
ਆਸਟ੍ਰੇਲੀਆ ਦੀ ਖੋਜ ਕਰਨ ਵਾਲੀ ਇੱਕ ਸੰਸਥਾ ਲੋਈ ਇੰਸਟੀਚਿਊਟ ਸਿਡਨੀ ਨੇ 27 ਦੇਸ਼ਾਂ ਦੇ ਤੁਲਨਾਤਮਿਕ ਅਧਿਐਨ ਵਿੱਚ ਭਾਰਤ ਨੂੰ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਸੁਪਰ ਪਾਵਰ ਐਲਾਨਿਆ ਹੈ। ਆਸਟ੍ਰੇਲੀਅਨ ਖੋਜ ਸੰਸਥਾ ਨੇ ਯੁਨਾਈਟਡ ਸਟੇਟਸ ਨੂੰ ਪਹਿਲੇ ਨੰਬਰ ‘ਤੇੇ, ਏਸ਼ੀਆ ਵਿੱਚ ਚੀਨ ਦੂਸਰੇ ‘ਤੇ ਅਤੇ ਭਾਰਤ ਨੂੰ ਤੀਜਾ ਸਥਾਨ ਦਿੱਤਾ ਹੈ। ਇਸ ਤੋਂ ਪਹਿਲਾਂ ਜਪਾਨ ਨੂੰ ਏਸ਼ੀਆ ਦੀ ਤੀਜੀ ਵੱਡੀ ਸੁਪਰਪਾਵਰ ਮੰਨਿਆ ਜਾਂਦਾ ਸੀ। ਲੋਈ ਇੰਸਟੀਚਿਊਟ ਦੀ ਇਸ ਖੋਜ ਵਿੱਚ ਜਪਾਨ, ਆਸਟ੍ਰੇਲੀਆ, ਸਿੰਗਾਪੁਰ, ਸਾਉਥ ਕੋਰੀਆ ਅਤੇ ਰਸ਼ੀਆ ਵਰਗੇ ਮੁਲਕ ਭਾਰਤ ਤੋਂ ਫਾਡੀ ਸਾਬਿਤ ਹੋਏ ਹਨ।
ਇਸ ਅਧਿਐਨ ਲਈ ਆਸਟ੍ਰੇਲੀਅਨ ਖੋਜ ਸੰਸਥਾ ਲੋਈ ਨੇ 27 ਦੇਸ਼ਾਂ ਦੇ ਵੱਖ-ਵੱਖ ਖੇਤਰਾਂ ਦਾ ਅਧਿਐਨ ਕਰਨ ਲਈ 100 ਅੰਕਾਂ ਦਾ ਪੈਮਾਨਾ ਰੱਖਿਆ ਸੀ ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚੋਂ ਪ੍ਰਾਪਤ ਅੰਕਾਂ ਦੇ ਅਧਾਰ ‘ਤੇ ਇਹਨਾਂ 27 ਦੇਸ਼ਾਂ ਦੀ ਰੈਕਿੰਗ ਤੈਅ ਕੀਤੀ ਗਈ ਸੀ। ਅਮਰੀਕਾ ਨੇ 100 ਵਿੱਚੋਂ 81.7, ਚੀਨ ਨੇ 72.7 ਅਤੇ ਭਾਰਤ ਨੇ 39.1 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਰੈਂਕ ਪ੍ਰਾਪਤ ਕੀਤਾ। ਇਸ ਰੈਂਕਿੰਗ ਵਿੱਚ ਜਪਾਨ 38.9 ਅੰਕ ਲੈ ਕੇ ਚੌਥੇ, ਆਸਟ੍ਰੇਲੀਆ 31.9 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਆਇਆ ਜਦਕਿ ਇਸ ਰੈਕਿੰਗ ਵਿੱਚ ਪਪੂਆ ਨਿਊ ਗਿਨੀ 4.2 ਅੰਕਾਂ ਨਾਲ ਸਭ ਤੋਂ ਫਾਡੀ ਰਿਹਾ।
ਜਿਹੜੇ ਖੇਤਰਾਂ ਦਾ ਅਧਿਐਨ ਕਰਕੇ ਇਹ ਰੈਕਿੰਗ ਤਿਆਰ ਕੀਤੀ ਗਈ ਹੈ ਉਸ ਵਿੱਚ ਜੇਕਰ ਆਰਥਿਕ ਸਮਰੱਥਾ ਦੀ ਗੱਲ ਕੀਤੀ ਜਾਵੇ ਤਾਂ ਚੀਨ ਨੇ ਅਮਰੀਕਾ ਤੋਂ ਬਾਜੀ ਮਾਰ ਕੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਵਿੱਚ ਜੀ.ਡੀ.ਪੀ ਦੇ ਮਾਮਲੇ ਵਿੱਚ ਚੀਨ ਨੇ 34.279 ਟਰੀਲੀਅਨ ਡਾਲਰ ਨਾਲ ਪਹਿਲਾ, ਅਮਰੀਕਾ 27.441 ਨੇ ਟਰੀਲੀਅਨ ਡਾਲਰ ਨਾਲ ਦੂਜਾ ਅਤੇ ਭਾਰਤ ਨੇ 13.915 ਟਰੀਲੀਅਨ ਡਾਲਰ ਨਾਲ ਤੀਜਾ ਸਥਾਨ ਹਾਸਲ ਕੀਤਾ। ਆਰਥਿਕ ਸਮਰੱਥਾ ਦੇ ਅਧੀਨ ਹੀ ਹੋਰ ਸ਼੍ਰੇਣੀਆਂ ਜਿਵੇਂ ਇੰਟਰਨੈਸ਼ਨਲ ਲੈਵਰੇਜ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਭਾਰਤ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ।
ਟੈਕਨਾਲੋਜੀ ਦੇ ਖੇਤਰ ਵਿੱਚ ਹਾਈਟੈਕ ਐਕਸਪੋਰਟ, ਪਰੋਡਕਟੀਵਿਟੀ, ਹਿਊਮਨ ਰਿਸੋਰਸ (ਆਰ ਐਂਡ ਡੀ), ਨੋਬਲ ਪ੍ਰਾਈਜ਼, ਸੁਪਰ ਕੰਪਿਊਟਰ, ਸੈਟੇਲਾਈਟ ਲਾਂਚਡ, ਅਤੇ ਰੀ-ਨਿਊਏਬਲ ਐਨਰਜੀ ਦੇ ਖੇਤਰ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਮਾੜਾ ਹੀ ਰਿਹਾ ਅਤੇ ਭਾਰਤ ਨੇ ਇਸ ਖੇਤਰ ਵਿੱਚ ਥਾਈਲੈਂਡ ਅਤੇ ਮਲੇਸ਼ੀਆ ਤੋਂ ਵੀ ਹੇਠਲਾ 13ਵਾਂ ਰੈਂਕ ਪ੍ਰਾਪਤ ਕੀਤਾ।
ਆਰਥਿਕ ਸਮਰੱਥਾ ਦੇ ਹੋਰ ਖੇਤਰਾਂ ਜਿਵੇਂ ਗਲੋਬਲ ਐਕਸਪੋਰਟ, ਗਲੋਬਲ ਇੰਪੋਰਟ, ਗਲੋਬਲ ਇਨਵੈਟਸਟਮੈਂਟ ਆਊਟਫਲੋਅ ਅਤੇ ਇੰਨਫਲੋਅ, ਮਰਚੈਂਟ ਫਲੀਟ ਅਤੇ ਟਰੈਵਲ ਹੱਬ ਦੇ ਖੇਤਰਾਂ ਦੇ ਤੁਲਨਾਤਮਿਕ ਅਧਿਐਨ ਵਿੱਚ ਭਾਰਤ ਨੇ ਪੰਜਵਾਂ ਰੈਂਕ ਹਾਸਿਲ ਕੀਤਾ। ਇਸ Eਵਰਆਲ ਆਰਥਿਕ ਸਮਰੱਥਾ ਦੇ ਅਧਾਰ ‘ਤੇ ਪ੍ਰਾਪਤ ਰੈਕਿੰਗ ਵਿੱਚ ਜਪਾਨ ਤੀਜਾ ਪ੍ਰਾਪਤ ਕਰ ਕੇ ਭਾਰਤ ਤੋਂ ਬਾਜੀ ਮਾਰ ਗਿਆ।
