
ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਸੱਭਿਆਚਾਰਾਂ ਵਿੱਚੋ ਇੱਕ ਹੈ। ਸਾਡੇ ਰੀਤੀ ਰਿਵਾਜ ਸਾਨੂੰ ਵਿਰਾਸਤ ਵਿੱਚੋ ਧਰੋਹਰ ਦੇ ਰੂਪ ਵਿੱਚ ਮਿਲੇ ਹੋਏ ਹਨ। ਹਾਲੇ ਸਿਰਫ ਕੁਝ ਦਹਾਕੇ ਪਹਿਲਾਂ ਤੱਕ ਹੀ ਜਦੋਂ ਕਿ ਪਾਲੇਸ ਕਲਚਰ ਹਾਲੇ ਹੋਂਦ ਵਿੱਚ ਨਹੀਂ ਆਇਆ ਸੀ ,ਤਾਂ ਸਾਡੇ ਵਿਆਹ ਸ਼ਾਦੀਆਂ ਦੇ ਸਮੇਂ ਬਹੁਤ ਸੋਹਣੇ ਰੀਤੀ ਰਿਵਾਜ਼ ਵੀ ਪੁਗਾਏ ਜਾਂਦੇ ਸਨ । ਕੁੜੀ ਦੇ ਵਿਆਹ ਲਈ ਵੱਖਰੇ ਸ਼ਗਨ ਵਿਹਾਰ ਅਤੇ ਮੁੰਡੇ ਦੀ ਸ਼ਾਦੀ ਲਈ ਵੱਖਰੇ ਸ਼ਗਨ ਵਿਹਾਰ ਹੁੰਦੇ ਸਨ।
ਉਸ ਸਮੇਂ ਕਈ ਮਹੀਨੇ ਪਹਿਲਾਂ ਹੀ ਵਿਆਹ ਦੀਆਂ ਤਿਆਰੀਆਂ ਚਾਲੂ ਹੋ ਜਾਂਦੀਆਂ ਸਨ । ਹਰ ਪ੍ਰੋਗਰਾਮ ਵਿੱਚ ਲਾਗੀ ਜਾਂ ਨਾਈ ਦੀ ਖ਼ਾਸ ਭੂਮਿਕਾ ਰਹਿੰਦੀ ਸੀ । ਉਸ ਸਮੇਂ ਤਾਂ ਰਿਸ਼ਤੇ ਕਰਾਉਣ ਵਿੱਚ ਵੀ ਨਾਈ ਅਹਿਮ ਭੂਮਿਕਾ ਨਿਭਾਉਂਦੇ ਸਨ । ਫਿਰ ਜਦੋਂ ਵਿਆਹ ਛਿੜ ਜਾਂਦਾ ਤਾਂ ਸਭ ਤੋਂ ਪਹਿਲਾ ਵਿਹਾਰ ਹੁੰਦਾ :
1 ਗੰਢ ਭੇਜਣਾ : ਸਭ ਤੋਂ ਪਹਿਲਾਂ ਵਿਆਹ ਵਾਲੇ ਘਰ ਵਲੋਂ ਰਿਸ਼ਤੇਦਾਰਾਂ ਲਈ ਸੱਦਾ ਪਤਰ ਜਾਂ ਗੰਢ ਭੇਜੀ ਜਾਂਦੀ ਸੀ । ਇਹ ਗੰਢ ਨਾਈ ਹੀ ਲੈਕੇ ਜਾਂਦਾ ਸੀ । ਗੰਢ ਦਾ ਮਤਲਬ ਹੁੰਦਾ ਸੀ ਗੰਢੜੀ, ਜਿਸ ਵਿੱਚ ਵਿਆਹ ਦੀ ਚਿੱਠੀ ਜਾਂ ਕਾਰਡ ਤੇ ਨਾਲ ਹੀ ਮੂੰਹ ਮਿੱਠਾ ਕਰਵਾਉਣ ਲਈ ਗੁੜ ਜਾਂ ਕੋਈ ਮਠਿਆਈ । ਸੱਦਾ ਮਿਲਣ ਵਾਲਾ ਪਰਿਵਾਰ ਨਾਈ ਦੀ ਖੂਬ ਆਓ ਭਗਤ ਕਰਦਾ ਸੀ ਤੇ ਉਸਨੂੰ ਵਾਪਸੀ ਤੇ ਖੇਸ ਅਤੇ ਪੈਸੇ ਉਸਦੇ ਮਿਹਨਤਾਨੇ ਜਾਂ ਇਨਾਮ ਵਜੋਂ ਦਿੱਤੇ ਜਾਂਦੇ ਸਨ ।
ਗੰਢ ਮਿਲਣ ਤੋਂ ਬਾਅਦ ਹੀ ਸਭ ਪਰਿਵਾਰਾਂ ਵਿੱਚ ਵਿਆਹ ਤੇ ਪਹੁੰਚਣ ਦੀਆਂ ਤਿਆਰੀਆਂ ਜੋਰ ਸ਼ੋਰ ਨਾਲ ਹੋਣ ਲੱਗ ਜਾਣੀਆਂ ਤੇ ਸਭ ਆਪਣੇ ਕਪੜੇ ਵਗੈਰਾ ਤਿਆਰ ਕਰਨ ਲਗਦੇ ।
ਗਾਉਣਾ ਬਿਠਾਉਣਾ ਜਾਂ ਢੋਲਕੀ : ਉਸ ਤੋਂ ਬਾਅਦ ਜਿਹੜਾ ਬਹੁਤ ਹੀ ਰੌਚਕ ਤੇ ਮਨੋਰੰਜਕ ਪ੍ਰੋਗਰਾਮ ਹੁੰਦਾ ਸੀ , ਉਹ ਸੀ ਗਾਉਣ ਬਿਠਾਉਣਾ ਜਾਂ ਢੋਲਕੀ । ਇਸ ਵਿੱਚ ਪੂਰੇ ਪਿੰਡ ਦੀਆਂ ਔਰਤਾਂ ਨੂੰ ਸੱਦਾ ਦਿੱਤਾ ਜਾਂਦਾ ਸੀ । ਮੁੰਡੇ ਦੇ ਵਿਆਹ ਲਈ ਘੋੜੀਆਂ ਤੇ ਕੁੜੀ ਦੇ ਵਿਆਹ ਲਈ ਸੁਹਾਗ ਗਾਏ ਜਾਂਦੇ ਸਨ । ਇਹ ਬਹੁਤ ਖੂਬਸੂਰਤ ਗੀਤ ਹੁੰਦੇ ਸਨ । ਜਿੰਨਾਂ ਤੋਂ ਸਾਡੇ ਵਿਰਸੇ ਦੀ ਅਮੀਰੀ ਝਲਕਦੀ ਸੀ । ਕੁੜੀ ਦੇ ਵਿਆਹ ਦੇ ਗੀਤਾਂ ਵਿਚ ਕੁੜੀਆਂ ਦੀਆਂ ਸੱਧਰਾਂ ,ਵਲਵਲੇ , ਜਜ਼ਬਾਤ ,ਆਪਣੇ ਮਾਂ ਬਾਪ ਲਈ ਵੈਰਾਗ ,ਭਰਾਵਾਂ ਦੀ ਇੱਜ਼ਤ ,ਅਣਖ , ਤੇ ਸ਼ਾਨ ਦੇ ਗੁਣਗਾਣ ਗਾਏ ਜਾਂਦੇ ਸਨ । ਕੁਝ ਨਮੂਨੇ ਪੇਸ਼ ਹਨ :
ਇੱਕ ਚੰਦਨ ਚੌਕੀ ਜੀ ,ਹੀਰੇ ਮੋਤੀ ਜੜਤ ਜੜੇ ।
ਉੱਤੇ ਬੀਬੀ ਬੈਠੀ ਜੀ,ਬਾਬਲ ਮੂਹਰੇ ਅਰਜ਼ ਕਰੇ।
ਬਾਬਲ ਓਹ ਵਰ ਟੋਲਿਓ ਵੇ, ਜਿੱਥੇ ਬੀਬੀ ਰਾਜ ਕਰੇ ।
ਮਾਂ ਬਾਪ ਲਈ ਬੇਹੱਦ ਖੂਬਸੂਰਤ ਜਜ਼ਬਾਤੀ ਗੀਤ ਜੋ ਹਰ ਕਿਸੇ ਨੂੰ ਭਾਵਕ ਕਰ ਦਿੰਦੇ ਸਨ:
ਕਣਕਾਂ ਛੋਲਿਆਂ ਦਾ ਖੇਤ ,ਹੌਲੀ ਹੌਲੀ ਨਿਸਰ ਗਿਆ ,
ਬਾਬਲ ਧਰਮੀ ਦਾ ਦੇਸ਼ ,ਹੌਲੀ ਹੌਲੀ ਵਿਸਰ ਗਿਆ।
ਮਾਤਾ ਮੰਦੜੇ ਬੋਲ ਨਾ ਬੋਲ ,ਅਸੀਂ ਤੇਰੇ ਨਾ ਆਵਾਂਗੇ ।
ਬਾਬਲ ਧਰਮੀ ਦਾ ਦੇਸ਼,ਕਦੇ ਫੇਰਾ ਪਾ ਜਾਵਾਂਗੇ ।
ਇਸ ਤਰ੍ਹਾਂ ਮੁੰਡੇ ਦੇ ਵਿਆਹ ਲਈ ਗਈਆਂ ਜਾਣ ਵਾਲੀਆਂ ਘੋੜੀਆਂ ਵਿੱਚ ਵੀ ਮਾਂ ਬਾਪ ,ਭਰਾਵਾਂ ਦੀ ਆਨ ਸ਼ਾਨ ਨਾਲ ਸੰਬਧਿਤ ਗੀਤ ਗਾਏ ਜਾਂਦੇ । ਇਹਨਾਂ ਵਿਚੋਂ ਵੀ ਸਾਡੇ ਵਿਰਸੇ ਦੀ ਅਮੀਰੀ ਦੇਖਣ ਵਾਲੀ ਹੁੰਦੀ ਸੀ :
ਨਿੱਕੀ ਨਿੱਕੀ ਕਣੀ ,ਮੋਟਾ ਮੀਂਹ ਵੇ ਵਰ੍ਹੇ,
ਨਦੀ ਦੇ ਕਿਨਾਰੇ ਘੋੜੀ ਘਾਹ ਵੇ ਚਰੇ ।
ਨਦੀ ਦੇ ਕਿਨਾਰੇ ਘੋੜੀ ਘਾਹ ਵੇ ਚਰੇ,
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ,
ਦਮਾਂ ਵਾਲੀ ਬੋਰੀ ਤੇਰਾ ਬਾਪ ਫੜੇ ।
ਦਮਾਂ ਵਾਲੀ ਬੋਰੀ ਤੇਰਾ ਬਾਪ ਫੜੇ,
ਹਾਥੀਆਂ ਦੇ ਸੰਗਲ ਤੇਰਾ ਦਾਦਾ ਫੜੇ ।
ਇਹ ਗਾਉਣ ਦੀ ਰਸਮ ਮਹੀਨਾ ਭਰ ਚਲਦੀ ਤੇ ਅੰਤ ਵਿਚ ਸਭ ਨੂੰ ਪਤਾਸੇ ਤੇ ਗੁੜ ਵੰਡਿਆ ਜਾਂਦਾ ਸੀ ।
