਼ਲ ਦਾ ਅਹੁਦਾ ਲੈਣ ਦੀ ਪੇਸ਼ਕਸ਼ ਕੀਤੀ ਜੋ ਧਿਆਨ ਚੰਦ ਨੇ ਠੁਕਰਾ ਦਿੱਤੀ ਸੀ। ਕੁੱਲ ਮਿਲਾ ਕੇ, ਧਿਆਨ ਚੰਦ ਨੇ 12 ਓਲੰਪਿਕ ਮੈਚ ਖੇਡੇ ਅਤੇ 33 ਗੋਲ ਕੀਤੇ। ਉਹਨਾਂ ਆਪਣੇ ਖੇਡ ਕਰੀਅਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਖੇਡਦਿਆਂ 1926 ਤੋਂ 1949 ਤੱਕ 185 ਮੈਚਾਂ ਵਿੱਚ 570 ਗੋਲ ਕੀਤੇ। 1949 ਵਿੱਚ ਧਿਆਨ ਚੰਦ ਨੇ ਹਾਕੀ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਸੀ। ਧਿਆਨ ਚੰਦ ਫ਼ੌਜ ਵਿੱਚ ਸਿਪਾਹੀ ਤੋਂ ਮੇਜਰ ਦੇ ਅਹੁਦੇ ਤਕ ਪਹੁੰਚੇ ਸਨ। 1956 ਵਿੱਚ ਧਿਆਨ ਚੰਦ ਨੂੰ ਪਦਮ ਭੂਸ਼ਨ ਦੀ ਉਪਾਧੀ ਦਿੱਤੀ ਗਈ।
ਧਿਆਨ ਚੰਦ ਦੀ ਹਾਕੀ ਸਟਿੱਕ ਦੇ ਨਾਲ ਉਸਦੀ ਕੁਸ਼ਲਤਾ ਬਾਰੇ ਕੁਝ ਕਹਾਣੀਆਂ ਪ੍ਰਚਲਿਤ ਹਨ। ਕਿਹਾ ਜਾਂਦਾ ਹੈ ਕਿ ਇੱਕ ਵਾਰ ਉਸਦੇ ਉੱਤਮ ਹੁਨਰ ਅਤੇ ਗੇਂਦ ਦੇ ਨੇੜਿਓਂ ਨਿਯੰਤਰਣ ਨੇ ਅਜਿਹਾ ਸ਼ੱਕ ਪੈਦਾ ਕਰ ਦਿੱਤਾ ਕਿ ਉਸਦੀ ਹਾਕੀ ਸਟਿੱਕ ਸਿਰਫ਼ ਇਹ ਵੇਖਣ ਲਈ ਤੋੜ ਦਿੱਤੀ ਗਈ ਕਿ ਕੀ ਅੰਦਰ ਕੋਈ ਚੁੰਬਕ ਤਾਂ ਨਹੀਂ ਹੈ? ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਖੇਡ ਉਨ੍ਹਾਂ ਦਿਨਾਂ ਵਿੱਚ ਹੁਣ ਐਸਟਰੋ ਮੈਦਾਨ ਦੇ ਉਲਟ, ਕੁਦਰਤੀ ਘਾਹ ‘ਤੇ ਖੇਡੀ ਜਾਂਦੀ ਸੀ ਅਤੇ ਸਤ੍ਹਾ ਅਕਸਰ ਗੁੰਝਲਦਾਰ ਅਤੇ ਉੱਚੀ ਨੀਵੀਂ ਹੁੰਦੀ ਸੀ, ਜਿਸ ਨਾਲ ਬਾਲ ਦਾ ਨਿਯੰਤਰਣ ਘੱਟ ਕੁਸ਼ਲ ਖਿਡਾਰੀਆਂ ਲਈ ਮੁਸ਼ਕਲ ਹੋ ਜਾਂਦਾ ਸੀ। ਹਾਕੀ ਦੇ ਮੈਦਾਨ ‘ਚ ਗੇਂਦ ਧਿਆਨ ਚੰਦ ਦੀ ਹਾਕੀ ਨੂੰ ਇੰਝ ਚਿੰਬੜਦੀ ਕਿ ਲੋਕਾਂ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਵੀ ਯਕੀਨ ਕਰਨਾ ਔਖਾ ਲਗਦਾ ਸੀ। ਅਜਿਹੇ ਹੀ ਇੱਕ ਮੈਚ ਦੌਰਾਨ ਹਾਲੈਂਡ ‘ਚ ਇੱਕ ਵਾਰੀ ਉਸ ਦੀ ਹਾਕੀ ਤੋੜ ਕੇ ਵੇਖਿਆ ਗਿਆ ਕਿ ਕਿਤੇ ਉਸ ਨੇ ਇਸ ‘ਚ ਕੋਈ ਅਜਿਹੀ ਚੁੰਬਕ ਤਾਂ ਨਹੀਂ ਫਿੱਟ ਕੀਤੀ ਹੋਈ, ਜੋ ਗੇਂਦ ਨੂੰ ਛੱਡਦੀ ਨਹੀਂ। ਅਜਿਹੇ ਇੱਕ ਮੌਕੇ ਜਾਪਾਨ ‘ਚ ਲੋਕਾਂ ਨੇ ਕਿਹਾ ਕਿ ਉਸ ਨੇ ਆਪਣੀ ਹਾਕੀ ਨਾਲ ਗੂੰਦ ਲਾਈ ਹੋਈ ਹੈ।
ਧਿਆਨ ਚੰਦ ਨੇ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦੇ ਉਨ੍ਹਾਂ ਸਾਲਾਂ ਦੌਰਾਨ ਖੇਡਿਆ, ਜਦੋਂ ਭਾਰਤੀ ਲੋਕਾਂ ਨੂੰ ਗ਼ੁਲਾਮ ਕੀਤਾ ਗਿਆ ਸੀ ਅਤੇ ਸੱਤਾਧਾਰੀ ਬ੍ਰਿਟਿਸ਼ ਸਰਕਾਰ ਦੁਆਰਾ ਉਹਨਾਂ ਨੂੰ ਨੀਵਾਂ ਸਮਝਿਆ ਜਾਂਦਾ ਸੀ। ਇਸ ਲਈ, ਇੱਕ ਭਾਰਤੀ ਨੂੰ ਗੋਰਿਆਂ ਵੱਲੋਂ ਇਜ਼ਾਦ ਕੀਤੀ ਗਈ ਖੇਡ ਵਿੱਚ ਹਾਵੀ ਹੁੰਦੇ ਵੇਖ ਮਾਣ ਪੈਦਾ ਹੁੰਦਾ ਹੈ। ਉਸ ਦਾ ਹਾਕੀ ਵਿੱਚ ਉਹੀ ਸਥਾਨ ਹੈ ਜਿਹੜਾ ਫੁੱਟਬਾਲ ਵਿੱਚ ਪੇਲੇ ਅਤੇ ਬ੍ਰੈਡਮੈਨ ਦਾ ਕ੍ਰਿਕਟ ਵਿੱਚ ਹੈ।
ਆਜ਼ਾਦੀ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਕੁਝ ਸਾਲਾਂ ਤੱਕ, ਹਾਕੀ ਇਕੋ-ਇੱਕ ਅਜਿਹੀ ਖੇਡ ਸੀ, ਜਿਸ ਵਿੱਚ ਭਾਰਤ ਨੇ ਅੰਤਰਰਾਸ਼ਟਰੀ ਅਤੇ ਓਲੰਪਿਕ ਮੰਚ ‘ਤੇ ਲਗਾਤਾਰ ਉੱਤਮ ਪ੍ਰਦਰਸ਼ਨ ਕੀਤਾ। ਦਰਅਸਲ, ਐਮਸਟਰਡਮ 1928 ਤੋਂ ਅਰੰਭ ਕਰਦਿਆਂ, ਭਾਰਤ ਨੇ ਓਲੰਪਿਕ ਖੇਡਾਂ ਵਿੱਚ ਅੱਠ ਹਾਕੀ ਵਿੱਚੋਂ ਸੱਤ ਸੋਨ ਤਗਮੇ ਜਿੱਤੇ। ਉਸ ਸਮੇਂ ਹੋਰ ਮਹਾਨ ਸਮਕਾਲੀ ਖਿਡਾਰੀ ਵੀ ਸਨ, ਜਿਵੇਂ ਕੇਡੀ ਸਿੰਘ ‘ਬਾਬੂ’, ਰੂਪ ਸਿੰਘ, ਅਤੇ ਬਲਬੀਰ ਸਿੰਘ, ਪਰ ਧਿਆਨ ਚੰਦ ਦਾ ਨਾਂਅ ਹਮੇਸ਼ਾਂ ਪਹਿਲਾਂ ਲਿਆ ਜਾਂਦਾ ਹੈ।
