Articles

ਮੁਗਲ-ਸਿੱਖ ਸੰਘਰਸ਼ ਦਾ ਅੱਜ ਦੇ ਲੀਡਰਾਂ ਵਰਗਾ ਬੇਅਸੂਲਾ ਤੇ ਮੌਕਾਪ੍ਰਸਤ ਅਦੀਨਾ ਬੇਗ !

ਮੁਗਲ ਸਿੱਖ ਸੰਘਰਸ਼ ਦੇ ਸਭ ਤੋਂ ਵੱਡੇ ਮੌਕਾਪ੍ਰਸਤ, ਘਾਗ, ਦੋਗਲੇ ਅਤੇ ਅੱਜ ਦੇ ਲੀਡਰਾਂ ਵਰਗੇ ਬੇਅਸੂਲੇ ਵਿਅਕਤੀ ਅਦੀਨਾ ਬੇਗ ਦਾ ਜਨਮ ਸੰਨ 1710 ਈਸਵੀ ਦੇ ਆਸ ਪਾਸ ਸ਼ਕਰਪੁਰ (ਨਜ਼ਦੀਕ ਲਾਹੌਰ) ਦੇ ਚੰਨੂ ਅਰਾਈਂ ਦੇ ਘਰ ਹੋਇਆ ਸੀ।
ਲੇਖਕ: ਬਲਰਾਜ ਸਿੰਘ ਸਿੱਧੂ ਏ.ਆਈ.ਜੀ.(ਰਿਟਾ), ਪੰਡੋਰੀ ਸਿੱਧਵਾਂ

ਮੁਗਲ ਸਿੱਖ ਸੰਘਰਸ਼ ਦੇ ਸਭ ਤੋਂ ਵੱਡੇ ਮੌਕਾਪ੍ਰਸਤ, ਘਾਗ, ਦੋਗਲੇ ਅਤੇ ਅੱਜ ਦੇ ਲੀਡਰਾਂ ਵਰਗੇ ਬੇਅਸੂਲੇ ਵਿਅਕਤੀ ਅਦੀਨਾ ਬੇਗ ਦਾ ਜਨਮ ਸੰਨ 1710 ਈਸਵੀ ਦੇ ਆਸ ਪਾਸ ਸ਼ਕਰਪੁਰ (ਨਜ਼ਦੀਕ ਲਾਹੌਰ) ਦੇ ਚੰਨੂ ਅਰਾਈਂ ਦੇ ਘਰ ਹੋਇਆ ਸੀ। ਉਹ ਛੋਟੀ ਉਮਰ ਵਿੱਚ ਹੀ ਘਰ ਤੋਂ ਚਲਾ ਗਿਆ ਤੇ ਵੱਖ ਵੱਖ ਮੁਗਲ ਅਫਸਰਾਂ ਦੇ ਘਰ ਨੌਕਰੀ ਕਰਦਾ ਰਿਹਾ। ਫਿਰ ਉਹ ਕਿਸੇ ਦੀ ਸ਼ਿਫਾਰਸ਼ ਨਾਲ ਪੰਜਾਬ ਦੇ ਸੂਬੇਦਾਰ ਜ਼ਕਰੀਆ ਖਾਨ ਕੋਲ ਨੌਕਰੀ ਕਰਨ ਲੱਗ ਪਿਆ ਤੇ ਜਲਦੀ ਹੀ ਉਸ ਦਾ ਖਾਸ ਸਲਾਹਕਾਰ ਬਣ ਗਿਆ। 4 ਜਨਵਰੀ 1739 ਈਸਵੀ ਨੂੰ ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੇ ਪੇਸ਼ਾਵਰ ‘ਤੇ ਕਬਜ਼ਾ ਕੀਤਾ ਤੇ 19 ਜਨਵਰੀ ਨੂੰ ਉਸ ਦੀ ਜ਼ਕਰੀਆ ਖਾਨ ਨਾਲ ਜੰਗ ਹੋਈ। ਦੋ ਤਿੰਨ ਘੰਟਿਆਂ ਵਿੱਚ ਹੀ ਜ਼ਕਰੀਆ ਖਾਨ ਹਾਰ ਗਿਆ, ਉਸ ਨੇ ਨਾਦਰ ਸ਼ਾਹ ਦੀ ਈਨ ਮੰਨ ਲਈ ਤੇ ਉਸ ਵੱਲੋਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। 13 ਫਰਵਰੀ 1739 ਨੂੰ ਨਾਦਰ ਸ਼ਾਹ ਅਤੇ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੀਆਂ ਫੌਜਾਂ ਦਰਮਿਆਨ ਕਰਨਾਲ ਦੀ ਜੰਗ ਹੋਈ ਜੋ ਨਾਦਰ ਸ਼ਾਹ ਨੇ ਅਸਾਨੀ ਨਾਲ ਜਿੱਤ ਲਈ।

ਉਹ ਮੁਗਲਾਂ ਦਾ 200 ਸਾਲਾਂ ਦਾ ਜਮ੍ਹਾ ਕੀਤਾ ਅਰਬਾਂ ਖਰਬਾਂ ਦਾ ਖਜ਼ਾਨਾ ਸਮੇਤ ਕੋਹਿਨੂਰ ਹੀਰਾ ਅਤੇ ਤਖਤੇ ਤਾਊਸ ਲੁੱਟ ਕੇ ਵਾਪਸ ਚੱਲ ਪਿਆ। ਨਾਦਰ ਸ਼ਾਹ ਦੀ ਵਾਪਸੀ ਸਮੇਂ ਸਿੱਖਾਂ ਨੇ ਉਸ ਨੂੰ ਦਿੱਲੀ ਤੋਂ ਲੈ ਕੇ ਚਨਾਬ ਦਰਿਆ ਤੱਕ ਵਾਰ ਵਾਰ ਲੁੱਟਿਆ ਤੇ ਉਸ ਵੱਲੋਂ ਗੁਲਾਮ ਬਣਾਏ ਹਜ਼ਾਰਾਂ ਭਾਰਤੀ ਮਰਦਾਂ ਔਰਤਾਂ ਨੂੰ ਛੁਡਵਾ ਕੇ ਘਰੋ ਘਰੀ ਪਹੁੰਚਾਇਆ। ਸੜੇ ਬਲੇ ਨਾਦਰ ਸ਼ਾਹ ਦੇ ਸਿੱਖਾਂ ਦੇ ਘਰ ਘਾਟ ਬਾਰੇ ਪੁੱਛਿਆ ਤਾਂ ਜੋ ਉਨ੍ਹਾਂ ਨੂੰ ਤਬਾਹ ਕੀਤਾ ਜਾ ਸਕੇ ਤਾਂ ਜ਼ਕਰੀਆ ਖਾਨ ਨੇ ਜਵਾਬ ਦਿੱਤਾ ਕਿ ਇਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਹੀ ਹਨ। ਇਸ ‘ਤੇ ਨਾਦਰ ਸ਼ਾਹ ਨੇ ਵਿਸ਼ਵ ਪ੍ਰਸਿੱਧ ਭਵਿੱਖਬਾਣੀ ਕੀਤੀ ਸੀ ਜੋ ਇੰਨ ਬਿੰਨ ਸਹੀ ਸਾਬਤ ਹੋਈ, “ਫਿਰ ਇਹ ਤੇਰੇ ਮੇਰੇ ਤੋਂ ਮੁਕਾਉਣ ਵਾਲੇ ਨਹੀਂ। ਯਾਦ ਰੱਖ, ਕਿਸੇ ਦਿਨ ਇਹ ਇਸ ਮੁਲਕ ਦੇ ਮਾਲਕ ਬਣ ਜਾਣਗੇ।” ਨਾਦਰ ਸ਼ਾਹ ਤੋਂ ਵਿਹਲਾ ਹੋ ਕੇ ਜ਼ਕਰੀਆ ਖਾਨ ਨੇ ਆਪਣੇ ਇਲਾਕੇ ਵੱਲ ਨਿਗ੍ਹਾ ਮਾਰੀ ਤਾਂ ਸਾਰਾ ਵੀਰਾਨ ਹੋਇਆ ਪਿਆ ਸੀ। ਕੁਝ ਨਾਦਰ ਸ਼ਾਹ ਨੇ ਤਬਾਹ ਕਰ ਦਿੱਤਾ ਸੀ ਤੇ ਬਾਕੀ ਸਿੱਖਾਂ ਨੇ। ਉਸ ਨੇ ਸਿੱਖਾਂ ਦੀ ਸੂਹ ਦੇਣ ‘ਤੇ ਦਸ ਰੁਪਏ ਤੇ ਸਿਰ ਪੇਸ਼ ਕਰਨ ‘ਤੇ ਪੰਜਾਹ ਰੁਪਏ ਦਾ ਇਨਾਮ ਰੱਖ ਦਿੱਤਾ। ਸਿੱਖਾਂ ਨੂੰ ਖਤਮ ਕਰਨ ਲਈ ਜ਼ਕਰੀਆ ਖਾਨ ਨੂੰ ਆਪਣੇ ਖਾਸਮ ਖਾਸ ਅਦੀਨਾ ਬੇਗ ਤੋਂ ਵਧੀਆ ਹੋਰ ਕੋਈ ਵਿਅਕਤੀ ਨਾ ਲੱਗਾ ਤੇ ਦਸੰਬਰ 1739 ਨੂੰ ਉਸ ਨੇ ਅਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਫੌਜਦਾਰ ਥਾਪ ਦਿੱਤਾ। ਕਿਉਂਕਿ ਅਦੀਨਾ ਬੇਗ ਬਹੁਤ ਹੀ ਚਲਾਕ ਵਿਅਕਤੀ ਸੀ, ਉਸ ਨੇ ਸ਼ਾਂਤੀ ਸਥਾਪਿਤ ਕਰਨ ਲਈ ਸਿੱਖਾਂ ਨਾਲ ਸਮਝੌਤਾ ਕਰ ਲਿਆ ਤੇ ਕੁਝ ਸਰਦਾਰਾਂ ਨੂੰ ਜਾਗੀਰਾਂ ਵੀ ਦੇ ਦਿੱਤੀਆਂ। ਪਰ ਜਦੋਂ ਜ਼ਕਰੀਆ ਖਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਸਖਤ ਹੁਕਮ ਭੇਜੇ ਜਿਸ ਕਾਰਨ ਅਦੀਨਾ ਬੇਗ ਨੂੰ ਸਿੱਖਾਂ ਦੇ ਖਿਲਾਫ ਕਾਰਵਾਈ ਕਰਨੀ ਪਈ। ਸਿੱਖ ਸਮਾਂ ਵਿਚਾਰ ਕੇ ਮਾਲਵੇ ਤੇ ਰਾਜਸਥਾਨ ਵੱਲ ਨਿਕਲ ਗਏ।

