
ਅੱਜ ਕੱਲ੍ਹ ਮਾਨਵੀ ਕਦਰਾਂ-ਕੀਮਤਾਂ, ਮੁੱਲਾਂ-ਮਿਆਰਾਂ ‘ਚ ਐੇਨਾਂ ਨਿਘਾਰ ਆ ਗਿਆ ਹੈ ਕਿ ਅਨੈਤਕਿਤਾ ਹੀ ਨੈਤਿਕਤਾ ਦਾ ਮਖੌਟਾ ਪਾ ਕੇ ਤੁਰੀ ਫਿਰਦੀ ਹੈ। ਬੰਦਾ, ਬੰਦਾ ਘਟ, ਬਹੁਰੂਪੀਆ ਵਧੇਰੇ ਲਗਦਾ ਹੈ। ਜੋ ਦਿਸਦੈ, ਉਹ ਹੈ ਨਹੀਂ ਅਤੇ ਜੋ ਹੈ ਉਹ ਦਿਸਦਾ ਨਹੀਂ। ਮਖੌਟੇਬਾਜ਼ੀ, ਨਕਾਬਪੋਸ਼ੀ, ਗਿਰਗਿਟਗੀਰੀ ਦਾ ਯੁਗ ਹੈ। ਛਲਾਵੇਬਾਜ਼ੀ ਛਾਲਾਂ ਮਾਰਦੀ ਫਿਰਦੀ ਹੈ। ਥਾਲੀ ਦੇ ਬੈਂਗਣ, ਬੇਇਤਬਾਰੇ ਸਫੈਦਪੋਸ਼, ਬੇਪੈਂਦੇ ਦੇ ਲੋਟੇ, ਵਿਕਾਊ ਮਾਲ, ਉਚਾਂਵੇਂ/ਚਕਵੇਂ ਚੁਲ੍ਹੇ ਚਾਂਗਰਾਂ ਮਾਰਦੇ ਫਿਰਦੇ ਹਨ। ਭੇਖ, ਭਰਮ, ਭੁਲੇਖੇ, ਭੰਬਲਭੂਸੇ ਨਾਲ ਭਰਪੂਰ ਭਰਿਆ ਪਿਆ ਹੈ ਚੌਗਿਰਦਾ।
ਚਿਹਰਿਆਂ ਪਿਛੇ ਚਿਹਰੇ ਹਨ। ਬਲਕਿ ਕਈ ਕਈ ਚਿਹਰੇ ਹਨ। ਨੌਬਲ ਇਨਾਮ ਜੇਤੂ ਅੰਗਰੇਜ਼ੀ ਕਵੀ ਅਤੇ ਆਲੋਚਕ ਟੀ.ਅੇੈਸ.ਐਲੀਯਟ (1888-1965), ਜੋ ਸ਼ਾਹਕਾਰ ਰਚਨਾ ‘ਦ ਵੇਸਟਲੈਂਡ’ (ਬੰਜਰ ਭੂਮੀ) ਦਾ ਲੇਖਕ ਹੈ, ਅਜਿਹੀ ਅਵਸਥਾ ਜਾਂ ਵਰਤਾਰੇ ਨੂੰ ‘ਮੇਡ-ਅੱਪ ਫੇਸਜ਼’ (ਮੁਲੰਮੇਬਾਜ਼ੀ) ਕਹਿੰਦਾ ਹੈ। ਬੰਦਾ ਮੁਸਕਾਨ ਚਿਪਕਾ ਕੇ ਤੁਰਿਆ ਫਿਰਦਾ ਹੈ, ਅੰਦਰ ਜ਼ਹਿਰ ਹੈ। ਨੈਤਿਕ ਮੁਲ ਮਰ ਰਹੇ ਹਨ ਤੇ ਜਾਂ ਆਖਰੀ ਸਾਹਾਂ ਤੇ ਹਨ। ‘ਭੋਲੇ ਭਾਲੇ ਚੇਹਰੇ ਹੋਤੇ ਹੈਂ ਜਲਾਦ ਭੀ’ ਵਾਲੀ ਸਥਿਤੀ ਹੈ। ਅੰਗਰੇਜ਼ੀ ਦਾ ਮਹਾਨ ਲੇਖਕ ਵਿਲੀਯਮ ਸ਼ੇਕਸਪੀਅਰ ਤਾਂ ਇਥੋਂ ਤਕ ਕਹਿੰਦੈ ਕਿ ਬੰਦਾ ਲੱਖ ਪਿਆ ਮੁਸਕਾਵੇ ਪਰ ਫਿਰ ਵੀ ਮੁਸ਼ਟੰਡਾ ਹੋ ਸਕਦੈ!
