
ਅੰਗਰੇਜ਼ਾਂ ਦੇ ਰਾਜ ਸਮੇਂ ਜਪਾਨ ਤੋਂ ਉੱਚ-ਵਿੱਦਿਆ ਪ੍ਰਾਪਤ ਕਰਕੇ ਆਏ ਪ੍ਰੋਫੈਸਰ ਪੂਰਨ ਸਿੰਘ ਤੋਂ ਪ੍ਰਭਾਵਤ ਹੁੰਦਿਆਂ ‘ਸਰ’ ਸੁੰਦਰ ਸਿੰਘ ਮਜ਼ੀਠੀਆ (ਪੜਦਾਦਾ ਜੀ ਮੌਜੂਦਾ ਅਕਾਲੀ ਆਗੂ ਬਿਕਰਮ ਸਿੰਘ ਮਜ਼ੀਠੀਆ) ਉਸਨੂੰ ਆਪਣੇ ਫਾਰਮ ਹਾਊਸ ਸਰਦਾਰ ਨਗਰ (ਯੂ.ਪੀ) ਵਿਖੇ ਲੈ ਗਏ।
ਉੱਥੇ ਮਜ਼ੀਠੀਆਂ ਦੀ ਰਿਹਾਇਸ਼ ਵਿਖੇ ਜਿਹੜਾ ਕਮਰਾ ਪ੍ਰੋਫੈਸਰ ਪੂਰਨ ਸਿੰਘ ਨੂੰ ਰਹਿਣ ਵਾਸਤੇ ਦਿੱਤਾ ਗਿਆ, ਕੁੱਝ ਚਿਰ ਬਾਅਦ ਉਹ ਕਮਰਾ ਪ੍ਰੋਫੈਸਰ ਸਾਹਿਬ ਨੂੰ ਪੁੱਛਿਆਂ ਬਗੈਰ ਉਨ੍ਹਾਂ ਅੰਗਰੇਜ਼ ਮੇਮਾਂ ਨੂੰ ਦੇ ਦਿੱਤਾ ਗਿਆ, ਜੋ ਉੱਥੇ ਅੰਗਰੇਜ਼ੀ ਪੜ੍ਹਾਉਣ ਲਈ ਨੀਯਤ ਕੀਤੀਆਂ ਗਈਆਂ ਸਨ! ਅਜ਼ਾਦ ਖਿਆਲ ਪ੍ਰੋਫੈਸਰ ਸਾਹਿਬ ਨੂੰ ਇਹ ਗੱਲ ਬਹੁਤ ਬੁਰੀ ਲੱਗੀ। ਉਨ੍ਹਾਂ ਇਸ ਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ ਮੰਨਿਆਂ!
ਉਹ ਤੈਸ਼ ‘ਚ ਆ ਕੇ ਉੱਥੋਂ ਸਿੱਧੇ ਆਪਣੇ ਘਰ ਡੇਹਰਾਦੂਨ ਮੁੜ ਆਏ ਤੇ ਆਪਣੀ ਪਤਨੀ ਮਾਇਆ ਨੂੰ ਇਉਂ ਦੱਸਣ ਲੱਗੇ-
“ਦੇਖ ਮਾਇਆ ! ਮੇਰੇ ਵਾਲਾ ਕਮਰਾ ਉਨ੍ਹਾਂ ਮੇਮਣੀਆਂ ਨੂੰ ਦੇ ਦਿੱਤਾ ਜਿਹੜਾ ਮੂੰਹ ਵਿੰਗਾ ਕਰਕੇ ਬੱਚਿਆਂ ਨੂੰ ਗੁਲਾਮੀ ਦਾ ਸਬਕ ਸਿਖਾਉਂਦੀਆਂ। ਤੇ ਮੈਨੂੰ ਪੌੜੀਆਂ ਕੋਲ਼ ਦਾ ਕਮਰਾ ਦੇ ਦਿੱਤਾ ਜਿੱਥੇ ਆਉਂਦਿਆਂ ਜਾਂਦਿਆਂ ਦੀਆਂ ਜੁੱਤੀਆਂ ਦਾ ਖੜਾਕ ਹੀ ਨਹੀਂ ਸੀ ਮਾਣ। ਉੱਥੇ ਬੰਦਾ ਕਿਵੇਂ ਲਿਖ ਪੜ੍ਹ ਸਕਦਾ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਅੰਗਰੇਜ਼ਾਂ ਦੇ ਖੁਸ਼ਾਮਦੀਆਂ ਕੋਲ ਚਲਾ ਗਿਆ ਸਾਂ !”
ਬਾਅਦ ਵਿਚ ਸਰ ਜੋਗਿੰਦਰ ਸਿੰਘ ਨੇ ਪ੍ਰੋਫੈਸਰ ਪੂਰਨ ਸਿੰਘ ਹੁਣਾ ਨੂੰ ਪੇਸ਼ਕਸ਼ ਕੀਤੀ ਕਿ ਉਹ ਮਜ਼ੀਠੀਆ ਸਾਹਬ ਨਾਲ (ਪ੍ਰੋਫੈਸਰ ਸਾਹਬ ਦਾ) ਸਮਝੌਤਾ ਕਰਾ ਦੇਣਗੇ ਪਰ ਪ੍ਰੋਫੈਸਰ ਸਾਹਬ ਨੇ ਬੜੇ ਰੋਹ ਨਾਲ ਜੋਗਿੰਦਰ ਸਿੰਘ ਨੂੰ ਲੰਮੀਆਂ-ਲੰਮੀਆਂ ਚਿੱਠੀਆਂ ਲਿਖੀਆਂ! ਇਨ੍ਹਾਂ ਚਿੱਠੀਆਂ ਵਿਚ ਵੀ ਅਲਬੇਲੇ ਸ਼ਾਇਰ ਪ੍ਰੋਫੈਸਰ ਪੂਰਨ ਸਿੰਘ ਹੁਣਾ ਨੇ ‘ਅੰਗਰੇਜ਼ਾਂ ਦੇ ਖੁਸ਼ਾਮਦੀਆਂ’ ਨੂੰ ਕੀ ਕਿਹਾ ਹੋਵੇਗਾ, ਪਾਠਕ ਆਪੇ ਅੰਦਾਜ਼ਾ ਲਾ ਲੈਣ ?!
(ਪ੍ਰੋਫ਼ੈਸਰ ਪੂਰਨ ਸਿੰਘ ਦੀ ਜੀਵਨੀ ਵਾਲੀ ਕਿਤਾਬ ‘ਰਾਜ ਹੰਸ’ ਦਾ ਸਫਾ 190-191)