
ਸਰਹਿੰਦ
ਭਾਰਤ ਦੀ ਅਜਾਦੀ ਦੀ ਲਹਿਰ ਜੋਰ ਫੜਦੀ ‘ਜਾ ਰਹੀ ਸੀ। ਇਸ ਲਹਿਰ ਨੂੰ ਜੋਰ ਫੜਦੀ ਦੇਖ ਅੰਗਰੇਜ਼ ਸਰਕਾਰ ਦਾ ਮੁੱਖ ਮੰਤਵ ਇਹ ਸੀ ‘ਕਿ ਭਾਰਤ ਵਿਚ ਹਰ ਉਹ ਸਮਾਗਮ ਜੋ ਭਾਰਤ ਦੀ ਅਜਾਦੀ ਨਾਲ ਸਬੰਧਤ ਹੋਵੇ ਉਸ ਨੂੰ ਕੁਚਲ ਦਿਤਾ ਜਾਵੇ। ਇਸੇ ਤਰਾਂ ਇਕ ਸਮਾਗਮ ਅੰਮ੍ਰਿਤਸਰ ਦੀ ਧਰਤੀ ਤੇ ਜਲ੍ਹਿਆਂਵਾਲੇ ਬਾਗ ‘ਚ ਹੋਇਆ। ਇਹ ਸ਼ਾਂਤ-ਮਈ ਚੱਲ ਰਹੇ ਸਮਾਗਮ ਨੇ ਕਦੋਂ ਖੂਨੀ ਸਾਕੇ ‘ਚ ਬਦਲ ਗਿਆ, ਪਤਾ ‘ਹੀ ਲੱਗਾ। ਇਸ ਖੂਨੀ ਸਾਕੇ ਨੂੰ ਇਕ ‘ਵੀਹਾਂ ਸਾਲਾ ਦੇ ਨੌਜਵਾਨ ਨੇ ਅੱਖੀਂ ਵੇਖਿਆ ‘ਤੇ ਉਸ ਦਾ ਮਨ ਧੁਰ ਅੰਦਰ ਤੱਕ ਵਲੂੰਧਰਿਆ ਗਿਆ। ਇਹ ਓਹੀ ਸਮਾਂ ਸੀ, ਜਦੋ ਇਕ ‘ਵੀਹਾਂ ਸਾਲਾ’ ਦੇ ਨੌਜਵਾਨ ਨੇ ‘ਇੱਕੀ ਸਾਲਾ’ ਤੱਕ ਜਲ੍ਹਿਆਂਵਾਲੇ ਬਾਗ ‘ਚ ਵਾਪਰੇ ਸਾਕੇ ਦੀ ਤਸਵੀਰ ਨੂੰ ਇੰਨੇ ਲੰਮੇਂ ਸਮੇਂ ਤੱਕ ਆਪਣੇ ਜਹਿਨ ‘ਚ ਤਾਜਾ ਰੱਖਿਆਂ ਤੇ ਨਾਲ ਹੀ ਇਸ ਨੌਜੁਆਨ ਲਈ ‘ਇੱਕੀ ਸਾਲਾ’ ਤੱਕ ਬਦਲੇ ਦੀ ਅੱਗ ਨੂੰ ਆਪਣੇ ਸੀਨੇ ‘ਚ ਬਾਲੀ ਰੱਖਣਾ ਕੋਈ ਸੌਖਾ ਕੰਮ ਨਹੀਂ ਸੀ। ਇਹ ਨੌਜਵਾਨ ਸੀ, ਮਹਾਨ ਸੁਤੰਤਰਤਾ ਸੈਨਾਨੀ ਤੇ ਇਨਕਲਾਬੀ ਸ਼ਹੀਦ ਊਧਮ ਸਿੰਘ ਜਿਨ੍ਹਾਂ ਮਾਤਾ ਹਰਨਾਮ ਕੌਰ ਦੀ ਕੁੱਖੋਂ 26 ਦਸੰਬਰ 1899 ਈ: ਨੂੰ ਸਰਦਾਰ ਟਹਿਲ ਸਿੰਘ ਜੰਮੂ ਦੇ ਘਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਨਾਮ ਵਿਚ ਜਨਮ ਲਿਆ ਤੇ ਉਨ੍ਹਾਂ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਹੁੰਦਾ ਸੀ ਜੋ ਬਾਅਦ ਵਿਚ ਊਧਮ ਸਿੰਘ ਹੋਇਆ ਤੇ ਸਮੇਂ ਦੇ ਬੀਤਣ ਨਾਲ ਊਧਮ ਸਿੰਘ ਭਾਰਤ ਦੇ ਤਿੰਨ ਪ੍ਰਮੁੱਖ ਧਰਮਾਂ ਹਿੰਦੂ, ਇਸਲਾਮ ਤੇ ਸਿੱਖ ਧਰਮ ਦੇ ਏਕੀਕਰਨ ਦੇ ਪ੍ਰਤੀਕ ਵਜੋਂ ‘ਰਾਮ-ਮੁਹੰਮਦ-ਸਿੰਘ-ਆਜ਼ਾਦ’ ਵੀ ਕਹਿਲਾਇਆ ਅਤੇ ਜਿਵੇਂ ਊਧਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ, ਉਸੇ ਤਰਾਂ ਉਨ੍ਹਾਂ ਦੇ ਭਰਾ ਦਾ ਬਚਪਨ ਦਾ ਨਾਮ ਮੁਕਤ ਸਿੰਘ ਸੀ ਜੋ ਬਾਦ ਵਿਚ ਸਾਧੂ ਸਿੰਘ ਦੇ ਨਾਮ ਨਾਲ ਜਾਣੇ ਗਏ। ਊਧਮ ਸਿੰਘ ਦਾ ਪਰਿਵਾਰ ਗੋਤ ਜੰਮੂ ਤੇ ਕੰਬੋਜ ਸਿੱਖ ਬਰਾਦਰੀ ਨਾਲ ਸਬੰਧਿਤ ਸੀ । ਊਧਮ ਸਿੰਘ ਦੇ ਮਾਤਾ ਜੀ ਉਨ੍ਹਾਂ ਨੂੰ ਛੋਟੀ ਉਮਰੇ ਹੀ ਇਸ ਸੰਸਾਰ ਤੇ ਛੱਡ ਸੰਨ 1901 ‘ਚ ਸਵਰਗ ਸਿਧਾਰ ਗਏ ਸਨ ਤੇ ਪਿਤਾ ਜੀ ‘ਜੋ ਪਿੰਡ ਉੱਪਲੀ ਵਿੱਚ ਰੇਲਵੇ ਕਰਾਸਿੰਗ ਉੱਤੇ ਚੌਕੀਦਾਰ ਸਨ, ਉਹ ਸੰਨ 1907 ‘ਚ ਸਵਰਗ ਸਿਧਾਰ ਗਏ। ਊਧਮ ਸਿੰਘ ਦੇ ਮਾਤਾ-ਪਿਤਾ ਦੇ ਸਵਰਗ ਸਿਧਾਰਨ ਮਗਰੋਂ ਉਨ੍ਹਾਂ ਦੇ ਇਕ ਰਿਸ਼ਤੇਦਾਰ ‘ਜੋ ਅੰਮ੍ਰਿਤਸਰ ਵਿਖੇ ਰਾਗੀ ਸਿੰਘ ਵਜੋਂ ਸੇਵਾ ਕਰਦਾ ਸੀ, ਉਸਨੇ ਊਧਮ ਸਿੰਘ ਤੇ ਉਨ੍ਹਾਂ ਦੇ ਭਰਾ ਸਾਧੂ ਸਿੰਘ ਨੂੰ ਪੁਤਲੀ ਘਰ ਅੰਮ੍ਰਿਤਸਰ ਵਿਖੇ ਸਤਿਥ ‘ਕੇਂਦਰੀ ਖਾਲਸਾ ਯਤੀਮ ਘਰ’ ਵਿਖੇ ਪੜ੍ਹਨੇ ਪਾਇਆ ਇਥੇ ਊਧਮ ਸਿੰਘ ਨੇ ਸੰਨ 1917 ‘ਚ ਦਸਵੀਂ ਜਮਾਤ ਪਾਸ ਕਰ ਲਈ ਸੀ। ਇਸੇ ਦੌਰਾਨ ਊਧਮ ਸਿੰਘ ਨੇ ਭਾਰਤ ਦੀ ਅਜਾਦੀ ਨਾਲ ਸਬੰਧਤ ਸਮਾਗਮਾ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