ਨਾਦਰ ਸ਼ਾਹ ਦੇ ਹਮਲੇ ਕਾਰਨ ਪੰਜਾਬ ਦਾ ਸਾਰਾ ਪ੍ਰਬੰਧ ਬਰਬਾਦ ਹੋ ਗਿਆ ਸੀ, ਇਥੋਂ ਤੱਕ ਕਿ ਫੌਜ ਨੂੰ ਵੀ ਤਨਖਾਹ ਨਹੀਂ ਸੀ ਮਿਲੀ। ਜ਼ਕਰੀਆ ਖਾਨ ਨੇ ਫੌਜਦਾਰਾਂ ਤੇ ਚੌਧਰੀਆਂ ਨੂੰ ਮਾਮਲਾ ਭਰਨ ਲਈ ਹੁਕਮ ਭੇਜੇ ਤੇ ਜਿਸ ਨੇ ਮਾਮਲਾ ਨਾ ਭਰਿਆ ਉਸ ਨੂੰ ਕੈਦ ਕਰ ਲਿਆ ਗਿਆ। ਅਦੀਨਾ ਬੇਗ ਅਤੇ ਉਸ ਦੇ ਦੀਵਾਨ ਭਵਾਨੀ ਦਾਸ ਨੂੰ ਵੀ ਕੈਦ ਵਿੱਚ ਸੁੱਟ ਦਿੱਤਾ ਗਿਆ। ਪਰ ਕੁਝ ਮਹੀਨੇ ਬਾਅਦ ਲਾਹੌਰ ਦੇ ਦੀਵਾਨ ਲਖਪਤ ਰਾਏ ਦੇ ਕਹਿਣ ‘ਤੇ ਉਸ ਨੂੰ ਰਿਹਾਅ ਕਰ ਕੇ ਮੁੜ ਪੁਰਾਣੇ ਅਹੁਦੇ ‘ਤੇ ਬਹਾਲ ਕਰ ਦਿੱਤਾ। ਪਹਿਲੀ ਜੁਲਾਈ 1745 ਨੂੰ ਜ਼ਕਰੀਆਂ ਖਾਨ ਮਰ ਗਿਆ ਤਾਂ ਉਸ ਦੇ ਪੁੱਤਰਾਂ ਸ਼ਾਹ ਨਿਵਾਜ਼ ਖਾਨ ਅਤੇ ਯਾਹੀਆ ਖਾਨ ਵਿੱਚ ਜੰਗ ਛਿੜ ਗਈ। ਅਦੀਨਾ ਬੇਗ ਨੇ ਸ਼ਾਹ ਨਿਵਾਜ਼ ਦੀ ਮਦਦ ਕੀਤੀ ਤੇ ਉਹ ਲਾਹੌਰ ਤੇ ਮੁਲਤਾਨ ਦਾ ਸੂਬੇਦਾਰ ਬਣ ਗਿਆ। ਸ਼ਾਹ ਨਿਵਾਜ਼ ਨੇ ਸੂਬੇਦਾਰੀ ਦੀ ਮੰਨਜ਼ੂਰੀ ਲੈਣ ਲਈ ਦਿੱਲੀ ਦਰਬਾਰ ਵਿਖੇ ਆਪਣੇ ਦੂਤ ਭੇਜੇ। ਉਸ ਵੇਲੇ ਦਿੱਲੀ ਦਾ ਵਜ਼ੀਰ ਕਮਰੁਦੀਨ ਯਾਹੀਆ ਖਾਨ ਅਤੇ ਸ਼ਾਹ ਨਵਾਜ਼ ਦਾ ਮਾਮਾ ਸੀ ਪਰ ਯਾਹੀਆ ਖਾਨ ਦਾ ਸਹੁਰਾ ਵੀ ਸੀ। ਉਸ ਨੇ ਸ਼ਰਤ ਰੱਖ ਦਿੱਤੀ ਕਿ ਪਹਿਲਾਂ ਯਾਹੀਆ ਖਾਨ ਨੂੰ ਰਿਹਾ ਕੀਤਾ ਜਾਵੇ, ਫਿਰ ਸੂਬੇਦਾਰੀ ਬਾਰੇ ਵਿਚਾਰ ਕੀਤਾ ਜਾਵੇਗਾ।

ਐਨੇ ਨੂੰ ਯਾਹੀਆ ਖਾਨ ਕੈਦ ਵਿੱਚੋਂ ਭੱਜ ਗਿਆ ਤੇ ਕਮਰੁਦੀਨ ਨਾਲ ਮਿਲ ਕੇ ਲਾਹੌਰ ‘ਤੇ ਹਮਲਾ ਕਰਨ ਦੀ ਤਿਆਰੀ ਕਰਨ ਲੱਗਾ। ਇਸ ‘ਤੇ ਸ਼ਾਹ ਨਿਵਾਜ਼ ਡਰ ਗਿਆ ਤੇ ਉਸ ਨੇ ਅਦੀਨਾ ਬੇਗ ਦੀ ਸਲਾਹ ‘ਤੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਭੇਜ ਦਿੱਤਾ। ਇਹ ਫੈਸਲਾ ਹੋਇਆ ਕਿ ਲਾਹੌਰ, ਮੁਲਤਾਨ ਅਤੇ ਕਸ਼ਮੀਰ ਦੀ ਸੂਬੇਦਾਰੀ ਦੇ ਬਦਲੇ ਸ਼ਾਹ ਨਿਵਾਜ਼ ਉਸ ਦੀ ਦਿੱਲੀ ਫਤਿਹ ਕਰਨ ਵਿੱਚ ਮਦਦ ਕਰੇਗਾ। ਪਰ ਅਬਦਾਲੀ ਮੀਰ ਮੰਨੂ ਦੀ ਕਮਾਂਡ ਹੇਠ ਲੜ ਰਹੀ ਮੁਗਲ ਫੌਜ ਕੋਲੋਂ 11 ਮਾਰਚ 1747 ਈਸਵੀ ਨੂੰ ਹੋਈ ਮਾਨੂੰਪੁਰ ਦੀ ਲੜਾਈ ਵਿੱਚ ਬੁਰੀ ਤਰਾਂ ਨਾਲ ਹਾਰ ਕੇ ਕਾਬਲ ਨੂੰ ਭੱਜ ਗਿਆ ਤੇ ਮੀਰ ਮੰਨੂ ਲਾਹੌਰ ਦਾ ਨਵਾਂ ਸੂਬੇਦਾਰ ਬਣ ਗਿਆ। ਅਦੀਨਾ ਬੇਗ ਨੇ ਇਸ ਲੜਾਈ ਵਿੱਚ ਮੁਗਲਾਂ ਦੀ ਮਦਦ ਨਹੀਂ ਸੀ ਕੀਤੀ ਜਿਸ ਕਾਰਨ ਮੀਰ ਮੰਨੂ ਉਸ ‘ਤੇ ਬਹੁਤ ਖਫਾ ਸੀ। ਉਸ ਨੇ ਅਦੀਨਾ ਬੇਗ ਨੂੰ ਲਾਹੌਰ ਹਾਜ਼ਰ ਹੋਣ ਲਈ ਹੁਕਮ ਜਾਰੀ ਕਰ ਦਿੱਤਾ। ਲੂੰਬੜੀ ਵਰਗਾ ਧੂਰਤ ਅਦੀਨਾ ਬੇਗ ਲੱਖਾਂ ਦੇ ਨਜ਼ਰਾਨੇ ਲੈ ਕੇ ਹਾਜ਼ਰ ਹੋਇਆ ਤੇ ਪਤਾ ਨਹੀਂ ਉਸ ਨੇ ਮੀਰ ਮੰਨੂ ਦੇ ਸਿਰ ਵਿੱਚ ਕੀ ਧੂੜਿਆ ਕਿ ਉਸ ਨੇ ਅਦੀਨਾ ਬੇਗ ਦੀ ਫੌਜਦਾਰੀ ਬਹਾਲ ਰੱਖੀ।

ਇਸ ਤੋਂ ਬਾਅਦ ਅਬਦਾਲੀ ਨੇ ਆਪਣੇ ਦੂਸਰੇ ਹਮਲੇ (ਦਸੰਬਰ ਸੰਨ 1749) ਦੌਰਾਨ ਮੀਰ ਮੰਨੂ ਨੂੰ ਹਰਾ ਦਿੱਤਾ ਪਰ ਆਪਣੇ ਵੱਲੋਂ ਲਾਹੌਰ ਤੇ ਮੁਲਤਾਨ ਦਾ ਸੂਬੇਦਾਰ ਨਿਯੁੱਕਤ ਕਰ ਦਿੱਤਾ। ਤੀਸਰਾ ਹਮਲਾ ਦਸੰਬਰ ਸੰਨ 1751 ਨੂੰ ਕੀਤਾ ਤੇ ਮੁਗਲ ਬਾਦਸ਼ਾਹ ਨੇ ਉਸ ਦਾ ਹੱਕ ਲਾਹੌਰ, ਮੁਲਤਾਨ ਅਤੇ ਕਸ਼ਮੀਰ ‘ਤੇ ਮੰਨ ਲਿਆ ਤੇ ਇਹ ਇਲਾਕੇ ਅਫਗਾਨਿਸਤਾਨ ਦਾ ਹਿੱਸਾ ਬਣ ਗਏ। ਅਦੀਨਾ ਬੇਗ ਕੋਈ ਨਾ ਕੋਈ ਤਿਕੜਮ ਲੜਾ ਕੇ ਅਬਦਾਲੀ ਦੇ ਸਮੇਂ ਵੀ ਜਲੰਧਰ ਦੁਆਬ ਦਾ ਫੌਜਦਾਰ ਬਣਿਆ ਰਿਹਾ। ਅਬਦਾਲੀ ਭਾਰਤ ‘ਤੇ ਚੌਥੇ ਹਮਲੇ (ਨਵੰਬਰ ਸੰਨ 1756 ਈਸਵੀ) ਸਮੇਂ ਖਿਰਾਜ਼ ਨਾ ਭਰਨ ਕਾਰਨ ਅਦੀਨਾ ਬੇਗ ਨਾਲ ਸਖਤ ਨਰਾਜ਼ ਸੀ। ਉਸ ਨੇ ਲਾਹੌਰ ਤੋਂ ਦਿੱਲੀ ਜਾਂਦੇ ਸਮੇਂ ਜਲੰਧਰ ‘ਤੇ ਹਮਲਾ ਕਰ ਦਿੱਤਾ ਤੇ ਅਦੀਨਾ ਬੇਗ ਪਰਿਵਾਰ ਸਮੇਤ ਕਾਂਗੜੇ ਦੇ ਪਹਾੜਾਂ ਵੱਲ ਨੱਸ ਗਿਆ। ਅਬਦਾਲੀ ਪੰਜ ਕੁ ਮਹੀਨਿਆਂ ਬਾਅਦ ਕਾਬਲ ਚਲਾ ਗਿਆ ਤਾਂ ਅਦੀਨਾ ਬੇਗ ਨੇ ਜਲੰਧਰ ਵਾਪਸ ਲੈਣ ਲਈ ਕਈ ਯਤਨ ਕੀਤੇ ਪਰ ਕਾਮਯਾਬ ਨਾ ਹੋ ਸਕਿਆ। ਉਸ ਵੇਲੇ ਭਾਰਤ ਵਿੱਚ ਮਰਾਠੇ ਸਭ ਤੋਂ ਵੱਡੀ ਤਾਕਤ ਬਣ ਚੁੱਕੇ ਸਨ ਤੇ ਦਿੱਲੀ ਦਾ ਬਾਦਸ਼ਾਹ ਉਨ੍ਹਾਂ ਦੀ ਮਰਜ਼ੀ ਅਨੁਸਾਰ ਹੀ ਚੱਲਦਾ ਸੀ।

1757 ਈਸਵੀ ਵਿੱਚ ਅਦੀਨਾ ਬੇਗ ਨੇ ਲਾਹੌਰ ‘ਤੇ ਕਬਜ਼ਾ ਕਰਨ ਲਈ ਮਰਾਠਿਆਂ ਅਤੇ ਸਿੱਖਾਂ ਨਾਲ ਸੰਧੀ ਕਰ ਲਈ ਕਿ ਜਿਸ ਦਿਨ ਉਨ੍ਹਾਂ ਦੀਆਂ ਫੌਜਾਂ ਮਾਰਚ ਕਰਨਗੀਆਂ, ਉਸ ਦਿਨ ਦੇ ਇੱਕ ਲੱਖ ਰੁਪਏ ਤੇ ਜਿਸ ਦਿਨ ਪੜਾਉ ਕਰਨਗੀਆਂ, ਉਸ ਦਿਨ ਦੇ ਪੰਜਾਹ ਹਜ਼ਾਰ ਰੁਪਏ ਦਿੱਤੇ ਜਾਣਗੇ। ਸਰਹਿੰਦ ਵਿਖੇ ਮਰਾਠੇ, ਅਦੀਨਾ ਬੇਗ ਅਤੇ ਸਿੱਖ ਫੌਜਾਂ ਇਕੱਠੀਆਂ ਹੋ ਗਈਆਂ ਤੇ ਕਿਲੇ ਨੂੰ ਘੇਰਾ ਪਾ ਲਿਆ। ਇਸ ਫੌਜ ਦੀ ਕੁੱਲ ਗਿਣਤੀ ਡੇਢ ਲੱਖ ਦੇ ਕਰੀਬ ਸੀ। ਉਸ ਸਮੇਂ ਅਬਦਾਲੀ ਵੱਲੋਂ ਥਾਪਿਆ ਅਬਦੁੱਲ ਸਮੱਦ ਖਾਨ ਸਰਹਿੰਦ ਦਾ ਗਵਰਨਰ ਸੀ ਜੋ ਬਿਨਾਂ ਮੁਕਾਬਲਾ 8 ਮਾਰਚ ਨੂੰ ਕਿਲਾ ਛੱਡ ਕੇ ਲਾਹੌਰ ਨੂੰ ਦੌੜ ਗਿਆ। ਜਦੋਂ ਇਹ ਸਾਂਝੀ ਫੌਜ ਸਤਲੁਜ ਟੱਪੀ ਤਾਂ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਤੈਮੂਰ ਅਤੇ ਜਰਨੈਲ ਜਹਾਨ ਖਾਨ 9 ਅਪਰੈਲ ਨੂੰ ਲਾਹੌਰ ਖਾਲੀ ਕਰ ਕੇ ਕਾਬਲ ਵੱਲ ਰਵਾਨਾ ਹੋ ਗਏ ਤੇ ਬਿਨਾਂ ਕਿਸੇ ਮੁਕਾਬਲੇ ਦੇ ਲਾਹੌਰ ‘ਤੇ ਕਬਜ਼ਾ ਕਰ ਲਿਆ ਗਿਆ। ਸਾਂਝੀ ਫੌਜ ਨੇ ਤੈਮੂਰ ਤੇ ਜਹਾਨ ਖਾਨ ਨੂੰ ਝਨ੍ਹਾਂ ਦਰਿਆ ‘ਤੇ ਘੇਰ ਲਿਆ, ਉਹ ਤਾਂ ਜਾਨ ਬਚਾ ਕੇ ਕਾਬਲ ਵੱਲ ਦੌੜ ਗਏ ਪਰ ਹਜ਼ਾਰਾਂ ਅਫਗਾਨ ਸਿਪਾਹੀ ਇਸ ਜੰਗ ਵਿੱਚ ਮਾਰੇ ਗਏ। ਅਬਦਾਲੀ ਤੋਂ ਡਰਦੇ ਮਰਾਠੇ ਪੰਜਾਬ ਨੂੰ ਸਿੱਧੇ ਤੌਰ ‘ਤੇ ਆਪਣੇ ਅਧੀਨ ਨਹੀਂ ਸਨ ਰੱਖਣਾ ਚਾਹੁੰਦੇ। ਉਨ੍ਹਾਂ ਨੇ 1 ਮਈ 1757 ਈਸਵੀ ਨੂੰ ਮੁਲਤਾਨ, ਲਾਹੌਰ ਅਤੇ ਸਰਹਿੰਦ 75 ਲੱਖ ਸਲਾਨਾ ਖਿਰਾਜ਼ ਦੇ ਬਦਲੇ ਅਦੀਨਾ ਬੇਗ ਨੂੰ ਸੌਂਪ ਦਿੱਤਾ ਤੇ ਉਸ ਨੂੰ ਨਵਾਬ ਦਾ ਖਿਤਾਬ ਬਖਸ਼ਿਆ।

