Articles

ਮਨ ਦੇ ਦਰਵਾਜ਼ੇ 

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਕਦੇ ਘਰ ਦੇ ਦਰਵਾਜ਼ਿਆਂ, ਬੂਹੇ, ਬਾਰੀਆਂ, ਝਰਨਿਆਂ ਉੱਪਰ ਗੌਰ ਫਰਮਾਉਣਾ ਅਤੇ ਵੇਖਣਾ ਕਿ ਕਿਵੇਂ ਇੱਕ ਦਮ ਬੰਦ ਦਰਵਾਜ਼ੇ, ਬੂਹੇ, ਬਾਰੀਆਂ ਖੋਲਦਿਆਂ ਹੀ ਕਮਰਿਆਂ ਵਿੱਚ ਕਿਵੇਂ ਚਾਨਣ ਦਾ ਪਸਾਰਾ ਹੋ ਜਾਂਦਾ ਹੈ, ਕਿਵੇਂ ਦਰਵਾਜ਼ੇ ਦੀ ਤਖਤੀ ਖੁਲ੍ਹਦਿਆਂ ਹੀ ਸਰਸਰ ਕਰਦੀ ਹਵਾ, ਪੂਰੇ ਕਮਰੇ ਵਿੱਚ ਸਮਾ ਜਾਂਦੀ ਹੈ। ਪਰ ਇੱਥੇ ਕਿਧਰੇ ਇਹ ਭੁਲੇਖਾ ਨਾ ਖਾ ਲੈਣਾ ਕਿ ਤੁਹਾਡੇ ਜਾਂ ਤੁਹਾਡੇ ਪਰਿਵਾਰਿਕ ਜਨਾਂ ਦੇ ਮਨ, ਦਿਮਾਗ ਦੇ ਦਰਵਾਜ਼ੇ ਵੀ ਖੁੱਲ੍ਹੇ ਹੋਣਗੇ। ਦੁਨੀਆਂ ਦੇ ਕਿਸੇ ਹਿੱਸੇ ਵਿੱਚ ਚਲੇ ਜਾਵੋ ਚਾਹੇ ਹਰਿਆਵਲ ਨਾਲ ਭਰੇ ਉੱਚੇ ਪਰਬਤਾਂ ਦੀ ਚੋਟੀ ਤੇ, ਚਾਹੇ ਰੰਗ ਬਿਰੰਗੀਆਂ ਫੁੱਲਵਾੜੀਆਂ ਦੀਆਂ ਖੁਸ਼ਬੋਹਾ ਵਿੱਚ ਚਲੇ ਜਾਵੋਂ, ਜੇਕਰ ਮਨ ਦੇ ਦਰਵਾਜ਼ੇ ਚਿੰਤਾ, ਲਾਲਸਾ, ਈਰਖਾ, ਦਵੇਸ਼ ਨਾਲ ਬੰਦ ਪਏ ਨੇ ਤਾਂ ਇਹ ਸੋਹਣੀਆਂ ਫਿਜ਼ਾਵਾਂ ਤੁਹਾਡੇ ਬੰਦ ਪਏ ਦਰਵਾਜ਼ਿਆਂ ਨੂੰ ਕਦੇ ਨਹੀਂ ਖੋਲ੍ਹ ਸਕਣਗੀਆਂ। ਕੁਝ ਸਮੇਂ ਲਈ ਕੁਦਰਤ ਦਾ ਇਹ ਨਜ਼ਾਰਾ ਵੇਖ ਖੁਸ਼ੀ ਮਿਲੀ ਵੀ ਤਾਂ ਉਹ ਕੁਝ ਪਲਾਂ ਦੀ ਹੋਵੇਗੀ ਸਦੀਵੀ ਨਹੀਂ।

ਮਨ ਦੇ ਬੰਦ ਪਏ ਦਰਵਾਜ਼ਿਆਂ ਨੂੰ ਖੋਲ੍ਹਣ ਦਾ ਇੱਕ ਤਰੀਕਾ ਹੈ ਆਪਣੀ ਸੋਚ ਦੇ ਦਾਇਰੇ ਨੂੰ ਵੱਡਾ ਕਰਨਾ। ਮਨ ਦੀਆਂ ਬੰਦ ਪਈਆਂ ਖਿੜਕੀਆਂ ਸੁਚੇਤ ਸੋਚ ਤੇ ਸਕਾਰਾਤਮਕ ਨਜ਼ਰੀਏ ਨਾਲ ਖੁਲਿਆ ਕਰਦੀਆਂ ਹਨ। ਜਦੋਂ ਸਾਡੀ ਸੋਚ ਸਕਾਰਾਤਮਕ ਦ੍ਰਿਸ਼ਟੀਕੋਣ ਧਾਰਣ ਕਰਦੀ ਹੈ ਤਾਂ ਸਾਡੀ ਹਰ ਕਲਪਨਾ ਹਵਾ ਵਾਂਗ ਰੁਮਕਦੀ ਹੋਈ ਸਾਡੇ ਜ਼ਹਿਨ ਵਿੱਚ ਜਾ ਬਿਰਾਜ ਦੀ ਹੈ।
ਸਾਡੇ ਮਨਾਂ ਦੇ ਦਰਵਾਜ਼ਿਆਂ ਨੂੰ ਖੁਦਗਰਜ਼ੀ ਦੀ ਜੰਗ ਨੇ ਅਜਿਹਾ ਜਕੜਿਆ ਕਿ ਅਸੀਂ ਆਪਣੇ ਪਰਾਏ ਦੀ ਪਹਿਚਾਣ ਭੁੱਲ ਮਾਇਆ ਇਕੱਠੀ ਕਰਨ ਦੀ ਦੌੜ ਦੌੜਣ ਲੱਗੇ, ਇਸ ਦੌੜ ਵਿੱਚ ਦੌੜਦੇ ਏਨੇ ਅੱਗੇ ਆ ਗਏ ਕਿ ਪਿੱਛੇ ਬਹੁਤ ਕੁਝ ਛੁੱਟ ਗਿਆ। ਇਹ ਦੌੜ ਇਕੱਲੀ ਆਪਣੇ ਆਪ ਉੱਠਣ ਦੀ ਹੀ ਨਹੀ ਬਲਕਿ ਜਿਆਦਾਤਰ ਨਾਲਦਿਆਂ ਨੂੰ ਸੁੱਟਣ ਦੀ ਵੀ ਹੁੰਦੀ ਹੈ।
ਮਨ ਦੇ ਦਰਵਾਜ਼ਿਆਂ ਨੂੰ ਖੋਲ੍ਹਣ ਲਈ ਸਾਡੀ ਸੋਚ ਅਸਮਾਨ ਵਾਂਗ ਅਸੀਮ ਹੋਣੀ ਜਰੂਰੀ ਹੈ, ਸਾਡੀ ਸੋਚ ਦਾ ਪਰਬਤ ਵਾਂਗ ਵਿਸ਼ਾਲ ਹੋਣਾ ਜਰੂਰੀ ਹੈ। ਦੁਨੀਆਂ ਦੇ ਜਿੰਨੇ ਵੀ ਕਾਮਯਾਬ ਵਿਅਕਤੀਆਂ ਦੀ ਜੀਵਨੀ ਪੜੀਏ ਤਾਂ ਉਹਨਾਂ ਦੀ ਕਾਮਯਾਬੀ ਦਾ ਰਾਜ ਉਹਨਾਂ ਦੀ ਸੋਚ ਦਾ ਵਿਸ਼ਾਲ ਦਾਇਰਾ ਸਿੱਧ ਹੁੰਦਾ ਹੈ। ਸੌੜੀ ਸੋਚ ਉਹਨਾਂ ਲੋਕਾਂ ਤੋਂ ਕੋਹਾਂ ਦੂਰ ਰਹੀ ਤੇ ਉਹਨਾਂ ਦੇ ਮਸਤਕ ਵਿੱਚ ਗਿਆਨ ਦੇ ਜੁਗਨੂੰ ਜਗਣ ਲੱਗ ਪਏ, ਉਹਨਾਂ ਜੁਗਨੂੰਆਂ ਨੇ ਮਨ ਰੂਪੀ ਦਰਵਾਜ਼ਿਆਂ ਨੂੰ ਅਜਿਹਾ ਖੋਲ੍ਹਿਆ ਕਿ ਉਹਨਾਂ ਆਪਣੇ ਜੀਵਨ ਦੇ ਨਾਲ ਨਾਲ ਉਹਨਾਂ ਹੋਰਨਾਂ ਲੋਕਾਂ ਦੇ ਜੀਵਨ ਵੀ ਰੁਸ਼ਨਾ ਦਿੱਤੇ।
ਪਰਮਾਤਮਾ ਕਿਰਪਾ ਕਰੇ ਸਾਡੀ ਸੋਚ ਦੇ ਦਰਵਾਜ਼ੇ ਵੀ ਖੁੱਲ੍ਹਣ, ਸਾਡੀ ਸੋਚ ਵੀ ਵਿਸ਼ਾਲ ਹੋਵੇ ਅਤੇ ਅਸੀਂ ਵੀ ਸਕਾਰਾਤਮਕ ਨਜ਼ਰੀਏ ਨਾਲ ਜ਼ਿੰਦਗੀ ਜੀਵੀਏ। ਸਾਡੇ ਮਸਤਕ ਵਿੱਚ ਵੀ ਗਿਆਨ ਦੇ ਚਾਨਣ ਦੀ ਲਾਟ ਜਗੇ, ਜੋ ਸਾਡੇ ਮਨ ਦੇ ਬੰਦ ਪਏ ਦਰਵਾਜ਼ਿਆਂ ਨੂੰ ਖੋਲ੍ਹ ਸਾਡਾ ਆਪਾ ਰੁਸ਼ਨਾ ਦੇਵੇ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin