Story

ਮਾਂ ਦੀ ਮਮਤਾ !

ਇੱਕ ਹੀ ਪੁੱਤਰ ਹੋਣ ਕਾਰਨ ਮਾਂ ਉਸ ਨਾਲ ਅਥਾਹ ਪਿਆਰ ਕਰਦੀ ਸੀ।
ਲੇਖਕ: ਬਲਰਾਜ ਸਿੰਘ ਸਿੱਧੂ ਏ.ਆਈ.ਜੀ.(ਰਿਟਾ), ਪੰਡੋਰੀ ਸਿੱਧਵਾਂ

ਪੁਰਾਣੇ ਸਮੇਂ ਦੀ ਗੱਲ ਹੈ ਕਿ ਕਿਸੇ ਪਰਿਵਾਰ ਵਿੱਚ ਵਿਧਵਾ ਮਾਂ ਤੇ ਉਸ ਦਾ ਪੁੱਤਰ, ਸਿਰਫ ਦੋ ਹੀ ਜੀਅ ਰਹਿੰਦੇ ਸਨ। ਲੜਕਾ ਅਜੇ ਦੋ ਤਿੰਨ ਸਾਲ ਦਾ ਹੀ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਇੱਕ ਹੀ ਪੁੱਤਰ ਹੋਣ ਕਾਰਨ ਮਾਂ ਉਸ ਨਾਲ ਅਥਾਹ ਪਿਆਰ ਕਰਦੀ ਸੀ। ਆਪ ਭਾਵੇਂ ਔਖੀ ਰਹੀ ਪਰ ਪੁੱਤਰ ਨੂੰ ਕਿਸੇ ਕਿਸਮ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ। ਪਰ ਪੁੱਤਰ ਜਦੋਂ ਜਵਾਨ ਹੋਇਆ ਤਾਂ ਮਾੜੀ ਸੰਗਤ ਵਿੱਚ ਪੈ ਗਿਆ ਤੇ ਇੱਕ ਖੂਬਸੂਰਤ ਵੇਸਵਾ ਨਾਲ ਪਿਆਰ ਕਰਨ ਲੱਗ ਪਿਆ। ਘਰ ਵਿੱਚ ਜੋ ਵੀ ਪੈਸਾ ਟਕਾ ਸੀ, ਸਭ ਕੁਝ ਉਸ ‘ਤੇ ਲੁਟਾ ਦਿੱਤਾ। ਜਦੋਂ ਉਹ ਨੰਗ ਹੋ ਗਿਆ ਤਾਂ ਵੇਸਵਾ ਉਸ ਤੋਂ ਖਹਿੜਾ ਛੁਡਾਉਣ ਬਾਰੇ ਸੋਚਣ ਲੱਗ ਪਈ।

ਉਸ ਨੂੰ ਇੱਕ ਤਰਕੀਬ ਸੁੱਝੀ ਤੇ ਉਸ ਨੇ ਲੜਕੇ ਨੂੰ ਕਿਹਾ ਕਿ ਉਹ ਉਸ ਨੂੰ ਕਿੰਨਾਂ ਕੁ ਪਿਆਰ ਕਰਦਾ ਹੈ? ਲੜਕਾ ਬੋਲਿਆ ਕਿ ਉਹ ਉਸ ਨੂੰ ਐਨਾ ਪਿਆਰ ਕਰਦਾ ਹੈ ਕਿ ਉਸ ਲਈ ਆਪਣੀ ਜਾਨ ਵੀ ਦੇ ਸਕਦਾ ਹੈ। ਵੇਸਵਾ ਬੋਲੀ ਕਿ ਜੇ ਤੂੰ ਮੈਨੂੰ ਸੱਚੀਂ ਐਨਾ ਪਿਆਰ ਕਰਦਾ ਹੈਂ ਤਾਂ ਜਾ ਕੇ ਆਪਣੀ ਮਾਂ ਦਾ ਦਿਲ ਕੱਢ ਕੇ ਲਿਆ। ਵੇਸਵਾ ਨੇ ਸੋਚਿਆ ਕਿ ਕੋਈ ਆਪਣੀ ਮਾਂ ਨੂੰ ਕਿਵੇਂ ਕਤਲ ਕਰ ਸਕਦਾ ਹੈ? ਇਸ ਲਈ ਇਹ ਇਨਕਾਰ ਕਰ ਦੇਵੇਗਾ ਤੇ ਮੇਰਾ ਖਹਿੜਾ ਛੁੱਟ ਜਾਵੇਗਾ। ਪਰ ਉਹ ਲੜਕਾ ਤਾਂ ਇਸ਼ਕ ਵਿੱਚ ਐਨਾ ਅੰਨ੍ਹਾਂ ਹੋ ਚੁੱਕਾ ਸੀ ਕਿ ਬਿਨਾਂ ਕੁਝ ਸੋਚੇ ਸਮਝੇ ਸਿੱਧਾ ਘਰ ਗਿਆ ਤੇ ਆਪਣੀ ਮਾਂ ਨੂੰ ਕਤਲ ਕਰ ਕੇ ਤੇ ਉਸ ਦਾ ਦਿਲ ਕੱਢ ਕੇ ਵਾਹੋ-ਦਾਹੀ ਵੇਸਵਾ ਦੇ ਘਰ ਵੱਲ ਚੱਲ ਪਿਆ। ਕਾਹਲੀ ਕਾਰਨ ਉਸ ਨੂੰ ਠੇਡਾ ਲੱਗ ਗਿਆ ਤੇ ਉਹ ਮੂੰਹ ਪਰਨੇ ਡਿੱਗ ਪਿਆ ਤਾਂ ਮਾਂ ਦੇ ਦਿਲ ਵਿੱਚੋਂ ਅਵਾਜ਼ ਆਈ, “ਪੁੱਤ ਤੂੰ ਠੀਕ ਹੈਂ, ਕੋਈ ਸੱਟ ਤਾਂ ਨਹੀਂ ਲੱਗੀ?”

Related posts

ਕਹਾਣੀ : ਖ਼ਾਮੋਸ਼ ਸਫ਼ਰ !

admin

ਮਿੰਨੀ ਕਹਾਣੀ : ਚੜ੍ਹਦੀਕਲਾ !

admin

ਦੋਗਲਾ : ਮਿੰਨੀ ਕਹਾਣੀ 

admin