ਹਰ ਸ਼ੈਅ ਜੋ ਚਮਕਦੀ ਹੈ ਸੋਨਾ ਨਹੀਂ ਹੁੰਦੀ। ਸੋਨੇ ਦੇ ਅੰਬਰੀਂ ਪੁੱਜੇ ਰੇਟਾਂ ਵਾਲੇ ਸਮਿਆਂ ਵਿਚ ਨਕਲੀ ਗਹਿਣਿਆਂ (‘ਆਰਟੀਫੀਸ਼ੀਅਲ ਜਿਊਲਰੀ’) ਦੀ ਚਾਂਦੀ ਹੈ। ਗੁੜ ਗੋਬਰ ਹੋ ਰਿਹੈ ਤੇ ਗੋਬਰ ਗੁੜ! ਗਧਾ ਘੋੜਾ ਇਕ ਬਰਾਬਰ! ਬਲਕਿ ਨਕਲੀ ਅਸਲੀ ਨੂੰ ਮਾਤ ਪਾ ਰਿਹੈ। ਰਿਸ਼ਤਿਆਂ ‘ਚ ਖੋਟ ਆ ਗਈ ਹੈ; ਖਟਾਸ ਹੀ ਮਿਠਾਸ ਬਣ ਗਈ ਹੈ। ਬਗਲ ਵਿਚ ਛੁਰੀ ਤੇ ਮੂੰਹ ਵਿਚ ਰਾਮ ਰਾਮ ਹੈ। ਬੰਦਾ ਐੇਨੇ ਰੰਗ ਬਦਲਦੈ ਕਿ ਗਿਰਗਿਟ ਵੀ ਸ਼ਰਮਾ ਜਾਵੇ! ਬਨਾਉਣ ਵਾਲਾ ਵੀ ਸੋਚਦਾ ਹੋਊ ਕਿ ‘ਮੈਂ ਤਾਂ ਬੰਦਾ ਬਣਾਇਆ ਸੀ ਪਰ ਬੰਦੇ ਨੇ ਬੰਦੇ ਦਾ ਕੀ ਬਣਾ ਛਡਿਐ’!
ਬਾਜ਼ਾਰ ਦਾ ਦੌਰ-ਦੌਰਾ ਹੈ। ਮੰਡੀ ਮੁਲ ਨਿਰਧਾਰਤ ਕਰ ਰਹੀ ਹੈ। ‘ਪੈਕੇਜਿੰਗ’ ਦੀ ਪ੍ਰਭਤਾ ਹੈ। ਜੋ ਦਿਸਦਾ ਹੈ ਉਹ ਵਿਕਦਾ ਹੈ। ਜੋ ਵਧੇਰੇ ਸੁੰਦਰ ਦਿਸਦਾ ਹੈ ਉਹ ਵਧੇਰੇ ਮਹਿੰਗੇ ਭਾਅ ਵਿਕਦਾ ਹੈ। ‘ਕਵਰ’(ਸਰਵਰਕ/ਜਿਲਦ) ਦਾ ਮੁਲ ਹੈ, ’ਕੰਨਟੈਂਟ’ (ਵਿਸ਼ਾ ਵਸਤੂ) ਦਾ ਨਹੀਂ। ਚੰਗਾ ‘ਕਵਰ’ ਚੰਗੀ ਕਿਤਾਬ ਸਮਝਿਆ ਜਾਂਦੈ ਅਤੇ ਅੱਛਾ ਮੇਕ-ਅੱਪ ਸੁੰਦਰਤਾ ਦਾ ਸੂਚਕ। ਭਾਵੇਂ ਸਾਦਗੀ ਸੁੰਦਰਤਾ ਦਾ ਸ਼ਿੰਗਾਰ ਹੁੰਦੀ ਹੈ, ਅਸਲੋਂ ਖਰਾ ਗਹਿਣਾ, 24 ਕੈਰੇਟ ਦਾ ਸੋਨਾ! ਹਾਂ ਗਹਿਣਾ-ਗੱਟਾ ਬਨਣ ਲਈ ਸੋਨੇ ਵਿਚ ਕੁਝ ਰਲਾ ਪੈਂਦੈ ਪਰ ਇਥੇ ਤਾਂ ਰਲਾ ਹੀ ਰਲਾ ਹੈ, ਸੋਨਾ ਤਾਂ ਗਾਇਬ ਹੀ ਹੋ ਗਿਐ। ਦਾਲ ਵਿਚ ਕੁਝ ਕਾਲਾ ਤਾਂ ਹੋ ਸਕਦੈ ਪਰ ਜੇ ਸਾਰੀ ਦਾਲ ਹੀ ਕਾਲੀ ਹੋਵੇ ਤਾਂ ਭਲਾ ਬੰਦਾ ਕੀ ਕਰੇ!
ਸਾਡੀਆਂ ਆਪਣੀਆਂ ਸਤਰਾਂ ਹਨ-
“ਕੂੜ ਦੀਆਂ ਪੰਡਾਂ ਹੱਥੋ-ਹੱਥੀ ਵਿਕ ਗਈਆਂ,
ਸੱਚ ਦਾ ਸੌਦਾ ਮੂੰਹ ਤਕਦਾ ਹੀ ਰਹਿ ਗਿਆ”!
1973 ਦੀ ਮਸ਼ਹੂਰ ਹਿੰਦੀ ਫਿਲਮ ‘ਦਾਗ’ ‘ਚ ਸਾਹਿਰ ਲੁਧਿਆਣਵੀ ਦਾ ਲਿਖਿਆ ਤੇ ਲਤਾ ਮੰਗੇਸ਼ਕਰ ਦਾ ਗਾਇਆ ਇਕ ਗੀਤ ਹੈ-
“ਜਬ ਭੀ ਜੀਅ ਚਾਹੇ ਨਈ ਦੁਨੀਆ ਬਸਾ ਲੇਤੇ ਹੈਂ ਲੋਗ,
ਏਕ ਚਿਹਰੇ ਪਰ ਕਈ ਚਿਹਰੇ ਲਗਾ ਲੇਤੇ ਹੈਂ ਲੋਗ”।
ਨਾਮਵਰ ਉਰਦੂ ਸ਼ਾਇਰ ਨਿਦਾ ਫਾਜ਼ਲੀ ਤਾਂ ਤਾੜਨਾ ਕਰਦੈ-
“ਹਰ ਆਦਮੀ ਮੇਂ ਹੋਤੇ ਹੈਂ ਦਸ ਬੀਸ ਆਦਮੀ,
ਜਿਸ ਕੋ ਭੀ ਦੇਖਨਾ ਹੋ ਕਈ ਵਾਰ ਦੇਖਨਾ”।
ਹੁਸੈਨ ਹੈਦਰ ਤਾਂ ਸ਼ਰੇਆਮ ਮੰਨਦੈ-
“ਮੇਰੇ ਏਕ ਨਹੀਂ ਸੌ ਚਿਹਰੇ ਹੈਂ,
ਸੌ ਰੰਗ ਕੇ ਹੈਂ ਕਿਰਦਾਰ ਮੇਰੇ”।
ਸਰਦਾਰ ਅੰਜੁਮ ਇਸ ਗਲੋਂ ਪ੍ਰੇਸ਼ਾਨ ਹੈ ਕਿ-
“ਸਭੀ ਨੇ ਲਗਾਇਆ ਹੈ ਚਿਹਰੇ ਪੇ ਚਿਹਰਾ,
ਕਿਸੇ ਯਾਦ ਰਖੇਂ,ਕਿਸੇ ਭੂੁਲ ਜਾਂਏਂ”।
‘ਮੌਕਾ ਤਾੜ, ਪਲਾਕੀ ਮਾਰ’ ਅਤੇ ਮੌਕੇ ਅਨੁਸਾਰ ਚੌਕਾ ਮਾਰਨ ਦੇ ਜ਼ਮਾਨੇ ਵਿਚ ਮੂੰਹ ਦੇਖ ਕੇ ਚਪੇੜ ਮਾਰਨੀ ਪੈਂਦੀ ਹੈ। ਜਾਣੀ ‘ਬਾਤ ਵੋ ਕਹੀਏ ਕਿ ਜਿਸ ਬਾਤ ਕੇ ਸੌ ਪਹਿਲੂ ਹੋਂ/ਕੋਈ ਪਹਿਲੂ ਤੋ ਰਹੇ ਬਾਤ ਬਦਲਨੇ ਕੇ ਲੀਏ” (ਬੇਖੁਦ ਦੇਹਲਵੀ)। ਜ਼ਰਾ “ਸੋਚ ਸਮਝ ਕਰ ਬਾਤੇਂ ਕਰ/ਲਫਜ਼ੋਂ ਮੇਂ ਤਹਿਦਾਰੀ ਰਖ” (ਅਮੀਰ ਕਜ਼ਲਬਖਸ਼)।
ਖੈਰ, ਚਪੇੜ ਮਾਰਨ ਵਾਲੀ ਉਪਰੋਕਤ ਗਲ ਤਾਂ ਇਕ ਪੁਰਾਣਾ ਮੁਹਾਵਰਾ ਹੈ, ਚਪੇੜ ਤਾਂ ਭਲਾ ਹੁਣ ਕੌਣ ਖਾਂਦੈ! ਬੱਚਾ ਵੀ ਬਾਪ ਬਣ ਗਿਐ ਅਤੇ ਬਾਪ ਬੱਚੇ ਤੋਂ ਜੇ ਡਰਦਾ ਨਹੀਂ ਤਾਂ ਸਹਿਮਦਾ/ਝਿਜਕਦਾ ਜ਼ਰੂਰ ਹੈ। ਕਿਹਾ ਜਾਂਦੈ ਕਿ ਪਹਿਲਾਂ ਬਾਪ ਦੇ ਬੇਟਾ ਪੈਦਾ ਹੁੰਦੇ ਸੀ, ਹੁਣ ਬੇਟਾ ਬਾਪ ਬਣ ਪੇਸ਼ ਆਉਂਦੇੈ! ਸਾਡੀ ਪੀੜ੍ਹੀ ਚੱਕੀ ਦੇ ਦੇ ਪੁੜਾਂ ਵਿਚ ਪਿਸਦੀ ਪੀੜ੍ਹੀ ਹੈ। ਪਹਿਲਾਂ ਅਸੀਂ ਆਪਣੇ ਬਾਪ ਤੋਂ ਡਰਦੇ ਸੀ (ਸਤਿਕਾਰ ਵਜੋਂ?), ਹੁਣ ਅਸੀਂ ਆਪਣੇ ਬੱਚਿਆਂ ਤੋਂ ਡਰਦੇ ਹਾਂ (ਪਿਆਰ ਕਰਕੇ?)। ਇਸ ਦੁਵੱਲੇ ਜਾਂ ਦੂੁਹਰੇ ਡਰ ਵਾਲੀ ਅਸੀਂ ਆਖਰੀ ਪੀੜ੍ਹੀ ਹਾਂ। ਧਰਵਾਸ ਲਈ ਆਪਾਂ ਇਸ ਡਰ ਨੂੰ ‘ਐੇਡਜਸਟਮੈਂਟ’ (ਸਮਝੌਤਾ) ਦਾ ਨਾਮ ਦੇ ਰਖਿਐ। ਹਰ ਜਣਾ ਆਪੋ-ਆਪਣੇ ‘ਸਪੇਸ’ (ਸਵੈ-ਸਥਾਨ) ਵਿਚ ਰਹਿੰਦੈ। ਜਿਥੇ ਇਹ ਮਿਲਦਾ ਨਹੀਂ ਉਥੇ ਇਸ ਨੂੰ ਖੋਹ ਲਿਆ ਜਾਂਦੈ।
ਖੈਰ, ਆਪਾਂ ਭਲਾ ਚਪੇੜ ਮਾਰਨੀ ਹੀ ਕਿਉਂ?
ਸਿਆਸਤ ਤਾਂ ਹੈ ਹੀ ਮਖੌਟੇਬਾਜ਼ੀ! ਸਵੇਰੇ ਘਰ ਛਡ ਕੇ ਜਾਣ ਵਾਲਾ ਕਈ ਵਾਰ ਦੁਪਹਿਰੇ ਹੀ ‘ਘਰ ਵਾਪਸੀ’ ਕਰ ਲੈਂਦੈ! ਕਈਆਂ ਨੂੰ ਘਰ ਵਾਪਸੀ ਕਰਨ ਲਈ ਜ਼ਰਾ ਸਮਾਂ ਲਗ ਜਾਂਦੈ। ਇਸੇ ਲਈ ਤਾਂ ਕਹਿੰਦੇ ਹਨ ਕਿ ਸਵੇਰ ਦਾ ਭੁਲਿਆ ਜੇ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾਂ ਉਸ ਨੂੰ ਭੁਲਿਆ ਨਹੀਂ ਕਹਿੰਦੇ। ਪਰ ਭੁਲਣਵਾਲਾ ਜੇ ਦੂਸਰੇ ਦਿਨ ਜਾਂ ਕੁਝ ਦਿਨਾਂ ਬਾਅਦ ਵਾਪਸ ਆਵੇ ਤਾਂ ਉਸ ਨੂੰ ਮੌਕਾਟੇਰੀਅਨ ਸਿਆਸੀ ਨੇਤਾ ਕਹਿੰਦੇ ਹਨ। ਬਸ, ਜਿਥੇ ਦੇਖਾਂ ਤਵਾ ਪਰਾਤ, ਉਥੇ ਗਾਵਾਂ ਸਾਰੀ ਰਾਤ! ਜਿਸ ਦੀ ਖਾਈਏ ਬਾਜਰੀ, ਉਸ ਦੀ ਲਾਈਏ ਹਾਜਰੀ! ਕੁਰਸੀ, ਅਹੁਦਾ ਜਾਂ ਮਾਲ-ਪਾਣੀ ਦੇ ਦਿਉ, ਅਸੀਂ ਝੱਗਾ ਬਦਲਣ ਲਈ ਤਿਆਰ ਬਰ ਤਿਆਰ ਹਾਂ। ਚੋਣਾਂ ਦੌਰਾਨ ਕਈ ਤਾਂ ਅੇੈਨੀ ਵਾਰ ਪਾਰਟੀ/ਪਾਰਟੀਆਂ ਬਦਲਦੇ ਹਨ ਜਿੰਨੀ ਵਾਰ ਉਹ ਆਪਣੇ ‘ਅੰਡਰਵੀਅਰ’(ਕੱਛਾ/ਕਛਹਿਰਾ) ਨਹੀਂ ਬਦਲਦੇ ਹੋਣੇ। ਬੇਚਾਰਾ ਦਲ-ਬਦਲੀ ਵਿਰੋਧੀ ਕਨੂੰਨ ਵੀ ਹੈਰਾਨ-ਪ੍ਰੇਸ਼ਾਨ ਹੋ ਜਾਂਦੈ। ਪਹਿਲਾਂ ਲੋਕ ਸਭਾ ਚੋਣਾਂ ਵੇਲੇ, ਫਿਰ ਹੁਣੇ ਜਿਹੇ ਹੋਈਆਂ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਵੇਲੇ ਦਲ-ਬਦਲੂਆਂ ਨੇ ਬਸ ‘ਨ੍ਹੇਰੀ ਲਿਆਤੀ। ਸਵੇਰੇ ‘ਮਾਂ-ਪਾਰਟੀ’ ਛਡੀ, ਸ਼ਾਹਵੇਲੇ ਜਾਂ ਦੁਪਹਿਰੇ ਟਿਕਟ/ਅਹੁਦਾ ਦੇਣ ਵਾਲੀ ਪਾਰਟੀ ਵਿਚ ਜਾ ਵੜੇ। ਸਥਾਨਕ ਸਰਕਾਰ ਦੀਆਂ ਸੰਸਥਾਵਾਂ ਉਪਰ ਦਲ-ਬਦਲ ਵਿਰੋਧੀ ਕਨੂੰਨ ਲਾਗੂ ਨਾ ਹੋਣ ਕਾਰਨ ਇਹਨਾਂ ਵਿਚ ਖੁਲ੍ਹ ਖੇਲ੍ਹਣ ਲਈ ਮੈਦਾਨ ਰੜਾ ਤੇ ਖੁਲ੍ਹਾ-ਪੱਧਰਾ ਹੁੰਦੈ। ਜਿਧਰੋਂ ਕੁਰਸੀ ਮਿਲੇ ਓਧਰ ਜਾ ਵੜੇ। ਜਾਣੀ ‘ਜਿਸ ਦਾ ਖਾਈਏ ਉਸ ਦੇ ਗੁਣ ਗਾਈਏ’; ’ਜਿਸ ਦਾ ਪੈਸਾ, ਉਸ ਦੀ ਪੀਪਨੀ’। ਜਿਸ ਨੇ ‘ਰੇਵੜੀਆਂ’ ਨਹੀਂ ਦਿਤੀਆਂ ਉਸ ਤੋਂ ਇਹ ਕਹਿ ਕੇ ਮੂੰਹ ਫੇਰ ਲਿਆ ਕਿ ’ਜੇਹਾ ਤੇਰਾ ਅੰਨ ਪਾਣੀ/ਤੇਹਾ ਤੇਰਾ ਕੰੰਮ ਜਾਣੀ’।
ਸਾਲਾਂ/ਦਹਾਕਿਆਂ ਬੱਧੀ ਇਕ ਪਾਰਟੀ ਦੇ ਕਸੀਦੇ ਪੜ੍ਹਦੇ ਰਹੇ ਪਰ ਕੁਰਸੀ ਦੀ ਖਿਚ ਕਾਰਨ ਉਸ ਪਾਰਟੀ ਵਿਚ ਜਾ ਮਿਲੇ ਜਿਸ ਨੂੰ ਰੱਜ ਕੇ ਗਾਲਾਂ ਕਢਦੇ ਸੀ। ਵਾਹ ਨੀ ਸਿਆਸਤੇ, ਤੇਰੇ ਨਿਰਾਲੇ ਰਾਸਤੇ! ਐੇਨੇ ਮਖੌਟੇ ਕਿ ਮਖੌਟਾ ਹੀ ਮੂੰਹ ਬਣ ਗਿਐ!
ਉਂਝ ਬੀਜ ਨਾਸ ਤਾਂ ਕਿਸੇ ਚੀਜ਼ ਦਾ ਨਹੀਂ ਹੁੰਦਾ। ਦਿਆਨਤਦਾਰ, ਈਮਾਨਦਾਰ, ਵਫਾਦਾਰ ਬੰਦੇ ਅਜੇ ਵੀ ਹਨ। ਤੇ ਸੱਚਿਆਰੇ, ਸਪੱਸ਼ਟਵਾਦੀ, ਬੋਲ-ਭੜੱਕ, ਠਾਹ-ਸੋਟਾ ਮਾਰਕਾ ਬੰਦੇ ਵੀ ਕਾਇਮ-ਦਾਇਮ ਹਨ। ਪਰ ਅਜਿਹੀ ਪ੍ਰਜਾਤੀ ਜੇ ਲੁਪਤ ਨਹੀਂ ਹੋ ਰਹੀ ਤਾਂ ਘਟਦੀ ਜ਼ਰੂਰ ਜਾ ਰਹੀ ਹੈ। ਵੈਸੇ ਵੀ ਇਸ ਨੂੰ ਪਸੰਦ ਘਟ ਹੀ ਕੀਤਾ ਜਾਂਦੈ।
ਅੰਤਿਕਾ-
