
ਮਰਦ ਔਰਤ ਵਿਚਾਲੇ ਹਰ ਪੱਖ ਤੋਂ ਬਰਾਬਰੀ ਸਮਾਜਿਕ-ਆਰਥਿਕ ਵਿਕਾਸ ਦਾ ਸੰਕੇਤ ਹੁੰਦਾ ਹੈ। ਇਸ ਬਰਾਬਰੀ ਦੀ ਮੁੱਢਲੀ ਸ਼ਰਤ ਹੈ ਕਿ ਕੁੱਲ ਵਸੋਂ ਵਿੱਚ ਮਰਦ ਅਤੇ ਔਰਤਾਂ ਦੀ ਗਿਣਤੀ ਕੁਦਰਤੀ ਵਰਤਾਰੇ ਅਨੁਸਾਰ ਲਗਭਗ ਬਰਾਬਰ ਹੁੰਦੀ ਹੈ। ਜਨ ਸੰਖਿਆ ਵਿਗਿਆਨੀ ਇਸ ਨੂੰ ਲਿੰਗ ਅਨੁਪਾਤ ਕਹਿੰਦੇ ਹਨ; ਭਾਵ, ਪ੍ਰਤੀ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਕਿੰਨੀ ਹੈ। ਵਸੋਂ ਵਾਧਾ ਦਰ ਨੂੰ ਠੱਲ੍ਹ ਪਾਉਣ ਅਤੇ ਪਰਿਵਾਰ ਦਾ ਆਕਾਰ ਸੀਮਤ ਕਰਨ ਲਈ ਮੱਧ 1970ਵਿਆਂ ਦੌਰਾਨ ਨੀਤੀਆਂ ਬਣਾਈਆਂ ਗਈਆਂ ਸਨ ਜਿਸ ਤਹਿਤ ਪਰਿਵਾਰ ਵਿੱਚ ਦੋ ਬੱਚਿਆਂ ਦਾ ਸੁਝਾਅ ਦਿੱਤਾ ਗਿਆ ਸੀ। ਇਹ ਸੁਝਾਅ ਵਸੋਂ ਵਾਧਾ ਦਰ ਘਟਾਉਣ ਵਿੱਚ ਤਾਂ ਕਾਮਯਾਬ ਰਿਹਾ ਪਰ ਇਸ ਨੇ ਵਸੋਂ ਬਣਤਰ ਵਿੱਚ ਵਿਗਾੜ ਪੈਦਾ ਕਰ ਦਿੱਤਾ। ਸਮਾਜਿਕ ਹਾਲਾਤ ਅਤੇ ਪਿੱਤਰ ਸੱਤਾ ਕਾਰਨ ਪਰਿਵਾਰ ਵਿੱਚ ਪੁੱਤਰਾਂ ਤੇ ਧੀਆਂ ਦੇ ਪੈਦਾ ਹੋਣ ਵਿੱਚ ਚੋਣ ਹੋਣ ਲੱਗੀ। ਪੁੱਤਰ ਦੀ ਚਾਹਤ ਅਧੀਨ ਧੀਆਂ ਨੂੰ ਕੁੱਖ ਵਿੱਚ ਮਾਰਨ ਦਾ ਰੁਝਾਨ ਸ਼ੁਰੂ ਹੋ ਗਿਆ। ਧੀਆਂ ਨੂੰ ਜਿੱਥੇ ਪਹਿਲਾਂ ਜੰਮਣ ਤੋਂ ਬਾਅਦ ਮਾਰ ਮੁਕਾਉਣ ਦਾ ਰਿਵਾਜ ਸੀ, ਹੁਣ ਕੁੱਖ ਵਿੱਚ ਹੀ ਮਾਰਨ ਦਾ ਰੁਝਾਨ ਵਧ ਗਿਆ।