3 ਬਾਜਰਾ ਭਿਉਣ ਦੀ ਰਸਮ: ਵਿਆਹ ਦੇ ਢੋਲ ਢਮਕਿਆਂ ਵਿੱਚ ਬਾਜਰਾ ਭਿਉਣ ਦੀ ਰਸਮ ਬਹੁਤ ਅਹਿਮ ਜਗ੍ਹਾ ਰਖਦੀ ਹੈ । ਸਾਰੇ ਸ਼ਰੀਕੇ ਦੀਆਂ ਔਰਤਾਂ ਇਸ ਵਿੱਚ ਸ਼ਾਮਿਲ ਹੁੰਦੀਆਂ । ਬਾਜਰੇ ਦੀਆਂ ਸੱਤ ਮੁੱਠੀਆਂ ਵਿਆਂਦੜ ਦੀ ਮਾਂ ਤੇ ਦੋ ਦੋ ਮੁੱਠੀਆਂ ਬਾਕੀ ਔਰਤਾਂ ਇੱਕ ਬਰਤਨ ਵਿੱਚ ਪਾਣੀ ਵਿਚ ਭਿਓਂ ਦਿੰਦੀਆ ਤੇ ਨਾਲ ਨਾਲ ਇਹ ਗੀਤ ਵੀ ਗਾਉਂਦੀਆਂ :
ਉੱਪਰ ਚੁਬਾਰੇ ਤੈਨੂੰ ਸਦ ਹੋਈ,
ਸ਼ਾਲੂ ਵਾਲੀਏ ,
ਆ ਕੇ ਤਾਂ ਬਾਜਰਾ ਨੀ ਭਿਓਂ ,
ਦਿਲਾਂ ਵਿੱਚ ਵਸ ਰਹੀਏ ।
ਬਾਜਰਾ ਭਿਉਣ ਤੇਰੀਆਂ ਚਾਚੀਆਂ,
ਜਿੰਨਾਂ ਦੇ ਦਿਲਾਂ ਵਿਚ ਚਾਅ,
ਦਿਲਾਂ ਵਿਚ ਵਸ ਰਹੀਏ ।
ਇਸ ਤਰ੍ਹਾਂ ਹਰ ਰਿਸ਼ਤੇ ਦਾ ਜਿਕਰ ਕਰਕੇ ਇਹ ਗੀਤ ਸਮਾਪਤ ਹੁੰਦਾ ਤੇ ਨਾਲ ਹੀ ਬਾਜਰੇ ਦੀ ਰਸਮ ਵੀ । ਇਸਦੇ ਨਾਲ ਹੀ ਵਿਆਹ ਵਾਲੇ ਘਰ ਹਲਵਾਈ ਬੈਠ ਜਾਂਦਾ ਤੇ ਚਹਿਲ ਪਹਿਲ ਸ਼ੁਰੂ ਹੋ ਜਾਂਦੀ। ਦਰਜੀ ਕਪੜੇ ਸੀ ਚੁੱਕੇ ਹੁੰਦੇ । ਰਜਾਈਆਂ ,ਤਲਾਈਆਂ , ਖ਼ੇਸ ,ਬਿਸਤਰੇ ਤਿਆਰ ਹੋ ਗਏ ਹੁੰਦੇ ਤੇ ਲੱਡੂਆਂ ਦੀ ਮਹਿਕ ਨਾਲ ਸਾਰਾ ਪਿੰਡ ਮਿਠਾਸ ਨਾਲ ਭਰ ਜਾਂਦਾ ।
4 ਆਟੇ ਪਾਣੀ ਪਾਉਣ ਦੀ ਰਸਮ;
ਆਟੇ ਪਾਣੀ ਦੀ ਰਸਮ ਵਿੱਚ ਆਟੇ ਵਿੱਚ ਪਾਣੀ ਪਾਉਣ ਲਈ ਸ਼ਰੀਕੇ ਦੀਆਂ ਸੱਤ ਔਰਤਾਂ ਮਿਲਕੇ ਪਾਉਂਦੀਆਂ ਤੇ ਨਾਲ ਗੀਤ ਵੀ ਗਾਉਂਦੀਆਂ ;
ਆਟੇ ਪਾਣੀ ,ਦੁੱਧ ਮਧਾਣੀ ,
ਕਿਹੜੀ ਸਪੂਤੜੀ ਨੇ ਪਾਇਆ।
ਦੂਜੀ ਟੋਲੀ ਅੱਗੋ ਜਵਾਬ ਵਿੱਚ ਗਾਉਂਦੀ
ਆਟੇ ਪਾਣੀ ਦੁੱਧ ਮਧਾਣੀ,
ਜੈ ਕੁਰ ਸਪੂਤੜੀ ਨੇ ਪਾਇਆ ।
