Articles

ਮਜਦੂਰ ਤੋਂ ਲੈ ਕੇ ਲੈਕਚਰਾਰ ਤੱਕ ਦਾ ਸਫਰ ਤਹਿ ਕਰਨ ਵਾਲਾ: ਤੇਜਾ ਸਿੰਘ

ਸ਼੍ਰ. ਤੇਜਾ ਸਿੰਘ ਲੈਕਚਰਾਰ ਹਿੰਦੀ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਤੋਂ ਤਕਰੀਬਨ 37 ਸਾਲ ਦੀ ਸੇਵਾ ਪੂਰੀ ਕਰਕੇ 31 ਅਗਸਤ 2016 ਨੂੰ ਬਿਨ੍ਹਾਂ ਵਾਧਾ ਲਏ ਰਿਟਾਇਰ ਹੋ ਚੁੱਕੇ ਹਨ।
ਲੇਖਕ: ਮੇਜਰ ਸਿੰਘ ਨਾਭਾ

ਅਧਿਆਪਕ ਕੌਮ ਦਾ ਨਿਰਮਾਤਾ ਮੰਨਿਆ ਜਾਂਦਾ ਹੈ । ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਲਈ ਵਿੱਦਿਆ ਦੇਣ ਦਾ ਕੰਮ ਅਧਿਆਪਕ ਦੇ ਜ਼ਿੰਮੇ ਹੈ।ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਸ਼੍ਰ. ਤੇਜਾ ਸਿੰਘ ਲੈਕਚਰਾਰ ਹਿੰਦੀ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਤੋਂ ਤਕਰੀਬਨ 37 ਸਾਲ ਦੀ ਸੇਵਾ ਪੂਰੀ ਕਰਕੇ 31 ਅਗਸਤ 2016 ਨੂੰ ਬਿਨ੍ਹਾਂ ਵਾਧਾ ਲਏ ਰਿਟਾਇਰ ਹੋ ਚੁੱਕੇ ਹਨ। ਇਹਨਾਂ ਦਾ ਜਨਮ ਪਿੰਡ ਦੰਦਰਾਲਾ ਢੀਂਡਸਾ ਜਿਲ੍ਹਾ ਪਟਿਆਲਾ ਵਿਖੇ 15 ਅਗਸਤ 1958 ਨੂੰ ਮਾਤਾ ਸਵ: ਸ੍ਰੀਮਤੀ ਅਜਮੇਰ ਕੌਰ ਦੀ ਕੁੱਖ ਤੋਂ ਹੋਇਆ। ਆਪ ਦੇ ਪਿਤਾ ਸਵ: ਸ੍ਰ. ਸਾਵਨ ਸਿੰਘ ਇੱਕ ਸੱਚੀ ਕਿਰਤ ਕਰਨ ਵਾਲੇ ਇਨਸਾਨ ਸਨ।ਤੇਜਾ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕਰਕੇ 1975 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰ ਲਈ ਪਰ ਘਰ ਦੀ ਆਰਥਿਕ ਮਜਬੂਰੀ ਕਾਰਣ ਆਪ ਨੇ ਅਧਿਆਪਕ ਬਣਨ ਦਾ ਸੁਪਨਾ ਲਿਆ ਅਤੇ ਸੰਸ਼ਕ੍ਰਿਤ ਕਾਲਜ ਨਾਭਾ ਵਿਖੇ ਪ੍ਰਭਾਕਰ ਕਰਨ ਲਈ 1975 ਵਿੱਚ ਹੀ ਦਾਖਲਾ ਲੈ ਲਿਆ ।ਪ੍ਰਭਾਕਰ ਦੀ ਪ੍ਰੀਖਿਆ ਦੇ ਨਤੀਜਾ ਆਉਣ ਤੇ ਉਸ ਦੀ ਕੰਪਾਰਟਮੈਂਟ ਆ ਗਈ ।ਪਰਿਵਾਰ ਵੱਡਾ ਹੋਣ ਕਰਕੇ ਗਰੀਬੀ ਸਾਫ ਝਲਕਤੀ ਸੀ ਇਸੇ ਕਰਕੇ ਦੁਬਾਰਾ ਪੇਪਰ ਦੇਣ ਦੀ ਹਿੰਮਤ ਨਾ ਹੋਣ ਕਰਕੇ ਉਨ੍ਹਾਂ ਤਿੰਨ ਸਾਲ ਖੇਤੀਬਾੜੀ ‘ਚ ਘਰਦਿਆਂ ਨਾਲ ਹੱਥ ਵਟਾਇਆ ਅਤੇ ਮਜਦੂਰੀ ਕਰਨ ‘ਚ ਵੀ ਕੋਈ ਝਿਜਕ ਨਹੀਂ ਕੀਤੀ ।ਉਨ੍ਹਾਂ ਨੇ ਸੋਚਿਆ ਕਿ ਸੱਪਾਂ ਦੀਆਂ ਸਿਰੀਆਂ ਮਿਧਣ ਨਾਲੋਂ ਤਾਂ ਦੁਬਾਰਾ ਪੜ੍ਹਾਈ ਕਰਨੀ ਹੀ ਚੰਗੀ ਹੈ ।ਉਨ੍ਹਾਂ ਨੇ ਹੌਸ਼ਲਾ ਕਰਕੇ ਪ੍ਰਾਈਵੇਟ ਤੌਰ ਤੇ ਫੀਸ ਭਰ ਕੇ ਪ੍ਰਭਾਕਰ ਦੀ ਪ੍ਰੀਖਿਆ 1978 ਵਿੱਚ ਪਾਸ ਕਰ ਲਈ ।ਇਸ ਉਪਰੰਤ ਉਨ੍ਹਾਂ ਨੇ ਸਟੇਟ ਕਾਲਜ ਪਟਿਆਲਾ ਵਿੱਚ ਅਧਿਆਪਕ ਬਣਨ ਲਈ ਓ.ਟੀ. ਵਿੱਚ ਦਾਖਲਾ ਲੈ ਲਿਆ ਜਿਸ ਦੀ ਫੀਸ ਅਤੇ ਹੋਰ ਖਰਚਿਆਂ ਲਈ ਉਨ੍ਹਾਂ ਨੂੰ ਪੈਸੇ ਇੱਕ ਪਿੰਡ ਦੇ ਹੀ ਸੇਵਾ ਮੁਕਤ ਸੂਬੇਦਾਰ ਤੋਂ ਉਧਾਰ ਲੈਣੇ ਪਏ ।ਉਨ੍ਹਾਂ ਨੇ ਇੱਕ ਸਾਲ ਦੀ ੳ.ਟੀ. ਦੀ ਪ੍ਰੀਖਿਆ ਸਤੰਬਰ 1979 ਵਿੱਚ ਪਾਸ ਕਰਕੇ ਅਧਿਆਪਕ ਲੱਗਣ ਦੀ ਯੋਗਤਾ ਪ੍ਰਾਪਤ ਕਰ ਲਈ।ਉਨ੍ਹਾਂ ਦੀ ਸੋਚ ਅਤੇ ਉਮੀਦ ਨੂੰ ਉਸੀ ਸਾਲ ਹੀ ਬੂਰ ਪੈ ਗਿਆ ਜਦੋਂ ਉਨ੍ਹਾਂ ਦੀ ਜਿਲ੍ਹਾ ਸਿੱਖਿਆ ਅਫਸਰ ਪਟਿਆਲਾ ਵਲੋਂ ਐਡਹਾਕ ਪੱਧਰ ਤੇ ਬਤੌਰ ਹਿੰਦੀ ਟੀਚਰ ਨਿਯੁਕਤੀ ਹੋਣ ਉਪਰੰਤ ਉਨ੍ਹਾਂ ਨੇ 31 ਦਸੰਬਰ 1979 ਨੂੰ ਸਰਕਾਰੀ ਹਾਈ ਸਕੂਲ ਟਿੱਬੀ (ਜਿਲ੍ਹਾ ਪਟਿਆਲਾ ਹੁਣ ਫਤਿਹਗੜ੍ਹ ਸਾਹਿਬ) ਵਿਖੇ ਐਡਹਾਕ ਤੌਰ ਤੇ ਅਧਿਆਪਨ ਦਾ ਸਫਰ ਸ਼ੁਰੂ ਕੀਤਾ।ਉਨ੍ਹਾਂ ਦੇ ਮਨ ਵਿੱਚ ਉਚੇਰੀ ਪੜ੍ਹਾਈ ਪ੍ਰਾਈਵੇਟ ਤੌਰ ਤੇ ਕਰਨ ਦੀ ਤਮੰਨਾ ਕਰਕੇ ਉਨ੍ਹਾਂ ਨਾਭੇ ਰਿਹਾਇਸ਼ ਕਰ ਲਈ । ਉਨ੍ਹਾਂ ਦੀ ਪ੍ਰੈਪ ਵਿੱਚ ਅੰਗਰੇਜ਼ੀ ਦੀ ਰੀਅਪੀਅਰ ਆ ਗਈ ਪਰ ਬੀ.ਏ. ਭਾਗ ਪਹਿਲਾ ਪਾਸ ਕਰ ਲਿਆ । ਰੀਅਪੀਅਰ ਕਾਰਨ ਉਨ੍ਹਾਂ ਦਾ ਮਨ ਟੁੱਟ ਗਿਆ ਉਨ੍ਹਾਂ ਨੇ ਪੜ੍ਹਾਈ ਕਰਨੀ ਛੱਡ ਦਿੱਤੀ ।ਟਿੱਬੀ ਸਕੂਲ ਤੋਂ ਉਨ੍ਹਾਂ ਦੀ ਬਦਲੀ ਸ.ਮਿ.ਸ. ਬਹੇੜ (ਪਟਿਆਲਾ) ਹੋ ਗਈ । ਇਥੇ 20 ਮਈ 1981 ਨੂੰ ਉਨ੍ਹਾਂ ਨੇ ਹਾਜ਼ਰੀ ਦਿੱਤੀ ।ਇਸੇ ਦੌਰਾਨ ਉਨ੍ਹਾਂ ਦਾ ਵਿਆਹ ਬਾਗੜੀਆਂ ਵਿਖੇ ਅਕਤੂਬਰ 1981 ਵਿੱਚ ਸਵ: ਸ੍ਰ. ਜੰਗੀਰ ਸਿੰਘ (ਪੰਚ) ਦੀ ਪੁੱਤਰੀ ਕਮਲਜੀਤ ਕੌਰ ਨਾਲ ਹੋ ਗਿਆ ।ਉਨ੍ਹਾਂ ਸ.ਮਿ.ਸ. ਬਹੇੜ ਵਿਖੇ ਤਕਰੀਬਨ ਇੱਕ ਸਾਲ ਦੀ ਸੇਵਾ ਨਿਭਾਉਣ ਉਪਰੰਤ ਆਪਸੀ ਬਦਲੀ ਸ.ਹ.ਸ. ਤੰਦਾਬੱਧਾ ਵਿਖੇ ਹੋਣ ਤੇ 24 ਅਪ੍ਰੈਲ 1982 ਨੂੰ ਇਸ ਸਕੂਲ਼ ਵਿੱਚ ਹਾਜ਼ਰੀ ਦਿੱਤੀ । ਉਨ੍ਹਾਂ ਨੇ ਆਪਸੀ ਬਦਲੀ ਸ.ਹ.ਸ.ਮਲੇ੍ਹਵਾਲ ਵਿਖੇ ਕਰਵਾਕੇ 20 ਮਈ 1983 ਨੂੰ ਹਾਜ਼ਰੀ ਦੇ ਕੇ ਇਸ ਸਕੂਲ ਵਿੱਚ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ ।ਉਨ੍ਹਾਂ ਦੀ ਇਸ ਸਕੂਲ ਵਿੱਚ ਰੈਗੂਲਰ ਨਿਯੁਕਤੀ 10 ਅਗਸਤ 1984 ਨੂੰ ਪਿਛਲੀ ਤਾਰੀਖ 22 ਅਕਤੂਬਰ 1982 ਤੋਂ ਹੋ ਗਈ ।ਇਥੇ ਉਨ੍ਹਾਂ ਦੇ ਸੰਪਰਕ ਵਿੱਚ ਅਧਿਆਪਕ ਸ੍ਰੀ ਨਿਗਮ ਸਰੂਪ ਸਾਸ਼ਤਰੀ ਆਏ । ਉਚੇਰੀ ਪੜ੍ਹਾਈ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸਿਰਫ ਇੰਗਲਿਸ਼ ਵਿਸ਼ੇ ਨਾਲ ਬੀ.ਏ. ਕਰਨ ਦਾ ਮੌਕਾ ਦਿੱਤਾ , ਦੋਹਾਂ ਨੇ ਦਾਖਲਾ ਲੈਣ ਦਾ ਮਨ ਬਣਾਇਆ ਪਰ ਰਸਤੇ ‘ਚੋਂ ਹੀ ਖਾ ਪੀ ਕੇ ਕਿਸੇ ਕਾਰਨ ਮੁੜ ਆਏ ਜਿਸ ਕਾਰਨ ਇਹ ਮੌਕਾ ਖੁੰਝ ਗਿਆ ।ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੱਤਰ ਵਿਹਾਰ ਸਿੱਖਿਆ ਰਾਹੀਂ ਪ੍ਰਭਾਕਰ ਅਤੇ ਗਿਆਨੀ ਪਾਸ ਵਾਲਿਆਂ ਲਈ ਬੀ.ਏ. ਦੋ ਸਾਲਾਂ ‘ਚ ਤਿੰਨ ਵਿਸ਼ਿਆਂ ਨਾਲ ਕਰਨ ਦੀ ਆਗਿਆ ਦੇ ਦਿੱਤੀ ।ਲੰਬੇ ਵਕਫੇ ਬਾਅਦ ਤੇਜਾ ਸਿੰਘ ਨੇ 1990 ਵਿੱਚ ਪੱਤਰ-ਵਿਹਾਰ ਰਾਹੀਂ ਦਾਖਲਾ ਲੈ ਲਿਆ ਅਤੇ 1992 ਵਿੱਚ ਬੀ.ਏ. ਪਾਸ ਕਰ ਲਈ ।ਉਨ੍ਹਾਂ ਨੇ 1994 ਵਿੱਚ ਪੱਤਰ–ਵਿਹਾਰ ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ.ਐਡ ਕਰ ਲਈ ।ਉਨ੍ਹਾਂ ਨੇ 1996 ਵਿੱਚ ਐਮ.ਏ. ਹਿੰਦੀ ਅਤੇ 1999 ਵਿੱਚ ਐਮ.ਏ. (ਪੰਜਾਬੀ) ਪੱਤਰ-ਵਿਹਾਰ ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰ ਲਈ ।ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਹੀ ਐਮ.ਐਡ. ਪੱਤਰ-ਵਿਹਾਰ ਰਾਹੀਂ 1998 ਵਿੱਚ ਕਰ ਲਈ । ਉਨ੍ਹਾਂ ਦੀ ਤਰੱਕੀ ਸਰਕਾਰੀ ਸੈਕੰਡਰੀ ਸਕੂਲ਼ ਮਲੇ੍ਹਵਾਲ ਤੋਂ ਬਤੌਰ ਸ.ਸ. ਮਾਸਟਰ ਸ.ਮਿ.ਸ.ਰਾਮਗੜ੍ਹ ਵਿਖੇ ਹੋ ਗਈ ਅਤੇ ਉਨ੍ਹਾਂ ਨੇ 6 ਨਵੰਬਰ 1995 ਨੂੰ ਹਾਜ਼ਰ ਹੋ ਕੇ ਸੇਵਾ ਆਰੰਭ ਕਰ ਦਿੱਤੀ ।ਉਹ ਇਸ ਸਕੂਲ ਵਿੱਚ ਬੱਚਿਆਂ ਨੂੰ ਵੱਖ-ਵੱਖ ਕੰਪੀਟੀਸ਼ਨਾਂ ਜਿਵੇਂ ਵਿਦਿਅਕ ,ਸਭਿਆਚਾਰਕ , ਖੇਡਾਂ ਆਦਿ ‘ਚ ਭਾਗ ਦਿਵਾਉਣ ਲਈ ਤਿਆਰੀ ਕਰਵਾਉਂਦੇ ਰਹੇ ।ਉਹ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਨੈਤਿਕ ਸਿਖਿਆ ਆਦਿ ਬਾਰੇ ਲੈਕਚਰ ਦਿੰਦੇ ਰਹੇ ।ਉਹ ਪੜ੍ਹਾਈ ਵਿੱਚ ਕਮਜੋਰ ਅਤੇ ਗਰੀਬ ਬੱਚਿਆਂ ਨੂੰ ਸਕੂਲ ਸਮੇਂ ਤੋਂ ਬਾਅਦ ਪੜ੍ਹਾਉਂਦੇ ਰਹੇ ।ਜੋ ਵੀ ਫੰਡ ਉਨ੍ਹਾਂ ਨੂੰ ਮਿਲਦਾ ਉਸ ਨੂੰ ਸਲੀਕੇ ਨਾਲ ਸਾਂਭ ਕੇ ਰੱਖਣਾ , ਸਮੇਂ ਸਿਰ ਪੂਰਾ ਕਰਨਾ ਉਨ੍ਹਾਂ ਦੀ ਆਦਤ ਰਹੀ ਹੈ।ਉਹ 2003-04 ਵਿੱਚ ਇੰਡੀਅਨ ਰੈਡ ਕਰਾਸ ਦੇ ਲਾਈਫ ਮੈਂਬਰ ਇਨਰੋਲ ਹੋਏ ।ਸਕਾਊਟ ਮਾਸਟਰ ਦਾ ਬੇਸਿਕ ਕੋਰਸ ਉਨ੍ਹਾਂ 2005 ਵਿੱਚ ਸਫਲਤਾਪੂਰਵਕ ਸਪੰਨ ਕੀਤਾ । ਇਥੋਂ ਉਨ੍ਹਾਂ ਦੀ ਤਰੱਕੀ ਬਤੌਰ ਲੈਕਚਰਾਰ ਹਿੰਦੀ ਹੋਣ ਤੇ ਉਹ ਰਸਮੀ ਤੌਰ ਤੇ 9 ਜੂਨ 2008 ਨੂੰ ਸ.ਸ.ਸ.ਸ. ਲੜਕੀਆਂ ਨਾਭਾ ਵਿਖੇ ਹਾਜ਼ਰ ਹੋ ਗਏ । ਉਨ੍ਹਾਂ ਨੂੰ ਮਹਿਕਮੇ ਵਲੋਂ ਸ.ਸ.ਸ.ਸ.ਚਲੈਲਾ (ਪਟਿਆਲਾ) ਵਿਖੇ ਸਟੇਸ਼ਨ ਮਿਲਣ ਤੇ ਉਨ੍ਹਾਂ ਨੇ 1 ਅਗਸਤ 2008 ਨੂੰ ਇਸ ਸਕੂਲ਼ ਵਿੱਚ ਹਾਜ਼ਰੀ ਦਿੱਤੀ । ਉਹ 30 ਸਤੰਬਰ 2010 ਨੂੰ ਪੋਸਟ ਸਮੇਤ ਬਦਲੀ ਕਰਵਾ ਕੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ਼ ਮਾਡਲ ਟਾਊਨ ਪਟਿਆਲਾ ਵਿਖੇ ਹਾਜ਼ਰ ਹੋ ਕੇ ਸੇਵਾ ਨਿਭਾਉਣ ਲੱਗੇ । ਇਥੇ ਉਨ੍ਹਾਂ ਲੱਗਭੱਗ ਛੇ ਸਾਲ ਬੜੀ ਲਗਨ , ਮਿਹਨਤ , ਦ੍ਰਿੜਤਾ ਨਾਲ ਪੜ੍ਹਾਇਆ ।ਤਕਰੀਬਨ ਤਿੰਨ ਸਾਲ ਇਥੇ ਉਨ੍ਹਾ ਨੇ ਮਿਡਲ ਵਿੰਗ ਵਿੱਛ ਬਤੌਰ ਇੰਚਾਰਜ਼ ਪਿੰਸੀਪਲ ਸੇਵਾ ਨਿਭਾਈ ਅਤੇ ਵੱਡੇ ਸਟਾਫ ਦਾ ਜੀ.ਪੀ.ਐਫ. ਅਤੇ ਜੀ.ਆਈ.ਐਸ. ਦਾ ਕੰਮ ਹਮੇਸ਼ਾ ਸਾਫ-ਸੁੱਥਰਾ ਅਤੇ ਅਪਟੂਡੇਟ ਕਰ ਕੇ ਰੱਖਿਆ । ਉਨ੍ਹਾਂ ਨੇ ਅਧਿਆਪਕ-ਵਿਦਿਆਰਥੀ ਦੇ ਪਵਿੱਤਰ ਰਿਸ਼ਤੇ ਨੂੰ ਉੱਚੇ ਮੁਕਾਮ ਤੇ ਲਿਜਾਣ ਲਈ ਸਮਰਪਿਤ ਹੋ ਕੇ ਦਿਲੋਂ ਕੰਮ ਕੀਤਾ । ਜਿਲ੍ਹਾ ਸਿੱਖਿਆ ਅਫਸਰ (ਸੈ: ਸਿ:) ਪਟਿਆਲਾ ਵਲੋਂ ਅਧਿਆਪਕ ਦਿਵਸ਼ 2014 ਨੂੰ ਉਨ੍ਹਾਂ ਦੀਆਂ ਸਾਨਦਾਰ ਸੇਵਾਵਾਂ ਨੂੰ ਦੇਖਦਿਆਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ।ਕਿਰਤ ਕਰਨ , ਲਗਨ ,ਹਿੰਮਤ , ਦ੍ਰਿੜ ਇਰਾਦੇ ਦੀ ਮਿਸਾਲ ਉਨ੍ਹਾ ਦੇ ਨਾਭਾ ਵਿਖੇ ਘਰ ਦੇ ਦੁੱਧ ਲਈ ਮੱਝਾਂ ਰੱਖਣ ਤੋਂ ਮਿਲਦੀ ਹੈ ।ਉਹ ਸਕੂਲ਼ ਸਮੇਂ ਤੋਂ ਬਾਦ ਮੱਝਾਂ ਲਈ ਚਾਰਾ ਅਤੇ ਹੋਰ ਸੰਭਾਲ ਦੇ ਕੰਮ ਵੀ ਨਾਲੋ-ਨਾਲ ਕਰਦੇ ਰਹੇ । ਵਾਧੂ ਦੁੱਧ ਸੇਲ ਵੀ ਕਰਦੇ ਰਹੇ । ਉਨ੍ਹਾਂ ਨੇ ਬਹੁਤੀ ਸਰਵਿਸ ਸਾਈਕਲ ਤੇ ਜਾ ਕੇ ਕੀਤੀ । ਉਹ ਰੋਜ਼ਾਨਾ ਆਉਣ-ਜਾਣ 120 ਕਿਲੋਮੀਟਰ ਸਾਈਕਲ ਤੇ ਬਹੇੜ ਸਕੂਲ਼ ਜਾਂਦੇ ਰਹੇ ।