
ਪੰਜਾਬੀ ਦੀ ਬੇਬਾਕ ਗਲਪਕਾਰ ਅਜੀਤ ਕੌਰ ਨੇ ਕੁਲਵੰਤ ਸਿੰਘ ਵਿਰਕ ਨੂੰ ‘ਨਿੱਕੀ ਕਹਾਣੀ ਦਾ ਬਾਦਸ਼ਾਹ’ ਘੋਸ਼ਿਤ ਕੀਤਾ ਹੈ। ਇਸੇ ਸਿਰਲੇਖ ਵਾਲੇ ਇੱਕ ਰੇਖਾ-ਚਿੱਤਰ ਵਿਚ ਉਹ ਵਿਰਕ, ਦੁੱਗਲ ਤੇ ਸੇਖੋਂ ਨੂੰ ਪੰਜਾਬੀ ਦੇ ਅਜ਼ੀਮ ਕਹਾਣੀਕਾਰ ਦੱਸਦੀ ਹੈ। ਉਹਨੇ ਲਿਖਿਆ ਹੈ “ਸ਼ਕਲ ਤੋਂ ਵਿਰਕ ਡਾਕੂ ਲੱਗਦਾ ਸੀ। ਖੁੱਲ੍ਹੀ ਦਾਹੜੀ, ਇਕਹਿਰਾ ਬਦਨ, ਸਿਰ ਤੇ ਵਾਲਾਂ ਦਾ ਛੋਟਾ ਜਿਹਾ ਜੂੜਾ। ਬਾਜ਼ ਵਰਗੀਆਂ ਤੇਜ਼-ਰੌ ਤੇ ਤੇਜ਼-ਰਫ਼ਤਾਰ ਅੱਖਾਂ, ਜਿਹੜੀਆਂ ਵਰਮੀਆਂ ਵਾਗੂੰ ਸਾਹਮਣੇ ਖੜੋਤੇ ਬੰਦੇ ਦੇ ਆਰ-ਪਾਰ ਲੰਘਦੀਆਂ ਜਾਪਦੀਆਂ ਸਨ। ਚੈਖਵ ਵਾਂਗੂੰ ਛੋਟੀਆਂ-ਛੋਟੀਆਂ ਗੱਲਾਂ ਤੇ ਛੋਟੀਆਂ-ਛੋਟੀਆਂ ਘਟਨਾਵਾਂ ਦੇ ਦੁਆਲੇ ਉਹ ਆਪਣੀ ਕਹਾਣੀ ਉਣਦਾ ਹੈ। ਇਹ ਸਹਿਜ-ਸੁਭਾਪਣਾ ਹੀ ਵਿਰਕ ਦੀ ਕਹਾਣੀ ਦਾ ਅਛੂਤਾ ਨਕਸ਼ ਹੈ। ਅਛੂਤਾ ਤੇ ਆਪਣੀ ਕਿਸਮ ਦਾ ਇਕੋ ਇਕ, ਨਿਵੇਕਲਾ। ਕਹਾਣੀਕਾਰ ਤਾਂ ਹੋਰ ਵੀ ਬਥੇਰੇ ਹਨ, ਪਰ ਵਿਰਕ ਦਾ ਅੰਦਾਜ਼ੇ-ਬਿਆਨ ਬਸ ਹੋਰ ਹੀ ਹੈ, ਨਿਰੋਲ ਵਿਰਕਈ।”
ਪੰਜਾਬੀ ਵਿਚ ਸਿਰਫ਼ ਕਹਾਣੀਆਂ ਦੇ ਆਧਾਰ ਤੇ ਆਪਣੀ ਅਨੂਠੀ ਸ਼ੈਲੀ ਦਾ ਲੋਹਾ ਮਨਵਾਉਣ ਵਾਲੇ ਇਸ ਲੇਖਕ ਦਾ ਜਨਮ 7 ਮਾਰਚ 1921 ਈ. ਨੂੰ ਫੁੱਲਰਵਾਨ, ਜ਼ਿਲ੍ਹਾ ਸ਼ੇਖੂਪੁਰਾ (ਪਾਕਿਸਤਾਨ) ਵਿਚ ਸ. ਆਸਾ ਸਿੰਘ ਦੇ ਘਰ ਮਾਤਾ ਈਸ਼ਰ ਕੌਰ ਦੀ ਕੁਖੋਂ ਹੋਇਆ। ਉਸਨੇ ਮੁੱਢਲੀ ਵਿਦਿਆ ਨਨਕਾਣਾ ਸਾਹਿਬ ਤੋਂ ਪ੍ਰਾਪਤ ਕੀਤੀ ਅਤੇ ਕੁਝ ਚਿਰ ਚੂਹੜਕਾਣੇ ਵੀ ਪੜ੍ਹਾਈ ਕੀਤੀ। ਫਾਰਮਨ ਕ੍ਰਿਸ਼ਚੀਅਨ ਕਾਲਜ ਲਾਹੌਰ ਤੋਂ ਬੀ.ਏ. ਦੀ ਡਿਗਰੀ ਪ੍ਰਾਪਤ ਕਰਨ ਪਿਛੋਂ ਉਹਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅੰਗ੍ਰੇਜ਼ੀ ਵਿਸ਼ੇ ਵਿਚ ਐਮ.ਏ. ਕਰ ਲਈ। ਵਿਦਿਆਰਥੀ ਜੀਵਨ ਵਿਚ ਹੀ ਉਹਨੇ ਕਾਲਜ-ਮੈਗਜ਼ੀਨ ਲਈ ਲਿਖਣਾ ਸ਼ੁਰੂ ਕਰ ਦਿੱਤਾ ਸੀ।
ਪੜ੍ਹਾਈ ਖਤਮ ਕਰਕੇ ਉਹ ਫੌਜ ਵਿਚ ਲੈਫਟੀਨੈਂਟ ਭਰਤੀ ਹੋ ਗਿਆ, ਪਰ ਕੁਝ ਚਿਰ ਪਿਛੋਂ ਇਸ ਨੌਕਰੀ ਤੋਂ ਅਸਤੀਫਾ ਦੇ ਦਿੱਤਾ। 1947 ਵਿਚ ਦੇਸ਼ ਆਜ਼ਾਦ ਹੋਣ ਤੇ ਭਾਰਤ ਸਰਕਾਰ ਨੇ ਉਸਨੂੰ ਸ਼ੇਖੂਪੁਰਾ ਵਿਚ ਲਾਇਜ਼ਾਨ ਅਫਸਰ ਬਣਾ ਕੇ ਭੇਜਿਆ, ਤਾਂ ਜੋ ਪਾਕਿਸਤਾਨ ਵਿਚ ਰਹਿ ਗਈਆਂ ਔਰਤਾਂ ਨੂੰ ਘਰੋ-ਘਰੀ ਭੇਜਿਆ ਜਾ ਸਕੇ । ਇਸ ਸਮੇਂ ਨਾਲ ਸੰਬੰਧਿਤ ਉਸਨੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ, ਜਿਨ੍ਹਾਂ ਵਿਚੋਂ ‘ਖੱਬਲ’ ਇੱਕ ਹੈ।
1949 ਵਿਚ ਸਰਕਾਰ ਨੇ ਉਸਨੂੰ ਲੋਕ ਸੰਪਰਕ ਵਿਭਾਗ ਵਿਚ ਉੱਚਾ ਅਹੁਦਾ ਪ੍ਰਦਾਨ ਕੀਤਾ। ਉਸਨੇ ਪੰਜਾਬ ਸਰਕਾਰ ਦੇ ਮਾਸਿਕ ਰਸਾਲੇ ‘ਜਾਗ੍ਰਤੀ’ ਅਤੇ ‘ਐਡਵਾਂਸ’ ਦੀ ਸੰਪਾਦਨਾ ਦੇ ਨਾਲ-ਨਾਲ ‘ਵੀਰ ਭੂਮੀ’ ਦਾ ਸੰਪਾਦਨ ਵੀ ਕੀਤਾ। ਉਹ ਕੇਂਦਰੀ ਸਰਕਾਰ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ ਵਿਚ ਪ੍ਰੈੱਸ ਇਨਫਰਮੇਸ਼ਨ ਅਫਸਰ ਵੀ ਰਿਹਾ। 1964 ਤੋਂ 1969 ਤੱਕ ਉਸਨੇ ਦਿੱਲੀ ਵਿਖੇ ਅਤੇ 1969-70 ਵਿਚ ਚੰਡੀਗੜ੍ਹ ਵਿਖੇ ਇਹ ਪਦਵੀ ਸੰਭਾਲੀ।
1970 ਵਿਚ ਉਸਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੂਚਨਾ ਤੇ ਸੰਚਾਰ ਵਿਭਾਗ ਦਾ ਜੁਆਇੰਟ ਡਾਇਰੈਕਟਰ ਨਿਯੁਕਤ ਕੀਤਾ ਗਿਆ। ਉਸਨੇ ਤਿੰਨ ਸਾਲ ਡੈਪੂਟੇਸ਼ਨ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰੈੱਸ ਸਕੱਤਰ ਵਜੋਂ ਵੀ ਕਾਰਜ ਕੀਤਾ। 1983 ਵਿਚ ਉਹ ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸੇਵਾਮੁਕਤ ਹੋ ਗਿਆ। ਕਰੀਬ 66½ ਵਰ੍ਹੇ ਦੀ ਉਮਰ ਵਿਚ 24 ਦਸੰਬਰ 1987 ਨੂੰ ਉਸਦਾ ਦਿਹਾਂਤ ਹੋ ਗਿਆ।
ਕੁਲਵੰਤ ਸਿੰਘ ਵਿਰਕ ਪੰਜਾਬੀ ਦੀ ਆਧੁਨਿਕ ਨਿੱਕੀ ਕਹਾਣੀ ਦਾ ਇੱਕ ਅਜਿਹਾ ਵਿਲੱਖਣ ਲੇਖਕ ਸੀ, ਜਿਸਨੇ ਨਿਰੋਲ ਕਹਾਣੀ-ਰਚਨਾ ਕਰਕੇ ਪੰਜਾਬੀ ਸਾਹਿਤ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ । ਉਸਦੀ ਕਹਾਣੀ-ਕਲਾ ਦੀ ਵਿਲੱਖਣਤਾ ਦਾ ਰਾਜ਼ ਇਹ ਹੈ ਕਿ ਉਸਨੂੰ ਕਹਾਣੀ ਦੀ ਆਤਮਾ ਦੀ ਪਛਾਣ ਹੈ।
ਕੁਲਵੰਤ ਸਿੰਘ ਵਿਰਕ ਦੀ ਪਹਿਲੀ ਕਹਾਣੀ ‘ਚਾਚਾ’ 1944 ਵਿਚ ਪ੍ਰਕਾਸ਼ਿਤ ਹੋਈ ਸੀ। ਇਸੇ ਕਹਾਣੀ ਨਾਲ ਵਿਰਕ ਨੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਦੇ ਦਿੱਤਾ ਸੀ। ਉਸਦੇ ਕਹਾਣੀ-ਸੰਗ੍ਰਹਿਆਂ ਦਾ ਵੇਰਵਾ ਇਸ ਪ੍ਰਕਾਰ ਹੈ : ਛਾਹ ਵੇਲਾ (1944), ਧਰਤੀ ਅਤੇ ਆਕਾਸ਼ (1951), ਤੂੜੀ ਦੀ ਪੰਡ (1954), ਏਕਸ ਕੇ ਹਮ ਬਾਰਿਕ (1955), ਦੁੱਧ ਦਾ ਛੱਪੜ (1957), ਗੋਲ੍ਹਾਂ (1961), ਨਵੇਂ ਲੋਕ (1967), ਆਤਿਸ਼ਬਾਜ਼ੀ (1984), ਮੇਰੀਆਂ ਸਾਰੀਆਂ ਕਹਾਣੀਆਂ (1986), ਮੇਰੀਆਂ ਸ਼੍ਰੇਸ਼ਟ ਕਹਾਣੀਆਂ (1983)। ਦੁੱਧ ਦਾ ਛੱਪੜ, ਛਾਹ ਵੇਲਾ, ਖੱਬਲ, ਤੂੜੀ ਦੀ ਪੰਡ, ਧਰਤੀ ਹੇਠਲਾ ਬੌਲਦ, ਉਜਾੜ, ਓਪਰੀ ਧਰਤੀ, ਸ਼ੇਰਨੀਆਂ, ਨਮਸਕਾਰ ਆਦਿ ਉਸਦੀਆਂ ਸ਼ਾਹਕਾਰ ਕਹਾਣੀਆਂ ਹਨ।
ਉਹਦੀਆਂ ਬਹੁਤ ਸਾਰੀਆਂ ਕਹਾਣੀਆਂ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁੱਕੀਆਂ ਹਨ। ‘ਧਰਤੀ ਹੇਠਲਾ ਬੌਲਦ’ ਨਾਂ ਹੇਠ ਇੱਕ ਪੁਸਤਕ ਰੂਸੀ ਭਾਸ਼ਾ ਵਿਚ ਛਪ ਚੁੱਕੀ ਹੈ। ‘ਦੁੱਧ ਦਾ ਛੱਪੜ’ ਕਹਾਣੀ ਸੰਗ੍ਰਹਿ ਨੂੰ 1959 ਈ. ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ ਅਤੇ ‘ਨਵੇਂ ਲੋਕ’ ਨੂੰ 1969 ਵਿਚ ਸਾਹਿਤ ਅਕਾਦਮੀ ਨਵੀਂ ਦਿੱਲੀ ਵਲੋਂ ਪੁਰਸਕ੍ਰਿਤ ਕੀਤਾ ਗਿਆ ਸੀ। ਉਸਨੂੰ 1985 ਵਿਚ ਸ਼੍ਰੋਮਣੀ ਸਾਹਿਤਕਾਰ ਵਜੋਂ ਵੀ ਸਨਮਾਨਿਤ ਕੀਤਾ ਗਿਆ ਸੀ । ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਵਲੋਂ ਗਠਿਤ ‘ਕੁਲਵੰਤ ਸਿੰਘ ਵਿਰਕ ਯਾਦਗਾਰੀ ਕਮੇਟੀ’ ਹਰ ਸਾਲ ਇੱਕ ਨਾਮਵਾਰ ਕਹਾਣੀਕਾਰ ਨੂੰ ‘ਵਿਰਕ ਪੁਰਸਕਾਰ’ ਪ੍ਰਦਾਨ ਕਰਦੀ ਹੈ।
ਵਿਰਕ ਮਾਨਵਵਾਦੀ ਰਚਨਾ ਦ੍ਰਿਸ਼ਟੀ ਦਾ ਧਾਰਨੀ ਸੀ। ਉਸਨੇ ਆਪਣੇ ਸਮਕਾਲ ਵਿਚ ਮਾਰਕਸਵਾਦੀ ਸਿਧਾਂਤ ਤੋਂ ਪ੍ਰਭਾਵਿਤ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਸਿੱਧਾ ਸੰਬੰਧ ਜੋੜਨ ਤੋਂ ਸੰਕੋਚ ਕੀਤਾ ਅਤੇ ਆਪਣੇ ਆਪ ਨੂੰ ਨਿਰੋਲ ਮਾਨਵਵਾਦ ਨਾਲ ਹੀ ਜੋੜੀ ਰੱਖਿਆ। ਵਰਿਆਮ ਸਿੰਘ ਸੰਧੂ ਉਸਨੂੰ ‘ਅਗਰਗਾਮੀ ਮਾਨਵਵਾਦ’ ਦਾ ਧਾਰਨੀ ਲੇਖਕ ਕਹਿੰਦਾ ਹੈ।
ਮਾਨਵਵਾਦੀ ਸੋਚ ਦੇ ਧਾਰਨੀ ਵਿਰਕ ਨੇ ਹਮਦਰਦੀ ਅਤੇ ਸੁਹਿਰਦਤਾ ਨਾਲ ਮਨੁੱਖੀ ਜੀਵਨ ਦੇ ਅਜਿਹੇ ਪ੍ਰਮਾਣਿਕ ਚਿੱਤਰ ਸਿਰਜੇ ਕਿ ਉਹ ਪੰਜਾਬੀ ਪਾਠਕਾਂ ਦੇ ਚੇਤਿਆਂ ਵਿਚ ਹਮੇਸ਼ਾ ਲਈ ਸਥਿਰ ਹੋ ਗਏ। ਗਿਣਤੀ ਵਿਚ ਘੱਟ, ਪਰ ਗੁਣ ਪੱਖੋਂ ਮਹੱਤਵਪੂਰਨ ਕਹਾਣੀਆਂ ਲਿਖਣ ਵਾਲੇ ਕੁਲਵੰਤ ਸਿੰਘ ਵਿਰਕ ਨੇ ਆਪਣੀਆਂ ਕਹਾਣੀਆਂ ਵਿਚ ਬੜੀ ਮਨੋਵਿਗਿਆਨਕ ਮੁਹਾਰਤ ਨਾਲ ਮਨੁੱਖੀ ਮਨ ਦੀਆਂ ਗੁੰਝਲਾਂ, ਇੱਛਾਵਾਂ ਅਤੇ ਅਤ੍ਰਿਪਤੀਆਂ ਨੂੰ ਪ੍ਰਸਤੁਤ ਕੀਤਾ। ਉਸਨੂੰ ਨਵੀਂ ਉਸਰ ਰਹੀ ਸਭਿਅਤਾ ਦੀਆਂ ਵਿਸ਼ੇਸ਼ਤਾਵਾਂ ਖਿੱਚਾਂ ਪਾਉਂਦੀਆਂ ਹਨ ਅਤੇ ਉਹ ਪੇਂਡੂ ਤੇ ਸ਼ਹਿਰੀ ਸਮਾਜਿਕ ਜੀਵਨ ਵਿਚ ਆ ਰਹੇ ਪਰਿਵਰਤਨਾਂ ਨੂੰ ਨਜ਼ਰ ਦੀ ਤਾਜ਼ਗੀ ਨਾਲ ਵੇਖਦਾ ਹੈ। ਉਹ ਨਵੀਆਂ ਤਬਦੀਲੀਆਂ ਨੂੰ ਜੀ ਆਇਆਂ ਕਹਿੰਦਾ ਹੋਇਆ ਵੀ ਪੁਰਾਣੇ ਅਤੇ ਜ਼ਿੰਦਗੀ ਦੀ ਦੌੜ ਵਿਚ ਪਿੱਛੇ ਰਹਿ ਗਏ ਪਾਤਰਾਂ ਨੂੰ ਨਫ਼ਰਤ ਭਾਵ ਨਾਲ ਨਹੀਂ ਚਿਤਰਦਾ। ਅਸਲ ਵਿਚ ਉਹ ਮਨੁੱਖ ਨੂੰ ਨਾਇਕ ਜਾਂ ਖਲਨਾਇਕ ਦੇ ਭਾਗਾਂ ਵਿਚ ਵੰਡ ਕੇ ਵੇਖਣ ਦਾ ਮੁੱਦਈ ਨਹੀਂ। ਉਹ ਬੁਰਿਆਂ ਵਿਚ ਵੀ ਚੰਗਿਆਈ ਦੇ ਅੰਸ਼ ਖੋਜਦਾ ਹੈ ਅਤੇ ਉਸ ਕੋਲ ਹਨ੍ਹੇਰੇ ਹਾਲਾਤ ਵਿਚ ਰੌਸ਼ਨੀ ਦੀ ਕਿਰਨ ਲੱਭ ਸਕਣ ਵਾਲੀ ਤੇਜ਼-ਤਿੱਖੀ ਨਜ਼ਰ ਵੀ ਹੈ।
ਸਥਿਰ ਪਰ ਪੂੰਜੀਵਾਦੀ ਕੀਮਤਾਂ ਦੇ ਪ੍ਰਵੇਸ਼ ਨਾਲ ਹੌਲੀ-ਹੌਲੀ ਬਦਲ ਰਹੇ ਕਿਰਸਾਨੀ ਜੀਵਨ ਦੇ ਪ੍ਰਮਾਣਿਕ ਚਿੱਤਰ ਪੇਸ਼ ਕਰਨ ਤੋਂ ਇਲਾਵਾ ਵਿਰਕ ਨੇ ਦੇਸ਼-ਵੰਡ ਦੇ ਦਰਦ ਨੂੰ ਬਿਆਨ ਕਰਦੀਆਂ ਸ਼ਾਹਕਾਰ ਕਹਾਣੀਆ ਦੀ ਸਿਰਜਣਾ ਵੀ ਕੀਤੀ ਹੈ। ਜ਼ਿੰਦਗੀ ਵਿਚ ਸਰਗਰਮ ਰੋਲ ਨਿਭਾਉਣ ਲਈ ਅੱਗੇ ਆ ਰਹੀ, ਨਵੀਂ ਬਦਲ ਰਹੀ ਔਰਤ ਦਾ ਜ਼ਿਕਰ ਵੀ ਉਸਦੀਆਂ ਕਹਾਣੀਆਂ ਵਿਚ ਪੇਸ਼-ਪੇਸ਼ ਹੈ। ਉਹ ਕਹਾਣੀ ਲਿਖਦਾ ਨਹੀਂ, ਸਗੋਂ ਸੁਣਾਉਂਦਾ ਹੈ— ਇਹੋ ਗੱਲ ਉਹਨੂੰ ਹੋਰਨਾਂ ਕਹਾਣੀਕਾਰਾਂ ਤੋਂ ਅੱਗੇ ਲੈ ਜਾਂਦੀ ਹੈ।