
ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਆਰਥਿਕ ਸੁਧਾਰਾਂ ਦਾ ਹਵਾਲਾ ਦਿੰਦੇ ਹੋਏ ਪੈਟਰੋਲ ਉੱਤੇ 61 ਪੈਸੇ ਅਤੇ ਡੀਜ਼ਲ ਉੱਤੇ 92 ਪੈਸੇ ਪ੍ਰਤੀ ਲੀਟਰ ਵੈਟ ਵਧਾ ਦਿੱਤਾ ਹੈ। ਨਾਲ ਹੀ ਬਿਜਲੀ ਖੇਤਰ ਵਿੱਚ ਨਿੱਜੀਕਰਨ ਦੇ ਉਭਾਰ ਨੂੰ ਪ੍ਰਫੁੱਲਿਤ ਕਰਨ ਅਤੇ ਪੀਪੀਏ ਸਮਝੌਤਾ ਰੱਦ ਕਰਨ ਦੇ ਦਿੱਤੇ ਹਵਾਈ ਲਾਰਿਆਂ ਨੂੰ ਦਫ਼ਨ ਕਰਦਿਆਂ 7 ਕਿਲੋਵਾਟ ਤੱਕ ਦੇ ਘਰੇਲੂ ਬਿਜਲੀ ਖਪਤਕਾਰਾਂ ਨੂੰ 01-07-2021 ਤੋਂ 3 ਰੁਪਏ ਪ੍ਰਤੀ ਯੂਨਿਟ ਦਿੱਤੀ ਜਾ ਰਹੀ ਬਿਜਲੀ ਸਬਸਿਡੀ ਨੂੰ ਵੀ ਖ਼ਤਮ ਕਰ ਦਿੱਤਾ ਹੈ। ਵਿਰੋਧੀ ਧਿਰ ਵਿੱਚ ਹੁੰਦਿਆਂ ਖਜ਼ਾਨੇ ਦੇ ਮਾਲਾ-ਮਾਲ ਹੋਣ ਦੇ ਦਮਗਜੇ ਮਾਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆ ਕੇ ਪੂਰੀ ਤਰ੍ਹਾਂ ਲੋਕ ਵਿਰੋਧੀ ਸਿੱਧ ਹੋ ਰਹੀ ਹੈ । ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੇ ਗਏ ਬਿਆਨ ਕਿ “ਤੇਲ ਦੀਆਂ ਕੀਮਤਾਂ ‘ਤੇ ਵੈਟ ਵਧਾਉਣ ਨਾਲ ਤਕਰੀਬਨ ਪੈਟਰੋਲ ਤੋਂ 150 ਕਰੋੜ ਰੁਪਏ, ਡੀਜ਼ਲ ਤੋਂ 390-400 ਕਰੋੜ ਰੁਪਏ ਅਤੇ ਬਿਜਲੀ ਦੀ ਪ੍ਰਤੀ ਯੂਨਿਟ 3 ਰੁ. ਸਬਸਿਡੀ ਵਾਪਸ ਲੈਣ ਨਾਲ ਸਰਕਾਰ ਨੂੰ 1800 ਕਰੋੜ ਰੁ. ਦਾ ਮਾਲੀਆ ਆਉਣ ਦੀ ਉਮੀਦ ਹੈ।” ਤੋਂ ਸਾਫ਼ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ, ਸੂਬੇ ਦੇ ਆਰਥਿਕ ਸੁਧਾਰਾਂ ਲਈ ਲੁਕਾਈ ਦੇ ਹਿੱਤ ਵਿੱਚ ਨੀਤੀਆਂ ਬਣਾਉਣ ਦੀ ਬਜਾਏ ਆਮ ਆਦਮੀ ਤੇ ਕਿਸਾਨਾਂ ਦੀਆਂ ਜੇਬਾਂ ਉੱਤੇ ਡਾਕਾ ਮਾਰਨਾ ਹੀ ਆਰਥਿਕ ਸੁਧਾਰਾਂ ਦਾ ਇਕਲੌਤਾ ਰਾਹ ਦੱਸ ਰਹੀ ਹੈ।