Articles

ਮਨ ‘ਤੇ ਲੱਗੀ ਸੱਟ  

ਲੇਖਕ: ਦੀਪ ਚੌਹਾਨ, ਫਿਰੋਜ਼ਪੁਰ

ਪਿਛਲੇ ਸਾਲ ਘਰ ਦੀ ਮੁਰੰਮਤ ਕਰਾਉਣ ਲਈ ਮਿਸਤਰੀ ਲਾਏ ਹੋਏ ਸਨ। ਜਿਨ੍ਹਾਂ ਵਿੱਚੋਂ  ਰਾਜੂ ਨਾਮ ਦਾ ਇੱਕ ਬਿਹਾਰੀ ਮਜ਼ਦੂਰ ਵੀ ਸੀ। ਸਾਰੇ ਮਜ਼ਦੂਰ ਮਿਸਤਰੀ ਆਪਸ ਵਿੱਚ ਹੱਸਦੇ ਖੇਡਦੇ ਰਹਿੰਦੇ ਸੀ ਪਰ ਰਾਜੂ ਅਕਸਰ ਹੀ ਉਨ੍ਹਾਂ ਤੋਂ ਅਲੱਗ ਇਕੱਲਾ ਕੰਮਾਂ ਵਿੱਚ ਰੁੱਝਿਆ  ਰਿਹਾ ਕਰਦਾ। ਕੰਮ ਤੇ ਉਸਨੇ ਸਭ ਤੋਂ ਪਹਿਲਾਂ ਆਉਣਾ ਤੇ ਆਥਣ ਨੂੰ ਸਾਰਾ ਕੁਝ ਸੰਭਾਲ ਕੇ ਸਭ ਤੋਂ ਆਖੀਰ ਵਿੱਚ ਜਾਣਾ। ਦਰਾਅਸਲ ਰਾਜੂ ਬਹੁਤ ਮਿਹਨਤੀ ਮਜ਼ਦੂਰ ਸੀ।

ਪਿਛਲੇ ਦੋ ਦਿਨਾਂ ਤੋਂ ਰਾਜੁੂ ਕੰਮ ‘ਤੇ ਨਹੀਂ ਆਇਆ, ਦੂਸਰੇ ਮਜ਼ਦੂਰਾਂ ਤੋਂ ਪੁੱਛਣ ਤੇ ਪਤਾ ਲੱਗਿਆ ਕਿ ਉਸ ਨੂੰ ਕੋਈ ਜ਼ਰੂਰੀ ਕੰਮ ਪੈ ਜਾਣ ਕਾਰਨ ਉਹ ਬਿਹਾਰ ਚਲਾ ਗਿਆ। ਕਰੀਬ ਦਸ ਦਿਨਾਂ ਬਾਅਦ ਜਦ ਰਾਜੁੂ ਕੰਮ ਤੇ ਆਇਆ ਤਾਂ ਮੇਰੇ ਵੱਲੋਂ ਉਸਨੂੰ ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਸਿਹਤ ਖਰਾਬ ਹੋ ਗਈ ਸੀ ਜਿਸ ਕਾਰਨ ਉਸ ਨੂੰ ਅਚਾਨਕ ਬਿਹਾਰ ਜਾਣਾ ਪਿਆ ਸੀ। ਉੱਥੇ ਉਸਦੀ ਪਤਨੀ ਦਾ ਖਿਆਲ ਰੱਖਣ ਵਾਲਾ ਕੋਈ ਨਹੀ, ਇਸ ਲਈ ਉਹ ਆਪਣੀ ਪਤਨੀ ਨੂੰ ਨਾਲ ਪੰਜਾਬ ਲੈ ਆਇਆ ਹਾਂ।
ਅਕਸਰ ਬਿਹਾਰੀ ਲੋਕ ਇੱਕ ਕਮਰਾ ਕਿਰਾਏ ਤੇ ਲੈ ਕੇ ਉਸ ਵਿੱਚ ਕਾਫ਼ੀ ਜਣੇ ਇਕੱਠੇ ਰਹਿੰਦੇ ਹਨ ਤਾਂ ਕਿ ਉਨ੍ਹਾਂ ਨੂੰ ਖਰਚਾ ਜ਼ਿਆਦਾ ਨਾ ਪਵੇ ਪਰੰਤੂ ਹੁਣ ਰਾਜੂ ਦੇ ਨਾਲ ਉਸਦੀ ਪਤਨੀ ਵੀ ਹੋਣ ਕਾਰਨ ਉਸ ਨੇ ਇੱਕ ਛੋਟਾ ਜਿਹਾ ਅਲੱਗ ਕਮਰਾ ਕਿਰਾਏ ‘ਤੇ ਲੇੈ ਲਿਆ ਸੀ ਜਿਸ ਕਾਰਨ ਉਸ ਦਾ ਖਰਚਾ ਪਹਿਲਾਂ ਨਾਲੋਂ ਵੱਧ ਗਿਆ ਸੀ। ਰਾਜੁੂ ਨੂੰ ਜਿੱਥੇ ਵੱਧ ਦਿਹਾੜੀ ਮਿਲਦੀ ਹੈ ਉੱਥੇ ਹੀ ਕੰਮ ਕਰਨ ਚਲਾ ਜਾਂਦਾ। ਇੱਕ ਦਿਨ ਸ਼ਾਮ ਦੇ ਕਰੀਬ ਸੱਤ ਵਜੇ ਮੈਨੂੰ ਰਾਜੂ ਦਾ ਫੋਨ ਆਇਆ ਕਿ ਉਸ ਨੇ ਕਿਸੇ ਬੰਦੇ ਦੇ ਨਾਲ ਕੰਮ ਕੀਤਾ ਸੀ ਤੇ ਜਦ ਉਹ ਉਸ ਤੋਂ ਆਪਣੀ ਦਿਹਾੜੀ ਦੇ ਪੈਸੇ ਲੈਣ ਗਿਆ ਤਾਂ ਉਨ੍ਹਾਂ ਨੇ ਕੁੱਟਮਾਰ ਕੀਤੀ ਤੇ ਮੋਬਾਇਲ ਵੀ ਖੋਹ ਲਿਆ।
ਮੈਂ ਉਸ ਨੂੰ ਤੁਰੰਤ ਥਾਣੇ ਦਰਖਾਸਤ ਦੇਣ ਲਈ ਕਿਹਾ। ਜਿਨ੍ਹਾਂ ਨੇ ਰਾਜੂ ਨਾਲ ਬਦਸਲੂਕੀ ਕੀਤੀ ਉਹ ਨੇੜੇ ਦੇ ਪਿੰਡ ਦੇ ਕੁਝ ਲੜਕੇ ਸਨ। ਜਦ ਦੋਨੋਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਤਾਂ ਉਹ ਲੜਕੇ ਆਪਣੇ ਪਿੰਡ ਦੇ ਸਰਪੰਚ ਨੂੰ ਲੈ ਆਏ ਤੇ ਰਾਜੂ ਵੱਲੋਂ ਮੈਂ ਵੀ ਥਾਣੇ ਪਹੁੰਚ ਗਿਆ। ਪਿੰਡ ਦਾ ਸਰਪੰਚ ਮੇਰਾ ਜਾਣਕਾਰ ਹੋਣ ਕਾਰਨ ਗੱਲ ਦਾ ਨਿਪਟਾਰਾ ਜਲਦ ਹੀ ਹੋ ਗਿਆ ਤੇ ਮੈਂ ਰਾਜੂ ਨੂੰ ਉਸ ਦਾ ਮੋਬਾਈਲ ਵੀ ਵਾਪਸ ਕਰਵਾ ਦਿੱਤਾ ਅਤੇ ਉਸ ਦੀ ਬਣਦੀ ਦਿਹਾੜੀ ਵੀ ਲੈ ਕੇ ਦਿੱਤੀ। ਉਸ ਤੋਂ ਬਾਅਦ ਕਈ ਦਿਨ ਮੈਂ ਰਾਜੂ ਨੂੰ ਨਹੀਂ ਮਿਲਿਆ।
ਸਮਾਂ  ਬੀਤਿਆ। ਇੱਕ ਦਿਨ ਆਪਣੇ ਕਿਸੇ ਸਰਕਾਰੀ ਕੰਮ ਤੋਂ ਥਾਣੇ ਗਿਆ। ਜਦ ਮੈਂ ਥਾਣੇ ਦੇ ਅੰਦਰ ਜਾ ਰਿਹਾ ਸੀ ਤਾਂ ਮੈਂ ਥਾਣੇ ਦੇ ਗੇਟ ਕੋਲੋ ਰਾਜੂ ਨੂੰ ਬਾਹਰ ਜਾਂਦੇ ਵੇਖਿਆ। ਮੈਨੂੰ ਲੱਗਾ ਰਾਜੂ ਦਾ ਫਿਰ ਕਿਸੇ ਨਾਲ ਪੈਸਿਆਂ ਨੂੰ ਲੈ ਕੇ ਕੋਈ ਝਗੜਾ ਹੋਵੇਗਾ। ਜਦ ਰਾਜੂ ਨੇ ਮੈਨੂੰ ਥਾਣਿਆਂ ਅੰਦਰ ਜਾਂਦੇ ਵੇਖਿਆ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਬਸ ਨਮਸਤੇ ਕਰਕੇ ਆਪਣੇ ਰਾਹ ਪੈ ਗਿਆ। ਬਾਅਦ ਵਿੱਚ ਮੈਨੂੰ ਰਾਜੂ ਦੇ ਇੱਕ ਬਿਹਾਰੀ ਸਾਥੀ ਤੋਂ ਪਤਾ ਲੱਗਿਆ ਕਿ ਰਾਜੂ ਦੀ ਪਤਨੀ ਕਿਸੇ ਨਾਲ ਚੱਲੀ ਗਈ ਸੀ ਤੇ ਪਿਛਲੇ ਕਾਫੀ ਦਿਨਾਂ ਤੋਂ ਉਹ ਪ੍ਰੇਸ਼ਾਨ ਹੈ ਤੇ ਥਾਣੇ ਦੇ ਚੱਕਰ ਲਗਾ ਰਿਹਾ ਐ। ਮੈਂ ਸਮਝ ਗਿਆ ਉਸ ਦਿਨ ਰਾਜੂ ਨੇ ਮੇਰੇ ਨਾਲ ਕੋਈ ਗੱਲ ਕਿਉਂ ਨਹੀਂ ਕੀਤੀ। ਮੈਨੂੰ ਪਤਾ ਸੀ ਕਿ ਰਾਜੂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਇਹੀ ਕਾਰਨ ਸੀ ਕਿ ਜਦ ਉਹ ਬੀਮਾਰ ਹੋਈ ਸੀ ਤਾਂ ਉਹ ਉਸ ਨੂੰ ਆਪਣੇ ਨਾਲ ਬਿਹਾਰ ਤੋਂ ਪੰਜਾਬ ਲੈ ਆਇਆ ਸੀ। ਮੇਰੀ ਰਾਜੂ ਨਾਲ ਕੋਈ ਲੰਮੀ ਸਾਂਝ ਨਹੀਂ ਸੀ ਪਰ ਫਿਰ ਵੀ ਰਾਜੂ ਇੱਕ ਮਿਹਨਤੀ ਅਤੇ ਵਧੀਆ ਇਨਸਾਨ ਹੋਣ ਕਾਰਨ ਮੈਂ ਉਸ  ਦੀ ਮਦਦ ਕਰਨਾ ਚਾਹੁੰਦਾ ਸੀ, ਪਰ ਕਿਸ ਤਰ੍ਹਾਂ ਇਸ ਬਾਰੇ ਮੈਨੂੰ ਵੀ ਨਹੀਂ ਪਤਾ ਸੀ।
ਕੁਝ ਦਿਨ ਬਾਅਦ ਮੈਂ ਰਾਜੂ ਦਾ ਪਤਾ ਲਗਾਇਆ ਤੇ ਉਸ ਤਕ ਪਹੁੰਚ ਕੀਤੀ। ਉਸ ਦੇ ਕਮਰੇ ਵਿੱਚ ਜਾ ਪਹੁੰਚਿਆ। ਰਾਜੂ ਹਨੇਰੇ ਕਮਰੇ ਵਿੱਚ ਇਕੱਲਾ ਬੈਠਾ ਸੀ ਅਤੇ ਮੈਨੂੰ ਆਇਆ ਵੇਖ ਕੇ ਉਹ ਕਾਫੀ ਹੈਰਾਨ ਸੀ। ਹਾਲ ਚਾਲ ਪੁੱਛ ਕੇ ਮੈਂ ਉਸ ਦੇ ਕਮਰੇ ਵਿੱਚ ਇੱਕ ਮੰਜੀ ‘ਤੇ ਬੈਠ ਗਿਆ। ਰਾਜੂ ਸਮਝ ਗਿਆ ਸੀ ਕਿ ਮੈਨੂੰ ਸਾਰੀ ਗੱਲ ਪਤਾ ਲੱਗ ਗਈ ਹੈ। ਗੱਲਾਂ ਹੀ ਗੱਲਾਂ ਵਿੱਚ ਮੈਂ ਰਾਜੂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਬਹੁਤ ਹੀ ਨਾਕਾਰਾਤਮਕ ਹੋ ਚੁੱਕਾ ਹੋਵੇਗਾ ਪਰ ਮੈਂ ਹੈਰਾਨ ਹੋ ਗਿਆ ਜਦ ਉਸ ਨੇ ਕਿਹਾ ਕਿ “ਬਾਬੂ ਜੀ ਪੈਰ ‘ਤੇ ਲੱਗਨ ਵਾਲੀ ਸੱਟ ਸੰਭਲ ਕੇ ਚੱਲਨਾ ਸਿਖਾਂਦੀ ਹੈ ਅਤੇ ਮਨ ‘ਤੇ ਲੱਗਨ ਵਾਲੀ ਸੱਟ ਸਮਝਦਾਰੀ ਸੇੇ ਜੀਨਾ  ਸਿਖਾਂਦੀ ਹੈ। ਮੇਰੇ ਦੋਨੋਂ ਹੀ ਲੱਗੀਆ ਹਨ ਮੈਂ ਵੀ ਜਲਦੀ ਹੀ ਸਿਖ ਜਾਊਂਗਾ “ਇੰਨਾ ਕਹਿ ਕੇ ਉਹ ਚੁੱਪ ਹੋ ਗਿਆ। ਪਰ ਵਾਪਸ ਘਰ ਆਉਂਦਾ ਮੈਂ ਇਹੀ ਸੋਚਦਾ ਰਿਹਾ ਕਿ ਇਨਸਾਨ ਦੇ ਮਨ ਉੱਤੇ ਲੱਗੀ ਸੱਟ ਉਸ ਨੂੰ ਕਿੰਨਾ ਕੁਝ ਸਿਖਾ ਜਾਂਦੀ ਹੈ।
ਪਿਛਲੇ ਦਿਨੀਂ ਸਾਡੇ ਮੁਹੱਲੇ ਵਿੱਚ ਇੱਕ ਕੋਠੀ ਪੈਣ ਲੱਗੀ ਤਾਂ ਮੈਨੂੰ ਪਤਾ ਲੱਗਾ ਕਿ ਇਸ ਕੋਠੀ ਦਾ ਠੇਕਾ ਰਾਜੂ ਨੇ ਲਿਆ ਹੈ, ਹੁਣ ਰਾਜੂ ਮਜ਼ਦੂਰ ਨਹੀਂ ਠੇਕੇਦਾਰ ਬਣ ਚੁੱਕਾ ਸੀ। ਇਹ ਸਭ ਪਤਾ ਲੱਗਣ ਤੋਂ ਬਾਅਦ ਮੇਰੇ ਮਨ ਵਿੱਚ ਸਿਰਫ਼ ਇਹੀ ਖਿਆਲ ਆ ਰਿਹਾ ਸੀ ਕਿ ਰਾਜੂ ਦੇ ਮਨ ‘ਤੇ ਲੱਗੀ ਸੱਟ ਨੇ ਉਸ ਨੂੰ ਹੋਰ ਵੀ ਮਜ਼ਬੂਤ ਬਣਾ ਦਿੱਤਾ ਸੀ। ਕਿਉਂਕਿ ਸੋਚ ਦਾ ਹੀ ਫ਼ਰਕ ਹੁੰਦਾ ਹੈ ਵਰਨਾ ਔਖਾ ਸਮਾਂ ਸਾਨੂੰ ਕਮਜ਼ੋਰ ਕਰਨ ਲਈ ਨਹੀਂ ਬਲਕਿ ਹੋਰ ਮਜ਼ਬੂਤ ਬਣਾਉਣ ਲਈ ਆਉਂਦਾ ਹੈ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin