ਬਠਿੰਡਾ – ਬਠਿੰਡਾ ਦੇ ਬਲਵੰਤ ਗਾਰਗੀ ਓਪਨ ਏਅਰ ਥੇਟਰ ਵਿੱਚ ਨਾਟਿਅਮ ਬਠਿੰਡਾ ਵੱਲੋਂ ਸ਼ੁਰੂ ਕੀਤੇ ਗਏ 15 ਦਿਨਾਂ ਦੇ ਨਾਟਕ ਮੇਲੇ ਦੇ ਪਹਿਲੇ ਦਿਨ ਡਾ. ਸਤੀਸ਼ ਕੁਮਾਰ ਵਰਮਾ ਦਾ ਲਿਖਿਆ ਅਤੇ ਕੀਰਤੀ ਕਿਰਪਾਲ ਦੁਆਰਾ ਨਿਰਦੇਸ਼ਿਤ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਸੋਚ ਤੇ ਅਧਾਰਿਤ ਨਾਟਕ ‘ਲੋਕ ਮਨਾ ਦਾ ਰਾਜਾ’ ਦਾ ਸਫਲਤਾਪੂਰਵਕ ਮੰਚਨ ਕੀਤਾ ਗਿਆ। ਇਸ ਮੌਕੇ ਕੀਰਤੀ ਕਿਰਪਾਲ ਨੇ ਦੱਸਿਆ ਕਿ ਇਸ ਨਾਟਕ ਦੌਰਾਨ ਵੱਖ ਵੱਖ ਕਿਰਦਾਰਾਂ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੋਚ, ਜੀਵਨ ਜੀਣ ਦੇ ਢੰਗ, ਅਤੇ ਪ੍ਰਸ਼ਾਸਨ ਚਲਾਉਣ ਤੇ ਆਵਾਮ ਦੀਆਂ ਭਾਵਨਾਵਾਂ ਦੇ ਅਨੂਕੂਲ ਸਹੀ ਫੈਸਲੇ ਲੈਣ ਦੀ ਰਣਨੀਤੀ ਨੂੰ ਵਿਖਾਇਆ ਗਿਆ। ਉਹਨਾਂ ਦੱਸਿਆ ਕਿ ਇਸ ਨਾਟਕ ਵਿੱਚ ਕਰੀਬ ਡੇਢ ਦਰਜਨ ਕਲਾਕਾਰਾਂ ਨੇ
ਆਪਣਾ ਯੋਗਦਾਨ ਪਾਇਆ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ-ਚਾਂਸਲਰ ਡਾ. ਬੂਟਾ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਕਿਹਾ ਕਿ ਇਸ ਨਾਟਕ ਵਿੱਚ ਬਾਖੂਬੀ ਦਿਖਾਇਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਭਾਗ ਤੋਂ ਅਸੀਂ ਬਹੁਤ ਪ੍ਰੇਰਨਾ ਲੈ ਸਕਦੇ ਹਾਂ, ਜਿਸ ਨਾਲ ਆਪਣੇ ਅੱਜ ਦੇ ਸਿਸਟਮ ‘ਤੇ ਸਮਾਜ ਵਿੱਚ ਸੁਧਾਰ ਕਰ ਸਕੀਏ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਬਤੌਰ ਵੀਸੀ ਆਪਣੀ ਯੂਨੀਵਰਸਿਟੀ ਵਿੱਚ ਵੀ ਨਾਟਕਾਂ ਨੂੰ ਹੁਲਾਰਾ ਦੇਣ ਦਾ ਯਤਨ ਕੀਤਾ ਜਾਂਦਾ ਹੈ। ਇਸ ਮੌਕੇ ਪੰਜਾਬ ਕੈਂਸਰ ਕੇਅਰ ਹਸਪਤਾਲ ਤੋਂ ਡਾ. ਅਨੁਜ ਕੁਮਾਰ ਬਾਂਸਲ ਵੀ ਵਿਸ਼ੇਸ਼ ਤੋਰ ਤੇ ਮੌਜੂਦ ਸਨ।