ਗੱਦੀ ‘ਤੇ ਬੈਠਦੇ ਸਾਰ ਅਦੀਨਾ ਬੇਗ ਨੇ ਸਭ ਤੋਂ ਪਹਿਲਾ ਹੈਰਾਨਕੁੰਨ ਫੈਸਲਾ ਸਿੱਖਾਂ ਨੂੰ ਖਤਮ ਕਰਨ ਦਾ ਲਿਆ। ਉਸ ਨੇ 50 ਹਜ਼ਾਰ ਦੇ ਕਰੀਬ ਫੌਜ ਭਰਤੀ ਕੀਤੀ ਤੇ ਸਿੱਖਾਂ ਦੇ ਕਤਲੇਆਮ ਦਾ ਫਰਮਾਨ ਜਾਰੀ ਕਰ ਦਿੱਤਾ। ਸਿੱਖ ਹੈਰਾਨ ਰਹਿ ਗਏ ਕਿ ਉਨ੍ਹਾਂ ਦੀ ਮਦਦ ਨਾਲ ਗੱਦੀ ‘ਤੇ ਬੈਠਾ ਇਹ ਦੋਗਲਾ ਵਿਅਕਤੀ ਉਨ੍ਹਾਂ ਦਾ ਹੀ ਦੁਸ਼ਮਣ ਬਣ ਗਿਆ ਹੈ। ਛੋਟੀਆਂ ਮੋਟੀਆਂ ਝੜਪਾਂ ਤੋਂ ਇਲਾਵਾ ਅਦੀਨਾ ਬੇਗ ਦੀ ਫੌਜ ਨਾਲ ਸਿੱਖਾਂ ਦੀਆਂ ਕਾਦੀਆਂ, ਉੱਚਾ ਪਿੰਡ ਸੰਘੋਲ ਅਤੇ ਰੋਪੜ ਕੋਲ ਭਾਰੀ ਲੜਾਈਆਂ ਹੋਈਆਂ ਜਿਸ ਵਿੱਚ ਸਿੱਖਾਂ ਦਾ ਹੱਥ ਉੱਪਰ ਰਿਹਾ ਤੇ ਅਦੀਨਾ ਬੇਗ ਦੇ ਪ੍ਰਮੱਖ ਜਰਨੈਲ ਦੀਵਾਨ ਹੀਰਾ ਮੱਲ, ਆਕਲ ਦਾਸ ਜੰਡਿਆਲੀਆ, ਆਦਲ ਖਾਨ ਅਤੇ ਮੁਸਤਫਾ ਖਾਨ ਆਦਿ ਸਿੱਖਾਂ ਹੱਥੋਂ ਮਾਰੇ ਗਏ। ਅਜੇ ਜੰਗ ਜਾਰੀ ਹੀ ਸੀ ਕਿ ਸਿਰਫ 17 ਕੁ ਮਹੀਨੇ ਦਾ ਰਾਜ ਭੋਗ ਕੇ 15 ਸਤੰਬਰ 1758 ਈਸਵੀ ਨੂੰ ਇਹ ਬੇ ਅਸੂਲਾ ਵਿਅਕਤੀ ਬਿਮਾਰ ਹੋ ਕੇ ਬਟਾਲੇ ਵਿਖੇ ਮਰ ਗਿਆ। ਇਸ ਦੀ ਲਾਸ਼ ਜਲੰਧਰ ਨੇੜੇ ਖਾਨਪੁਰ ਵਿਖੇ ਦਫਨਾਈ ਗਈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin