ਮਹਾਂਬਲੀ ਯੋਧਾ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਤੇ ਮੀਰੀ ਪੀਰੀ ਕਾਇਮ ਕਰਕੇ ਪਹਿਲੀ ਵਾਰ ਗੁਰੂ ਸਿੱਖਾਂ ਨੂੰ ਮਿਲਟਰੀ ਟਰੇਨਿੰਗ ਤੇ ਜੰਗਾਂ ਵਿੱਚ ਜਾਣ ਦੀ ਸਲਾਹ ਦਿੱਤੀ ਅਤੇ ਕੀਰਤਪੁਰ ਸਾਹਿਬ, ਰਹੀਲਾ, ਕਰਤਾਰਪੁਰ ਤੇ ਅੰਮ੍ਰਿਤਸਰ ਦੀਆਂ ਲੜਾਈਆਂ ਲੜੀਆਂ।
1603 ਵਿੱਚ ਬਾਬਾ ਬੁੱਢਾ ਜੀ ਨੂੰ ਗੁਰੂ ਹਰਗੋਬਿੰਦ ਜੀ ਨੂੰ ਸ਼ਸਤਰ ਤੇ ਵਿੱਦਿਆ ਦੀ ਸਿਖਲਾਈ ਦੇਣ ਦੀ ਜਿੰਮੇਵਾਰੀ ਦਿੱਤੀ ਗਈ। ਸ਼ਸਤਰ ਵਿੱਦਿਆ ਦਾ ਆਪ ਨੂੰ ਬਹੁਤ ਸ਼ੋਕ ਸੀ ਤੇ ਜਲਦੀ ਨਿਪੁੰਨ ਹੋ ਗਏ। ਬਾਬਾ ਬੁੱਢਾ ਜੀ ਆਪ ਨੂੰ ਦੇਖ ਮਹਾਂਬਲੀ ਯੋਧਾ ਕਹਿੰਦੇ ਸੀ। ਜਹਾਂਗੀਰ ਜੋ ਉਸ ਵੇਲੇ ਦਾ ਹਾਕਮ ਸੀ, ਨੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਸ਼ਹੀਦ ਕਰ ਦਿੱਤਾ। ਲਹੌਰ ਜਾਣ ਤੋਂ ਪਹਿਲਾ ਹਰਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਸੰਗਤਾ ਦੇ ਸਾਹਮਣੇ ਦਿੱਤੀ ਗਈ। ਉਸ ਵੇਲੇ ਉਨ੍ਹਾਂ ਦੀ ਉਮਰ 11 ਸਾਲ ਦੀ ਸੀ। ਗੁਰੂ ਸਾਹਿਬ ਦੀ ਸ਼ਹਾਦਤ ਦਾ ਅਸਰ ਆਮ ਸਿੱਖਾਂ ‘ਤੇ ਬਹੁਤ ਪਿਆਂ ਅਤੇ ਸ਼ਸਤਰਧਾਰੀ ਹੋਣ ਦਾ ਦ੍ਰਿੜ ਵਿਸ਼ਵਾਸ ਗੁਰੂ ਜੀ ਤੇ ਸਿੱਖਾਂ ਵਿੱਚ ਹੋ ਗਿਆ। ਮੈਂ ਇੱਥੇ ਮੀਰੀ ਪੀਰੀ ਦਿਵਸ ਦੀ ਗੱਲ ਕਰ ਰਿਹਾਂ ਹਾਂ।
ਮੀਰੀ ਪੀਰੀ ਦਿਵਸ: ਆਪਣੇ ਪਿਤਾ ਅਤੇ ਪੂਰਵਜ ਦੀ ਸ਼ਹੀਦੀ ਤੋਂ ਕੁੱਝ ਸਮਾਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦ ਜੀ ਨੂੰ ਗੁਰਗੱਦੀ ਲਈ ਨਾਮਜਦ ਕੀਤਾ ਸੀ। ਆਪਣੀ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪੇਸ਼ ਕੀਤੀਆਂ, ਜੋ ਦੁਨਆਵੀ, ਰਾਜਨੀਤਕ, ਅਧਿਆਤਮਕ ਅਧਿਕਾਰਾਂ ਦੀਆਂ ਪ੍ਰਤੀਕ ਹਨ।
ਅਧੁਨਿਕ ਦਿਨ: ਖੰਡਾ ਦਰਸਾਉਂਦਾ ਹੈ ਕਿ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਕੇਂਦਰ ਵਿੱਚ ਇੱਕ ਵੱਡੇ ਲੰਬਕਾਰੀ ਖੰਡਾ ਨਾਲ ਬੰਨੀਆਂ ਹੋਈਆਂ ਹਨ। ਇਹ ਚੱਕਰ ਦੇ ਨਾਲ ਦੇਗ ਯੋਗ ਫਤਹਿ ਦੇ ਸਿੱਖ ਸੰਕਲਪ ਨੂੰ ਦਰਸਾਉਂਦਾ ਹੈ।
ਇਤਹਾਸ ਮੁਤਾਬਕ ਅਕਾਲ ਤਖਤ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੀ ਮੁੱਢਲੀ ਅਗਵਾਈ ਕਰਦਾ ਹੈ ਅਤੇ ਸਿੱਖ ਧਾਰਮਿਕ ਪ੍ਰਭੂਸੱਤਾ ਦਾ ਤੇ ਸਿੱਖ ਰਾਜਨੀਤਕ ਇਕੱਠ ਦਾ ਕੇਂਦਰ ਬਿੰਦੂ ਹੈ। ਇਸ ਦੇ ਸ਼ਾਬਦਿਕ ਅਰਥ ਕਾਲ ਤੋਂ ਰਹਿਤ ਪਰਮਾਤਮਾਂ ਦਾ ਸਿੰਘਾਸਣ। ਮੀਰੀ ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿੱਤ ਹੈ। ਜੋ ਸਿੱਖ ਰਾਜਨੀਤਕ ਪ੍ਰਭੂਸਤਾ ਨੂੰ ਪੇਸ਼ ਕਰ ਰਿਹਾ ਹੈ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਤਖਤ ਦਾ ਇੱਕ ਢਾਂਚਾ ਆਪਣੇ ਹੱਥੀ ਨੀਂਹ ਪੱਥਰ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆਂ। ਅਕਾਲ ਤਖਤ ਦੀ ਸਥਾਪਨਾ 1609 ਵਿੱਚ ਕੀਤੀ। ਸੰਗਤਾ ਦੇ ਨਾਮ ਪਹਿਲਾ ਹੁਕਮਨਾਮਾ ਜਾਰੀ ਕਰਵਾਇਆਂ ਜਿਸ ਵਿੱਚ ਹੋਰ ਵਸਤਾਂ ਦੇ ਨਾਲ-ਨਾਲ ਸ਼ਸਤਰ ਤੇ ਘੋੜੇ ਭੇਟ ਕਰਨ ਲਈ ਕਿਹਾ ਗਿਆ। ਇਸ ਤਖਤ ‘ਤੇ ਬਿਲਡਿੰਗ ਦਾ ਜੋ ਨਿਰਮਾਣ ਕੀਤਾ, ਉਸ ਦਾ ਨਾਂ ਅਕਾਲ ਬੁੰਗਾ ਰੱਖਿਆ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਾਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਕਰਾਂਤੀਕਾਰੀ ਮੋੜ ਲਿਆਦਾਂ। ਹਰਗੋਬਿੰਦ ਸਾਹਿਬ ਜੀ ਨੇ ਗੁਰਿਆਈ ਧਾਰਨ ਕਰਦੇ ਸਮੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ, ਜਿੱਥੇ ਦੀਵਾਨ, ਕੀਰਤਨ ਦੇ ਨਾਲ ਬੀਰਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਅਣਖੀਲੇ ਯੋਧਿਆਂ ਦੀ ਭਰਤੀ ਕਰਕੇ ਜੰਗ ਦੀ ਟਰੇਨਿੰਗ ਦਿੱਤੀ ਜਾਣ ਲੱਗੀ। ਲੋਹਗੜ੍ਹ ਕਿਲੇ ਦੀ ਸਥਾਪਨਾ ਕੀਤੀ ਗਈ। ਗੁਰੂ ਸਾਹਿਬ ਨੇ ਹਰ ਪਾਸੇ ਸਿੱਖੀ ਦਾ ਪ੍ਰਚਾਰ ਕੀਤਾ ਲੋਕਾ ਨੂੰ ਵਹਿਮਾਂ ਭਰਮਾ ਵਿੱਚੋਂ ਕੱਢਿਆ।
ਹੁਕਮਨਾਮੇ: ਸ੍ਰੀ ਅਕਾਲ ਤਖਤ ‘ਗੁਰੂ ਪੰਥ ਦੀ’ ਪ੍ਰਤਿਨਿਧ ਸੰਸ਼ਥਾਂ ਹੋਣ ਕਰਕੇ ਸਮੇ-ਸਮੇ ਸਿਰ ਗੁਰਮਿਤ ਵਿਧੀ ਵਿਧਾਨ ਅਨੁਸਾਰ ਹੁਕਮਨਾਮੇ, ਆਦੇਸ਼ ਤੇ ਪੰਥਕ ਫ਼ੈਸਲੇ ਕਰਦਾ ਰਿਹਾ ਹੈ।
ਅੱਠ ਪਹਿਰੀ ਮਰਿਯਾਦਾ
ਕਿਵਾੜ ਖੁੱਲ੍ਹਣੇ: ਟੀਵੀ ਰਾਂਹੀ ਰੋਜ਼ਾਨਾ ਅਸੀਂ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦੇ ਕਵਾੜ ਖੁੱਲ੍ਹਦੇ ਵੇਖਦੇ ਹਾਂ। ਉਸ ਤੋਂ ਇੱਕ ਘੰਟਾ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਿਵਾੜ ਖੁੱਲ੍ਹ ਜਾਂਦੇ ਹਨ। ਜਦੋਂ ਨਗਾਰੇ ਤੇ ਨਗਾਰਚੀ ਚੋਟ ਲਗਾਉਂਦਾ ਹੈ। ਗੁਰੂ ਸਾਹਿਬ ਦੀ ਸਵਾਰੀ ਸ੍ਰੀ ਹਰਿਮੰਦਰ ਸਾਹਿਬ ਲੈਕੇ ਜਾਣ ਸੰਬੰਧੀ ਮਰਿਆਦਾ ਅਨੁਸਾਰ ਸਾਰੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਦਰਸ਼ਨੀ ਡਿਊੜੀ ਵਿੱਚ ਸੁਨਹਿਰੀ ਪਾਲਕੀ ਦੇ ਦਾਖਲ ਹੋਣ ਤੱਕ ਨਗਾਰਾ ਵੱਜਦਾ ਰਹਿੰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਚਲੇ ਜਾਣ ਤੋਂ ਬਾਅਦ ਤਖਤ ਸਾਹਿਬ ਦੇ ਅੰਦਰ ਤੇ ਬਾਹਰਵਾਰ ਦੋਵਾ ਥਾਂਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪਾਂ ਦਾ ਸਤਿਕਾਰ ਸਹਿਤ ਪ੍ਰਕਾਸ਼ ਕੀਤਾ ਜਾਂਦਾ ਹੈ। ਫਿਰ ਇਤਹਾਸਕ ਸ਼ਸਤਰਾਂ ਦੇ ਸੰਗਤਾ ਨੂੰ ਦਰਸ਼ਨ ਕਰਾਏ ਜਾਂਦੇ ਹਨ। ਤਖਤ ਸਾਹਿਬ ਦੇ ਸਾਹਮਣੇ ਹੇਠ ਤਖਤ ਸਾਹਿਬ ਕਾ ਹਜ਼ੂਰੀ ਰਾਗੀ ਜਥਾ ‘ਆਸ਼ਾ ਦੀ ਵਾਰ’ ਦਾ ਕੀਰਤਨ ਕਰਦਾ ਹੈ।
ਅੱਜ ਜਦੋਂ ਅਸੀਂ ਮੀਰੀ ਪੀਰੀ ਦਿਵਸ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾ ਰਹੇ ਹਾਂ, ਸਾਨੂੰ ਅੱਜ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਦੱਸੇ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਜੋ ਨੋਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸੇ ਹਨ ਉਹਨਾਂ ਨੂੰ ਗੁਰੂ ਜੀ ਦੇ ਉਪਦੇਸ਼ਾ ਦੀ ਪਾਲਣਾ ਕਰਕੇ, ਨਸ਼ਿਆਂ ਦਾ ਤਿਆਗ ਕਰਣਾ ਚਾਹੀਦਾ ਹੈ। ਜੋ ਭਟਕੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਬਜਾਏ ਮਨੁੱਖੀ ਦੇਹ ਧਾਰੀ ਗੁਰੂ ਨੂੰ ਮੱਥਾ ਟੇਕਦੇ ਹਨ, ਉਹ ਉਨ੍ਹਾਂ ਦੀਆਂ ਦੁਕਾਨਦਾਰੀਆਂ ਹੀ ਚਲਾ ਰਹੇ ਹਨ। ਰਾਜਨੇਤਾ ਇਨ੍ਹਾਂ ਦੀਆਂ ਦੁਕਾਨਦਾਰੀਆਂ ਨੂੰ ਹੋਰ ਬੜਾਵਾ ਦੇ ਰਹੇ ਹਨ। ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਇਨ੍ਹਾਂ ਭਟਕੇ ਲੋਕਾਂ ਨੂੰ ਜਾਗਰੂਕ ਕਰਕੇ ਸਿੱਖੀ ਨਾਲ ਜੋੜਨਾ ਚਾਹੀਦਾ ਹੈ ਅਤੇ ਆਪਣੇ ਗੁਰੂਆਂ ਦੇ ਦਿਨ ਮਨਾ ਕੇ ਲੋਕਾਂ ਨੂੰ ਜਾਗਰੂਕ ਕਰਣਾ ਚਾਹੀਦਾ ਹੈ। ਉਹ ਕੌਮਾਂ ਸਦਾ ਜ਼ਿੰਦਾ ਰਹਿੰਦੀਆਂ ਹਨ ਜੋ ਆਪਣੇ ਗੁਰੂਆਂ ਦੀਆਂ ਯਾਦਾਂ ਮਨਾਉਂਦੀਆਂ ਰਹਿੰਦੀਆ ਹਨ। ਬੱਚਿਆਂ ਨੂੰ ਸਕੂਲ ਲੈਵਲ ‘ਤੇ ਸਿੱਖ ਇਤਹਾਸ ਪੜ੍ਹਾਉਣਾ ਚਾਹੀਦਾ ਹੈ। ਖ਼ਾਸ ਕਰ ਸ਼ਰੋਮਣੀ ਕਮੇਟੀ ਦੇ ਸਕੂਲਾਂ ਵਿੱਚ। ਬੱਚੇ ਸਿੱਖ ਇਤਹਾਸ ਤੋਂ ਅਣਜਾਣ ਹੋ, ਮੋਬਾਇਲ ਦੀ ਦੁਨੀਆਂ ਵਿੱਚ ਗੁਆਚ ਕੇ ਮਨੋਰੋਗੀ ਹੋ ਗਏ ਹਨ। ਬੱਚਿਆਂ ਨੂੰ ਅੱਜਕੱਲ੍ਹ ਪੰਜਾਬੀ ਦੇ 35 ਅੱਖਰਾਂ ਤੇ 100 ਦੇ ਹਿਣਸਿਆਂ ਦੀ ਪੂਰੀ ਗਿਣਤੀ ਨਹੀ ਆਉਂਦੀ। ਸਾਡੇ ਵੇਲੇ ਅਧਿਆਪਕ ਸ਼ਨਿੱਚਰਵਾਰ ਨੂੰ ਬਾਲ ਸਭਾ ਲਗਾ ਕੇ ਬੱਚਿਆ ਨੂੰ ਸਿੱਖ ਇਤਹਾਸ, ਸੂਰਬੀਰ ਜਵਾਨਾਂ, ਦੇਸ਼ ਭਗਤਾਂ ਦੀਆਂ ਕਵਿਤਾਵਾਂ ਲਿਖ ਕੇ ਦਿੰਦੇ ਤੇ ਪੜ੍ਹਾਉਂਦੇ ਸਨ, ਜਿਸ ਨਾਲ ਬੱਚਿਆਂ ਦੇ ਵਿੱਚ ਦੇਸ਼ ਭਗਤੀ ਪੈਦਾ ਹੁੰਦੀ ਸੀ। ਬੱਚੇ ਮੈਂਟਲੀ ਤੇ ਫਿਜੀਕਲੀ ਠੀਕ ਰਹਿੰਦੇ ਸੀ ਅਤੇ ਨਸ਼ਿਆਂ ਤੋਂ ਬਚੇ ਰਹਿੰਦੇ ਸਨ। ਸਰਕਾਰਾਂ ਤੇ ਸ਼ਰੋਮਣੀ ਕਮੇਟੀ ਨੂੰ ਇਸ ਵੱਲ ਵਿਸੇਸ ਧਿਆਨ ਦੇਣਾ ਚਾਹੀਦਾ ਹੈ। ਪਿੱਛੇ ਜਿਹੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਲੈ ਸਿਆਸਤ ਹੁੰਦੀ ਰਹੀ ਹੈ। ਅਕਾਲ ਤਖਤ ਉੱਤਮ ਅਸਥਾਨ ਹੈ। ਭਵਿੱਖ ਵਿੱਚ ਫਿਰ ਇਹੋ ਜਿਹੀ ਨੌਬਤ ਨਾ ਆਵੇ। ਸਾਰੀਆਂ ਸਿੱਖ ਜਥੇਬੰਦੀਆ ਨੂੰ ਇਕੱਠੇ ਹੋ ਕੇ ਮੀਰੀ ਪੀਰੀ ਦਿਵਸ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਉਣਾ ਚਾਹੀਦਾ ਹੈ। ਮੀਰੀ ਪੀਰੀ ਅਤੇ ਸ੍ਰੀ ਅਕਾਲ ਤਖਤ ਦਾ ਸਥਾਪਨਾ ਦਿਵਸ ਅਤੇ ਅਕਾਲ ਤਖਤ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 10 ਜੂਨ ਨੂੰ ਪੂਰੇ ਵਿਸ਼ਵ ਵਿੱਚ ਪ੍ਰਕਾਸ਼ ਗੁਰਪੁਰਬ ਮਨਾਇਆਂ ਗਿਆ ਹੈ। ਹਰ ਪ੍ਰਾਣੀ ਨੂੰ ਉਨ੍ਹਾਂ ਦੇ ਪੂਰਨਿਆਂ ‘ਤੇ ਚੱਲ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ।
ਲੇਖਕ: ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ
ਸੇਵਾ-ਮੁਕਤ ਇੰਸਪੈਕਟਰ, ਪੰਜਾਬ ਪੁਲਿਸ।