Articles

ਮਲੇਰੀਆ:  ਜਾਣਕਾਰੀ, ਬਚਾਅ ਅਤੇ ਰੋਕਥਾਮ

ਲੇਖਕ: ਚਾਨਣ ਦੀਪ ਸਿੰਘ, ਔਲਖ

ਹਰ ਸਾਲ 25 ਅਪ੍ਰੈਲ ਦਾ ਦਿਨ ਵਿਸ਼ਵ ਮਲੇਰੀਆ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਮਲੇਰੀਆ ਇੱਕ ਆਮ ਬਿਮਾਰੀ ਹੈ ਜੋ ਕਿ ਅੱਜ ਕੱਲ੍ਹ ਦੇ  ਗਰਮੀ ਅਤੇ ਮੱਛਰ ਦੇ ਸੀਜ਼ਨ ਵਿੱਚ ਅਕਸਰ ਹੋ ਜਾਂਦੀ ਹੈ। ਇਸ ਤੋਂ ਬਚਾਅ ਲਈ ਇਸ ਬਾਰੇ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।

ਮਲੇਰੀਆ ਕੀ ਹੈ?: ਮਲੇਰੀਆ ਠੰਡ (ਕਾਂਬਾ) ਅਤੇ ਸਿਰ ਦਰਦ ਦੇ ਨਾਲ ਮੁੜ-ਮੁੜ ਬੁਖ਼ਾਰ ਹੋਣ ਵਾਲਾ ਇੱਕ ਰੋਗ ਹੈ। ਰੋਗੀ ਨੂੰ ਬੁਖ਼ਾਰ ਹੋਣ ਤੋਂ ਬਾਅਦ ਕਦੇ ਬੁਖ਼ਾਰ ਉਤਰਦਾ ਤੇ ਕਦੇ ਫਿਰ ਚੜ੍ਹ ਜਾਂਦਾ ਹੈ। ਕਈ ਗੰਭੀਰ ਮਾਮਲਿਆਂ ਵਿੱਚ ਇਹ ਕੋਮਾ ਜਾਂ ਮੌਤ ਦਾ ਕਾਰਣ ਵੀ ਬਣ ਸਕਦਾ ਹੈ। ਇਹ ਰੋਗ, ਭੂਮੱਧ ਦੇ ਆਲੇ-ਦੁਆਲੇ ਖੰਡੀ ਅਤੇ ਉਪ-ਖੰਡੀ ਖੇਤਰ ਵਿੱਚ ਫੈਲਦਾ ਹੈ ਜਿਸ ਵਿਚ ਸਬ–ਸਹਾਰਾ, ਅਫ਼ਰੀਕਾ ਅਤੇ ਏਸ਼ੀਆ ਵੀ ਸ਼ਾਮਿਲ ਹਨ। ਭਾਰਤ ਦੇਸ਼ ਵਿਚ ਇਹ ਰੋਗ ਸਾਲ ਭਰ ਹੁੰਦਾ ਰਹਿੰਦਾ ਹੈ। ਪਰ ਬਰਸਾਤੀ ਮੌਸਮ ਦੌਰਾਨ ਅਤੇ ਬਾਅਦ ’ਚ ਮੱਛਰ ਦੇ ਪ੍ਰਜਨਣ ਕਾਰਣ ਇਹ ਵੱਡੇ ਪੱਧਰ ਤੇ ਫੈਲਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਦੱਖਣ-ਪੂਰਬੀ ਏਸ਼ੀਆ ਵਿਚਲੇ ਕੁੱਲ ਮਲੇਰੀਆ ਕੇਸਾਂ ਦੀ ਗਿਣਤੀ ਵਿਚ ਭਾਰਤ ਦਾ ਸਭ ਤੋਂ ਵੱਧ 77% ਯੋਗਦਾਨ ਹੈ। ਇਹ ਬਿਮਾਰੀ ਰਾਜਸਥਾਨ, ਗੁਜਰਾਤ, ਕਰਨਾਟਕ, ਗੋਆ, ਦੱਖਣੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਉੜੀਸਾ ਆਦਿ ਵਿਚ ਮੁੱਖ ਤੌਰ ‘ਤੇ ਪ੍ਰਚਲਿਤ ਹੈ।
ਮਲੇਰੀਆ ਹੋਣ ਦਾ ਕਾਰਨ: ਮਲੇਰੀਆ ਪਲਾਸਮੋਡੀਅਮ ਦੇ ਤੌਰ ’ਤੇ ਜਾਣੇ ਜਾਂਦੇ ਪਰਜੀਵੀ ਦੇ ਕਾਰਨ ਹੁੰਦਾ ਹੈ। ਮਲੇਰੀਆ ਦੇ ਪਰਜੀਵੀ ਚਾਰ ਪ੍ਰਕਾਰ ਦੇ ਹੁੰਦੇ ਹਨ ਪੀ. ਵਾਈਵੈਕਸ, ਪੀ.ਫੈਲਸੀਪੈਰਮ, ਪੀ.ਮਲੇਰੀ ਅਤੇ ਪੀ. ਓਵੇਲ। ਇਨ੍ਹਾਂ ਵਿੱਚੋਂ ਪੀ.ਵਾਈਵੈਕਸ ਸਾਰੇ ਵਿਸ਼ਵ ’ਚ ਫੈਲਿਆ ਹੋਇਆ ਹੈ ਅਤੇ ਪੀ.