ਇੱਕ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੁਹਿੰਮ ਵਿੱਚ ਇਹ ਦਲੀਲ ਦਿੱਤੀ ਗਈ ਸੀ ਕਿ ਧਿਆਨ ਚੰਦ ਨੂੰ ਮਰਨ ਤੋਂ ਬਾਅਦ ਦੇਸ਼ ਦਾ ਸਰਵਉੱਚ ਸਨਮਾਨ, ਭਾਰਤ ਰਤਨ ਨਾਲ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ। 2013 ਵਿੱਚ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਸੰਨਿਆਸ ਲੈਣ ਦੇ ਸਮੇਂ ਇੱਕ ਵੱਡੀ ਬਹਿਸ ਹੋਈ ਸੀ ਕਿ ਜੋ ਵੀ ਖਿਡਾਰੀ ਹੋਵੇ, ਘੱਟੋ-ਘੱਟ ਇਸਦੇ ਲਾਇਕ ਹੋਣਾ ਚਾਹੀਦਾ ਹੈ। ਆਖਰਕਾਰ ਤੇਂਦੁਲਕਰ ਨੂੰ ਇਹ ਸਨਮਾਨ ਦਿੱਤਾ ਗਿਆ, ਪਰ ਧਿਆਨ ਚੰਦ ਲਈ ਦਲੀਲਾਂ ਅਜੇ ਵੀ ਜਾਰੀ ਹਨ। ਮੇਜਰ ਧਿਆਨ ਚੰਦ ਨੂੰ ‘ਭਾਰਤ ਰਤਨ ਪੁਰਸਕਾਰ’ ਦਿੱਤੇ ਜਾਣ ਦੀ ਖੇਡ ਪ੍ਰੇਮੀਆਂ ਵੱਲੋਂ ਕਾਫ਼ੀ ਵਾਰ ਸਿਫਾਰਸ਼ ਕੀਤੀ ਗਈ ਹੈ। ਇਥੋਂ ਤੱਕ ਕੇ ਖੇਡ ਮੰਤਰਾਲੇ ਨੇ ਖੇਡਾਂ ਦੇ ਖੇਤਰ ‘ਚ ਮੇਜਰ ਧਿਆਨ ਚੰਦ ਦੀਆਂ ਯਾਦਗਾਰ ਉਪਲੱਬਧੀਆਂ ਦੇ ਲਈ ਉਹਨਾਂ ਨੂੰ ਭਾਰਤ ਰਤਨ ਪੁਰਸਕਾਰ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਆਸ ਕਰਦੇ ਹਾਂ ਜਿਵੇੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਦੁਆਰਾ ਤੁਗ਼ਲਕੀ ਫ਼ਰਮਾਨ ਜਾਰੀ ਕਰਦੇ ਹੋਏ, ਜਿਵੇੰ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਦਾ ਨਾਂ ਬਦਲਕੇ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਕੀਤਾ ਹੈ, ਸ਼ਾਇਦ ਆਉਣ ਵਾਲੇ ਸਮੇਂ ਵਿੱਚ ਪ੍ਰਧਾਨ ਮੰਤਰੀ ਆਪਣੇ ਟਵੀਟਰ ਹੈਂਡਲ ਤੇ ਹਾਕੀ ਦੇ ਅਜੀਮੋ ਕਰੀਮ ਜਾਦੂਗਰ ਨੂੰ ਭਾਰਤ ਦੇ ਅਨਮੋਲ ਰਤਨਾਂ ਦੀ ਸੂਚੀ ਵਿੱਚ ਸ਼ਾਮਿਲ ਕਰਨ ਦੀ ਤਜਵੀਜ਼ ਪੇਸ਼ ਕਰਨਗੇ।