
ਪੁਰਾਤਨ ਪੰਜਾਬੀ ਲੋਕ ਬੋਲੀਆਂ ਦੇ ਮਜ਼ਾਕੀਏ ਪਾਤਰ ‘ਗਿਰਧਾਰੀ ਲਾਲ’ ਬਾਰੇ ਕਈ ਸਾਲ ਪਹਿਲਾਂ ਗਾਇਕ ਮਲਕੀਤ ਦਾ ਗੀਤ ‘ਮੇਰੇ ਨਾਲ ਨਾਲ ਚੱਲੇ ਨੀਂ ਗਿਰਧਾਰੀ ਲਾਲ..’ਵੀ ਬਹੁਤ ਪ੍ਰਚੱਲਤ ਹੋਇਆ ਸੀ ਹੁਣ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਗਿਰਧਾਰੀ ਲਾਲ’ ਬਾਰੇ ਇੱਕ ਫ਼ਿਲਮ ਲੈ ਕੇ ਆਇਆ ਹੈ ‘ਸ਼ਾਵਾਂ ਨੀਂ ਗਿਰਧਾਰੀ ਲਾਲ’…। ਐਕਸ਼ਨ ਫ਼ਿਲਮ ‘ਵਾਰਨਿੰਗ ’ਤੋਂ ਬਾਅਦ ਹੁਣ ਗਿੱਪੀ ਗਰੇਵਾਲ ਦੀ ਇਹ ਫ਼ਿਲਮ ਹਾਸੇ ਮਜ਼ਾਕ ਦੇ ਨਾਲ ਨਾਲ 1940 ਦੇ ਪੇਂਡੂ ਕਲਚਰ, ਰਸਮ-ਰਿਵਾਜ਼ਾਂ ਤੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਫ਼ਿਲਮ ਹੈ। ਸਾਂਝੇ ਪਰਿਵਾਰਾਂ ਦੀ ਪਿਰਤ ਦਰਸਾਉਂਦੀ ਇਹ ਫ਼ਿਲਮ ਵੱਡੇ ਪਰਿਵਾਰ ਦੇ ਇੱਕ ‘ਝੱਲੇ’ ਪੁੱਤਰ ਗਿਰਧਾਰੀ ਦੁਆਲੇ ਘੁੰਮਦੀ ਹੈ ਜੋ ਪਿੰਡ ਦੇ ਹਰ ਛੋਟੇ-ਵੱਡੇ ਲਈ ਮਜ਼ਾਕ ਦਾ ਪਾਤਰ ਹੈ। ਜ਼ਿੰਦਗੀ ਦੀਆਂ ਜੁੰਮੇਵਾਰੀਆਂ ਤੋਂ ਬੇਫਿਕਰ, ਮਸਤ-ਮੌਲੇ ਗਿਰਧਾਰੀ ਦਾ ਵਿਆਹ ਨਹੀਂ ਹੁੰਦਾ। ਇਹ ਇੱਕ ਸਧਾਰਨ ਕਿਸਮ ਦੇ ਛੜੇ ਬੰਦੇ ਦੇ ਹੁਸੀਨ ਸੁਪਨਿਆਂ ਦੀ ਕਹਾਣੀ ਹੈ,ਜਿਸਨੂੰ ਪਿੰਡ ਦੀਆਂ ਸਾਰੀਆਂ ਜਨਾਨੀਆਂ ਚੰਗੀਆਂ ਲੱਗਦੀਆਂ ਹਨ ਪਰ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ। ਆਪਣੇ ਆਪ ਨੂੰ ਚੰਗਾ ਵਿਖਾਉਣ ਲਈ ਗਿਰਧਾਰੀ ਲਾਲ ਜੋ ਸਕੀਮਾਂ ਘੜ੍ਹਦਾ ਹੈ ਉਹ ਫ਼ਿਲਮ ਦੀ ਰੌਚਕਤਾ ਨੂੰ ਵਧਾਉਂਦੀਆਂ ਹਨ।
ਪੰਜਾਬੀ ਸਿਨੇਮੇ ਦੇ ਇਤਿਹਾਸ ਵਿਚ ਇਹ ਪਹਿਲੀ ਫ਼ਿਲਮ ਹੋਵੇਗੀ ਜਿਸ ਵਿਚ ਤਿੰਨ ਦਰਜਨ ਤੋਂ ਵੱਧ ਨਾਮੀਂ ਕਲਾਕਾਰਾਂ ਨੇ ਕੰਮ ਕੀਤਾ ਹੈ। ਖ਼ਾਸ ਗੱਲ ਕਿ ਕਿਸੇ ਰਾਜੇ-ਮਹਾਰਾਜੇ ਵਾਂਗ ਹੀਰੋ ਗਿੱਪੀ ਗਰੇਵਾਲ ਦੀਆਂ ਸੱਤ ਹੀਰੋਇਨਾਂ ਹਨ। ਕਹਾਣੀ ਵਿਚ ਅਜਿਹੇ ਕਈ ਮੋੜ ਹਨ ਕਿ ਦਰਸ਼ਕਾਂ ਨੂੰ ਫੈਸਲਾ ਕਰਨਾ ਔਖਾ ਹੋ ਜਾਵੇਗਾ ਕਿ ਕਿਹੜੀ ਹੀਰੋਇਨ ਦਾ ਉਹ ਘੁੰਡ ਚੁੱਕੇਗਾ ਤੇ ਕਿਹੜੀ ਹੀਰੋਇਨ ਉਸਦਾ ਘਰ ਵਸਾਏਗੀ!
ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ ਓਮਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ਇਸ ਫ਼ਿਲਮ ਵਿਚ ਗਿੱਪੀ ਗਰੇਵਾਲ, ਹਿਮਾਂਸ਼ੀ ਖੁਰਾਣਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਰਾਣਾ ਰਣਵੀਰ, ਸਰਦਾਰ ਸੋਹੀ, ਨੀਰੂ ਬਾਜਵਾ, ਯਾਮਨੀ ਗੌਤਮ, ਪਾਇਲ ਰਾਜਪੂਤ, ਸੁਰੀਲੀ ਗੋਤਮ, ਸਾਰਾ ਗੁਰਪਾਲ, ਤਨੂ ਗਰੇਵਾਲ, ਸੀਮਾ ਕੋਸ਼ਲ, ਪ੍ਰਭ ਗਰੇਵਾਲ, ਪਰਮਿੰਦਰ ਕੌਰ ਗਿੱਲ, ਰਾਜ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਕਹਾਣੀ ਨੂੰ ਗਿੱਪੀ ਗਰੇਵਾਲ ਨੇ ਲਿਖਿਆ ਹੈ ਅਤੇ ਡਾਇਲਾਗ ਤੇ ਸਕਰੀਨ ਪਲੇਅ ਰਾਣਾ ਰਣਬੀਰ ਨੇ ਲਿਖੇ ਹਨ। ਹੈਪੀ ਰਾਏਕੋਟੀ ਅਤੇ ਰਿੱਕੀ ਖਾਨ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਸੁਨੀਧੀ ਚੌਹਾਨ ਅਤੇ ਜੀ ਖਾਨ ਨੇ ਗਾਇਆ ਹੈ।