ਫੈਲਸੀਪੈਰਮ ਸਭ ਤੋਂ ਵਧ ਘਾਤਕ ਹੈ। ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ। ਜੋ ਕਿ ਜ਼ਿਅਾਦਾਤਰ ਰਾਤ ਸਮੇਂ ਕੱਟਦਾ ਹੈ।  ਮੱਛਰ ਦੇ ਸਰੀਰ ਅੰਦਰ ਮਲੇਰੀਆ ਦੇ ਪਰਜੀਵੀ ਉਸ ਵੇਲੇ ਪ੍ਰਵੇਸ਼ ਕਰਦਾ ਹੈ ਜਦੋਂ ਇਹ ਮਲੇਰੀਆ ਪੀੜਤ ਵਿਅਕਤੀ ਨੂੰ ਕੱਟਦਾ ਹੈ। ਅਜਿਹਾ ਮੱਛਰ ਜਦੋਂ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ੳਸ ਵਿਅਕਤੀ ਦੇ ਖੂਨ-ਪ੍ਰਵਾਹ ’ਚ ਮਲੇਰੀਆ ਦੇ ਪਰਜੀਵੀ ਦਾਖਲ ਹੋ ਜਾਂਦੇ ਹਨ। ਜਿਸ ਨਾਲ 10 ਤੋਂ 14 ਦਿਨ ਵਿੱਚ ਉਸ ਵਿਅਕਤੀ ਵਿੱਚ ਵੀ ਮਲੇਰੀਆ ਦੇ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ।
ਮਲੇਰੀਆ ਦੇ ਲੱਛਣ:  ਇਸ ਦੇ ਆਮ ਲੱਛਣ ਬੁਖ਼ਾਰ, ਸਿਰ ਦਰਦ, ਉਲਟੀ ਅਤੇ ਹੋਰ ਫ਼ਲੂ ਵਰਗੇ ਲੱਛਣ (ਬੁਖਾਰ ਜੋ ਚਾਰ ਤੋਂ ਅੱਠ ਘੰਟੇ ਦੇ ਚੱਕਰ ਵਿੱਚ ਹੁੰਦਾ ਹੈ।) ਪੈਰਾਸਾਈਟ ਲਾਲ ਖ਼ੂਨ ਦੇ ਸੈੱਲ ਨੂੰ ਸੰਕ੍ਰਮਿਤ ਅਤੇ ਨਸ਼ਟ ਕਰਦਾ ਹੈ ਨਤੀਜੇ ਵਜੋਂ ਥਕਾਵਟ, ਡੋਬ/ਕੜਵੱਲ ਅਤੇ ਚੇਤਨਾ ਦਾ ਨੁਕਸਾਨ ਹੁੰਦਾ ਹੈ। ਜੇਕਰ ਮਲੇਰੀਆ ਦੇ ਲੱਛਣਾਂ ਦੀ ਪਛਾਣ ਸਮੇਂ ਰਹਿੰਦੇ ਨਾ ਹੋਵੇ ਤਾਂ, ਇਸ ਦਾ ਨਤੀਜਾ ਘਾਤਕ ਹੋ ਸਕਦਾ ਹੈ।
ਜਾਂਚ ਅਤੇ ਇਲਾਜ: ਮਲੇਰੀਆ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮੁੱਫਤ ਕੀਤਾ ਜਾਂਦਾ ਹੈ। ਬੁਖਾਰ ਹੋਣ ਤੇ ਜਿਨਾਂ ਛੇਤੀ ਹੋ ਸਕੇ ਡਾਕਟਰ ਦੀ ਸਲਾਹ ਨਾਲ ਖੂਨ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਮਲੇਰੀਆ ਹੋਣ ਦੀ ਪੁਸ਼ਟੀ ਹੋਣ ਤੇ ਇਲਾਜ 24 ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇ। ਬੁਖਾਰ ਦੌਰਾਨ ਮਰੀਜ਼ ਨੂੰ ਕੰਬਲਾਂ ਨਾਲ ਢੱਕ ਕੇ ਅਰਾਮ ਕਰਨਾ ਚਾਹੀਦਾ ਹੈ। ਧਿਆਨ ਦੇਣ ਯੋਗ ਹੈ ਕਿ ਜੇ ਫੈਲਸੀਪੈਰਮ ਮਲੇਰੀਆ ਦੀ ਸ਼ਨਾਖਤ ਹੋ ਜਾਵੇ ਤਾਂ ਬਹੁਤ ਚੌਕਸੀ ਵਰਤਣ ਦੀ ਲੋੜ ਪੈਂਦੀ ਹੈ ਕਿਉਂਕਿ ਇਸ ਵਿੱਚ ਮਰੀਜ਼ ਦੀ ਹਾਲਤ ਤੇਜ਼ੀ ਨਾਲ ਵਿਗੜਨ ਤੋਂ ਰੋਕਣ ਲਈ ਤੁਰੰਤ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ।