ਇਕਨਾਮਿਕ ਕੈਪੇਬਿਲਟੀ ਤੋਂ ਬਾਅਦ ਹੋਰ ਖੇਤਰਾਂ ਜਿਵੇਂ ਮਿਲਟਰੀ ਕੈਪੇਬਿਲਟੀ ਦੀ ਗੱਲ ਕਰੀਏ ਤਾਂ ਭਾਰਤ ਦਾ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਚੌਥਾ ਰੈਂਕ ਆਇਆ ਹੈ। ਰੀਜ਼ੀਲੀਐਂਸ ਦੇ ਅਧਾਰ ‘ਤੇ ਵੀ ਭਾਰਤ ਦਾ ਚੌਥਾ ਰੈਂਕ ਆਇਆ ਪਰ ਇਸ ਦੀ ਹੀ ਇੱਕ ਹੋਰ ਅੰਦਰੂਨ ਸ਼੍ਰੇਣੀ ਇੰਟਰਨਲ ਸਟੇਬਿਲਟੀ ਵਿੱਚ ਭਾਰਤ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ ਅਤੇ 27 ਦੇਸ਼ਾ ਵਿੱਚੋਂ 17ਵਾਂ ਰੈਂਕ ਮਿਲਿਆ।
ਇਨਾਮਿਕ ਰਿਲੇਸ਼ਨਸ਼ਿਪ ਦੇ ਮਾਮਲੇ ਵਿੱਚ ਭਾਰਤ ਨੂੰ ਦਸਵਾਂ ਰੈਂਕ ਪ੍ਰਾਪਤ ਹੋਇਆ ਪਰ ਇਸ ਵਿਸ਼ੇ ਦੇ ਅਧੀਨ ਹੀ ਇੱਕ ਹੋਰ ਖੇਤਰ ਇਕਨਾਮਿਕ ਡਿਪਲੋਮੇਸੀ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਮਾੜਾ ਰਿਹਾ ਅਤੇ 17ਵਾਂ ਰੈਂਕ ਹਾਸਿਲ ਹੋਇਆ।
ਡੀਫੈਂਸ ਨੈਟਵਰਕ ਦੇ ਖੇਤਰ ਵਿੱਚ ਭਾਰਤ ਨੂੰ Eਵਰਆਲ 9ਵਾਂ ਰੈਂਕ ਮਿਲਿਆ ਪਰ ਇਸ ਦੇ ਅਧੀਨ ਹੀ ਇੱਕ ਹੋਰ ਖੇਤਰ ਰੀਜ਼ਨਲ ਅਲਾਇੰਸ ਵਿੱਚ ਭਾਰਤ ਨੂੰ ਸਭ ਦੇਸਾਂ ਤੋਂ ਫਾਡੀ 27ਵਾਂ ਰੈਂਕ ਮਿਲਿਆ।
ਡਿਪਲੋਮੈਟਿਕ ਅਤੇ ਕਲਚਰਲ ਇੰਨਫਿਲੂਐਂਸ ਦੇ ਖੇਤਰ ਵਿੱਚ ਭਾਰਤ ਨੂੰ ਚੌਥਾ ਰੈਂਕ ਮਿਲਿਆ ਹੈ।
ਲੋਈ ਇੰਨਸਟੀਚਿਊਟ ਦੀ ਖੋਜ ਵਿੱਚ, ਟੈਕਨਾਲੋਜੀ, ਇਕਨਾਮਿਕ ਰਿਲੇਸ਼ਨਸ਼ਿਪ ਅਤੇ ਡੀਫੈਂਸ ਨੈਟਵਰਕ ਦੇ ਖੇਤਰ ਵਿੱਚ ਭਾਰਤ ਦੀ ਸਥਿਤੀ ਜਿਆਦਾ ਮਜਬੂਤ ਨਹੀਂ ਵਿਖਾਈ ਗਈ ਪਰ ਫੇਰ ਵੀ ਕਰੋਨਾ ਮਹਾਂਮਾਰੀ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਹੋਇਆ ਭਾਰਤ ਨੇ ਮਜਬੂਤ ਆਰਥਿਕ ਵਿਕਾਸ ਕੀਤਾ ਅਤੇ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਸੁਪਰ ਪਾਵਰ ਬਣਿਆ।