
ਕਈ ਵਿਆਕਤੀ ਇਸ ਧਰਤੀ ਤੇ ਜਨਮ ਲੈ ਕੇ ਲੋਕਾਂ ਵਿਚ ਵਿਚਰਦੇ ਅਜਿਹੇ ਚੰਗੇ ਕੰਮ ਕਰ ਜਾਂਦੇ ਹਨ ਜਿੰਨਾਂ ਨੂੰ ਲੋਕ ਹਮੇਸ਼ਾ ਹੀ ਯਾਦ ਕਰਦੇ ਰਹਿੰਦੇ ਹਨ।ਅਜਿਹਾ ਇਕ ਨਾਮ ਸਿੱਖ ਕੌਮ ਵਿਚ ਹੈ ਜੋ ਮਹਾਨ ਵਿਦਵਾਨ, ਉੱਤਮ ਵਿਆਖਿਆ ਕਾਰ, ਸ੍ਰੇਸ਼ਟ ਟੀਕਾਕਾਰ, ਉੱਚ ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਸਰਬੋਤਮ ਉਪਦੇਸ਼ਕ, ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੇ ਮੋਢੀ, ਖ਼ਾਲਸਾ ਅਖ਼ਬਾਰ ਦੇ ਬਾਨੀ ਅਤੇ ਸੰਪਾਦਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ, ਗਿਆਨੀ ਦਿੱਤ ਸਿੰਘ ਜਿਸ ਦਾ ਨਾਮ ਅੱਜ ਵੀ ਸਿੱਖ ਕੌਮ ਬੜੇ ਪਿਆਰ ਸਤਿਕਾਰ ਨਾਲ ਲੈਂਦੀ ਹੈ।
ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ 1850 ਨੂੰ ਨੰਦਪੁਰ ਕਲੌੜ ਜਿਲ੍ਹਾ ਫਤਿਹਗ੍ਹੜ ਸਾਹਿਬ ਵਿਖੇ ਪਿਤਾ ਦੀਵਾਨ ਸਿੰਘ ਅਤੇ ਮਾਤਾ ਰਾਮ ਕੌਰ ਦੀ ਕੁੱਖੋਂ ਰਵਿਦਾਸੀਆ ਪ੍ਰੀਵਾਰ ਵਿਚ ਹੋਇਆ। 1869 ਵਿਚ ਜਦੋ ਇਹ 9 ਸਾਲ ਦਾ ਸੀ ਇਸ ਦੇ ਪਿਤਾ ਨੇ ਇਸ ਨੂੰ ਪਿੰਡ ਤਿਊੜ(ਖਰੜ)ਵਿਖੇ ਮਹਾਤਮਾ ਸੰਤ ਗੁਰਬਖਸ਼ ਸਿੰਘ ਗੁਲਾਬਦਾਸੀ ਦੇ ਡੇਰੇ ਵਿਦਿਆ ਅਤੇ ਗਿਆਨ ਹਾਸਲ ਕਰਨ ਲਈ ਛੱਡ ਦਿੱਤਾ ਇਸ ਤੋਂ ਬਾਅਦ 16 ਸਾਲ ਦੀ ਉਮਰ ਵਿਚ ਇਹ ਗੁਲਾਬਦਾਸੀਆਂ ਦੇ ਡੇਰੇ ਚੱਠਿਆਂਵਾਲੇ ਜਿਲ੍ਹਾ ਲਾਹੌਰ ਦੇ ਡੇਰੇ ਵਿਚ ਚਲੇ ਗਏ ਉੱਥੇ ਸੰਤ ਦੇਸਾ ਸਿੰਘ ਪਾਸ ਰਹਿ ਕੇ ਵਿਦਿਆ ਪ੍ਰਾਪਤ ਕੀਤੀ। ਇੱਥੇ ਇਹਨਾਂ ਨੇ ਵੱਖ ਵੱਖ ਭਾਸ਼ਾਵਾਂ ਜਿਵੇ ਪੰਜਾਬੀ, ਹਿੰਦੀ, ਫਾਰਸੀ, ਊਰਦੂ, ਸੰਸਕ੍ਰਿਤ, ਬ੍ਰਿਜ ਭਾਸ਼ਾ ਦੇ ਅੱਖਰੀ ਗਿਆਨ ਤੋਂ ਜਾਣੂ ਹੋ ਕੇ ਕਈ ਧਰਮਾਂ ਦੇ ਗ੍ਰੰਥ ਅਰਥਾਂ ਸਮੇਤ ਪੜ੍ਹੇ। ਵੇਦਾਂਤ ਅਤੇ ਪਿੰਗਲ ਆਦਿ ਦਾ ਵੀ ਗਿਆਨ ਹਾਸਲ ਕੀਤਾ ਫਿਰ ਗੁਲਾਬਦਾਸੀਆਂ ਦੇ ਸਾਧੂ ਬਣ ਕੇ ਪ੍ਰਚਾਰ ਕਰਦੇ ਰਹੇ।
ਜੂਨ1872 ਨੰ ਭਾਈ ਭਾਗ ਸਿੰਘ ਬਡਾਲਾ ਜੋ ਵਿਦਵਾਨ ਸਨ ਉਹਨਾਂ ਨੇ ਗਿਆਨੀ ਦਿੱਤ ਸਿੰਘ ਵਿਚ ਇਨਸਾਨੀ ਅਤੇ ਵਿਦਵਾਨਾਂ ਵਾਲੇ ਗੁਣ ਵੇਖ ਕੇ ਆਪਣੀ ਪੁੱਤਰੀ ਬਿਸ਼ਨ ਕੌਰ ਦਾ ਵਿਆਹ ਗੁਰੂ ਮਰਿਯਾਦਾ ਅਨੁਸਾਰ ਇਹਨਾਂ ਨਾਲ ਕਰ ਦਿੱਤਾ।ਇਹਨਾਂ ਦੇ ਘਰ ਦੋ ਬੱਚਿਆਂ ਪੁੱਤਰ ਬਲਦੇਵ ਸਿੰਘ ਅਤੇ ਪੁੱਤਰੀ ਵਿਦਿਆਵੰਤੀ ਕੌਰ ਨੇ ਜਨਮ ਲਿਆ।
1877 ਨੂੰ ਉੁਰੀਐਂਟਲ ਕਾਲਜ ਲਾਹੌਰ ਵਿਖੇ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਸੀ।ਗਿਆਨੀ ਦਿੱਤ ਸਿੰਘ ਵੀ ਪ੍ਰੋ. ਗੁਰਮੱਖ ਸਿੰਘ ਦੇ ਸਪੰਰਕ ਵਿਚ ਆ ਚੁੱਕੇ ਸਨ।ਪ੍ਰੋ. ਗੁਰਮਖ ਸਿੰਘ ਦੇ ਕਹਿਣ ਤੇ ਗਿਆਨੀ ਦਿੱਤ ਸਿੰਘ ਉਰੀਐਂਟਲ ਕਾਲਜ ਲਾਹੌਰ ਵਿਚ ਗਿਆਨੀ ਕਰਨ ਲੱਗ ਪਏ।1877-78 ਇਕ ਸਾਲ ਵਿਚ ਗਿਆਨੀ ਬਹੁਤ ਵਧੀਆ ਨੰਬਰਾਂ ਵਿਚ ਪਾਸ ਕਰ ਲਈ ਫਿਰ ਇਸ ਕਾਲਜ ਵਿਚ ਪੰਜਾਬੀ ਵਿਸ਼ੇ ਦੇ ਪ੍ਰੋਫ਼ੈਸਰ ਲਗ ਗਏ।ਇਹਨਾਂ ਨੇ ਲਗਭਗ ਅੱਠ ਸਾਲ ਇਸ ਕਾਲਜ ਵਿਚ ਸੇਵਾ ਕੀਤੀ।ਇਹ ਆਪਣੀ ਰਹਾਇਸ਼ ਵੀ ਚੱਠਿਆਂਵਾਲੇ ਤੋਂ ਲਾਹੌਰ ਲੈ ਆਏ ਸਨ। ਇਹ ਕਾਲਜ 1870 ਵਿਚ ਸ਼ੁਰੂ ਹੋਇਆ ਅਤੇ 14 ਅਕਤੂਬਰ1882 ਨੂੰ ਇਸ ਦਾ ਨਾਮ ਪੰਜਾਬ ਯੁਨੀਵਰਸਿਟੀ ਲਾਹੌਰ ਰੱਖ ਦਿੱਤਾ ਗਿਆ।ਗਿਆਨੀ ਦਿੱਤ ਸਿੰਘ ਨੇ ਗਿਆਨੀ ਕਰਨ ਤੋਂ ਬਾਅਦ ਪ੍ਰੋ. ਗੁਰਮਖ ਸਿੰਘ ਦੀ ਪ੍ਰੇਰਨਾਂ ਸਦਕਾ ਅੰਮਿ੍ਤ ਛੱਕ ਕੇ ਜਨਮ ਵੇਲੇ ਦੇ ਨਾਮ ਦਿੱਤਾ ਰਾਮ ਤੋਂ ਦਿੱਤ ਸਿੰਘ ਬਣ ਗਈ। ਗਿਆਨੀ ਕਰਨ ਤੋਂ ਬਾਅਦ ਨਾਮ ਮੂਹਰੇ ਗਿਆਨੀ ਲਗ ਗਿਆ।ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਰਥਾਂ ਭਰਪੂਰ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ ਸੀ।
ਅਪ੍ਰੈਲ1877 ਵਿਚ ਸਵਾਮੀ ਦਯਾਨੰਦ ਆਰੀਆ ਸਮਾਜ ਦਾ ਪ੍ਰਚਾਰ ਕਰਨ ਲਾਹੌਰ ਆਇਆ।ਉਸ ਨਾਲ ਗਿਆਨੀ ਦਿੱਤ ਸਿੰਘ ਨੇ ਤਿੰਨ ਧਾਰਮਿਕ ਮੁਲਾਕਾਤਾਂ ਕੀਤੀਆਂ ਜੋ ਉਹਨਾਂ ਮੁਲਾਕਾਤਾਂ ਵਿਚ ਗਿਆਨੀ ਦਿੱਤ ਸਿੰਘ ਦਾ ਦਯਾਨੰਦ ਨਾਲ ਸੰਵਾਦ ਹੁੰਦਾ ਸੀ ਉਹ ਗਿਆਨੀ ਦਿੱਤ ਸਿੰਘ ਨੇ ਆਪਣੀ ਲਿਖੀ ਕਿਤਾਬ ‘ਸਾਧੂ ਦਯਾਨੰਦ ਤੇ ਮੇਰਾ ਸੰਵਾਦ’ ਵਿਚ ਲਿਖ ਦਿੱਤਾ।
ਸਵਾਮੀ ਦਯਾਨੰਦ ਆਖਦਾ ਸੀ ਵੈਦ ਰੱਬੀ ਕਿਰਤ ਹਨ ਇਹ ਬ੍ਰਹਮਾ ਦੇ ਰਚੇ ਹੋਏ ਹਨ।ਦੇਵੀ ਦੇਵਤਿਆਂ ਵਲੋਂ ਵੇਦਾਂ ਦੀ ਕੀਤੀ ਰਚਨਾਂ ਨੂੰ ਰੱਦ ਕਰਦਾ ਸੀ।ਪਰ ਗਿਆਨੀ ਦਿੱਤ ਸਿੰਘ ਨੇ ਇਹ ਸਿੱਧ ਕਰ ਦਿੱਤਾ ਸੀ ਵੇਦ ਰੱਬੀ ਕਿਰਤ ਨਹੀ ਹਨ।ਇਹਨਾਂ ਨੂੰ ਰਚਨ ਵਾਸਤੇ ਮਨੁੱਖੀ ਸਰੀਰ ਦੀ ਲੋੜ ਹੈ।ਮਨੁੱਖੀ ਸਰੀਰ ਦੁਨੀਆ ਤੇ ਆਇਆ ਉਸ ਨੇ ਵੇਦਾਂ ਦੀ ਰਚਨਾਂ ਕੀਤੀ।ਜਿਹੜਾ ਧਰਤੀ ਤੇ ਆਉਂਦਾ ਹੈ ਉਹ ਰੱਬ ਨਹੀਂ ਹੋ ਸਕਦਾ।ਇਸ ਤਰਾਂ ਗਿਆਨੀ ਦਿੱਤ ਸਿੰਘ ਨੇ ਤਿੰਨਾਂ ਮੁਲਾਕਾਤਾਂ ਵਿਚ ਹੀ ਸਵਾਮੀ ਦਯਾਨੰਦ ਨੂੰ ਭਰੀ ਸਭਾ ਵਿਚ ਹਰਾਇਆ।ਇਹ ਹਾਰ ਦਯਾਨੰਦ ਨੇ ਵੀ ਕਬੂਲ ਕਰ ਲਈ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਦੱਸ ਕੁ ਸਾਲ ਪਿਛੋਂ ਸਿੱਖ ਰਾਜ ਚਲਿਆ ਗਿਆ।ਅੰਗਰੇਜ਼ੀ ਰਾਜ ਸਥਾਪਤ ਹੋਣ ਕਰਕੇ ਸਿੱਖਾਂ ਕੋਲ ਕੋਈ ਮਹਾਨ ਆਗੂ ਨਹੀਂ ਰਿਹਾ ਸੀ।ਸਿੱਖ ਕੌਮ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਈ ਸੀ।ਅੰਗਰੇਜ਼ਾ ਨੇ ਸਿੱਖਾਂ ਨੂੰ ਇਸਾਈ ਧਰਮ ਦਾ ਪ੍ਰਚਾਰ ਕਰਕੇ ਇਸਾਈ ਬਣਾਉਣਾ ਸ਼ੁਰੂ ਕਰ ਦਿੱਤਾ ਸੀ।ਕੁਝ ਸਿੱਖ ਆਪਣੀ ਮਰਜ਼ੀ ਨਾਲ ਇਸਾਈ ਧਰਮ ਵੱਲ ਜਾ ਰਹੇ ਸਨ।ਜੁਲਾਈ 1873 ਵਿਚ ਚਾਰ ਸਿੱਖ ਵਿਦਿਆਰਥੀ ਇਸਾਈ ਬਣਨ ਲੱਗੇ ਸਨ ਸਿੱਖ ਆਗੂਆਂ ਨੇ ਮੌਕੇ ਤੇ ਦਖ਼ਲ ਦੇ ਕੇ ਉਹਨਾਂ ਨੂੰ ਰੋਕ ਲਿਆ।ਆਰੀਆ ਸਮਾਜ ਦਾ ਧਰਮ ਪ੍ਰਚਾਰ ਵੀ ਜ਼ੋਰਾਂ ਤੇ ਚਲ ਰਿਹਾ ਸੀ। ਸਿੱਖ ਵਹਿਮਾ ਭਰਮਾ ਅਤੇ ਕਰਮ ਕਾਂਡਾ ਵੱਲ ਵੱਧ ਰਹੇ ਸਨ ਇਸ ਕਰਕੇ ਸਿੱਖਾਂ ਦੀ ਗਿਣਤੀ ਘੱਟਦੀ ਜਾ ਰਹੀ ਸੀ।ਇਹਨਾਂ ਸਥੀਤੀਆਂ ਨੂੰ ਵੇਖ ਕੇ 30 ਜੁਲਾਈ 1873 ਨੂੰ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦਾ ਗਠਨ ਕੀਤਾ।ਇਸ ਦੇ ਮੁੱਖ ਮੈਂਬਰ ਠਾਕਰ ਸਿੰਘ ਸੰਧਾਵਾਲੀਆ,ਪ੍ਰੋਫ਼ੈਸਰ ਗੁਰਮਖ ਸਿੰਘ, ,ਭਾਈ ਜਵਾਹਰ ਸਿੰਘ ਅਤੇ ਭਾਈ ਮਈਆ ਸਿੰਘ ਆਦਿ ਸਨ ਇਸ ਲਹਿਰ ਦੇ ਪ੍ਰਧਾਨ ਠਾਕਰ ਸਿੰਘ ਸੰਧਾਵਾਲੀਆ ਅਤੇ ਸਕੱਤਰ ਗਿਆਨੀ ਸਰਦੂਲ ਸਿੰਘ ਸਨ।
ਇਸ ਸਭਾ ਵਿਚ ਕੰਮ ਕਰਨ ਵਾਲੇ ਆਗੂਆਂ ਦੀ ਵਿਚਾਰਧਾਰਾ ਇਕ ਦੂਸਰੇ ਤੋਂ ਵੱਖਰੀ ਸੀ।ਇਹ ਸਭਾ ਬਾਬਾ ਖੇਮ ਸਿੰਘ ਬੇਦੀ ਦੀ ਦੇਖ ਰੇਖ ਹੇਠ ਬਣੀ ਹੋਣ ਕਰਕੇ ਖੇਮ ਸਿੰਘ ਬੇਦੀ ਵੀ ਸਭਾ ਤੇ ਦਬ ਦਬਾ ਰੱਖਦਾ ਸੀ ਅਤੇ ਦੋਗਲੀ ਨੀਤੀ ਖੇਡਦਾ ਕਰਕੇ ਅੰਗਰੇਜ਼ਾ ਨਾਲ ਵੀ ਰਾਬਤਾ ਕਾਇਮ ਰੱਖਦਾ ਸੀ ਇਧਰ ਸਿੰਘ ਸਭਾ ਲਹਿਰ ਨਾਲ ਵੀ ਰਾਬਤਾ ਕਾਇਮ ਰੱਖਦਾ ਸੀ। ਪ੍ਰੋ. ਗੁਰਮਖ ਸਿੰਘ ਅਤੇ ਇਹਨਾਂ ਦੇ ਹੋਰ ਸਾਥੀਆਂ ਦੀ ਵਿਚਾਰਧਾਰਾ ਨਿਰੋਲ ਸਿੱਖ ਧਰਮ ਦਾ ਪ੍ਰਚਾਰ ਕਰਨਾ ਅਤੇ ਰਾਹ ਤੋਂ ਭਟਕੀ ਸਿੱਖ ਕੌਮ ਨੂੰ ਵਾਪਸ ਲਿਆਉਣਾ ਸੀ ਇਸ ਕਰਕੇ ਸਿੰਘ ਸਭਾ ਵਿਚ ਮਤਭੇਦ ਪੈਦਾ ਹੋਣ ਲੱਗ ਪਏ ਫਿਰ ਛੇ ਸਾਲ ਬਾਅਦ ਨਵੀ ਸਿੰਘ ਸਭਾ ਨੇ ਜਨਮ ਲਿਆ।
ਪ੍ਰੋ. ਗੁਰਮਖ ਸਿੰਘ ਦੇ ਯਤਨਾਂ ਸਦਕਾ 2 ਨਵੰਬਰ 1879 ਨੂੰ ਸਿੰਘ ਸਭਾ ਲਾਹੌਰ ਦੀ ਸਥਾਪਨਾ ਕੀਤੀ।ਇਸ ਲਹਿਰ ਵਿਚ ਦੀਵਾਨ ਬੂਟਾ ਸਿੰਘ ਨੂੰ ਪ੍ਰਧਾਨ ਪ੍ਰੋ. ਗੁਰਮਖ ਸਿੰਘ ਨੂੰ ਸਕੱਤਰ ਬਣਾਇਆ ਗਿਆ।
ਕੰਵਰ ਬਿਕਰਮ ਸਿੰਘ ਰਾਇਸ ਜਲੰਧਰ ਦੇ ਸਹਿਯੋਗ ਨਾਲ 1885 ਵਿਚ ਖ਼ਾਲਸਾ ਪ੍ਰੈਸ ਲਗਾ ਦਿੱਤੀ ਗਈ। 12 ਜੂਨ1886 ਨੂੰ ਸਿੰਘ ਸਭਾ ਲਾਹੌਰ ਨੇ ਸਪਤਾਹਿਕ ਗੁਰਮਖੀ ਖ਼ਾਲਸਾ ਅਖ਼ਬਾਰ ਆਰੰਭ ਕਰ ਦਿੱਤਾ। ਇਸ ਅਖ਼ਬਾਰ ਦੇ ਪਹਿਲੇ ਸੰਪਾਦਕ ਝੰਡਾ ਸਿੰਘ ਸਨ ਪਰ ਛੇਤੀ ਹੀ ਗਿਆਨੀ ਦਿੱਤ ਸਿੰਘ ਇਸ ਖ਼ਾਲਸਾ ਅਖ਼ਬਾਰ ਦੇ ਮੁੱਖ ਸੰਪਾਦਕ ਬਣ ਗਏ। ਗਿਆਨੀ ਦਿੱਤ ਸਿੰਘ ਆਪ ਖ਼ਾਲਸਾ ਅਖ਼ਬਾਰ ਵਿਚ ਜੌਸ਼ੀਲੇ ਲੇਖ ਲਿਖਦੇ ਰਹਿੰਦੇ ਸਨ ਅਤੇ ਸਮਾਗਮਾ ਵਿਚ ਗਰਮ ਭਾਸ਼ਣ ਕਰਦੇ ਸਨ।ਆਰੀਆ ਸਮਾਜ ਦੀਆਂ ਗੁਮਰਾਹ ਕਰਨ ਵਾਲੀਆਂ ਚਾਲਾਂ ਦਾ ਅਖ਼ਬਾਰ ਰਾਹੀ ਖੁੱਲ੍ਹ ਕੇ ਬਿਆਨ ਕਰਦੇ ਖੇਮ ਸਿੰਘ ਬੇਦੀ ਵੀ ਅੰਗਰੇਜ਼ ਸਰਕਾਰ ਨਾਲ ਰਲ ਕੇ ਇਹਨਾਂ ਨਾਲ ਟੱਕਰ ਲੈਂਦਾ।ਗਿਆਨੀ ਦਿੱਤ ਸਿੰਘ ਨੂੰ ਜਾਤੀਵਾਦ ਦਾ ਵਿਤਕਰਾ ਵੀ ਸਹਿਣਾ ਪੈਂਦਾ ਇਸ ਕਰਕੇ ਇਹਨਾਂ ਨੂੰ ਕਈ ਕਠਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਇਹਨਾਂ ਨੇ ਸਿੱਖੀ ਨੂੰ ਬਚਾਉਣ ਵਾਲੀ ਵਿਚਾਰਧਾਰਾ ਦਾ ਰਾਹ ਨਾਂ ਛੱਡਿਆ।ਸਾਥੀਆਂ ਨੂੰ ਨਾਲ ਲਾ ਕੇ ਸਿੰਘ ਸਭਾ ਲਈ ਦਿਨ ਰਾਤ ਕੰਮ ਕਰਦੇ ਰਹੇ।
ਗਿਆਨੀ ਦਿੱਤ ਸਿੰਘ ਨੇ 70 ਕਿਤਾਬਾਂ ਵੱਖ ਵੱਖ ਵਿਧਾ ਤੇ ਲਿਖੀਆਂ ਧਾਰਮਿਕ ਪੁਸਤਕਾਂ ਜਿਵੇ ਦੁਰਗਾ ਪ੍ਰਬੋਧ,ਸਾਧੂ ਦਯਾਨੰਦ ਤੇ ਮੇਰਾ ਸੰਬਾਦ, ਰਾਜ ਪ੍ਰਬੋਧ ਨਾਟਕ, ਧਰਮ ਦਰਪਣ, ਖਾਲਸਾ ਧਰਮ, ਗੁਰਮਤਿ ਆਰਤੀ ਪ੍ਰਬੋਧ, ਖਾਲਸਾ ਧਰਮ, ਸ੍ਰੀ ਗੁਰਬਾਣੀ ਪ੍ਰਬੋਧ, ਡਰਪੋਕ ਸਿੰਘ, ਕਲਗੀਧਰ ੳੁਪਕਾਰ, ਸੁਲਤਾਨ ਪੁਆੜਾ, ਦਲੇਰ ਸਿੰਘ, ਦੰਭ ਬਿਦਾਰਨ, ਸਵਪਨ ਨਾਟਕ, ਸ੍ਰੀ ਗੁਰੂ ਨਾਨਕ ਪ੍ਰਬੋਧ, ਸ੍ਰੀ ਗੁਰੂ ਅਮਰਦਾਸ ਪ੍ਰਬੋਧ (ਭਾਗ-1), ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿ ਰਾਏ ਜੀ, ਗੁਰੂ ਹਰਿ ਕ੍ਰਿਸ਼ਨ ਜੀ, ਸ਼ਹੀਦ ਭਾਈ ਤਾਰੂ ਸਿੰਘ, ਸਿੰਘਣੀਆਂ ਦੇ ਸਿਦਕ, ਮਹਿਤਾਬ ਸਿੰਘ ਮੀਰਾ ਕੋਟੀਆ ਆਦਿ ਬਹੁਤ ਸਾਰੀਆਂ ਕਿਤਾਬਾਂ ਲਿਖ ਕੇ ਸਿੱਖ ਧਰਮ ਦੀ ਸੇਵਾ ਕੀਤੀ।
ਕਿੱਸਾ ਸ਼ੀਰੀ ਫ਼ਰਹਾਦ, ਆਤਮ ਸਿੱਧੀ, ਨੀਤੀ ਪ੍ਰਕਾਸ਼, ਅਬਲਾ ਨਿੰਦ ਆਦਿ ਕਿਤਾਬਾਂ ਲਿਖ ਕੇ ਪੰਜਾਬੀ ਸਾਹਿਤ ਦੀ ਸੇਵਾ ਕੀਤੀ।ਗਿਆਨੀ ਦਿੱਤ ਸਿੰਘ ਨੇ ਵਹਿਮ ਭਰਮ ਕਰਮ ਕਾਂਡਾ ਦਾ ਖੰਡਨ ਕਰਨ ਲਈ ਕਈ ਕਿਤਾਬਾਂ ਲਿਖੀਆਂ।ਸਿੰਘ ਸਭਾ ਲਹਿਰ ਨੇ ਵਿਦਿਅਕ ਖੇਤਰ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਨੀਂਹ 5 ਮਾਰਚ 1892 ਨੂੰ ਰੱਖੀ।
ਸਿੰਘ ਸਭਾ ਲਹਿਰ ਨੇ ਸਿੱਖ ਕੌਮ ਵਿਚ ਨਵੀ ਰੂਹ ਭਰ ਕੇ ਲੋਕਾਂ ਵਿਚ ਜਾਗ੍ਰਤੀ ਪੈਦਾ ਕਰ ਦਿੱਤੀ। ਗੁਰਦੁਵਾਰਾ ਸੁਧਾਰ ਲਹਿਰ ਸਿੰਘ ਸਭਾ ਲਹਿਰ ਕਰਕੇ ਹੀ ਹੋਂਦ ਵਿਚ ਆਈ। ਗੁਰਦੁਵਾਰਾ ਸੁਧਾਰ ਲਹਿਰ ਕਰਕੇ 15 ਨਵੰਬਰ 1920 ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ।ਇਸ ਗੁਰਦੁਵਾਰਾ ਸੁਧਾਰ ਲਹਿਰ ਨੇ ਮਹੰਤਾ ਤੋਂ ਸਾਰੇ ਗੁਰਦੁਵਾਰੇ ਆਜ਼ਾਦ ਕਰਵਾ ਲਏ ਸਨ ਭਾਵੇ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਚੀਫ਼ ਖਾਲਸਾ ਦੀਵਾਨ ਅਤੇ ਪੰਚ ਖਾਲਸਾ ਦੀਵਾਨ ਭਸੋੜ ਵੀ ਸਿੰਘ ਸਭਾ ਲਾਹੌਰ ਕਰਕੇ ਹੀ ਹੋਂਦ ਵਿਚ ਆਏ।
ਸਿੰਘ ਸਭਾ ਲਹਿਰ ਦੇ ਆਗੂ ਸਰ ਅਤਰ ਸਿੰਘ ਭਦੌੜ ਦੀ 10 ਜੂਨ1886 ਨੂੰ ਮੌਤ ਹੋ ਗਈ ਸੀ। 8 ਅਗਸਤ1898 ਨੂੰ ਮਹਾਰਾਜਾ ਬਿਕਰਮ ਸਿੰਘ ਫਰੀਦਕੋਟ ਦੀ ਮੌਤ ਹੋ ਗਈ 24 ਸਤੰਬਰ 1898 ਨੂੰ ਪ੍ਰੋ.ਗੁਰਮਖ ਸਿੰਘ ਦੀ ਮੌਤ ਹੋ ਗਈ,17 ਜੂਨ 1901 ਨੂੰ ਗਿਆਨੀ ਦਿੱਤ ਸਿੰਘ ਦੀ ਬੇਟੀ ਵਿਦਿਆਵੰਤੀ ਦੀ ਮੌਤ ਸਾਢੇ ਗਿਆਰਾਂ ਸਾਲ ਦੀ ਉਮਰ ਵਿਚ ਹੋ ਗਈ ਸੀ।ਆਪ ਜਿਗਰ ਦੀ ਬਿਮਾਰੀ ਦੇ ਪਹਿਲਾ ਹੀ ਮਰੀਜ ਸਨ ਬੇਟੀ ਦੀ ਮੌਤ ਦੇ ਸਦਮੇ ਨੇ ਇਹਨਾਂ ਨੂੰ ਹੋਰ ਝੰਜੋੜ ਕੇ ਰੱਖ ਦਿੱਤਾ ਸੀ।ਅਖ਼ੀਰਲੇ ਦਮ ਤੱਕ ਸਿੱਖ ਕੌਮ ਦੀ ਸੇਵਾ ਕਰਦੇ ਗਿਆਨੀ ਦਿੱਤ ਸਿੰਘ 51 ਸਾਲ ਦੀ ਉਮਰ ਵਿਚ 6 ਸਤੰਬਰ 1901 ਨੂੰ ਲਾਹੌਰ ਵਿਖੇ ਸਰੀਰ ਤਿਆਗ ਗਏ ਸਨ।ਲਹਿਰ ਦੇ ਮੁੱਖ ਆਗੂਆਂ ਦੇ ਚਲੇ ਜਾਣ ਨਾਲ ਇਹ ਲਹਿਰ ਵੀ ਸਮਾਪਤ ਹੋ ਗਈ।ਸਾਨੂੰ ਗਿਆਨੀ ਦਿੱਤ ਸਿੰਘ ਵਲੋਂ ਸਿੱਖ ਕੌਮ ਲਈ ਕੀਤੀ ਸੇਵਾ ਸਦਾ ਚੇਤੇ ਰੱਖਣੀ ਚਾਹੀਦੀ ਹੈ।ਇਹਨਾਂ ਦੀ ਯਾਦ ਵਿਚ ਹਰ ਸਾਲ 6 ਸਤੰਬਰ ਨੂੰ ਇਹਨਾਂ ਦੇ ਜੱਦੀ ਪਿੰਡ ਨੰਦਪੁਰ ਕਲੌੜ(ਫ਼ਤਿਹਗੜ੍ਹ ਸਾਹਿਬ)ਵਿਖੇ ਸਲਾਨਾਂ ਬਰਸੀ ਮਨਾਈ ਜਾਂਦੀ ਹੈ।