ਇਸ ਤਰਾਂ ਗਾਉਂਦੇ ਹੋਏ ਆਟਾ ਗੁੰਨਿਆ ਜਾਂਦਾ ਜੋਕਿ ਸਭ ਲਈ ਰੋਟੀ ਬਣਾਉਣ ਲਈ ਵਰਤਿਆ ਜਾਂਦਾ।
5 ਗਲਾ ਪਾਉਣਾ : ਆਟੇ ਪਾਣੀ ਦੀ ਰਸਮ ਲਈ ਵੀ ਸਭੋ ਸ਼ਰੀਕੇ ਦੀਆਂ ਔਰਤਾਂ ਸ਼ਾਮਲ ਹੁੰਦੀਆਂ । ਸੱਤ ਔਰਤਾਂ ਜੋ ਰਿਸ਼ਤੇ ਵਿੱਚ ਦਰਾਣੀ ਜਠਾਣੀ ਹੁੰਦੀਆਂ , ਇਕ ਦੂਜੀ ਦੇ ਖੰਮਣੀ ਬੰਨ੍ਹ ਦੀਆਂ ਅਤੇ ਇਕ ਖਮਣੀ ਚੱਕੀ ਦੇ ਵੀ ਬੰਨੀ ਜਾਂਦੀ । ਉਸ ਵਿੱਚ ਸੱਤ ਸੱਤ ਮੁੱਠੀਆਂ ਜੌ ਪਾ ਕੇ ,ਸੱਤੇ ਜਣੀਆਂ ਇਕੱਠੀਆਂ ਗੇੜ ਕੇ ਜੋਆਂ ਨੂੰ ਪੀਸਦੀਆਂ । ਇਹੋ ਜੌਆਂ ਦੇ ਆਟੇ ਤੋਂ ਵਿਆਂਦੜ ਲਈ ਵਟਣਾ ਬਣਾਇਆ ਜਾਂਦਾ । ਇਸ ਸਮੇਂ ਨਾਲ ਨਾਲ ਇਹ ਗੀਤ ਵੀ ਗਾਇਆ ਜਾਂਦਾ , ਜੋ ਆਸ ਪਾਸ ਖੜੀਆਂ ਔਰਤਾਂ ਗਾਉਂਦੀਆਂ ;
ਦੂਰੋਂ ਲਾਹੌਰੋਂ ਚੱਕੀ ਲਿਆਂਦੀ ,
ਵਣੋਂ ਕਰੀਰੋਂ ਹੱਥੜਾ ,
ਜੈ ਕੁਰ ਰਾਣੀ ਨੇ ਪੀਸਿਆ ।
ਇਸ ਰਸਮ ਵਿਚ ਭਾਗ ਲੈ ਰਹੀ ਹਰ ਔਰਤ ਦਾ ਨਾਮ ਲੈਕੇ ਇਹ ਗੀਤ ਗਾਇਆ ਜਾਂਦਾ । ਇਸ ਸਮੇਂ ਮੰਜਿਆਂ ਤੇ ਬੈਠੀਆਂ ਕੁਝ ਔਰਤਾਂ ਰਾਤ ਵਾਲੀ ਬਾਜਰੇ ਦੀ ਰਸਮ ਨੂੰ ਯਾਦ ਕਰਦਿਆਂ ,ਇਹ ਗੀਤ ਵੀ ਛੋਹ ਲੈਂਦੀਆਂ ,ਜੋਕਿ ਇੱਕ ਤਰ੍ਹਾਂ ਦਾ ਹਲਕਾ ਫੁਲਕਾ ਮਜ਼ਾਕ ਹੁੰਦਾ;
ਮੇਰਾ ਬਾਜਰਾ ਭੈਣੋ ,ਨੀ ਰਾਤੀਂ ਰੰਗ ਮੁਹੱਲੇ ਚੜ੍ਹਿਆ।
ਤੇਜੋ ਕੁੜੀਆ ਛੱਟਣ ਲੱਗੀ , ਨਾਸੀਂ ਦਾਣਾ ਅੜਿਆ ।ਮੇਰਾ ਬਾਜਰਾ ਭੈਣੋ….
ਸੀਬੋ ਕੁੜੀਆ ਛੱਟਣ ਲਗੀ ,ਉੱਡ ਉੱਡ ਲਹਿੰਗਾ ਭਰਿਆ ,ਮੇਰਾ ਬਾਜਰਾ ਅੜੀਓ …..
6 ਮਾਈਆਂ ਪਾਉਣਾ ; ਇਸੇ ਦਿਨ ਸ਼ਾਮ ਨੂੰ ਮਿੱਠੇ ਚੋਲ ਨਾਈ ਦੁਬਾਰਾ ਬਣਾਏ ਜਾਂਦੇ । ਵਿਆਂਦੜ ਮੁੰਡੇ ਨਾਲ 6 ਹੋਰ ਮੁੰਡੇ ,ਤੇ ਵਿਆਂਦੜ ਕੁੜੀ ਨਾਲ 6 ਹੋਰ ਕੁੜੀਆਂ ਬੈਠਕੇ ਮੂੰਹ ਵਿੱਚ ਬੁਰਕੀਆਂ ਪਾਉਂਦੇ । ਜਦੋਂ ਇਹ ਰਸਮ ਕਰਕੇ ਖੜ੍ਹੇ ਹੁੰਦੇ ਤਾਂ ਓਹਨਾਂ ਕੁਆਰੇ ਮੁੰਡੇ ਕੁੜੀਆਂ ਵਿੱਚੋ ਕਿਸੇ ਇੱਕ ਦੇ ਸਿਰ ਤੇ ਹੱਥ ਧਰ ਦਿੰਦੇ , ਜਿਸਦਾ ਕਿ ਲੋਕਾਂ ਵਿਚ ਵਿਸ਼ਵਾਸ ਸੀ ,ਕਿ ਇਸ ਤਰ੍ਹਾਂ ਉਸ ਕੁੜੀ ਜਾਂ ਮੁੰਡੇ ਦਾ ਵਿਆਹ ਵੀ ਜਲਦੀ ਹੋ ਜਾਏਗਾ । ਇਸਤੋਂ ਬਾਅਦ ਵਿਆਂਦੜ ਮੁੰਡੇ ਕੁੜੀ ਲਈ ਘਰ ਦੀ ਦੇਹਲੀ ਟੱਪ ਕੇ ਬਾਹਰ ਜਾਣਾ ਵਰਜਿਤ ਹੁੰਦਾ ਸੀ ।
ਨਾਈ ਧੋਈ; ਨਾਈ ਧੋਈ ਇੱਕ ਬਹੁਤ ਹੀ ਅਹਿਮ ਰਸਮ ਹੈ । ਇਹ ਤਾਂ ਹਾਲੇ ਤਕ ਵੀ ਪ੍ਰਚਲਿਤ ਹੈ।ਪਰ ਉਦੋਂ ਨਾਲ ਨਾਲ ਬਹੁਤ ਖੂਬਸੂਰਤ ਗੀਤ ਵੀ ਗਾਏ ਜਾਂਦੇ ਸਨ । ਇਸਦਾ ਕਰਤਾ ਧਰਤਾ ਨਾਈ ਹੀ ਹੁੰਦਾ ਸੀ । ਵਿਆਂਦੜ ਲਈ ਵਟਣਾ , ਪਾਣੀ ਦਾ ਪ੍ਰਬੰਧ ਕਰਨਾ ਤੇ ਫਿਰ ਰਸਮ ਰਿਵਾਜ ਮੁਤਾਬਿਕ ਉਸਨੂੰ ਨਹਾਉਣਾ । ਇਸ ਵਿਚ ਸਾਰੀਆਂ ਰਿਸ਼ਤੇਦਾਰ ਔਰਤਾਂ ਲਾੜੇ ਨੂੰ ਵੱਟਣਾ ਮਲ਼ਦੀਆਂ ਤੇ ਨਾਲ ਨਾਲ ਗੀਤ ਗਾ ਰਹੀਆਂ ਹੁੰਦੀਆਂ ;
ਮੈ ਵਾਰੀ ਜੀ ,ਪਹਿਲਾ ਬੰਨਾ ਕੀਹਨੇ ਲਾਇਆ।
ਮਾਤਾ ਤਾਂ ਉਹਦੀ ਸਦਾ ਨੀ ਸੁਹਾਗਣ,
ਪਹਿਲਾ ਬੰਨਾ ਉਹਨੇ ਲਾਇਆ।
ਇਸ ਤਰਾਂ ਸਭ ਦੇ ਨਾਮ ਲਏ ਜਾਂਦੇ ।
ਇੱਕ ਹੋਰ ਗੀਤ ਵੀ ਇਸ ਸਮੇਂ ਗਾਇਆ ਜਾਂਦਾ;
ਵਾਹ ਵਾਹ ਨੀ ਚਾਦਰ ਕੁੰਡੀਆ ਦੀ,
ਅੱਜ ਨੀ ਕਿ ਰੌਣਕ ਮੁੰਡਿਆਂ ਦੀ।
ਵਾਹ ਵਾਹ ਨੀ ਚਾਦਰ ਚਿੜੀਆਂ ਦੀ ,
ਅੱਜ ਨੀ ਕਿ ਰੌਣਕ ਕੁੜੀਆਂ ਦੀ ।
ਅੰਗਨ ਸਾਡੇ ਚਿੱਕੜ ਆ ਵੇ।,
ਕੀਹਨੇ ਡੋਲ੍ਹਿਆ ਪਾਣੀ ।
ਬਾਬੇ ਦਾ ਪੋਤਰਾ ਨ੍ਹਾਤੜਾ ਨੀ ਓਹਨੇ ਡੋਲਿਆ ਪਾਣੀ ।
ਫਿਰ ਅੰਤ ਵਿਚ ਮਾਮੇ ਨੂੰ ਯਾਦ ਕੀਤਾ ਜਾਂਦਾ।
ਫੁੱਲਾਂ ਭਰੀ ਚੰਗੇਰ ਇੱਕ ਫੁੱਲ ਲੋੜੀਦਾ।
ਐੱਸ ਵੇਲੇ ਦੇ ਨਾਲ ਮਾਮਾ ਲੋੜੀਦਾ।
ਇਸਤੋਂ ਬਾਅਦ ਸੇਹਰਾ, ਗਾਨਾ ਬੰਨਿਆ ਜਾਂਦਾ, ਭਾਭੀ ਸੁਰਮਾ ਪਾਉਂਦੀ ਤੇ ਫਿਰ ਚਾਈ ਚਾਈ ਬਰਾਤ ਰਵਾਨਾ ਹੁੰਦੀ ।ਇਸ ਤਰ੍ਹਾਂ ਕੁੜੀ ਦੀ ਵੀ ਨਾਈ ਧੋਈ ਨਾਇਨ ਦੁਆਰਾ ਪੂਰੀ ਕਰਾਈ ਜਾਂਦੀ ਤੇ ਉਦੋਂ ਵੀ ਇਸ ਤਰਾਂ ਦੇ ਰਲਦੇ ਮਿਲਦੇ ਗੀਤ ਗਾਏ ਜਾਂਦੇ ।
ਇਸ ਤਰਾਂ ਇਹ ਬਹੁਤ ਸਾਰੇ ਖੂਬਸੂਰਤ ਰਿਵਾਜ ਮਾਲਵੇ ਦੇ ਵਿਆਹਾਂ ਦੀ ਸ਼ਾਨ ਸਨ ,ਜਿੰਨਾ ਵਿੱਚ ਜਿਆਦਾਤਰ ਅੱਜਕਲ ਗੁਆਚ ਗਏ ਹਨ ।ਇਹਨਾਂ ਨੂੰ ਸਾਂਭਣ ਲਈ ਕੋਈ ਯਤਨ ਜਰੂਰ ਹੋਣੇ ਚਾਹੀਦੇ ਹਨ ।