
ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬੀਬੀਆਂ ਨੇ ਹਮੇਸ਼ਾਂ ਹੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਯੋਗਦਾਨ ਪਾਇਆ ਹੈ। ਬੇਬੇ ਨਾਨਕੀ ਪਹਿਲੇ ਕੀਰਤਨੀਏ ਹਨ ਜਿੰਨ੍ਹਾਂ ਨੇ ਬਾਬੇ ਨਾਨਕ ਦੀ ਸੁਰ ਨੂੰ ਪਹਿਚਾਣ ਕੇ ਬਾਣੀ ਦਾ ਪ੍ਰਚਾਰ ਕਰਨ ਵਾਸਤੇ ਚਾਰੇ ਉਦਾਸੀਆਂ ਕਰਨ ਲਈ ਰਬਾਬ ਸਾਜ਼ ਲਈ ਪੈਸੇ ਦਿੱਤੇ ਤੇ ਵੀਰ ਦੀ ਜਿੰਮੇਵਾਰੀ ਨੂੰ ਆਪ ਸੰਭਾਲਿਆ।ਮਾਤਾ ਖੀਵੀ ਜੀ ,ਬੀਬੀ ਭਾਨੀ ਤੇ ਮਾਤਾ ਗੰਗਾ ਜਿੰਨ੍ਹਾਂ ਨੇ ਸੇਵਾ ਤੇ ਸਿਮਰਨ ਦੇ ਖੇਤਰ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਮਾਤਾ ਗੁਜਰੀ ਜੀ ਤੇ ਹੋਰ ਅਨੇਕਾਂ ਸਿੱਖ ਬੀਬੀਆਂ ਹਨ ਜਿੰਨ੍ਹਾਂ ਕੌਮ ਲਈ ਕੁਰਬਾਨੀਆਂ ਦਿੱਤੀਆ ਤੇ ਵਧ ਚੜ੍ਹ ਕੇ ਸੰਘਰਸ਼ਾਂ ਵਿੱਚ ਹਿੱਸਾ ਲਿਆ ਤੇ ਕੌਮ ਨੂੰ ਨਵੀਂ ਸੇਧ ਦਿੱਤੀ ।ਇਸੇ ਹੀ ਪ੍ਰੰਪਰਾ ਨੂੰ ਤੋਰਨ ਲਈ ਭਾਰਤ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਬਹਾਦਰ ਬੀਬੀਆਂ ਹੋਈਆਂ ਹਨ ਜਿੰਨ੍ਹਾਂ ਆਪਣੀ ਕਲਾ,ਸਾਹਿਤ,ਹੁਨਰ ਤੇ ਵਿਦਵਤਾ ਨਾਲ ਇਕ ਵਿਲੱਖਣ ਜਗ੍ਹਾ ਬਣਾਈ ਹੈ। ਮਦਰਟਰੇਸਾ,ਕਲਪਨਾ ਚਾਵਲਾ, ਬੀਬੀ ਜਸਵੰਤ ਕੌਰ,ਡਾ ਇੰਦਰਜੀਤ ਕੌਰ ਤੇ ਬੀਬੀ ਮਾਨ ਕੌਰ ਹੁਰਾਂ ਦੇ ਨਾਂ ਕੌਣ ਨਹੀਂ ਜਾਣਦਾ। ਬੀਬੀ ਮਾਨ ਕੌਰ ਨੂੰ 104 ਸਾਲ ਦੀ ਉਮਰ ਵਿੱਚ ਰਾਸ਼ਟਰਪਤੀ ਵਲੋਂ ‘ਨਾਰੀ ਸ਼ਕਤੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