ਹੁਣ ਵੀ ਉਹ ਸਿਹਤ ਪ੍ਰਤੀ ਜਾਗਰੂਕ ਹਨ । ਉਨ੍ਹਾਂ ਦੀ ਬੇਟੀ ਰੁਪਿੰਦਰ ਕੌਰ ਬੀ.ਏ. , ਹੈਲਥ ਐਂਡ ਬਿਊਟੀ ਦਾ ਕੋਰਸ ਕਰਕੇ ਸ.ਸ.ਸ.ਸ. ਨਦਾਮਪੁਰ ਵਿਖੇ ਵੋਕੇਸ਼ਨਲ ਟਰੇਨਰ ਦੀ ਸੇਵਾ ਨਿਭਾ ਰਹੀ ਹੈ । ਉਹ ਪਟਿਆਲਾ ਵਿਖੇ ਆਪਣੇ ਪਤੀ ਗੁਰਵਿੰਦਰ ਸਿੰਘ , ਬੇਟੀ ਸਹਿਜਲੀਨ ਕੌਰ ਅਤੇ ਬੇਟੇ ਸਮਰਵੀਰ ਸਿੰਘ ਨਾਲ ਰਹਿ ਰਹੀ ਹੈ । ਬੇਟਾ ਹਰਪ੍ਰੀਤ ਸਿੰਘ ਐਮ.ਬੀ.ਏ.(ਪੋਸਟ-ਗ੍ਰੇਜੂਏਟ) ਆਪਣੀ ਪਤਨੀ ਅਮਨਦੀਪ ਕੌਰ ਅਤੇ ਬੇਟੀ ਅਜਲਜੋਤ ਕੌਰ ਨਾਲ ਮੁਹਾਲੀ ਵਿਖੇ ਰਹਿ ਰਿਹਾ ਹੈ। ਦੂਸਰਾ ਬੇਟਾ ਦਵਿੰਦਰ ਸਿੰਘ (ਐਮ.ਟੈਕ.) ਆਪਣੀ ਪਤਨੀ ਲਵਪ੍ਰੀਤ ਕੌਰ ਅਤੇ ਬੇਟੇ ਗੁਰਸ਼ਬਦ ਸਿੰਘ ਨਾਲ ਆਸਟ੍ਰੇਲੀਆ ਵਿਖੇ ਰਹਿ ਰਿਹਾ ਹੈ ।

ਤੇਜਾ ਸਿੰਘ ਨੇ ਤਕਰੀਬਨ 37 ਸਾਲ ਈਮਾਨਦਾਰੀ ਨਾਲ ਬੇਦਾਗ਼ ਸ਼ਾਨਦਾਰ ਸੇਵਾ ਨਿਭਾ ਕੇ ਮਾਣ ਪ੍ਰਾਪਤ ਕੀਤਾ ਹੈ ।ਉਹ ਧਾਰਮਿਕ ਬਿਰਤੀ ਵਾਲੇ ਮਿਹਨਤੀ ਅਤੇ ਮਿਲਣਸਾਰ ਸੁਭਾਅ ਵਾਲੇ ਇਨਸਾਨ ਹਨ।

ਪ੍ਰਮਾਤਮਾ ਉਨ੍ਹਾਂ ਨੂੰ ਹਮੇਸ਼ਾਂ ਸਿਹਤਯਾਬੀ ਅਤੇ ਪਰਿਵਾਰਕ ਖੁਸ਼ੀਆਂ ਬਖਸ਼ੇ ।

Related posts

ਭਾਰਤ-ਪਾਕਿਸਤਾਨ ਵਪਾਰ ਬੰਦ: ਪਾਕਿ ਤੋਂ ਆਉਣ ਵਾਲੇ ਸਾਰੇ ਸਮਾਨ ‘ਤੇ ਪਾਬੰਦੀ !

admin

ਦੇਸ਼ ਦੇ ਦੁਸ਼ਮਣ ਹੁਣ ਦੋ ਨਹੀਂ, ਸਗੋਂ ਤਿੰਨ ਹਨ: ਕਰੋ ਜਾਂ ਮਰੋ ਦੀ ਲੜਾਈ ਅਤੇ ਅੱਧੇ ਮੋਰਚੇ ‘ਤੇ ਚੁਣੌਤੀ !

admin

“ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ” 

admin