ਨਵੀਂ ਦਿੱਲੀ – ਪੁਲਿਸ ਨੇ ਲਖੀਮਪੁਰ ਖੇੜੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਘਰ ਨੋਟਿਸ ਚਿਪਕਾਏ ਹਨ। ਇਹ ਨੋਟਿਸ ਧਾਰਾ 160 ਦੇ ਅਧੀਨ ਚਿਪਕਾਇਆ ਗਿਆ ਹੈ। ਜਿਸ ਵਿੱਚ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਸਵੇਰੇ 10 ਵਜੇ ਪੁੱਛਗਿੱਛ ਲਈ ਲਖੀਮਪੁਰ ਖੇੜੀ ਬੁਲਾਇਆ ਹੈ। ਇੱਥੇ ਉਸ ਨੂੰ ਜਾਂਚ ਕਮੇਟੀ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨਾ ਹੋਵੇਗਾ। ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਘਰ ਲਖੀਮਪੁਰ ਦੇ ਸ਼ਾਹਪੁਰਾ ਕੋਠੀ ਇਲਾਕੇ ਵਿੱਚ ਹੈ। ਹਾਲਾਂਕਿ ਬੇਟਾ ਘਰ ਨਹੀਂ ਹੈ। ਸਵੇਰੇ ਆਈਜੀ ਲਕਸ਼ਮੀ ਨੇ ਇਹ ਵੀ ਕਿਹਾ ਸੀ ਕਿ ਆਸ਼ੀਸ਼ ਕਿੱਥੇ ਹੈ, ਇਸ ਬਾਰੇ ਪਤਾ ਨਹੀਂ ਹੈ। ਲਖੀਮਪੁਰ ਹਿੰਸਾ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਲਵਕੁਸ਼ ਅਤੇ ਆਸ਼ੀਸ਼ ਪਾਂਡੇ ਨੂੰ ਗ੍ਰਿਫਤਾਰ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਡੀਜੀਪੀ ਮੁਕੁਲ ਗੋਇਲ ਨੇ ਦੱਸਿਆ ਕਿ ਲਖੀਮਪੁਰ ਖੇੜੀ ਹਿੰਸਾ ਦੀ ਜਾਂਚ ਲਈ ਡੀਆਈਜੀ ਉਪੇਂਦਰ ਅਗਰਵਾਲ ਦੀ ਅਗਵਾਈ ਵਿੱਚ 9 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਜਾਂਚ ਟੀਮ ਵਿੱਚ ਐਸਪੀ ਸੁਨੀਲ ਕੁਮਾਰ ਸਿੰਘ, ਏਐਸਪੀ ਅਰੁਣ ਕੁਮਾਰ ਸਿੰਘ, 2 ਸਰਕਲ ਅਧਿਕਾਰੀ, 3 ਇੰਸਪੈਕਟਰ ਅਤੇ ਇੱਕ ਸਬ-ਇੰਸਪੈਕਟਰ ਸ਼ਾਮਲ ਹਨ।
ਸੁਪਰੀਮ ਕੋਰਟ ਨੇ ਪੁੱਛਿਆ : ਕਿੰਨੇ ਮੁਲਜ਼ਮ ਤੇ ਕਿੰਨੇ ਫੜੇ ?
ਸੁਪਰੀਮ ਕੋਰਟ ਨੇ ਵੀਰਵਾਰ ਉੱਤਰ ਪ੍ਰਦੇਸ਼ ਸਰਕਾਰ ਨੂੰ ਪੁੱਛਿਆ ਕਿ ਲਖੀਮਪੁਰ ਖੀਰੀ ਘਟਨਾ ਵਿਚ ਕਿਹੜੇ ਮੁਲਜ਼ਮ ਹਨ, ਜਿਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ? ਉਸ ਨੇ ਸਰਕਾਰ ਨੂੰ ਕਿਹਾ ਕਿ ਉਹ ਇਹ ਵੀ ਦੱਸੇ ਕਿ ਜਿਨ੍ਹਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਕੀ ਉਨ੍ਹਾਂ ਨੂੰ ਗਿ੍ਫਤਾਰ ਕਰ ਲਿਆ ਹੈ | ਇਸ ‘ਤੇ ਰਾਜ ਸਰਕਾਰ ਨੇ ਕਿਹਾ ਕਿ ਉਹ ਇਸ ਬਾਰੇ ਰਿਪੋਰਟ ਦਾਖਲ ਕਰੇਗੀ | ਸੁਪਰੀਮ ਕੋਰਟ ਵੱਲੋਂ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਕੀਤੀ ਜਾਵੇਗੀ | ਇਸੇ ਦੌਰਾਨ ਯੂ ਪੀ ਸਰਕਾਰ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਜਾਂਚ ਲਈ ਇੱਕ ਮੈਂਬਰੀ ਕਮਿਸ਼ਨ ਕਾਇਮ ਕੀਤਾ ਹੈ | ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਪ੍ਰਦੀਪ ਕੁਮਾਰ ਸ੍ਰੀਵਾਸਤਵ ਨੂੰ ਦੋ ਮਹੀਨਿਆਂ ਦੇ ਅੰਦਰ ਜਾਂਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਦੂਜੇ ਪਾਸੇ, ਮਾਮਲੇ ਦੀ ਜਾਂਚ ਰਿਟਾਇਰਡ ਜੱਜ ਦੀ ਥਾਂ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕਰਦਿਆਂ ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਨੇ ਕਿਹਾ ਕਿ ਨਿਰਪੱਖ ਜਾਂਚ ਲਈ ਜ਼ਰੂਰੀ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ, ਕਿਉਂਕਿ ਉਨ੍ਹਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਇਹ ਕਾਂਡ ਕੀਤਾ | ਉਸ ਨੇ ਮਿ੍ਤਕ ਕਿਸਾਨਾਂ ਦੇ ਪਰਵਾਰਾਂ ਨੂੰ ਮਿਲਣ ਬਹਰਾਇਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ—ਮੇਰੇ ਵਿਚਾਰ ਵਿੱਚ ਹੀ ਨਹੀਂ, ਬਲਕਿ ਪਰਵਾਰਾਂ ਦੇ ਨਜ਼ਰੀਏ ਤੋਂ ਵੀ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ, ਨਾ ਕਿ ਇੱਕ ਰਿਟਾਇਰਡ ਜੱਜ ਤੋਂ |
ਭਾਰਤ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰੇਗਾ ਲਖੀਮਪੁਰ ਖੇੜੀ ਕਾਂਡ
ਭਾਰਤ ਦੀ ਰਾਜਨੀਤੀ ਦੇ ਵਿੱਚ ਸਰਗਰਮ ਨੇਤਾਵਾਂ ਨੂੰ ਇਹ ਬਿਲਕੁੱਲ ਜਾਣਕਾਰੀ ਨਹੀਂ ਸੀ ਕਿ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ 130 ਕਿਲੋਮੀਟਰ ਦੂਰ ਲਖੀਮਪੁਰ-ਖੇੜੀ ਵਿੱਚ ਕੀ ਹੋ ਰਿਹਾ ਹੈ। ਜਿਉਂ-ਜਿਉਂ ਸੂਰਜ ਡੁੱਬਦਾ ਗਿਆ ਲਖੀਮਪੁਰ ਖੇੜੀ ਭਾਰਤ ਹੀ ਨਹੀਂ ਬਲਕਿ ਦੁਨੀਆਂ ਦੇ ਮੀਡੀਆ ਦੀ ਹੈਤਡਲਾਈਨ ਬਣ ਗਿਆ ਅਤੇ ਪੂਰੀ ਦੁਨੀਆਂ ਦੇ ਮੀਡੀਆਂ ਨੇ ਇਸ ਮਾਮਲੇ ਉਪਰ ਨਜ਼ਰਾਂ ਗੱਡੀਆਂ ਹੋਈਆਂ ਹਨ। ਇਸ ਘਟਨਾਂ ਦੇ ਵਿੱਚ ਭਾਰਤ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੇ ਕਿਸਾਨਾਂ ਨੂੰ ਆਪਣੀ ਕਾਰ ਦੇ ਹੇਠਾਂ ਕੁਚਲ ਦਿੱਤਾ ਜਿਸ ਵਿੱਚ 4 ਕਿਸਾਨਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾਂ ਤੋਂਂ ਬਾਅਦ ਸਰਕਾਰ ਨੇ ਅਜਿਹਾ ਪ੍ਰਬੰਧ ਕੀਤਾ ਕਿ ਕਿਸੇ ਵੀ ਨੇਤਾ ਨੂੰ ਲਖੀਮਪੁਰ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਿੰਸਾ ਤੋਂ ਬਾਅਦ ਸੀਐਮ ਯੋਗੀ ਨੇ ਆਪਣਾ ਗੋਰਖਪੁਰ ਦੌਰਾ ਰੱਦ ਕਰ ਦਿੱਤਾ ਅਤੇ ਰਾਤ ਨੂੰ ਹੀ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਏਡੀਜੀ ਪ੍ਰਸ਼ਾਂਤ ਕੁਮਾਰ ਅਤੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਦੇਵੇਸ਼ ਚਤੁਰਵੇਦੀ ਨੂੰ ਮੌਕੇ ‘ਤੇ ਭੇਜਿਆ। ਲਖੀਮਪੁਰ ਖੇੜੀ ਵਿੱਚ ਹਿੰਸਾ ਦੀ ਅੱਗ ਨੂੰ ਪੂਰੇ ਰਾਜ ਵਿੱਚ ਫੈਲਣ ਤੋਂ ਰੋਕਣਾ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਸੀ। ਇਸ ਲਈ ਲਖੀਮਪੁਰ ਵਿੱਚ ਇੰਟਰਨੈਟ ਸੇਵਾ ਤੁਰੰਤ ਬੰਦ ਕਰ ਦਿੱਤੀ ਗਈ। ਕਿਸੇ ਨੂੰ ਵੀ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀ। ਇਕ ਪਾਸੇ ਸਰਕਾਰ ਦੀ ਤਰਫੋਂ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਦੂਜੇ ਪਾਸੇ ਭਾਜਪਾ ਦੇ ਥਿੰਕ ਟੈਂਕ ਇਸ ਨੂੰ ਸਿਆਸੀ ਅਖਾੜਾ ਬਣਨ ਤੋਂ ਰੋਕਣ ਲਈ ਰਣਨੀਤੀ ਬਣਾ ਰਹੇ ਸਨ। ਭਾਜਪਾ ਨੂੰ ਆਪਣੇ ਸਿਆਸੀ ਨੁਕਸਾਨਾਂ ਦੀ ਬਜਾਏ ਵਿਰੋਧੀ ਪਾਰਟੀਆਂ ਦੇ ਸਿਆਸੀ ਲਾਭਾਂ ਦੀ ਜ਼ਿਆਦਾ ਚਿੰਤਾ ਸੀ। ਸਿਰਫ 20 ਘੰਟਿਆਂ ਦੇ ਅੰਦਰ-ਅੰਦਰ ਸਰਕਾਰ ਨੇ ਸਥਿਤੀ ਨੂੰ ਇਸ ਤਰੀਕੇ ਨਾਲ ਸੰਭਾਲਿਆ ਕਿ ਵਿਰੋਧੀ ਧਿਰ ਦੀ ਸਾਰੀ ਰਾਜਨੀਤੀ ਜ਼ਮੀਨ ‘ਤੇ ਹੀ ਰਹਿ ਗਈ। ਅਗਲੀ ਸਵੇਰ ਤੋਂ ਜੋ ਮਾਹੌਲ ਗਰਮ ਸੀ, ਦੁਪਹਿਰ 1 ਵਜੇ ਤੱਕ ਸ਼ਾਂਤ ਹੋ ਗਿਆ ਸੀ। ਜਿਵੇਂ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਰਾਜ ਦੇ ਏਡੀਜੀ ਪ੍ਰਸ਼ਾਂਤ ਕੁਮਾਰ ਦੀ ਪ੍ਰੈਸ ਕਾਨਫਰੰਸ ਦੀ ਤਸਵੀਰ ਸਾਹਮਣੇ ਆਈ ਵਿਰੋਧੀ ਧਿਰ ਦੀ ਆਵਾਜ਼ ਠੰਡੀ ਹੋ ਗਈ। ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਮਦਦ ਨਾਲ ਸਮਝੌਤਾ ਕਰ ਕੇ ਯੋਗੀ ਨੇ ਵਿਰੋਧੀ ਧਿਰ ਦੇ ਸਾਰੇ ਯਤਨ ਅਸਫਲ ਕਰ ਦਿੱਤੇ। ਜੇਕਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਬੇਸ਼ੱਕ ਯੂਪੀ ਸਰਕਾਰ ਨੇ ਇਸ ਘਟਨਾ ਨੂੰ ਹਾਲ ਦੀ ਘੜੀ ਹੱਲ ਕਰ ਲਿਆ ਹੈ ਪਰ ਲਖੀਮਪੁਰ ਖੇੜੀ ਦੇ ਵਿੱਚ ਵਾਪਰੀ ਇਸ ਘਟਨਾ ਦੇ ਯੂਪੀ ਦੇ ਵਿੱਚ ਅਗਲੇ ਸਾਲ ਹੋ ਰਹੀਆਂ ਚੋਣਾਂ ਹੀ ਨਹੀਂ ਬਲਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਰਾਜਨੀਤੀ ਉਪਰ ਵੀ ਜਰੂਰ ਪ੍ਰਭਾਵ ਪੈਣ ਪੈਣਗੇ।
ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਭੂਮਿਕਾ
ਲਖੀਮਪੁਰ ਘਟਨਾ ਤੋਂ ਬਾਅਦ ਰਾਜ ਸਰਕਾਰ ਨੇ ਇਸ ਮਾਮਲੇ ਨੂੰ ਬਹੁਤ ਜਲਦੀ ਨਿਪਟਾਇਆ। ਚਰਚਾ ਇਹ ਵੀ ਹੈ ਕਿ ਲਖਨਊ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਖਨਊ ਦੇ ਵਿੱਚ ਸੂਬੇ ਦੀਆਂ ਕਈ ਯੋਜਨਾਵਾਂ ਦਾ ਉਦਘਾਟਨ ਕਰਨ ਦੇ ਲਈ ਆਉਣਾ ਸੀ ਜਿਸ ਨੂੰ ਲੈ ਕੇ ਕਈ ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਸਨ। ਕੇਂਦਰ ਅਤੇ ਯੂਪੀ ਸਰਕਾਰ ਕਿਸੇ ਵੀ ਕੀਮਤ ‘ਤੇ ਪ੍ਰਧਾਨ ਮੰਤਰੀ ਦਾ ਦੌਰਾ ਰੱਦ ਕਰਕੇ ਇਸ ਘਟਨਾ ਨੂੰ ਬਹੁਤ ਵੱਡਾ ਮੁੱਦਾ ਬਣਨ ਨਹੀਂ ਦੇਣਾ ਚਾਹੁੰਦੀ ਸੀ। ਸੂਤਰਾਂ ਅਨੁਸਾਰ ਇਸ ਘਟਨਾਂ ਦੇ ਹੱਲ ਦੇ ਲਈ ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਸੂਤਰਧਾਰ ਬਣਾਇਆ ਗਿਆ ਅਤੇ ਕਿਸੇ ਵੀ ਕੀਮਤ ‘ਤੇ ਇਸ ਮਸਲੇ ਦੇ ਹੱਲ ਦੇ ਲਈ ਟਿਕੈਤ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ ਸੀ। ਲਖੀਮਪੁਰ ਖੇੜੀ ਜਾਣ ਦੀ ਪਾਬੰਦੀ ਦੇ ਬਾਵਜੂਦ ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਉਥੇ ਜਾਣ ਦਿੱਤਾ ਗਿਆ ਅਤੇ ਟਿਕੈਤ ਦੇ ਨਾਲ ਸਰਕਾਰ ਵਲੋਂ ਸਾਰਾ ਤਾਲਮੇਲ ਸੂਬੇ ਦੇ ਏ ਡੀ ਜੀ ਪੀ ਪ੍ਰਸ਼ਾਂਤ ਕੁਮਾਰ ਰਾਹੀਂ ਰiੱਖਆ ਜਾ ਰਿਹਾ ਸੀ। ਕਿਸਾਨ ਨੇਤਾ ਟਿਕੈਤ ਨੇ ਪੀੜਤ ਪ੍ਰੀਵਾਰਾਂ ਨਾਲ ਸੰਪਰਕ ਸਾਧਿਆ ਅਤੇ ਉਹਨਾਂ ਨੂੰ ਨਾਲ ਸਮਝੌਤੇ ਨੂੰ ਸਿਰੇ ਚੜ੍ਹਾਇਆ। ਰਾਕੇਸ਼ ਟਿਕੈਤ ਦੀ ਇਸ ਭੂਮਿਕਾ ਬਾਰੇ ਸਵਾਲ ਉੱਠੇ ਸਵਾਲਾਂ ਦੇ ਜਵਾਬ ਦਿੰਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਇਹ ਦਲੀਲ ਦਿੱਤੀ ਕਿ, “ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਮੁੱਢਲੀ ਮੰਗ ਪੂਰੀ ਹੋਣ ਤੋਂ ਬਾਅਦ ਇੱਕ ਤਰਜੀਹੀ ਕੰਮ ਸੀ, ਇਸ ਲਈ ਇਹ ਅਜਿਹਾ ਕੀਤਾ ਗਿਆ ਅਤੇ ਮੰਤਰੀ ਨੂੰ ਹਟਾਉਣ ਅਤੇ ਉਨ੍ਹਾਂ ਦੇ ਬੇਟੇ ਦੀ ਗ੍ਰਿਫਤਾਰੀ ਤੱਕ ਅੰਦੋਲਨ ਜਾਰੀ ਰਹੇਗਾ।”
ਕਾਂਗਰਸ ਲਈ ਸੰਜੀਵਨੀ ਬੂਟੀ ਲਖੀਮਪੁਰ ਕਾਂਡ
ਲਖੀਮਪੁਰ ਖੇੜੀ ਦੀ ਇਹ ਘਟਨਾ ਕਾਂਗਰਸ ਦੇ ਲਈ ਸੰਜੀਵਨੀ ਵਾਂਗ ਸੀ ਜੋ ਯੂਪੀ ਵਿੱਚ ਜ਼ਮੀਨ ਮਜ਼ਬੂਤ ਕਰਨ ਦੀ ਤਿਆਰੀ ਕਰ ਰਹੀ ਸੀ। ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸਵੇਰ ਦੀ ਉਡੀਕ ਕੀਤੇ ਬਿਨਾਂ ਰਾਤ ਨੂੰ ਲਖੀਮਪੁਰ ਜਾਣ ਦੀ ਯੋਜਨਾ ਬਣਾਈ। ਪ੍ਰਿਯੰਕਾ ਸੀਤਾਪੁਰ ਪੁਲਿਸ ਹਿਰਾਸਤ ਵਿੱਚ ਪਹੁੰਚੀ ਸੀ। ਪ੍ਰਿਯੰਕਾ ਨੇ ਇਸ ਹਿਰਾਸਤ ਤੋਂ ਹੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ। ਪਹਿਲਾਂ ਉਸ ਦੇ ਝਾੜੂ ਮਾਰਨ ਦਾ ਵੀਡੀਓ ਆਇਆ, ਫਿਰ ਮੋਦੀ ਤੋਂ ਸਵਾਲ ਪੁੱਛਣ ਦਾ। ਕਾਂਗਰਸੀ ਵਰਕਰਾਂ ਦੀ ਜਾਨ ਵਿੱਚ ਜਾਨ ਆ ਚੁੱਕੀ ਸੀ ਅਤੇ ਮੀਡੀਆ ਦਾ ਸਾਰਾ ਧਿਆਨ ਹੁਣ ਪ੍ਰਿਯੰਕਾ ‘ਤੇ ਸੀ। ਪ੍ਰਿਯੰਕਾ ਲਈ ਸਾਰੇ ਕਾਂਗਰਸ ਰਾਜਾਂ ਦੇ ਮੁੱਖ ਮੰਤਰੀ ਲਗਾਤਾਰ ਲਖਨਨੋੱ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। 6 ਅਕਤੂਬਰ ਨੂੰ ਵੀ ਰਾਹੁਲ ਦੋ ਰਾਜਾਂ ਪੰਜਾਬ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਦੇ ਨਾਲ ਲਖਨਊ ਪਹੁੰਚੇ, ਸੀਤਾਪੁਰ ਗਏ ਅਤੇ ਪ੍ਰਿਯੰਕਾ ਦੇ ਨਾਲ ਕਿਸਾਨਾਂ ਨੂੰ ਮਿਲੇ। ਤਿੰਨ ਦਿਨਾਂ ਤੱਕ ਮੀਡੀਆ ਦਾ ਸਾਰਾ ਧਿਆਨ ਅਤੇ ਧਿਆਨ ਕਾਂਗਰਸ ‘ਤੇ ਰਿਹਾ ਅਤੇ ਪ੍ਰਿਯੰਕਾ ਗਾਂਧੀ ਨਿਸ਼ਚਤ ਰੂਪ ਤੋਂ ਇੱਕ ਮਜ਼ਬੂਤ ਨੇਤਾ ਵਜੋਂ ਉੱਭਰੀ ਹੈ।
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਹੋਈ ਘਟਨਾ ਨੇ ਵਿਰੋਧੀ ਪਾਰਟੀਆਂ ਨੂੰ ਸਿਆਸੀ ਲਾਭ ਚੁੱਕਣ ਦਾ ਵੱਡਾ ਮੌਕਾ ਦੇ ਦਿੱਤਾ ਹੈ। ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਕੇਂਦਰ ਤੇ ਸੂਬਾ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀਆਂ। ਪੰਜਾਬ ਤੇ ਯੂਪੀ ਸਣੇ ਹੋਰ ਕਈ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਵਿਰੋਧੀ ਲਖੀਮਪੁਰ ਖੀਰੀ ਕਾਂਡ ਨੂੰ ਤੂਲ ਦੇਣ ਵਿਚ ਲੱਗੇ ਹੋਏ ਹਨ। ਕਾਂਗਰਸ ਨੇ ਦੂਜੇ ਸੂਬਿਆਂ ਦੇ ਆਪਣੇ ਮੁੱਖ ਮੰਤਰੀਆਂ, ਆਗੂਆਂ ਤੇ ਵਰਕਰਾਂ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ। ਐਤਵਾਰ ਨੂੰ ਲਖੀਮਪੁਰ ਖੀਰੀ ਦੀ ਘਟਨਾ ਵਿਚ 9 ਲੋਕਾਂ ਦੀ ਮੌਤ ਹੋ ਗਈ ਸੀ। ਇਸ ਵਿਚ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ‘ਤੇ ਦੋਸ਼ ਲੱਗ ਰਹੇ ਹਨ। ਲਖੀਮਪੁਰ ਦੀ ਘਟਨਾ ਨਾਲ, ਕਾਂਗਰਸ ਨੂੰ ਉਮੀਦ ਹੈ ਕਿ ਉਹ ਭਾਜਪਾ ਦੇ ਖ਼ਿਲਾਫ਼ ਮਾਹੌਲ ਬਣਾਉਣ ਤੇ ਰਾਜ ਦੇ ਰਾਜਨੀਤਕ ਸਮੀਕਰਨ ਨੂੰ ਬਦਲਣ ਵਿੱਚ ਸਫਲ ਹੋ ਸਕਦੀ ਹੈ। ਜਿੱਥੇ ਇੱਕ ਪਾਸੇ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਖੁਦ ਅਗਵਾਈ ਕੀਤੀ ਹੈ, ਦੂਜੇ ਪਾਸੇ ਉਹ ਆਪਣੇ ਸੀਨੀਅਰ ਆਗੂਆਂ ਤੇ ਮੁੱਖ ਮੰਤਰੀਆਂ ਦਾ ਸਹਾਰਾ ਵੀ ਲੈ ਰਹੇ ਹਨ। ਪੰਜਾਬ, ਛੱਤੀਸਗੜ੍ਹ, ਰਾਜਸਥਾਨ, ਝਾਰਖੰਡ ਤੇ ਉੱਤਰਾਖੰਡ ਦੇ ਕਾਂਗਰਸੀ ਆਗੂ ਪੀੜਤਾਂ ਨੂੰ ਮਿਲਣ ਲਖੀਮਪੁਰ ਖੀਰੀ ਜਾ ਰਹੇ ਹਨ। ਬੁੱਧਵਾਰ ਨੂੰ ਰਾਜ ਸਰਕਾਰ ਤੋਂ ਆਗਿਆ ਮਿਲਣ ਤੋਂ ਬਾਅਦ, ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਸਣੇ ਪੰਜ ਆਗੂ ਹਿੰਸਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਲਖੀਮਪੁਰ ਖੀਰੀ ਗਏ। ਵਿਰੋਧੀ ਪਾਰਟੀਆਂ ਸਰਕਾਰ ‘ਤੇ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਲਈ ਦਬਾਅ ਬਣਾ ਰਹੀਆਂ ਹਨ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਲਖੀਮਪੁਰ ਖੀਰੀ ਤਕ ਮਾਰਚ ਕੱਢਣਗੇ। ਇਸ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਲਖੀਮਪੁਰ ਕਾਂਡ ਵਿਚ ਮਾਰੇ ਗਏ ਚਾਰ ਕਿਸਾਨਾਂ ਦੇ ਪਰਿਵਾਰ ਨੂੰ ਅਲਗ ਤੋਂ 50 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਸਿੱਧੂ ਹਿਰਾਸਤ ਤੋਂ ਰਿਹਾਅ ਸਹਾਰਨਪੁਰ ਤੋਂ ਲਖੀਮਪੁਰ ਲਈ ਰਵਾਨਾ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜੋ ਲਖੀਮਪੁਰ ਖੇੜੀ ਜਾ ਰਹੇ ਸਨ, ਨੂੰ ਪੁਲਿਸ ਨੇ ਯੂਪੀ ਸਰਹੱਦ ‘ਤੇ ਸਹਾਰਨਪੁਰ ਵਿੱਚ ਹਿਰਾਸਤ ਵਿੱਚ ਲੈ ਲਿਆ। ਨਾਰਾਜ਼ ਕਾਂਗਰਸੀਆਂ ਨੇ ਇਸ ‘ਤੇ ਯੂਪੀ ਪੁਲਿਸ ਦੀ ਪਹਿਲੀ ਬੈਰੀਕੇਡ ਤੋੜ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਸਿੱਧੂ ਸਮੇਤ ਚਾਰ ਵਿਧਾਇਕਾਂ ਅਤੇ ਉਨ੍ਹਾਂ ਦੇ ਨਾਲ ਆਏ ਮੰਤਰੀਆਂ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਜੇਂਦਰ ਸਿੰਗਲਾ, ਗੁਰਕੀਰਤ ਕੋਟਲੀ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਹਰ ਕੋਈ ਕਰੀਬ ਪੰਜ ਘੰਟੇ ਧਰਨੇ ‘ਤੇ ਬੈਠਾ ਰਿਹਾ। ਰਾਤ ਦੇ ਕਰੀਬ 6 ਵਜੇ, ਪੁਲਿਸ ਨੇ ਸਾਰਿਆਂ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਬਾਅਦ ਸਿੱਧੂ ਕਾਫਿਲੇ ਨਾਲ ਲਖੀਮਪੁਰ ਖੇੜੀ ਲਈ ਰਵਾਨਾ ਹੋਏ ਹਨ। ਪ੍ਰਸ਼ਾਸਨ ਨੇ 20 ਲੋਕਾਂ ਨੂੰ ਉਨ੍ਹਾਂ ਦੇ ਨਾਲ ਅੱਗੇ ਜਾਣ ਦੀ ਆਗਿਆ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੋਹਾਲੀ ਵਿੱਚ, ਸਿੱਧੂ ਨੇ ਕਿਹਾ ਸੀ ਕਿ ਜੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਨੂੰ ਸ਼ੁੱਕਰਵਾਰ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ ਤੇ ਚਲੇ ਜਾਣਗੇ। ਯੂਪੀ-ਹਰਿਆਣਾ ਸਰਹੱਦ ‘ਤੇ ਸਹਾਰਨਪੁਰ ਵਿੱਚ ਪੰਜ ਘੰਟੇ ਦੇ ਹਾਈ-ਵੋਲਟੇਜ ਡਰਾਮੇ ਤੋਂ ਬਾਅਦ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਸਹਾਰਨਪੁਰ ਤੋਂ ਲਖੀਮਪੁਰ ਖੀਰੀ ਲਈ ਰਵਾਨਾ ਹੋ ਗਏ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਚਾਰ ਵਾਹਨਾਂ ਦੇ ਕਾਫਲੇ ਨਾਲ ਲਖੀਮਪੁਰ ਜਾਣ ਦੀ ਸ਼ਰਤੀਆ ਇਜਾਜ਼ਤ ਦੇ ਦਿੱਤੀ, ਜਦਕਿ ਸਿੱਧੂ ਇਕੱਲੇ ਪੀੜਤ ਪਰਿਵਾਰ ਨੂੰ ਮਿਲਣ ਲਈ ਜਾਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਿੱਧੂ ਨੇ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਨੂੰ ਕਿਸਾਨਾਂ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਕਾਂਗਰਸ ਦੀ ਪੰਜਾਬ ਇਕਾਈ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੀ ਯਾਤਰਾ ਕਰੇਗੀ। ਵੀਰਵਾਰ ਨੂੰ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਪੰਜਾਬ ਤੋਂ ਸਹਾਰਨਪੁਰ ਦੇ ਰਸਤੇ ਯੂਪੀ ਦੇ ਲਖੀਮਪੁਰ ਖੇੜੀ ਲਈ ਰਵਾਨਾ ਹੋਏ ਸਨ। ਸਹਾਰਨਪੁਰ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਮਰਥਕਾਂ ਦੇ ਨਾਲ ਸਰਹੱਦ ‘ਤੇ ਰੋਕ ਦਿੱਤਾ ਸੀ। ਜਦੋਂ ਸਮਰਥਕਾਂ ਨੇ ਇੱਥੇ ਬੈਰੀਕੇਡਿੰਗ ਤੋੜੀ ਤਾਂ ਪੁਲਿਸ ਨੇ ਨਵਜੋਤ ਸਿੰਘ ਸਿੱਧੂ ਸਮੇਤ ਕਾਂਗਰਸੀ ਨੇਤਾਵਾਂ ਨੂੰ ਪ੍ਰਤੀਕ ਰੂਪ ਵਿੱਚ ਹਿਰਾਸਤ ਵਿੱਚ ਲੈ ਲਿਆ ਸੀ। ਇਸ ਤੋਂ ਬਾਅਦ ਵੀ ਕਾਂਗਰਸੀਆਂ ਨੇ ਸਰਸਾਵਾ ਪੁਲਿਸ ਸਟੇਸ਼ਨ ‘ਤੇ ਖੜ੍ਹੇ ਹੋ ਕੇ ਪ੍ਰਦਰਸ਼ਨ ਜਾਰੀ ਰੱਖਿਆ। ਉਨ੍ਹਾਂ ਨੇ ਸਾਫ ਕਿਹਾ ਕਿ ਜਾਂ ਤਾਂ ਸਾਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਸਾਨੂੰ ਜਾਣ ਦਿੱਤਾ ਜਾਵੇ। ਬਾਅਦ ਵਿੱਚ ਪੁਲਿਸ ਨੇ ਕਿਹਾ ਕਿ ਸਿੱਧੂ ਪੁਲਿਸ ਦੀ ਗੱਡੀ ਵਿੱਚ ਜਾਣ, ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਹਾਰਨਪੁਰ ਪ੍ਰਸ਼ਾਸਨ ਵਿਚਾਲੇ ਰਾਜ਼ੀਨਾਮਾ ਹੋ ਗਿਆ ਹੈ। ਸਿੱਧੂ ਸਣੇ ਪੰਜਾਬ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ-ਸੰਸਦ ਮੈਂਬਰਾਂ ਦੇ 25 ਆਗੂਆਂ ਦਾ ਵਫ਼ਦ ਪ੍ਰਭਾਵਿਤ ਕਿਸਾਨ ਪਰਿਵਾਰਾਂ ਨੂੰ ਮਿਲਣ ਲਖੀਮਪੁਰ ਖੇੜੀ ਜਾਵੇਗਾ। ਇਹ ਵਫਦ ਅੱਜ ਰਾਤ ਹੀ ਲਖੀਮਪੁਰ ਖੀਰੀ ਲਈ ਨਿਕਲੇਗਾ। ਸਹਾਰਨਪੁਰ ਪ੍ਰਸ਼ਾਸਨ ਵੱਲੋਂ ਸਾਰੇ ਆਗੂਆਂ ਨੂੰ ਉਨ੍ਹਾਂ ਦੀਆਂ ਆਪਣੀਆਂ ਗੱਡੀਆਂ ਰਾਹੀਂ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਉੱਤਰ ਪ੍ਰਦੇਸ਼ ਪੁਲਿਸ ਦੀਆਂ ਗੱਡੀਆਂ ਨਾਲ ਇਸ ਡੈਲੀਗੇਸ਼ਨ ਨੂੰ ਐਸਕਾਰਟ ਕਰਨਗੀਆਂ।
ਸਿੱਧੂ ਨੂੰ ਕਾਲੇ ਝੰਡੇ ਦਿਖਾਏ ਗਏ
ਜਦੋਂ ਸਿੱਧੂ ਮਾਰਚ ਵਿਚ ਸ਼ਾਮਲ ਹੋਣ ਲਈ ਥਰੇੜੀ ਜੱਟਾਂ ਟੋਲ ਪਲਾਜ਼ਾ ‘ਤੇ ਪਹੁੰਚੇ ਤਾਂ ਉੱਥੇ ਬੈਠੇ ਕਿਸਾਨਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਪਰੇਸ਼ਾਨ ਕਿਸਾਨਾਂ ਨੇ ਕਾਂਗਰਸੀ ਵਾਹਨਾਂ ਤੋਂ ਕਿਸਾਨਾਂ ਦੇ ਸਟਿੱਕਰ ਵੀ ਹਟਾ ਦਿੱਤੇ। ਕਿਸਾਨਾਂ ਨੇ ਕਿਹਾ ਕਿ ਸਿੱਧੂ ਉੱਤਰ ਪ੍ਰਦੇਸ਼ ਜਾ ਰਹੇ ਸਨ, ਪਰ ਪੰਜਾਬ ਦੇ ਟੋਲ ਪਲਾਜ਼ਾ ‘ਤੇ ਬੈਠੇ ਕਿਸਾਨਾਂ ਦੀ ਦੇਖਭਾਲ ਨਹੀਂ ਕੀਤੀ। ਹੁਣ ਉਹ ਲਖੀਮਪੁਰ ਖੇਰੀ ਮਾਮਲੇ ਵਿਚ ਰਾਜਨੀਤੀ ਕਰ ਰਿਹਾ ਹੈ।
ਪੰਜਾਬ ਤੇ ਹਰਿਆਣਾ ’ਚ ਵੀ ਸਿਆਸਤ ਗਰਮਾਈ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਦੇ ਵਿਰੋਧ ’ਚ ਯੂਪੀ ਤੋਂ ਲੈ ਕੇ ਪੰਜਾਬ ਤੇ ਹਰਿਆਣਾ ’ਚ ਵੀ ਸਿਆਸਤ ਗਰਮਾਈ ਹੋਈ ਹੈ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਸਿਆਸੀ ਪਾਰਟੀਆਂ ਕਾਂਗਰਸ, ਆਪ, ਅਕਾਲੀ ਦਲ ਪ੍ਰਦਰਸ਼ਨ ਕਰ ਰਹੇ ਹਨ। ਬੀਤੇ ਦਿਨੀਂ ਚੰਡੀਗੜ੍ਹ ’ਚ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ ਅਤੇ ਰਾਜ ਭਵਨ ਦਾ ਘਿਰਾਓ ਕੀਤਾ। ਇਸ ਦੌਰਾਨ ਆਪ ਵਰਕਰਾਂ ਦੀ ਪੁਲਿਸ ਨਾਲ ਝੜਪ ਹੋ ਗਈ। ਮਾਮਲੇ ’ਚ ਪੁਲਿਸ ਨੇ ਹੁਣ ਕਾਨੂੰਨ ਪ੍ਰਬੰਧ ’ਚ ਰੁਕਾਵਟ ਪਹੁੰਚਾਉਣ ਦੇ ਮਾਮਲੇ ’ਚ ਆਪ ਵਿਧਾਇਕਾਂ ਤੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਇਸ ਮਾਮਲੇ ’ਚ ਚੰਡੀਗੜ੍ਹ ਪੁਲਿਸ ਨੇ ਆਪ ਦੇ ਵਿਧਾਇਕ ਅਮਨ ਅਰੋੜਾ, ਮਾਸਟਰ ਬਲਦੇਵ ਸਿੰਘ, ਕੁਲਵੰਤ ਸਿੰਘ, ਮਨਜੀਤ ਸਿੰਘ, ਜਰਨੈਲ ਸਿੰਘ, ਜੈ ਕਿਸ਼ਨ, ਕੁਲਵੰਤ ਸਿੰਘ ਸਮੇਤ ਕਰੀਬ 600 ਵਰਕਰਾਂ ਖ਼ਿਲਾਫ਼ ਗ਼ੈਰ ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸੈਕਟਰ 3 ਥਾਣਾ ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਫਾ 353, 333, 188 ਅਤੇ 186 ਤਹਿਤ ਕੇਸ ਦਰਜ ਕੀਤਾ ਹੈ।