ਜ਼ੀ ਟੀਵੀ ਨੇ ਹਾਲ ਹੀ ਵਿੱਚ ਸਨਸ਼ਾਈਨ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਇੱਕ ਨਵਾਂ ਸ਼ੋਅ ‘ਮੈਤਰੀ’ ਲਾਂਚ ਕੀਤਾ ਹੈ ਜੋ ਪ੍ਰਯਾਗਰਾਜ ਦੀ ਪਿੱਠਭੂਮੀ ਵਿੱਚ ਸੈੱਟ ਕੀਤਾ ਗਿਆ ਹੈ। ਇਹ ਸ਼ੋਅ ਮੈਤਰੀ (ਸ਼੍ਰੇਨੂੰ ਪਾਰਿਖ) ਅਤੇ ਉਸ ਦੀ ਮੂੰਹ ਬੋਲੀ ਭੈਣ ਨੰਦਿਨੀ (ਭਵਿਕਾ ਚੌਧਰੀ) ਦੀ ਮੁਸ਼ਕਿਲਾਂ ਭਰੀ ਯਾਤਰਾ ਨੂੰ ਦਰਸਾਉਂਦਾ ਹੈ। ਇਹ ਦੋਵੇਂ ਸਹੇਲੀਆਂ ਬਚਪਨ ਤੋਂ ਹੀ ਇੱਕ ਦੂਜੇ ਦੇ ਬਹੁਤ ਨੇੜੇ ਹਨ। ਦੋਹਾਂ ਨੂੰ ਯਕੀਨ ਹੈ ਕਿ ਕੋਈ ਵੀ ਉਨ੍ਹਾਂ ਦੀ ਦੋਸਤੀ ਨੂੰ ਨਹੀਂ ਤੋੜ ਸਕਦਾ ਅਤੇ ਵਿਆਹ ਤੋਂ ਬਾਅਦ ਵੀ ਉਹ ਕਰੀਬੀ ਸਹੇਲੀਆਂ ਹੀ ਰਹਿਣਗੀਆਂ, ਪਰ ਜ਼ਿੰਦਗੀ ਨੇ ਉਨ੍ਹਾਂ ਦੇ ਹਾਲਾਤ ਬਦਲ ਦਿੱਤੇ। ਹਾਲ ਹੀ ਦੇ ਐਪੀਸੋਡਾਂ ਵਿੱਚ ਦਰਸ਼ਕਾਂ ਨੇ ਆਸ਼ੀਸ਼ (ਨਮੀਸ਼ ਤਨੇਜਾ) ਨੂੰ ਨਸ਼ੇ ਦੇ ਇੱਕ ਕੇਸ ਵਿੱਚ ਜਿੱਤਦੇ ਹੋਏ ਦੇਖਿਆ, ਜਿੱਥੇ ਉਸ ਦੀ ਸੱਸ ਵਸੁੰਧਰਾ (ਖਾਲਿਦਾ ਜਾਨ) ਨੇ ਉਸ ਨੂੰ ਦੋਸ਼ੀ ਠਹਿਰਾਇਆ ਸੀ। ਪਰ ਹੁਣ ਉਸ ਨੂੰ ਆਪਣੇ ਆਪ ਨੂੰ ਇੱਕ ਪਿਤਾ ਦੇ ਰੂਪ ਵਿੱਚ ਸਾਬਤ ਕਰਨਾ ਹੋਵੇਗਾ ਜੋ ਆਪਣੇ ਪੁੱਤਰ ਨੰਦੀਸ਼ ਦੀ ਦੇਖਭਾਲ ਕਰ ਸਕਦਾ ਹੈ ਅਤੇ ਉਸ ਦੀ ਕਸਟੱਡੀ ਦਾ ਕੇਸ ਜਿੱਤ ਸਕਦਾ ਹੈ। ਦੂਜੇ ਪਾਸੇ ਆਸ਼ੀਸ਼ ਦੀ ਪਤਨੀ ਨੰਦਿਨੀ ਅਜੇ ਵੀ ਕੋਮਾ ਵਿੱਚ ਹੈ। ਜਿੱਥੇ ਨੰਦਨੀ ਇਨ੍ਹੀਂ ਦਿਨੀਂ ਹਰ ਸੀਨ ’ਚ ਵ੍ਹੀਲਚੇਅਰ ’ਤੇ ਨਜ਼ਰ ਆ ਰਹੀ ਹੈ, ਉੱਥੇ ਹੀ ਇਸ ਕਿਰਦਾਰ ਨੂੰ ਨਿਭਾਉਣ ਵਾਲੀ ਭਾਵਿਕਾ ਇਸ ਗੱਲ ਨੂੰ ਯਕੀਨੀ ਬਣਾ ਰਹੀ ਹੈ ਕਿ ਇਸ ਨਾਲ ਉਸ ਦੀ ਫਿਟਨੈੱਸ ’ਤੇ ਕੋਈ ਅਸਰ ਨਾ ਪਵੇ। ਆਪਣੇ ਆਪ ਨੂੰ ਬਿਹਤਰ ਸ਼ੇਪ ਅਤੇ ਸਿਹਤਮੰਦ ਰੱਖਣ ਲਈ ਭਾਵਿਕਾ ਘਰ ਦਾ ਪਕਾਇਆ ਭੋਜਨ ਖਾਣ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਜਦੋਂ ਵੀ ਉਸ ਨੂੰ ਸਮਾਂ ਮਿਲਦਾ ਹੈ ਤਾਂ ਜਿੰਮ ਜਾਂਦੀ ਹੈ। ਉਹ ਆਪਣੇ ਸਮੇਂ ਦੀ ਬਹੁਤ ਚੰਗੀ ਵਰਤੋਂ ਕਰ ਰਹੀ ਹੈ ਅਤੇ ਸ਼ੋਅ ਦੇ ਸੈੱਟਾਂ ’ਤੇ ਖ਼ੁਦ ਰੱਸੀ ਲੈ ਕੇ ਆਉਂਦੀ ਹੈ ਅਤੇ ਜਦੋਂ ਵੀ ਉਸ ਨੂੰ ਮੌਕਾ ਮਿਲਦਾ ਹੈ ਤਾਂ ਉਹ ਰੱਸੀ ਟੱਪਣਾ ਸ਼ੁਰੂ ਕਰ ਦਿੰਦੀ ਹੈ। ਭਾਵਿਕਾ ਚੌਧਰੀ ਨੇ ਕਿਹਾ, ‘‘ਮੈਂ ਫਿਟਨੈੱਸ ਪ੍ਰਤੀ ਦਿ੍ਰੜ ਹਾਂ ਅਤੇ ਆਪਣਾ ਜਿਮ ਛੱਡਣਾ ਪਸੰਦ ਨਹੀਂ ਕਰਦੀ। ਪਰ ਇੱਕ ਅਭਿਨੇਤਰੀ ਹੋਣ ਦੇ ਨਾਤੇ, ਸਾਨੂੰ ਲੋੜ ਪੈਣ ’ਤੇ ਉੱਥੇ ਹੋਣਾ ਪੈਂਦਾ ਹੈ, ਇਸ ਲਈ ਕਈ ਵਾਰ ਮੈਂ ਜਿਮ ਜਾਣ ਤੋਂ ਖੁੰਝ ਜਾਂਦੀ ਹਾਂ। ਇਸ ਲਈ ਜਦੋਂ ਵੀ ਮੈਨੂੰ ਕੁਝ ਸਮਾਂ ਮਿਲਦਾ ਹੈ, ਮੈਂ ਆਪਣੀ ਫਿਟਨੈੱਸ ਲਈ ਸੈੱਟ ’ਤੇ ਰੱਸੀ ਟੱਪਦੀ ਹਾਂ। ਅਸਲ ਵਿੱਚ, ਮੈਂ ਹਰ ਤਰ੍ਹਾਂ ਦਾ ਵਰਕ ਆਊਟ ਅਜ਼ਮਾਉਂਦੀ ਹਾਂ, ਜਿਸ ਵਿੱਚ ਕਾਰਡੀਓ, ਵੇਟਲਿਫਟਿੰਗ ਅਤੇ ਡਾਂਸਿੰਗ ਯਾਨੀ ਜ਼ੁੰਬਾ ਸ਼ਾਮਲ ਹਨ। ਮੈਨੂੰ ਪਤਾ ਹੈ ਕਿ ਜਦੋਂ ਫਿਟਨੈੱਸ ਦੀ ਗੱਲ ਆਉਂਦੀ ਹੈ ਤਾਂ ਮੈਂ ਪੁਰਾਣੇ ਸਟਾਇਲ ਵਾਲੀ ਹਾਂ। ਮੈਨੂੰ ਲੱਗਦਾ ਹੈ ਕਿ ਘਰੇਲੂ ਖਾਣਾ ਤੰਦਰੁਸਤੀ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ, ਪਰ ਜੋ ਇੱਕ ਲਈ ਕੰਮ ਕਰਦਾ ਹੈ ਤਾਂ ਉਹ ਜ਼ਰੂਰੀ ਤੌਰ ’ਤੇ ਦੂਜਿਆਂ ਲਈ ਵੀ ਕਾਰਗਰ ਨਹੀਂ ਹੁੰਦਾ। ਇਸ ਲਈ ਹਰ ਕਿਸੇ ਨੂੰ ਇਹ ਦੇਖਣ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਲਈ ਕੀ ਵਧੀਆ ਕੰਮ ਕਰਦਾ ਹੈ।’’ ਭਾਵਿਕਾ ਜਿੱਥੇ ਸਾਰਿਆਂ ਨੂੰ ਫਿਟਨੈੱਸ ਦੇ ਟੀਚੇ ਦੇ ਰਹੀ ਹੈ, ਉੱਥੇ ਆਉਣ ਵਾਲੇ ਐਪੀਸੋਡਾਂ ਵਿੱਚ ਦਰਸ਼ਕ ਦੇਖਣਗੇ ਕਿ ਕਿਵੇਂ ਆਸ਼ੀਸ਼ ਆਪਣੇ ਬੇਟੇ ਦੀ ਕਸਟੱਡੀ ਲਈ ਲੜ ਰਿਹਾ ਹੈ। ਕੀ ਮੈਤਰੀ ਅਤੇ ਆਸ਼ੀਸ਼ ਨੂੰ ਨੰਦਿਸ਼ ਦੀ ਕਸਟੱਡੀ ਮਿਲੇਗੀ? ਜਾਂ ਕੀ ਆਸ਼ੀਸ਼ ਆਪਣੀ ਜ਼ਿੰਦਗੀ ਦੀ ਇੱਕੋ ਇੱਕ ਉਮੀਦ ਨੰਦਿਨੀ ਦੀ ਮਾਂ ਦੇ ਹੱਥੋਂ ਖ਼ਤਮ ਕਰ ਦੇਵੇਗਾ?