
ਇੰਗਲੈਂਡ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੀ 12 ਜੂਨ 2025 ਨੂੰ ਅਹਿਮਦਾਬਾਦ ਵਿਖੇ ਹੋਏ ਹਾਦਸੇ ਦੀ ਜਾਂਚ, ਜਿਸ ਵਿੱਚ 230 ਮੁਸਾਫਰ ਅਤੇ 12 ਸਟਾਫ ਮੈਂਬਰਾਂ ਦੀ ਮੌਤ ਹੋ ਗਈ ਸੀ, ਤਕਰੀਬਨ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਕਿਸੇ ਤਣ ਪੱਤਣ ਨਹੀਂ ਲੱਗ ਸਕੀ ਹੈ। ਇਹ ਬੋਇੰਗ ਕੰਪਨੀ ਦੁਆਰਾ ਬਣੇ ਹੋਏ ਬੋਇੰਗ 787-8 ਦਾ ਪਹਿਲਾ ਭਿਆਨਕ ਹਵਾਈ ਹਾਦਸਾ ਸੀ। ਬੀਤੀ 12 ਜੁਲਾਈ ਨੂੰ ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਵੱਲੋਂ ਹਾਦਸੇ ਬਾਰੇ ਜਾਰੀ ਕੀਤੀ ਅੰਤਰਿਮ ਰਿਪੋਰਟ ਤੋਂ ਬਾਅਦ ਤਾਂ ਜਿਵੇਂ ਭਾਨੂਮਤੀ ਦਾ ਪਿਟਾਰਾ ਖੁੱਲ੍ਹ ਗਿਆ ਹੈ। ਏ.ਏ.ਆਈ.ਬੀ ਨੇ ਇਸ ਰਿਪੋਰਟ ਵਿੱਚ ਦੱਸਿਆ ਹੈ ਕਿ ਇਸ ਹਾਦਸੇ ਦਾ ਕਾਰਣ ਉਡਾਣ ਭਰਨ ਤੋਂ ਫੌਰਨ ਬਾਅਦ ਦੋਵਾਂ ਇੰਜਣਾਂ ਨੂੰ ਤੇਲ ਦੀ ਸਪਲਾਈ ਦਾ ਬੰਦ ਹੋ ਜਾਣਾ ਸੀ। ਪਰ ਰਿਪੋਰਟ ਵਿੱਚ ਇਹ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਕਿ ਸਪਲਾਈ ਕਿਸੇ ਤਕਨੀਕੀ ਨੁਕਸ ਕਾਰਣ ਬੰਦ ਹੋਈ ਸੀ ਜਾਂ ਮਨੁੱਖੀ ਗਲਤੀ ਕਾਰਣ। ਹਾਦਸੇ ਦਾ ਸਹੀ ਕਾਰਣ ਨਾ ਦੱਸੇ ਜਾਣ ਕਾਰਣ ਅਫਵਾਹਾਂ ਦਾ ਬਜ਼ਾਰ ਗਰਮ ਹੋ ਗਿਆ ਹੈ ਤੇ ਲੋਕ ਦੋ ਗਰੁੱਪਾਂ ਵਿੱਚ ਵੰਡੇ ਗਏ ਹਨ। ਪਹਿਲੇ ਗਰੱੁਪ ਦੀ ਥਿਊਰੀ ਇਹ ਹੈ ਕਿ ਤੇਲ ਤਕਨੀਕੀ ਖਰਾਬੀ ਕਾਰਨ ਬੰਦ ਹੋਇਆ ਸੀ। ਪਰ ਦੂਸਰੇ ਗਰੁੱਪ ਵਾਲੇ ਦਲੀਲ ਦਿੰਦੇ ਹਨ ਕਿ ਇਨਸਾਨੀ ਦਖਲਅੰਦਾਜ਼ੀ ਤੋਂ ਬਗੈਰ ਤੇਲ ਦੀ ਸਪਲਾਈ ਬੰਦ ਹੀ ਨਹੀਂ ਹੋ ਸਕਦੀ। ਮਤਲਬ ਤੇਲ ਦੋਵਾਂ ਪਾਇਲਟਾਂ ਵਿੱਚੋਂ ਕਿਸੇ ਇੱਕ ਨੇ ਬੰਦ ਕੀਤਾ ਸੀ ਜੋ ਆਤਮਘਾਤੀ ਪ੍ਰਵਿਰਤੀ ਦਾ ਸੀ।