ਮਖੌਟੇ ਨੂੰ ਅੰਗਰੇਜ਼ੀ ਵਿਚ ‘ਮਾਸਕ’ ਕਹਿੰਦੇ ਹਨ। ਇਹ ਸ਼ਬਦ ਇਟੈਲੀਅਨ ‘ਮਸਕੇਰਾ’ ਅਤੇ ਅਰਬੀ ਦੇ ‘ਮਸਖਰਾ’ ਤੋਂ ਆਇਐ, ਜਿਸ ਦਾ ਅਰਥ ਭੰਡ, ਮਸਖਰਾ ਜਾਂ ਸਵਾਂਗ ਕਰਨ ਵਾਲਾ ਹੈ। ਕੌਲਿਨਜ਼ ਇੰਗਲਿਸ਼ ਡਿਕਸ਼ਨਰੀ ਵਿਚ ਮਾਸਕ ਦੇ ਨਾਉਂ ਵਜੋਂ 17 ਅਤੇ ਕ੍ਰਿਆ ਵਜੋਂ 4 ਅਰਥ ਕੀਤੇ ਗਏ ਹਨ। ਸ਼ਬਦੀ ਅਰਥ ਤਾਂ ਚਿਹਰੇ ਜਾਂ ਇਸ ਦੇ ਕੁਝ ਭਾਗ ਨੂੰ ਢਕਣ ਵਾਲੇ ਪਰਦੇ ਤੋਂ ਹਨ ਪਰ ਭਾਵਾਰਥਕ ਅਰਥ ‘ਕੋਈ ਅਜਿਹਾ ਤਥ ਜਾਂ ਕਾਰਜ ਜੋ ਕਿਸੇ ਗਲ ਨੂੰ ਲੁਕਾਉਣ ਲਈ ਹੋਵੇ’ ਵਜੋਂ ਹਨ। ਇਹ ਹਿਫਾਜ਼ਤ, ਮਨੋਰੰਜਨ ਅਤੇ ਭੇਸ-ਬਦਲੀ ਲਈ ਵੀ ਪਹਿਨਿਆਂ ਜਾਂਦਾ ਸੀ। ਮਖੌਟਾ ਪ੍ਰਾਚੀਨ ਯੁੂਨਾਨ ਅਤੇ ਰੋਮ ਵਿਚ ਅਦਾਕਾਰਾਂ ਦੁਆਰਾ ਮੰਚ ਉਪਰ ਨਾਟਕ ਕਰਨ ਵੇਲੇ ਪਹਿਨਿਆਂ ਜਾਂਦਾ ਸੀ। ਕਈ ਨਾਚਾਂ ‘ਚ ਵੀ ਇਸ ਦੀ ਵਰਤੋਂ ਹੁੰਦੀ ਹੈ। ਫਿਲਮੀ ਦ੍ਰਿਸ਼ਾਂ/ਗੀਤਾਂ ਵਿਚ ਵੀ ਇਸਤੇਮਾਲ ਕੀਤਾ ਜਾਂਦੈ। ਮੈਡੀਕਲ ਕਾਰਨ ਵੀ ਹੁੰਦੇ ਹਨ (ਜਿਵੇਂ ਕੋਵਿਡ-19 ਵੇਲੇ)।
ਮਖੌਟੇ ਨੂੰ ਅਰਬੀ ਵਿਚ ‘ਨਕਾਬ’ ਕਹਿੰਦੇ ਹਨ, ਜਿਸ ਦਾ ਮਹਾਨਕੋਸ਼ ਅਨੁਸਾਰ ਅਰਥ ਹੈ ‘ਬਾਰੀਕ ਵਸਤ੍ਰ, ਜੋ ਮੂੰਹ ਢਕਣ ਲਈ ਇਸਤ੍ਰੀਆਂ ਵਰਤਦੀਆਂ ਹਨ’।
ਪਰ ਅਸੀਂ ਮਖੌਟੇ ਨੂੰ ਨਕਾਬ, ਪੜਦਾ, ਪੱਲਾ, ਬੁਰਕਾ, ਕੱਜਣ, ਘੂੰਗਟ ਜਾਂ ਘੁੰਡ/ਝੁੰਡ ਵਜੋਂ ਨਹੀਂ ਬਲਕਿ ਭੇਖਪੁਣੇ ਵਜੋਂ ਵਰਤਿਐ।