ਫਲਸਤੀਨ ਐਕਸ਼ਨ ਗਰੁੱਪ ਦੇ ਪ੍ਰਬੰਧਕਾਂ ਦੁਆਰਾ ਸਿਡਨੀ ਦੇ ‘ਮਾਰਚ ਫਾਰ ਹਿਊਮੈਨਿਟੀ’ ਦੇ ਵਿੱਚ ਐਤਵਾਰ ਨੂੰ ਖਰਾਬ ਮੌਸਮ ਅਤੇ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੇ “ਹੁਣ ਜੰਗਬੰਦੀ” ਅਤੇ “ਫਲਸਤੀਨ ਨੂੰ ਆਜ਼ਾਦ ਕਰੋ” ਦੇ ਨਾਅਰੇ ਲਗਾਏ। ਪੁਲਿਸ ਦਾ ਅੰਦਾਜ਼ਾ ਹੈ ਕਿ ਇਸ ਪ੍ਰਦਰਸ਼ਨ ਦੇ ਵਿੱਚ ਲਗਭਗ 90 ਹਜ਼ਾਰ ਲੋਕ ਸ਼ਾਮਲ ਹੋਏ, ਜਦੋਂ ਕਿ ਪ੍ਰਬੰਧਕਾਂ ਨੇ ਇਹ ਗਿਣਤੀ ਲਗਭਗ 2 ਤੋਂ 3 ਲੱਖ ਹੋਣ ਦਾ ਦਾਅਵਾ ਕੀਤਾ ਹੈ।
ਸਿਡਨੀ ਹਾਰਬਰ ਬ੍ਰਿਜ ‘ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਵਲੋਂ ਐਤਵਾਰ 3 ਅਗਸਤ 2025 ਨੂੰ ਫਲਸਤੀਨ ਦੇ ਸਮਰਥਨ ਵਿੱਚ ਮਾਰਚ ਕੀਤਾ ਗਿਆ ਅਤੇ ਆਸਟ੍ਰੇਲੀਅਨ ਸਰਕਾਰ ਤੋਂ ਇਜ਼ਰਾਈਲ ‘ਤੇ ਜੰਗਬੰਦੀ ਅਤੇ ਪਾਬੰਦੀਆਂ ਲਾਉਣ, ਗਾਜ਼ਾ ਨੂੰ ਸਹਾਇਤਾ ਦੇਣ ਅਤੇ ਇਜ਼ਰਾਈਲੀ ਨਾਕਾਬੰਦੀ ਨੂੰ ਖਤਮ ਕਰਾਉਣ ਦੀ ਮੰਗ ਕੀਤੀ ਗਈ।
ਗਾਜ਼ਾ ਵਿੱਚ 22 ਮਹੀਨਿਆਂ ਦੀ ਨਸਲਕੁਸ਼ੀ ਅਤੇ ਭੁੱਖਮਰੀ ਦਾ ਵਿਰੋਧ ਕਰਨ ਲਈ ਆਯੋਜਿਤ ਮਨੁੱਖਤਾ ਲਈ ਮਾਰਚ, ਇਸਦੇ ਵਿਸ਼ਾਲ ਆਕਾਰ ਦੇ ਕਾਰਣ ਇਤਿਹਾਸਕ ਸੀ। ਵੀਹ ਸਾਲ ਪਹਿਲਾਂ ਇਰਾਕ ਯੁੱਧ ਵਿਰੁੱਧ ਮਾਰਚ ਤੋਂ ਬਾਅਦ ਸਿਡਨੀ ਵਿੱਚ ਇੰਨਾ ਵੱਡਾ ਵਿਰੋਧ ਪ੍ਰਦਰਸ਼ਨ ਨਹੀਂ ਹੋਇਆ। ਮਾਰਚ ਇਸ ਲਈ ਵੀ ਇਤਿਹਾਸਕ ਸੀ ਕਿਉਂਕਿ ਇਸਦਾ ਵਿਰੋਧ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਅਤੇ ਪੁਲਿਸ ਦੋਵਾਂ ਨੇ ਕੀਤਾ ਸੀ। ਹਾਲਾਂਕਿ, ‘ਮਨੁੱਖਤਾ ਲਈ ਮਾਰਚ’ ਦਾ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਅਤੇ ਰਾਜ ਦੀ ਪੁਲਿਸ ਫੋਰਸ ਦੁਆਰਾ ਸਖ਼ਤ ਵਿਰੋਧ ਕੀਤਾ ਗਿਆ ਸੀ। ਨਿਊ ਸਾਊਥ ਵੇਲਜ਼ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ 300 ਤੋਂ ਵੱਧ ਸੰਗਠਨਾਂ ਦੇ ਭਾਰੀ ਸਮਰਥਨ ਅਤੇ ਜੋਸ਼ ਨੇ ਅਦਾਲਤ ਦੇ ਫੈਸਲੇ ਨੂੰ ‘ਮਨੁੱਖਤਾ ਲਈ ਮਾਰਚ’ ਦੇ ਹੱਕ ਵਿੱਚ ਕਰ ਦਿੱਤਾ।
ਇਸ ਮਾਰਚ ਤੋਂ ਬਾਅਦ ਫਲਸਤੀਨ ਐਕਸ਼ਨ ਗਰੁੱਪ ਦੇ ਮੁੱਖ-ਪ੍ਰਬੰਧਕ ਅਤੇ ਸਮਾਜਵਾਦੀ ਕਾਰਕੁਨ ਜੋਸ਼ ਲੀਸ ਨੇ ਕਿਹਾ ਕਿ, “ਇਹ ਇੱਕ ਸ਼ਾਨਦਾਰ ਦਿਨ ਸੀ। ਸਰਕਾਰ ਅਤੇ ਪੁਲਿਸ ਨੇ ਹਫੜਾ-ਦਫੜੀ ਦੀ ਭਵਿੱਖਬਾਣੀ ਕੀਤੀ ਸੀ। ਪਰ ਇਸ ਦੀ ਬਜਾਏ, ਸਾਨੂੰ ਉਹ ਮਿਲਿਆ ਜੋ ਅਸੀਂ ਜਾਣਦੇ ਸੀ ਕਿ ਅਸੀਂ ਚਾਹੁੰਦੇ ਹਾਂ: ਮਨੁੱਖਤਾ ਦਾ ਇੱਕ ਸੁੰਦਰ ਪ੍ਰਦਰਸ਼ਨ, ਨਸਲਕੁਸ਼ੀ ਨੂੰ ਖਤਮ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਮਾਰਚ ਕਰਨਾ ਅਤੇ ਮੰਗ ਕਰਨਾ ਕਿ ਉਨ੍ਹਾਂ ਦੀ ਸਰਕਾਰ ਇਜ਼ਰਾਈਲ ‘ਤੇ ਪਾਬੰਦੀਆਂ ਲਗਾਏ। ਅਸੀਂ ਦੁਨੀਆ ਨੂੰ ਇੱਕ ਵੱਡਾ ਸੁਨੇਹਾ ਭੇਜਿਆ ਹੈ। ਅੱਜ ਲੋਕਾਂ ਨੇ ਗੱਲ ਕੀਤੀ, ਅਤੇ ਉਨ੍ਹਾਂ ਨੇ ਕਿਹਾ ਕਿ ਨਸਲਕੁਸ਼ੀ ਬੰਦ ਕਰੋ! ਫਲਸਤੀਨ ਨੂੰ ਆਜ਼ਾਦ ਕਰੋ!”