ਦੂਸਰੀ ਥਿਊਰੀ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਾਠਕਾਂ ਨੂੰ ਸ਼ਾਇਦ ਯਾਦ ਹੋਵੇਗਾ ਕਿ 27 ਮਾਰਚ 2015 ਵਾਲੇ ਦਿਨ ਜਰਮਨੀ ਵਿਖੇ ਜਰਮਨਵਿੰਗਜ਼ ਨਾਮਕ ਏਅਰਲਾਈਨ ਦੀ ਇੱਕ ਫਲਾਈਟ ਸਮੇਂ ਸਹਿ ਪਾਇਲਟ ਐਂਡਰੀਆਜ਼ ਲੂਬਿਜ਼ ਨੇ ਮੁੱਖ ਪਾਇਲਟ ਨੂੰ ਕੈਬਿਨ ਵਿੱਚੋਂ ਬਾਹਰ ਕੱਢ ਕੇ ਜਹਾਜ਼ ਨੂੰ ਐਲਪਸ ਪਰਬਤ ਮਾਲਾ ਨਾਲ ਟਕਰਾਅ ਦਿੱਤਾ ਸੀ। ਉਸ ਹਾਦਸੇ ਵਿੱਚ ਉਸ ਸਮੇਤ ਸਾਰੇ 150 ਮੁਸਾਫਰ ਮਾਰੇ ਗਏ ਸਨ।ਏ.ਏ.ਆਈ.ਬੀ ਦੀ ਰਿਪੋਰਟ ਦੇ ਕੁਝ ਚੋਣਵੇਂ ਹਿੱਸਿਆਂ ਨੂੰ ਪੱਛਮੀ ਮੀਡੀਆ ਨੂੰ ਲੀਕ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੀ ਬਿਨਾਂ ‘ਤੇ ਅਮਰੀਕਾ ਦੀ ਚੋਟੀ ਦੀ ਅਖਬਾਰ ਨਿਊਯਾਰਕ ਟਾਈਮਜ਼ ਨੇ ਰਿਪੋਰਟ ਜਾਰੀ ਕੀਤੀ ਹੈ ਕਿ ਇਸ ਹਾਦਸੇ ਦਾ ਜ਼ਿੰਮੇਵਾਰ ਦੋਵਾਂ ਵਿੱਚੋਂ ਇੱਕ ਪਾਇਲਟ ਹੈ। ਉਸ ਦੇ ਬੋਇੰਗ ਕੰਪਨੀ ਨੂੰ ਨਿਰਦੋਸ਼ ਕਰਾਰ ਦੇਣ ਨਾਲ ਬੋਇੰਗ ਕੰਪਨੀ ਦੇ ਸ਼ੇਅਰ ਰਾਤੋਂ-ਰਾਤ ਚੜ੍ਹ ਗਏ ਹਨ। ਵੈਸੇ ਇਹ ਵਿਚਾਰਨਯੋਗ ਹੈ ਕਿ ਨਿਊਯਾਰਕ ਟਾਈਮਜ਼ ਅਤੇ ਬੋਇੰਗ ਦੋਵੇਂ ਅਮਰੀਕਾ ਦੇ ਅਦਾਰੇ ਹਨ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਨੇ ਤਹਿਲਕਾ ਮਚਾ ਦਿੱਤਾ ਹੈ। ਇਸ ਥਿਊਰੀ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਤੇ ਗਰੁੱਪਾਂ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਯੂ ਟਿਊਬ, ਵੱਟਸਐਪ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇਸ ਨੂੰ ਰੱਜ ਕੇ ਪ੍ਰਚਾਰਿਆ ਹੈ ਤੇ ਇਸ ਨੂੰ ਕਰੋੜਾਂ ਵਿਊਜ਼ ਮਿਲੇ ਹਨ। ਇਥੋਂ ਤੱਕ ਕਿ ਕੁੱਝ ਰਿਟਾਇਰ ਭਾਰਤੀ ਪਾਇਲਟਾਂ ਨੇ ਵੀ ਇਹ ਕਹਿ ਦਿੱਤਾ ਹੈ ਕਿ ਇਹ ਆਤਮਘਾਤੀ ਪਾਇਲਟ ਦਾ ਕਾਰਾ ਹੈ।
ਪਰ ਹਰ ਕੋਈ ਇਸ ਥਿਊਰੀ ਨਾਲ ਸਹਿਮਤ ਨਹੀਂ ਹੈ। ਇਸ ਦੇ ਵਿਰੋਧੀਆਂ ਨੇ ਵੀ ਪਾਇਲਟਾਂ ਦੇ ਹੱਕ ਵਿੱਚ ਸੋਸ਼ਲ ਮੀਡੀਆ ‘ਤੇ ਜਬਰਦਸਤ ਮੁਹਿੰਮ ਚਲਾਈ ਹੋਈ ਹੈ। ਇਸ ਗਰੁੱਪ ਵਿੱਚ ਜਿਆਦਾਤਰ ਭਾਰਤੀ ਨਾਗਰਿਕ, ਪਾਇਲਟ, ਏਅਰ ਕਰਿਊ ਯੂਨੀਅਨਾਂ ਅਤੇ ਹਵਾਬਾਜ਼ੀ ਉਦਯੋਗ ਨਾਲ ਜੁੜੇ ਅਹਿਮ ਵਿਅਕਤੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਲਈ ਪਾਇਲਟ ਜ਼ਿੰਮੇਵਾਰ ਨਹੀਂ ਹਨ ਬਲਕਿ ਜਹਾਜ਼ ਦੇ ਡਿਜ਼ਾਈਨ ਵਿੱਚ ਖਾਮੀ, ਸਾਫਟਵੇਅਰ ਵਿੱਚ ਨੁਕਸ ਅਤੇ ਟਾਟਾ ਗਰੁੱਪ ਵੱਲੋਂ ਜਹਾਜ਼ਾਂ ਦੀ ਕੀਤੀ ਜਾ ਰਹੀ ਘਟੀਆ ਸਾਂਭ ਸੰਭਾਲ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਘਟਨਾ ਕਿਸੇ ਸ਼ਰਾਰਤੀ ਵੱਲੋਂ ਕੀਤੀ ਗਈ ਭੰਨ ਤੋੜ ਕਾਰਣ ਵੀ ਵਾਪਰੀ ਹੋਈ ਹੋ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਜੇ ਤੇਲ ਬੰਦ ਕਰਨ ਵਾਲੇ ਸਵਿੱਚ ਆਪਣੇ ਆਪ ਬੰਦ ਨਹੀਂ ਹੋ ਸਕਦੇ ਤਾਂ ਫਿਰ ਐਮੀਰੇਟਸ ਅਤੇ ਸਿੰਗਾਪੁਰ ਏਅਰ ਲਾਈਨ ਵਰਗੀਆਂ ਚੋਟੀ ਦੀਆਂ ਹਵਾਈ ਕੰਪਨੀਆਂ ਉਨ੍ਹਾਂ ਦਾ ਵਾਰ-ਵਾਰ ਨਿਰੀਖਣ ਕਿਉਂ ਕਰਵਾਉਂਦੀਆਂ ਹਨ। ਭਾਰਤ ਦੇ ਅਨੇਕਾਂ ਪਾਇਲਟਾਂ ਨੇ ਕਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦਾ ਬੋਇੰਗ 787-8 ਜਹਾਜ਼ਾਂ ਤੋਂ ਵਿਸ਼ਵਾਸ਼ ਉੱਠ ਗਿਆ ਹੈ।
ਇਸ ਤੋਂ ਇਲਾਵਾ ਇਹ ਵੀ ਹੈਰਾਨੀਜਨਕ ਹੈ ਕਿ ਇਸ ਹਵਾਈ ਹਾਦਸੇ ਦੇ ਕਾਰਣਾਂ ਨੂੰ ਜਨਤਕ ਕਰ ਕੇ ਅਪਵਾਹਾਂ ਨੂੰ ਠੱਲ੍ਹ ਪਾਉਣ ਲਈ ਜ਼ਿੰਮੇਵਾਰ ਏ.ਏ.ਆਈ.ਬੀ, ਭਾਰਤ ਸਰਕਾਰ, ਏਅਰ ਇੰਡੀਆ, ਟਾਟਾ ਮੈਨੇਜਮੈਂਟ, ਬੋਇੰਗ ਕੰਪਨੀ ਅਤੇ ਜੀ ਈ ਕੰਪਨੀ (ਜੋ ਬੋਇੰਗ ਦੇ ਇੰਜਣ ਤਿਆਰ ਕਰਦੀ ਹੈ) ਦੇ ਅਧਿਕਾਰੀਆਂ ਨੇ ਰਹੱਸਮਈ ਖਾਮੋਸ਼ੀ ਅਖਤਿਆਰ ਕਰ ਲਈ ਹੈ। ਸਿਰਫ ਅਮਰੀਕਾ ਦੇ ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਦੁਆਰਾ ਇਸ ਹਾਦਸੇ ਲਈ ਪਾਇਲਟਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਅਮਰੀਕਾ ਦੇ ਵਿਸ਼ਵ ਪ੍ਰਸਿੱਧ ਨਿਊਜ਼ ਪੋਰਟਲ ਬਲੂਮਬਰਗ ਨੇ ਕੁੱਝ ਦਿਨ ਪਹਿਲਾਂ ਇਹ ਖਬਰ ਦਿੱਤੀ ਹੈ ਕਿ ਇਸ ਹਾਦਸੇ ਦੀ ਜਾਂਚ ਸਹੀ ਨਹੀਂ ਚੱਲ ਰਹੀ। ਕੋਈ ਵੀ ਜ਼ਿੰਮੇਵਾਰ ਅਧਿਕਾਰੀ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਨਹੀਂ ਹੈ। ਸਾਡੇ ਵੱਲੋਂ ਏ.ਏ.ਆਈ.ਬੀ ਨੂੰ ਈਮੇਲ ਰਾਹੀਂ ਕਈ ਸਵਾਲ ਭੇਜੇ ਗਏ ਸਨ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਅਮਰੀਕਾ ਦੇ ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ (ਜੋ ਕਿ ਇਸ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ) ਨੇ ਵੀ ਇਨ੍ਹਾਂ ਅਦਾਰਿਆਂ ਨੂੰ ਕਈ ਸਵਾਲ ਪੁੱਛੇ ਹਨ ਜਿਨ੍ਹਾਂ ਦਾ ਕੋਈ ਜਵਾਬ ਨਹੀ ਮਿਲਿਆ। ਜਿਹੜੇ 260 ਬੇਕਸੂਰ ਮੁਸਾਫਰ ਇਸ ਹਾਦਸੇ ਵਿੱਚ ਮਾਰੇ ਗਏ ਹਨ, ਉਨ੍ਹਾਂ ਦੇ ਵਾਰਸਾਂ ਨੂੰ ਇਸ ਸਵਾਲ ਦਾ ਜਵਾਬ ਮਿਲਣਾ ਚਾਹੀਦਾ ਹੈ ਕਿ ਆਖਰ ਹਾਦਸਾ ਕਿਉਂ ਹੋਇਆ। ਏਅਰ ਇੰਡੀਆ ਦੀ ਪਾਇਲਟ ਯੁਨੀਅਨ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਹਾਦਸੇ ਵਿੱਚ ਮਾਰੇ ਗਏ ਉਨ੍ਹਾਂ ਦੇ ਸਾਥੀਆਂ ਨੂੰ ਬਲੀ ਦਾ ਬਕਰਾ ਬਣਾਉਣ ਲਈ ਏ.ਏ.ਆਈ.ਬੀ ਅਤੇ ਬੋਇੰਗ ਵਿੱਚ ਗੁਪਤ ਸਮਝੌਤਾ ਹੋ ਗਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਵਿੱਚੋਂ ਪੰਜ ਸਭ ਤੋਂ ਸੀਨੀਅਰ ਪਾਇਲਟਾਂ ਨੂੰ ਇਸ ਜਾਂਚ ਕਮੇਟੀ ਦਾ ਹਿੱਸਾ ਬਣਾਇਆ ਜਾਵੇ।
ਦੁਨੀਆਂ ਵਿੱਚ ਵੱਡੇ ਯਾਤਰੀ ਜਹਾਜ਼ ਬਣਾਉਣ ਵਾਲੀਆਂ ਸਿਰਫ ਦੋ ਕੰਪਨੀਆਂ ਹਨ, ਏਅਰ ਬੱਸ ਅਤੇ ਬੋਇੰਗ। ਇਨ੍ਹਾਂ ਵਿੱਚੋਂ ਬੋਇੰਗ ਨੰਬਰ ਇੱਕ ‘ਤੇ ਅਤੇ ਏਅਰ ਬੱਸ ਨੰਬਰ ਦੋ ‘ਤੇ ਹੈ। ਬੋਇੰਗ ਇੱਕ ਅਮਰੀਕੀ ਕੰਪਨੀ ਹੈ ਜਿਸ ਦਾ ਹੈੱਡਕਵਾਟਰ ਕਰਿਸਟਲ ਸਿਟੀ ਵਰਜੀਨੀਆਂ ਵਿਖੇ ਹੈ। ਇਸ ਦੀ ਸਥਾਪਨਾ 15 ਜੁਲਾਈ 1916 ਨੂੰ ਹੋਈ ਸੀ। ਏਅਰ ਬੱਸ ਵਿੱਚ ਯੂਰਪ ਦੀਆਂ ਕਈ ਕੰਪਨੀਆਂ ਦੀ ਹਿੱਸੇਦਾਰੀ ਹੈ ਤੇ ਇਸ ਦੀ ਸਥਾਪਨਾ 18 ਦਸੰਬਰ 1970 ਵਿੱਚ ਹੋਈ ਸੀ। ਇਸ ਦਾ ਹੈੱਡਕਵਾਟਰ ਲੀਡਨ (ਹਾਲੈਂਡ) ਅਤੇ ਬਲਾਗਨਾਕ (ਫਰਾਂਸ) ਵਿਖੇ ਹੈ। ਦੋਵਾਂ ਕੰਪਨੀਆਂ ਵਿੱਚ ਸਿਰ ਵੱਢਵਾਂ ਵੈਰ ਚੱਲ ਰਿਹਾ ਹੈ। ਅਮਰੀਕਾ ਦੀ ਇੱਕ ਸੰਸਥਾ ਇੰਸਟੀਟਿਊਸ਼ਨ ਫਾਰ ਫਲਾਈਟ ਸੇਫਟੀ (ਨਿਊਯਾਰਕ) ਅਨੁਸਾਰ ਪਿਛਲੇ ਦਸ ਸਾਲਾਂ ਦੇ ਡਾਟਾ ਤੋਂ ਇਹ ਵੇਖਿਆ ਗਿਆ ਹੈ ਕਿ ਏਅਰ ਬੱਸ ਹਵਾਈ ਹਾਦਸਿਆਂ ਦੇ ਮਾਮਲੇ ਵਿੱਚ ਬੋਇੰਗ ਤੋਂ ਕਿਤੇ ਬੇਹਤਰ ਹੈ। ਬੋਇੰਗ ਕੰਪਨੀ ਦਾ ਮਾਡਲ ਬੋਇੰਗ 747 ਮੈਕਸ ਹਵਾਈ ਹਾਦਸਿਆਂ ਲਈ ਬਹੁਤ ਬਦਨਾਮ ਹੈ। 2018 ਅਤੇ 2019 ਵਿੱਚ ਹੋਏ ਦੋ ਏਅਰ ਕਰੈਸ਼ਾਂ ਵਿੱਚ 346 ਮੁਸਾਫਰ ਮਾਰੇ ਗਏ ਸਨ ਜਿਸ ਕਾਰਣ ਇਨ੍ਹਾਂ ਜਹਾਜ਼ਾਂ ਨੂੰ ਦੋ ਸਾਲਾਂ ਤੱਕ ਉਡਾਣ ਭਰਨ ਤੋਂ ਰੋਕੀ ਰੱਖਿਆ ਗਿਆ ਸੀ। ਪਰ ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਹਵਾਈ ਹਾਦਸੇ ਏਅਰ ਕੰਪਨੀਆਂ ਵੱਲੋਂ ਜਹਾਜ਼ਾਂ ਦੀ ਕੀਤੀ ਜਾਂਦੀ ਦੇਖ-ਭਾਲ, ਪਾਇਲਟਾਂ ਦੀ ਟਰੇਨਿੰਗ ਅਤੇ ਸੇਫਟੀ ਰੂਲਾਂ ਦੀ ਪਾਲਣਾ ‘ਤੇ ਵੀ ਨਿਰਭਰ ਕਰਦੇ ਹਨ। ਵੈਸੇ ਜਦੋਂ ਤੋਂ ਏਅਰ ਇੰਡੀਆ ਟਾਟਾ ਗਰੁੱਪ ਦੇ ਹੱਥ ਆਈ ਹੈ, ਇਸ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਿਨ੍ਹਾਂ ਲੋਕਾਂ ਨੇ ਪਿਛਲੇ ਸਮੇਂ ਏਅਰ ਇੰਡੀਆ ਦੇ ਜਹਾਜ਼ਾਂ ‘ਤੇ ਇੰਟਰਨੈਸ਼ਨਲ ਸਫਰ ਕੀਤਾ ਹੈ, ਉਹ ਜਾਣਦੇ ਹਨ ਕਿ ਏਅਰ ਇੰਡੀਆ ਦਾ ਟਾਟਾ ਗਰੁੱਪ ਨੇ ਕੀ ਹਾਲ ਕਰ ਦਿੱਤਾ ਹੈ। ਟੁੱਟੀਆਂ ਤੇ ਗੰਦੀਆਂ ਸੀਟਾਂ, ਖਰਾਬ ਟੀਵੀ, ਆਊਟ ਆਫ ਆਰਡਰ ਟਾਇਲਟ, ਸਟਾਫ ਦਾ ਘਟੀਆ ਵਤੀਰਾ ਅਤੇ ਏਅਰ ਕੰਡੀਸ਼ਨਰ ਦਾ ਵਾਰ-ਵਾਰ ਬੰਦ ਹੋ ਜਾਣਾ ਆਦਿ ਆਮ ਮੁਸ਼ਕਿਲਾਂ ਹਨ। ਜੇ ਟਾਟਾ ਕੰਪਨੀ ਜਹਾਜ਼ਾਂ ਦੀ ਸਾਫ-ਸਫਾਈ ਤੱਕ ਵੀ ਨਹੀਂ ਕਰਵਾ ਸਕਦੀ ਤਾਂ ਉਸ ਨੇ ਇੰਜਣਾਂ, ਸਾਫਟਵੇਅਰ ਅਤੇ ਇਲੈੱਕਟਰੋਨਿਸ ਆਦਿ ਦਾ ਕੀ ਖਿਆਲ ਕੀਤਾ ਹੋਣਾ ਹੈ। ਇਸ ਤੋਂ ਇਲਾਵਾ ਯਾਤਰੀਆਂ ਦੇ ਸਮਾਨ ਗੁੰਮ ਹੋਣ ਦੇ ਮਾਮਲੇ ਵਿੱਚ ਵੀ ਏਅਰ ਇੰਡੀਆ ਭਾਰਤ ਵਿੱਚ ਨੰਬਰ ਇੱਕ ‘ਤੇ ਹੈ।