ਰੋਕਥਾਮ ਦੇ ੳਪਾਅ:  ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ ਜੋ ਕਿ ਸਾਫ ਖੜੇ ਪਾਣੀ ਤੇ ਪੈਦਾ ਹੁੰਦਾ ਹੈ। ਪਹਿਲੀ ਗੱਲ ਤਾਂ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ਵਿੱਚ ਅਤੇ ਅਲੇ-ਦੁਅਾਲੇ ਪਾਣੀ ਨਾ ਖੜਨ ਦਿੱਤਾ ਜਾਵੇ।
ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੀਆਂ ਜਾਣ। ਪਾਣੀ ਦੀਆਂ ਟੂਟੀਆਂ ਆਦਿ ਲੀਕ ਨਾ ਹੋਣ। ਕੂਲਰਾਂ ਵਿਚਲਾ ਪਾਣੀ ਹਫਤੇ ਦੇ ਅੰਦਰ ਨਿਯਮਤ ਬਦਲਿਆ ਜਾਵੇ। ਛੱਤਾਂ ਤੇ ਵਾਧੂ ਕਬਾੜ ਭਾਂਡੇ, ਟਇਰ ਆਦਿ ਨਾ ਰੱਖੇ ਜਾਣ। ਘਰ ਵਿੱਚ ਸਾਫ ਸਫਾਈ ਦਾ ਖਾਸ ਧਿਆਨ ਰੱਖਿਅਾ ਜਾਵੇ ।
ਮੱਛਰ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀਆਂ ਦੀ ਵਰਤੋਂ, ਕਮਰਿਆਂ ਦੀਆਂ ਖਿੜਕੀਆਂ ਤੇ ਜਾਲੀ ਲਗਵਾਉਣੀ,ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ, ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨਣਾ, ਘਰ ਵਿੱਚ ਸਮੇਂ ਸਮੇਂ ਤੇ ਕੀਟਨਾਸਕ ਦਵਾਈਆਂ ਦਾ ਛਿੜਕਾਅ ਬਹੁਤ ਜਰੂਰੀ ਹੈ। ਮਲੇਰੀਆ ਵਾਲੇ ਖੇਤਰਾਂ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਵੱਡੀ ਪੱਧਰ ਤੇ ਲੋਕਾਂ ਵਿੱਚ ਮਲੇਰੀਆ ਬਾਰੇ ਜਾਗਰੁਕਤਾ ਅਤੇ ਜਾਣਕਾਰੀ ਹੋਣੀ ਚਾਹੀਦੀ ਹੈ ਕੳੁਂਕਿ ਜਾਣਕਾਰੀ ਵਿੱਚ ਹੀ ਇਸਦਾ ਬਚਾਅ ਹੈ ਜਿਸ ਨਾਲ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮਲੇਰੀਏ ਦੇ ਖਾਤਮੇ ਲਈ ਪੁਰਜੋਰ ਯਤਨ ਕਰ ਰਿਹਾ ਹੈ। ਨੈਸਨਲ ਵੈਕਟਰ ਬੌਰਨ ਡਜੀਜ਼ ਕੰਟਰੋਲਰ ਪ੍ਰੋਗਰਾਮ ਦੇ ਅੰਡਰ ਸਿਹਤ ਕਰਮਚਾਰੀ ਅਕਟਿਵ ਸਰਵੇ ਕਰਕੇ ਕੇਸਾਂ ਦੀ ਭਾਲ ਕਰਕੇ ਇਲਾਜ਼ ਮੁਹੱਈਆ ਕਰਵਾਉਦੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹਨ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin