Articles

ਮਹਾਨਤਾ ‘ਚ ਇਜ਼ਾਫਾ !

ਕਿਰਤੀ ਦੀ ਕਦਰ ਕਰਨਾ ਮਨੁੱਖਤਾ ਦਾ ਸੁਭਾਅ ਹੋਣਾ ਚਾਹੀਦਾ ਸੀ ਪਰ ਇਸ ਨੂੰ ਬੂਰ ਨਹੀਂ ਪਿਆ।
ਲੇਖਕ: ਕੁਲਮਿੰਦਰ ਕੌਰ, ਰਿਟਾ: ਲੈਕਚਰਾਰ, ਮੋਹਾਲੀ

ਜਨਵਰੀ ਦੇ ਪਹਿਲੇ ਹਫਤੇ ਮੌਸਮ ਦਾ ਮਿਜ਼ਾਜ ਅਜਿਹਾ ਰਿਹਾ ਕਿ ਪਹਾੜਾਂ ਤੇ ਹੋਈ ਬਰਫਬਾਰੀ ਅਤੇ ਲਗਾਤਾਰ ਬਾਰਿਸ਼ ਕਾਰਨ ਠੰਡ ਦਾ ਪ੍ਰਕੋਪ ਪੂਰੇ ਜੋਰਾਂ ਤੇ ਸੀ।ਕਹਿਰਾਂ ਦੀ ਠੰਡ ਨੇ ਤਾਂ ਅੰਦਰੀਂ ਬੰਦ ਕਰ ਛੱਡਿਆ ਸੀ। ਇੱਕ ਰੋਜ਼ ਸਵੇਰ ਤੋਂ ਹੀ ਚੱਲਦੀ ਸੀਤ-ਲਹਿਰ ਨੇ ਲੋਕਾਂ ਨੂੰ ਠਾਰਿਆ ਪਿਆ ਸੀ, ਮੈਂ ਆਪਣਾਂ ਸਵੇਰ ਦਾ ਕੰਮ ਨਿਪਟਾ ਕੇ ਡਰਾਇੰਗ ਰੂਮ ਦੀ ਖਿੜਕੀ ਸਾਹਮਣੇ ਰਜਾਈ ‘ਚ ਬੈਠੀ ਹੋਈ ਚਾਹ ਦੇ ਕੱਪ ਦਾ ਲੁਤਫ ਉਠਾ ਰਹੀ ਸੀ ਕਿ ਮੇਰੀ ਕੰਮ ਵਾਲੀ ਲੜਕੀ ਅਨੀਤਾ ਖੁੱਲੇ ਗੇਟ’ ਚੋਂ ਅੰਦਰ ਵੜਦੀ ਹੈ ਤਾਂ ਆਪ-ਮੁਹਾਰੇ ਮੇਰੇ ਮੂੰਹੋਂ ਨਿਕਲਦਾ ਹੈ ਆਈਏ, “ਅਨੀਤਾ ਦਾ ਗਰੇਟ। “ਉਹ ਅਵਾਕ ਖੜੀ ਮੈਥੋਂ ਪੁੱਛਦੀ ਹੈ, ਕਿਆ ਹੈ ਆਂਟੀ! ਕਿਆ ਬੋਲ ਰਹੇ ਹੋ ਆਪ? ਮੈਂ ਉਸਨੂੰ ਦੱਸਦੀ ਹਾਂ ਕਿ ਮੇਰਾ ਮਤਲਬ ਤੂੰ ਮਹਾਨ ਹੈਂ,. ਏਨੀ ਠੰਡ ‘ਚ ਵੀ ਤੈਨੂੰ ਰੋਜ ਠੰਡੇ ਪਾਣੀ ਨਾਲ ਘਰਾਂ ਚ ਪੋਚਾ ਲਗਾਉਣ ਤੇ ਭਾਂਡੇ ਮਾਂਜਣ ਵਰਗੇ ਔਖੇ ਕੰਮ ਕਰਨੇਂ ਪੈਂਦੇ ਹਨ। ਓਹ! ਅੱਛਾ ਆਂਟੀ,ਐਸੇ ਹੀ ਚਲਤੀ ਹੈ ਜਿੰਦਗੀ, ਅਗਰ ਮੈਂ ਕਾਮ ਨਹੀਂ ਕਰੂੰਗੀ ਤੋ ਕੈਸੇ ਚਲੇਗਾ, ਬੱਚੋਂ ਕੋ ਭੀ ਖਿਲਾਨਾ ਹੈ। ਹਾਂ ਅਨੀਤਾ ਤੇਰੀ ਗੱਲ ਦਰੁੱਸਤ ਹੈ ਵੈਸੇ ਵੀ ਅੱਜ ਠੰਡ ਕੁਝ ਜਿਆਦਾ ਹੀ ਹੈ। ਉਸਨੇ ਬੜੀ ਸਹਿਜਤਾ ਨਾਲ ਕਿਹਾ, ਆਂਟੀ ਜਿਹ ਤੋ ਉਸ(ਭਗਵਾਨ) ਦੀ ਮਰਜ਼ੀ ਹੈ, ਵੋ ਜੈਸਾ ਕਰੇਗਾ ਠੀਕ ਹੈ,ਹਮ ਤੋ ਮੌਸਮ ਨਹੀਂ ਨਾਂ ਬਦਲ ਸਕਦੇ।

ਅਨੀਤਾ ਬੜੇ ਇਤਮੀਨਾਨ ਨਾਲ ਸਾਰੇ ਘਰ ਦੀ ਸਫਾਈ ਕਰਕੇ ਜਾਣ ਲੱਗੀ ਤਾਂ ਮੈਂ ਚਾਹ ਪੀਣ ਬਾਰੇ ਕਿਹਾ ਪਰ ਉਸਦਾ ਜਵਾਬ ਸੀ, “ਨਹੀਂ ਆਂਟੀ ਮੈਂ ਤੋ ਅਭੀ ਕਈ ਘਰੋਂ ਮੇਂ ਜਾਨਾ ਹੈ, ਲੇਟ ਹੋ ਜਾਊਂਗੀ,ਵੈਸੇ ਵੀ ਠੰਡੀ ਮੇਂ ਜਲਦੀ ਕਹਾਂ ਉੱਠ ਪਾਤੀ ਹੂੰ। ” ਅੱਛਾ! ਤੋ ਮੈਂ ਜਾ ਰਹੀ ਹੂੰ ਕਹਿ, ਉਹ ਦੂਸਰੇ ਘਰ ਜਾ ਵੜੀ। ਮੈਂ ਅਖਬਾਰ ਫਰੋਲਣ ਲੱਗੀ ਤਾਂ ਬਾਹਰੋਂ ਅਵਾਜ਼ਾਂ ਸੁਣਾਈ ਦਿੱਤੀਆਂ।…ਕੂੜਾ…ਜੀ, ਸਾਹਮਣੇ ਗਲੀ’ਚ ਰੇਹੜੀ ਤੇ ਕੂੜਾ ਇਕੱਠਾ ਕਰਨ ਵਾਲਾ ਆ ਰਿਹਾ ਸੀ ਤੇ ਇੱਕ 10-12 ਸਾਲ ਦਾ ਲੜਕਾ ਸਹਾਇਕ ਦੇ ਤੌਰ ਤੇ ਨਾਲ ਸੀ। ਉਹ ਘਰਾਂ ਤੋਂ ਡਸਟਬਿਨ ਤੇ ਲਿਫਾਫੇ ਲਿਆ ਕੇ ਪਲਟਦਾ ਤੇ ਦੂਸਰਾ ਕੂੜੇ ਨੂੰ ਸਮਤਲ ਕਰਕੇ ਤਹਿ ਬਣਾ ਲੈਂਦਾ ਹੈ। ਦਿਲ ਬੜਾ ਪਸੀਜਦਾ ਹੈ ਕਿ ਕਿਵੇਂ ਸਾਡੀ ਹੀ ਜਾਤੀ ਦੇ ਬੰਦੇ ਇਹੋ ਜਿਹੇ ਮੌਸਮ ‘ਚ ਜੋ ਕੰਮ ਕਰ ਰਹੇ ਹਨ, ਸਾਨੂੰ ਤਾਂ ਵੇਖ ਕੇ ਵੀ ਕੁਰੈਹਤ ਹੋ ਰਹੀ ਹੈ।

ਸ਼ਾਮ ਨੂੰ ਸੂਰਜ ਥੋੜਾ ਚਮਕਿਆ ਤਾਂ ਮੈਂ ਮਨ ਬਣਾਇਆ ਕਿ ਅੱਜ ਗੁਰਦਵਾਰੇ ਮੱਥਾ ਟੇਕ ਆਉਂਦੀ ਹਾਂ ਤੇ ਥੋੜੀ ਸੈਰ ਵੀ ਹੋ ਜਾਵੇਗੀ। ਵੈਸੇ ਵੀ ਠੰਡ ‘ਚ ਉੱਥੇ ਜਾ ਕੇ ਚਾਹ ਦਾ ਲੰਗਰ ਛੱਕਣਾਂ ਮੈਨੂੰ ਲੁਭਾਉਂਦਾ ਹੈ। ਸੜਕ ਦੇ ਕਿਨਾਰੇ ਪੈਦਲ ਚਲਦਿਆਂ, ਵੇਖਿਆ ਕਿ ਗੁਰਦੁਆਰੇ ਦੇ ਨੇੜੇ ਹੀ ਕੁਝ ਮਜ਼ਦੂਰ ਔਰਤਾਂ ਸਿਰਾਂ ‘ਤੇ ਖਾਲੀ ਟੋਕਰੀਆਂ ਤੇ ਕਹੀਆਂ (ਸੰਦ) ਵਗੈਰਾ ਟਿਕਾਈ, ਕੰਮ ਤੋਂ ਵਿਹਲੀਆਂ ਹੋ ਕੇ ਹੁਣ ਆਪਣੇ ਘਰਾਂ  (ਟਿਕਾਣਿਆਂ ) ਵੱਲ ਆਪਣੀ ਹੀ ਬੋਲੀ ‘ਚ ਗੱਲਾਂ ਕਰਦੇ ਹੋਏ ਪਰਤ ਰਹੀਆਂ ਸਨ। ਪਿੱਛੇ ਉਹਨਾਂ ਦੇ ਨਿਆਣਿਆਂ ਦੀ ਫੌਜ ਜਿਹਨਾਂ ਨੇ ਕਿਸੇ ਵੱਲੋਂ ਦਿੱਤੇ ਹੋਏ ਬੇ-ਢੱਬੇ ਕੋਟ-ਸਵੈਟਰ ਤੇ ਖੁੱਲ੍ਹੇ ਖਲਚ-ਖਰਚ ਕਰਦੇ ਬੂਟ ਪਾਏ ਹੋਏ, ਮੂੰਹ ਲਿਬੜੇ, ਵਾਲ ਬਿਖਰੇ ਤੇ ਹੱਥ’ਚ ਫੜੀਆਂ ਚੀਜਾਂ ਖਾ ਰਹੇ ਸਨ। ਮਨ ਵਲੇਟੇ ਖਾਂਦਾ ਹੈ ਕਿ ਜਿਹੜੇ ਰੱਬ ਨੂੰ ਮੈਂ  ਮੱਥਾ ਟੇਕਣ ਜਾ ਰਹੀ ਹਾਂ ਕੀ ਇਹਨਾਂ ਦਾ ਨਹੀਂ ਹੈ। ਇਹ ਤਾਂ ਅਕਸਰ ਇੱਥੋਂ ਲੰਘਦੇ ਹੋਣਗੇ ਫਿਰ ਅਣਦੇਖੇ ਕਿਉਂ ਰਹਿ ਜਾਂਦੇ ਹਨ, ਉਹ ਤਾ ਸਰਬ- ਪ੍ਰਤਿਪਾਲਕ ਹੈ।

ਗੁਰਦੁਆਰੇ ਦੇ ਗੇਟ ‘ਤੇ ਪਹੁੰਚ ਕੇ ਸ਼ਰਧਾ ਨਾਲ ਸੀਸ ਝੁਕਾਅ ਖੱਬੇ-ਸੱਜੇ ਨਿਗਾਹ ਮਾਰਦੀ ਹਾਂ ਤਾਂ ਇੱਕ ਪਾਸਿਉਂ ਕਾਰਾਂ ਨੂੰ ਪਾਰਕ ਕਰਕੇ ਆਪਣੇ ਗਰਮ ਕੋਟ ਸੰਵਾਰਦੇ ਸ਼ਰਧਾਲੂ ਮੁੱਖ ਹਾਲ ਕਮਰੇ ਵੱਲ ਜਾ ਰਹੇ ਸਨ। ਮੈਂ ਵੀ ਉਹਨਾਂ ਦੇ ਨਾਲ ਰਲ ਜਾਂਦੀ ਹਾਂ। ਮਨ ਉਸ ਪਰਮੇਸ਼ਵਰ ਨੂੰ ਸਿਜਦਾ ਕਰਦਾ ਹੋਇਆ ਯਮਲਾ-ਜੱਟ ਦੇ ਬੋਲ ਕਹਿ ਉੱਠਦਾ ਹੈ, “ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ। “ਮੱਥਾ ਟੇਕ ਕੇ ਮੈਂ ਪ੍ਰਸ਼ਾਦ ਲਿਆ ਤੇ ਫਿਰ ਚਾਹ ਦੇ ਲੰਗਰ ਦਾ ਆਨੰਦ ਵੀ ਮਾਣਿਆ। ਘਰ ਵਾਪਸੀ ‘ਤੇ ਗੁਰਦਵਾਰੇ  ਦੇ ਗੇਟ ਦੇ ਬਾਹਰ ਸਾਹਮਣੇ ਬਣੇ ਲੋਕਲ ਬੱਸ ਸਟੈਂਡ ਦੇ ਸ਼ੈੱਡ ਹੇਠਾਂ ਕਈ ਲੋਕ ਆਪਣੇ ਰੈਣ-ਬਸੇਰਾ ਲਈ ਜਗ੍ਹਾ ਮੱਲ ਰਹੇ ਸਨ। ਇਹ ਲੋਕ ਸਟੇਸ਼ਨਾਂ, ਬੱਸ-ਸਟੈਂਡ ਦੁਕਾਨਾਂ ਦੇ ਬਾਹਰ ਬਣੇਂ ਵਰਾਂਡੇ ਤੇ ਸ਼ੈੱਡਾਂ ‘ਚ ਰਾਤ ਨੂੰ ਸੌਂਦੇ ਤੇ ਦਿਨ ਕੱਟੀ ਕਰਦੇ ਹਨ। ਏਨੀ ਠੰਡ ‘ਚ ਅਸੀਂ ਰਜਾਈ ‘ਚੋਂ ਹੱਥ ਬਾਹਰ ਕੱਢਣ ਤੋਂ ਵੀ ਡਰਦੇ ਹਾਂ। ਬੰਦ ਘਰਾਂ ‘ਚ ਚੱਲਣਾ ਦੁੱਭਰ ਲੱਗਦਾ  ਹੈ ਤੇ ਘਰਾਂ ‘ਚ ਹੀਟਰ ਤੇ ਬਲੋਅਰ ਦੀ ਮੰਗ ਕੀਤੀ ਜਾਂਦੀ ਹੈ।

ਸੋਚਾਂ ਦੇ ਵਹਿਣ ‘ਚ ਹਾਂ ਕਿ ਇਨਸਾਨਾਂ ਦਾ ਖੁਦਾ ਤਾਂ ਇੱਕ ਹੀ ਹੈ, ਫਿਰ ਇਹ ਸਮਾਜਿਕ ਅਸਮਾਨਤਾ ਕਿਉਂ ਹੈ? ਅਸੀਂ ਕਹਿੰਦੇ ਹਾਂ ਦੇਸ਼ ਤਰੱਕੀ ਦੇ ਰਾਹ ‘ਤੇ ਹੈ ਤਾਂ ਇਸ ਵਿੱਚ ਇਹਨਾਂ ਦਾ ਹੀ ਯੋਗਦਾਨ ਹੈ। ਵੱਡੇ-ਵੱਡੇ ਕਾਰਖਾਨੇਂ ਸਕੂਲ-ਕਾਲਜਾਂ, ਹਸਪਤਾਲ, ਸੜਕਾਂ, ਪੁਲ ਤੇ ਗੁਰਦਵਾਰਿਆਂ ਦੇ ਨਕਸ਼ੇ ਤਾਂ ਇੰਜੀਨੀਅਰ ਬਣਾ ਲਏਗਾ ਪਰ ਇਨ੍ਹਾਂ ਨੂੰ ਇੱਟਾਂ ਰਾਹੀਂ ਬਣਤਰ ਦੇਣਾਂ, ਸੰਵਾਰਨਾ, ਤਰਾਸ਼ਣਾ ਆਦਿ, ਇਨ੍ਹਾਂ ਗਰੀਬੀ ਤੇ ਮਜ਼ਦੂਰ ਵਰਗ ਦੀ ਕਲਾ ਤੇ ਹੁਨਰ ਦਾ ਕਮਾਲ ਹੈ। ਇਹ ਲੋਕ ਸਾਰਾ ਦਿਨ ਇਸ ਆਸ ਨਾਲ ਕੰਮ ਕਰਦੇ ਹਨ ਕਿ ਰਾਤ ਨੂੰ  ਰੋਟੀ ਰੱਜ ਕੇ ਖਾਵਾਂਗੇ ਪਰ ਉਹ ਵੀ ਠੇਕੇਦਾਰ ‘ਤੇ ਨਿਰਭਰ ਕਰਦਾ ਹੈ ਕਿ ਪੈਸੇ ਕਦੋਂ ਦੇਵੇ। ਲੇਬਰ ਐਕਟ ਤਹਿਤ ਹਰ ਕਿਰਤੀ ਦਾ ਕੰਮ ਤੇ ਸਮਾਂ ਨਿਰਧਾਰਤ ਹੁੰਦਾ ਹੈ, ਵੱਧ ਕੰਮ ਬਦਲੇ ਵੱਧ ਉਜਰਤ ਦਿੱਤੀ ਜਾਂਦੀ ਹੈ , ਪਰ ਢਾਬਿਆਂ ਦੁਕਾਨਾਂ ਤੇ ਘਰਾਂ ‘ਚ ਕੰਮ ਕਰਨ ਵਾਲੇ ਲੱਖਾਂ ਮਜ਼ਦੂਰਾਂ ਲਈ ਕੋਈ ਸਮਾਂ ਤੈਅ ਨਹੀਂ ਹੁੰਦਾ। ਜਦ ਸਾਰਾ ਦੇਸ਼ ਦੀਵਾਲੀ ਹੋਲੀ ਦੁਸਹਿਰਾ ਆਦਿ ਤਿਉਹਾਰ ਮਨਾ ਰਿਹਾ ਹੁੰਦੈ, ਤਾਂ ਇਹ ਵਰਗ ਅੰਦਰੋਂ-ਅੰਦਰੀ ਮਾਨਸਿਕ ਸੰਤਾਪ ਭੁਗਤਦਾ ਹੈ। ਲੰਮੀ ਬਿਮਾਰੀ, ਹਾਦਸੇ ਤੇ ਹੋਰ ਜਰੂਰੀ ਕਾਰਜਾਂ ਲਈ ਛੁੱਟੀ ਦਾ ਮਤਲਬ ਰੋਜ਼ੀ- ਰੋਟੀ ਦੀ ਕਟੌਤੀ ਹੁੰਦਾ ਹੈ। ਲੋਕਾਂ ਨੂੰ ਸਰਕਾਰੀ ਕਾਨੂੰਨਾਂ ਦੀ ਪਰਵਾਹ ਨਹੀਂ ਤੇ ਨਾਂ ਹੀ ਕਿਰਤ ਵਿਭਾਗ ਕੋਈ ਗੌਰ ਕਰਦਾ ਹੈ।

ਦੇਸ਼ ਦੇ ਵਿਕਾਸ ਦੀ ਰਟ ਲਾਉਣ ਵਾਲੇ ਰਾਜਨੇਤਾ ਕਦੇ ਤਾਂ ਇਹਨਾਂ ਸਿਰੜੀ ਤੇ ਕਿਰਤੀ ਗਰੀਬ ਵਰਗ ਦੇ ਰਹਿਨੁਮਾ ਬਣ ਕੇ ਅੱਗੇ ਆਉਣ ਕਿਉਂਕਿ ਵਿਕਾਸ ਦਰ ਦਾ ਝੁਕਾਅ  ਖੁਸ਼ਹਾਲ ਲੋਕਾਂ ਵੱਲ ਹੀ ਹੁੰਦਾ ਹੈ। ਦੇਸ਼ ਦੀ ਅਰਥ-ਵਿਵਸਥਾ ਦਾ ਅਧਾਰ ਇਹ ਕਿਰਤੀ ਵਰਗ ਵੀ ਲੋਕਤੰਤਰ ਪ੍ਰਣਾਲੀ ਦਾ ਹਿੱਸਾ ਹਨ ਤੇ ਇਹਨਾਂ ਦੀ ਵੋਟ ਦੀ ਕੀਮਤ ਦਾ ਉਦੋਂ ਪਤਾ ਲਗਦਾ ਜਦੋਂ ਚੋਣਾਂ ਦੇ ਦਿਨਾਂ ‘ਚ ਸਿਆਸੀ ਲੀਡਰ ਤਰ੍ਹਾਂ ਤਰ੍ਹਾਂ ਦੇ ਵਾਅਦਿਆਂ ਤੇ ਮੁਫਤ ਸਹੂਲਤਾਂ ਦੇ ਐਲਾਨ ਕਰਦੇ ਹਨ ਜੋ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ। ਇਹ ਸਿਰੜੀ ਮਿਹਨਤੀ ਤੇ ਕਿਰਤੀ ਵਰਗ ਨੂੰ ਮੰਗਤਿਆਂ ਦੀ ਸ਼੍ਰੇਣੀ ‘ਚ ਖੜ੍ਹਾ ਨਾ ਕਰਕੇ ਇਹਨਾਂ ਦੀਆਂ ਮੁਢਲੀਆਂ ਜ਼ਰੂਰਤਾਂ (ਰੋਟੀ, ਕਪੜਾ, ਮਕਾਨ) ਆਦਿ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ। ਹਰ ਸਾਲ 26 ਜਨਵਰੀ, ਗਣਤੰਤਰ ਦਿਵਸ ਤੇ ਅਜ਼ਾਦੀ ਦਿਵਸ ਦੀ ਵਰ੍ਹੇਗੰਢ ਮੌਕੇ ਜਸ਼ਨ ਮਨਾਏ ਜਾਂਦੇ ਹਨ ਉਸ ਸਮੇਂ ਬੁਲੰਦ ਅਵਾਜ਼ ‘ਚ ‘ਭਾਰਤ ਦੇਸ਼ ਮਹਾਨ ਹੈ’ ਦੇ ਨਾਅਰਿਆਂ ਦੀ ਗੂੰਜ ‘ਚ ਵੀ ਇਹ ਮਿਹਨਤ-ਕਸ਼ ਮਜ਼ਦੂਰ ਵਰਗ ਆਪਣੀ ਕਿਰਤ ਕਰਨ ‘ਚ ਰੁੱਝਾ ਹੋਇਆ ਇਸ ਦੀ ਮਹਾਨਤਾ ‘ਚ ਹੋਰ ਇਜ਼ਾਫਾ ਕਰ ਰਿਹਾ ਹੁੰਦਾ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin