
ਅਧਿਆਪਕ ਲੱਗਣ ਤੇ ਸਮੇਂ ਸਮੇਂ ਤੇ 200/- ਤੋਂ 500/- ਰੁਪਏ ਦੀ ਵਿਦਿਆਰਥੀਆਂ ਦੀ ਮਦਦ ਕਰਦਿਆਂ ਮੈਂ ਕਦੇ ਉਨ੍ਹਾਂ ਤੋਂ ਪੈਸੇ ਵਾਪਸ ਮਿਲਣ ਦੀ ਉਮੀਦ ਨਹੀਂ ਸੀ ਕੀਤੀ ਤੇ ਨਾ ਹੀ ਕਦੇ ਕਿਸੇ ਨੇ ਮੋੜੇ ਹੀ ਸਨ। ਅਕਸਰ ਮੈਂ ਇਹਨੂੰ ‘ਨੇਕੀ ਕਰ ਤੇ ਖੂਹ ਵਿੱਚ ਪਾ’ ਕਹਿ ਕੇ ਭੁੱਲ ਜਾਇਆ ਕਰਦਾ ਸਾਂ। ਕਦੇ ਕਦੇ ਇਹ ਵੀ ਲੱਗਦਾ ਸੀ ਕਿ ਸ਼ਾਇਦ ਇਹ ਗੱਲ ਵੀ ਠੀਕ ਹੁੰਦੀ ਹੋਵੇ – ‘ਕਰ ਭਲਾ ਹੋ ਭਲਾ’। ਪਰ ਮੇਰੀ ਭਲਾਈ ਬਦਲੇ ਕਦੇ ਕਿਸੇ ਨੇ ਹਾਂ-ਪੱਖੀ ਹੁੰਗਾਰਾ ਨਹੀਂ ਸੀ ਦਿੱਤਾ। ਫਿਰ ਇੱਕ ਵਾਰ ਮੇਰੇ ਹੀ ਕੁਲੀਗ ਕਰਮਜੀਤ ਨੇ ਸੈਂਕੜੇ ਜਾਂ ਹਜ਼ਾਰ ਨਹੀਂ, ਕਰੀਬ ਕਰੀਬ ਲੱਖ ਰੁਪਏ ਮੰਗ ਲਏ ਤੇ ਮੈਂ ਬਿਨਾਂ ਆਪਣੀ ਪਤਨੀ ਤੇ ਪਰਿਵਾਰ ਨਾਲ ਸਲਾਹ ਕੀਤਿਆਂ ਉਹਨੂੰ 50,000/- ਰੁਪਏ ਦੀ ਵੱਡੀ ਮਦਦ ਕਰ ਬੈਠਾ। ਯਾਨੀ ਇੱਕ ਤਰ੍ਹਾਂ ਨਾਲ ਅੱਧਾ ਲੱਖ। ਪੈਸੇ ਵਾਪਸ ਕਰਨ ਦੀ ਸਮਾਂ ਸੀਮਾ ਵੀ ਉਹਨੇ ਆਪ ਹੀ ਨਿਸ਼ਚਿਤ ਕੀਤੀ – ਛੇ ਮਹੀਨੇ। ਪੈਸੇ ਦੇਣ ਤੋਂ ਪਹਿਲਾਂ ਮੈਂ ਦੁਚਿਤੀ ਵਿੱਚ ਜ਼ਰੂਰ ਸਾਂ। ਇਸੇਲਈ ਚੈੱਕ ਰਾਹੀਂ ਦੋ ਕਿਸ਼ਤਾਂ ਵਿੱਚ ਦਿੱਤੇ। ਪਹਿਲਾਂ ਵੀਹ ਹਜ਼ਾਰ ਤੇ ਫਿਰ ਕੁਝ ਦਿਨਾਂ ਬਾਦ ਤੀਹ ਹਜ਼ਾਰ। ਪੈਸੇ ਮੋੜਨ ਦੇ ਛੇ ਮਹੀਨੇ ਕਦੋਂ ਦੇ ਬੀਤ ਗਏ ਤੇ ਫਿਰ ਸਾਲ ਪਿੱਛੋਂ ਸਾਲ ਬੀਤਣ ਲੱਗੇ। ਪਰ ਉਸ ਅਹਿਸਨ ਫ਼ਰਾਮੋਸ਼ ਨੇ ਇੱਕ ਵਾਰ ਵੀ ਪੈਸੇ ਮੋੜਨ ਦਾ ਨਾਂ ਨਹੀਂ ਲਿਆ। ਮੈਨੂੰ ਚਿੰਤਾ ਹੋਣ ਲੱਗੀ ਤੇ ਮੇਰੀ ਸੇਵਾਮੁਕਤੀ ਦਾ ਦਿਨ ਨੇੜੇ ਆ ਗਿਆ। ਮੈਂ ਕਰਮਜੀਤ ਨੂੰ ਪੈਸਿਆਂ ਬਾਰੇ ਯਾਦ ਕਰਾਇਆ ਤਾਂ ਉਹ ਚਿੱਟੇ ਦਿਨ ਵਾਂਗ ਸਾਫ਼ ਮੁੱਕਰ ਗਿਆ, “ਸਰ ਜੀ, ਮੈਂ ਤਾਂ ਤੁਹਾਨੂੰ ਕਦੋਂ ਦੇ ਵਾਪਸ ਕਰ ਦਿੱਤੇ ਹਨ।” ਹਾਲਾਂਕਿ ਹਕੀਕਤ ਇਹ ਸੀ ਕਿ ਉਹਨੇ ਇੱਕ ਵੀ ਪੈਸਾ ਨਹੀਂ ਸੀ ਮੋੜਿਆ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਰੱਬ ਦਾ ਭਾਣਾ ਮੰਨ ਕੇ ਮਨ ਮਾਰ ਕੇ ਰਹਿ ਗਿਆ। ਉਸ ਪਿੱਛੋਂ ਮੇਰੇ ਇੱਕ ਵਿਦਿਆਰਥੀ ਨੇ ਵਿਦੇਸ਼ ਜਾਣ ਲਈ ਦੋ ਲੱਖ ਦੀ ਸਹਾਇਤਾ ਮੰਗੀ ਪਰ ਮੈਂ ਟਾਲ-ਮਟੋਲ ਦੀ ਥਾਂ ਸਾਫ਼ ਜਵਾਬ ਦੇ ਦਿੱਤਾ। ਕੁਝ ਸਮੇਂ ਬਾਦ ਇੱਕ ਹੋਰ ਜਾਣ-ਪਛਾਣ ਵਾਲੇ ਨੇ ਵੀਹ ਹਜ਼ਾਰ ਦੀ ਰਕਮ ਮੰਗੀ ਪਰ ਮੈਂ ਉਹਨੂੰ ਵੀ ਸਪਸ਼ਟ ਇਨਕਾਰ ਕਰ ਦਿੱਤਾ। ਅਸਲ ਵਿੱਚ ਕਰਮਜੀਤ ਵੱਲੋਂ ਕੀਤੇ ਵਿਵਹਾਰ ਨੇ ਮੈਨੂੰ ਸਬਕ ਦੇ ਦਿੱਤਾ ਹੈ – “ਸਖ਼ੀ ਨਾਲੋਂ ਸੂਮ ਭਲਾ ਜੋ ਦੇਵੇ ਤੁਰਤ ਜਵਾਬ।”