
ਮੁਬਾਰਕ ਬੇਗਮ (5 ਜਨਵਰੀ 1936-18 ਜੁਲਾਈ 2016) ਇੱਕ ਭਾਰਤੀ ਗਾਇਕਾ ਸੀ, ਜਿਸਨੇ ਹਿੰਦੀ ਅਤੇ ਉਰਦੂ ਭਾਸ਼ਾਵਾਂ ਵਿੱਚ ਗਾਇਆ। ਉਹ 1950 ਅਤੇ 1960 ਦੇ ਦਹਾਕੇ ਦੌਰਾਨ ਬਾਲੀਵੁੱਡ ਫਿਲਮਾਂ ਵਿੱਚ ਇੱਕ ਚਰਚਿਤ ਪਿੱਠਵਰਤੀ ਗਾਇਕਾ ਸੀ। ਉਸਨੇ ਗੀਤਾਂ ਤੇ ਗ਼ਜ਼ਲਾਂ ਸਮੇਤ ਕਈ ਹੋਰ ਸ਼ੈਲੀਆਂ ਵਿੱਚ ਗਾਇਨ ਕੀਤਾ ਅਤੇ ਜਨਤਕ ਪ੍ਰਦਰਸ਼ਨ ਵੀ ਕੀਤੇ।
ਮੁਬਾਰਕ ਬੇਗਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਲ ਇੰਡੀਆ ਰੇਡੀਓ ਤੋਂ ਕੀਤੀ। ਇੱਕ ਪਲੇਅਬੈਕ ਗਾਇਕਾ ਵਜੋਂ ਉਸਦਾ ਕਰੀਅਰ 1949 ਵਿੱਚ ਭਾਰਤੀ ਹਿੰਦੀ ਫਿਲਮ ‘ਆਈਏ’ ਨਾਲ ਸ਼ੁਰੂ ਹੋਇਆ ਸੀ। ਇਹ ਭਾਰਤ-ਪਾਕਿਸਤਾਨੀ ਸੰਗੀਤਕਾਰ ਸ਼ੌਕਤ ਅਲੀ ਨਾਸ਼ਾਦ ਸੀ, ਜਿਸਨੇ ਬੇਗਮ ਨੂੰ ਪਹਿਲਾ ਬ੍ਰੇਕ ਦਿੱਤਾ। ਫਿਲਮਾਂ ਲਈ ਉਸਦਾ ਰਿਕਾਰਡ ਕੀਤਾ ਪਹਿਲਾ ਗੀਤ “ਮੋਹੇ ਆਨੇ ਲਾਗੀ ਅੰਗੜਾਈ ਆਜਾ ਆਜਾ ਬਲਮ” (ਆਈਏ,1949) ਸੀ। ਉਸਨੇ ਉਸੇ ਫਿਲਮ ਵਿੱਚ ਉਸ ਸਮੇਂ ਦੀ ਉੱਭਰਦੀ ਗਾਇਕਾ ਲਤਾ ਮੰਗੇਸ਼ਕਰ ਨਾਲ ਇੱਕ ਦੋਗਾਣਾ ਵੀ ਗਾਇਆ। ਉਸਦੇ ਕਰੀਅਰ ਦੇ ਮਸ਼ਹੂਰ ਗੀਤਾਂ ਵਿੱਚੋਂ “ਕਭੀ ਤਨਹਾਈਓਂ ਮੇਂ ਯੂੰ” ਹੈ, ਜਿਸਨੂੰ ਸਨੇਹਲ ਭਟਕਰ ਦੁਆਰਾ ਕਿਦਾਰ ਸ਼ਰਮਾ ਦੀ ਫਿਲਮ ‘ਹਮਾਰੀ ਯਾਦ ਆਏਗੀ’ (1961) ਲਈ ਰਚਿਆ ਗਿਆ ਸੀ।
ਮੁਬਾਰਕ ਬੇਗਮ ਨੇ ਆਪਣੇ ਕਰੀਅਰ ਦੌਰਾਨ ਹਿੰਦੀ ਫਿਲਮਾਂ ਲਈ ਕੁੱਲ 178 ਗਾਣੇ ਗਾਏ, ਜੋ 115 ਫਿਲਮਾਂ ਵਿੱਚ ਸ਼ਾਮਲ ਹਨ। ਹੇਠਾਂ ਉਸਦੇ ਕੁਝ ਪ੍ਰਸਿੱਧ ਗੀਤਾਂ ਦੀ ਸੂਚੀ ਦਿੱਤੀ ਜਾ ਰਹੀ ਹੈ :
* “ਮੁਝਕੋ ਆਪਨੇ ਗਲੇ ਲਗਾ ਲੋ, ਐ ਮੇਰੇ ਹਮਰਾਹੀ” (ਗੀਤ ਹਸਰਤ ਜੈਪੁਰੀ; ਸੰਗੀਤ ਸ਼ੰਕਰ ਜੈਕਿਸ਼ਨ; ਫ਼ਿਲਮ ਹਮਰਾਹੀ, 1963)
* “ਕਭੀ ਤਨਹਾਈਓਂ ਮੇਂ ਯੂੰ ਹਮਾਰੀ ਯਾਦ ਆਏਗੀ” (ਗੀਤ ਕਿਦਾਰ ਸ਼ਰਮਾ; ਸੰਗੀਤ ਸਨੇਹਲ ਭਟਕਰ; ਫ਼ਿਲਮ ਹਮਾਰੀ ਯਾਦ ਆਏਗੀ,1961)
* “ਨੀਂਦ ਉੜ ਜਾਏ ਤੇਰੀ ਚੈਨ ਸੇ ਸੋਨੇ ਵਾਲੇ” (ਜੁਆਰੀ,1968)
* “ਵੋ ਨਾ ਆਏਂਗੇ ਪਲਟ ਕਰ” (ਗੀਤ ਸਾਹਿਰ ਲੁਧਿਆਣਵੀ; ਸੰਗੀਤ ਐਸ ਡੀ ਬਰਮਨ; ਫ਼ਿਲਮ ਦੇਵਦਾਸ,1955)
* “ਹਮ ਹਾਲ-ਏ-ਦਿਲ ਸੁਨਾਏਂਗੇ, ਸੂਰਜ ਕੇ ਨਾ ਸੁਨਾਏ” (ਗੀਤ ਸ਼ੈਲੇਂਦਰ; ਸੰਗੀਤ ਸਲਿਲ ਚੌਧਰੀ; ਫ਼ਿਲਮ ਮਧੂਮਤੀ,1958)
* “ਵਾਅਦਾ ਹਮਸੇ ਕੀਆ ਦਿਲ ਕਿਸੀ ਕੋ ਦੀਆ (ਸਰਸਵਤੀਚੰਦ੍ਰ,1968)
* “ਬੇ-ਮੁਰੱਵਤ ਬੇਵਫਾ ਬੇਗਾਨਾ-ਏ ਦਿਲ ਆਪ ਹੈਂ” (ਗੀਤ ਜਾਨ ਨਿਸਾਰ ਅਖਤਰ; ਸੰਗੀਤ ਸੀ. ਅਰਜੁਨ; ਫ਼ਿਲਮ ਸੁਸ਼ੀਲਾ,1966)
* “ਐ ਦਿਲ ਬਤਾ ਹਮ ਕਹਾਂ ਆ ਗਏ” (ਖੂਨੀ ਖਜ਼ਾਨਾ, 1965)
* “ਐਜੀ ਐਜੀ ਯਾਦ ਰਖਨਾ ਸਨਮ” (ਡਾਕੂ ਮੰਸੂਰ, 1961)
* “ਸ਼ਮਾ ਗੁਲ ਕਰਕੇ ਨਾ ਜਾਓ ਯੂੰ” (ਅਰਬ ਕਾ ਸਿਤਾਰਾ,1961)
* “ਸਾਂਵਰੀਆ ਤੇਰੀ ਯਾਦ ਮੇਂ ਰੋ ਰੋ ਮਰੇਂਗੇ ਹਮ” (ਰਾਮੂ ਤੋ ਦੀਵਾਨਾ ਹੈ,1980)
* “ਹਮੇਂ ਦਮ ਦਈਕੇ ਸੌਤਨ ਘਰ ਜਾਨਾ” (ਆਸ਼ਾ ਭੌਸਲੇ ਨਾਲ ਮਿਲ ਕੇ; ਗੀਤ ਕਮਰ ਜਲਾਲਾਬਾਦੀ; ਸੰਗੀਤ ਇਕਬਾਲ ਕੁਰੈਸ਼ੀ; ਫ਼ਿਲਮ ਯੇ ਦਿਲ ਕਿਸਕੋ ਦੂੰ,1963)
* “ਯੇ ਮੂੰਹ ਔਰ ਮਸੂਰ ਕੀ ਦਾਲ” (ਸ਼ਾਰਦਾ ਨਾਲ ਮਿਲ ਕੇ; ਅਰਾਊਂਡ ਦ ਵਰਲਡ,1967)
ਮੁਬਾਰਕ ਬੇਗਮ ਦਾ ਜਨਮ ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੇ ਇੱਕ ਕਸਬੇ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਸਦਾ ਵਿਆਹ ਆਪਣੇ ਹੀ ਭਾਈਚਾਰੇ ਦੇ ਇੱਕ ਵਿਅਕਤੀ, ਸ਼੍ਰੀ ਸ਼ੇਖ ਨਾਲ ਹੋਇਆ ਸੀ, ਅਤੇ ਉਹ ਦੋ ਬੱਚਿਆਂ- ਇੱਕ ਪੁੱਤਰ ਅਤੇ ਇੱਕ ਧੀ ਦੀ ਮਾਂ ਸੀ। ਉਸਦੇ ਪਤੀ ਅਤੇ ਧੀ ਦੋਵੇਂ ਹੁਣ ਜ਼ਿੰਦਾ ਨਹੀਂ ਹਨ; ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ, ਉਹ ਆਪਣੇ ਪੁੱਤਰ, ਨੂੰਹ ਅਤੇ ਪੋਤੀ ਨਾਲ ਰਹਿੰਦੀ ਰਹੀ।
ਭਾਵੇਂ ਉਹ ਇੱਕ ਮਸ਼ਹੂਰ ਗਾਇਕਾ ਸੀ, ਪਰ ਬੇਗਮ ਆਪਣੀ ਪ੍ਰਤਿਭਾ ਦਾ ਫਾਇਦਾ ਉਠਾਉਣ ਵਿੱਚ ਅਸਮਰੱਥ ਸੀ। ਉਸ ਕੋਲ ਉਹ ਸਮਾਰਟ “ਨੈੱਟਵਰਕਿੰਗ” ਹੁਨਰ ਨਹੀਂ ਸਨ, ਜੋ ਮਨੋਰੰਜਨ ਉਦਯੋਗ ਵਿੱਚ ਕਰੀਅਰ ਲਈ ਇੰਨੇ ਮਹੱਤਵਪੂਰਨ ਹਨ। ਅਤੇ ਨਤੀਜੇ ਵਜੋਂ, ਉਸਦਾ ਕਰੀਅਰ ਰੁਕ ਗਿਆ। ਭਾਵੇਂ ਉਹ ਇੱਕ ਸਮਰੱਥ ਗਾਇਕਾ ਸੀ, ਪਰ ਉਹ ਵਪਾਰਕ ਮਾਮਲਿਆਂ ਵਿੱਚ ਉਨੀ ਮਾਹਿਰ ਨਹੀਂ ਸੀ। ਉਸਨੂੰ ਪੈਸੇ ਨਾਲੋਂ ਸੰਗੀਤ ਵਿੱਚ ਜ਼ਿਆਦਾ ਦਿਲਚਸਪੀ ਸੀ, ਅਤੇ ਉਸਦੇ ਰੋਜ਼ਾਨਾ ਖਰਚ ਅਤੇ ਉਦਾਰਤਾ ਨੇ ਉਸਨੂੰ ਜ਼ਿਆਦਾ ਪੈਸੇ ਬਚਾਉਣ ਦੀ ਆਗਿਆ ਨਹੀਂ ਦਿੱਤੀ। 2016 ਵਿੱਚ ਆਪਣੀ ਮੌਤ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ, ਜਦੋਂ ਪੁੱਛਿਆ ਗਿਆ, ਤਾਂ ਉਸਨੇ ਕਿਹਾ ਕਿ ਪਾਕਿਸਤਾਨੀ ਗ਼ਜ਼ਲ ਗਾਇਕ ਗੁਲਾਮ ਅਲੀ ਉਸਦਾ ਪਸੰਦੀਦਾ ਗਾਇਕ ਸੀ।
ਬੇਗਮ ਦੀ ਧੀ, ਜੋ ਪਾਰਕਿੰਸਨਜ਼ ਬਿਮਾਰੀ ਤੋਂ ਪੀੜਤ ਸੀ, ਅਕਤੂਬਰ 2015 ਵਿੱਚ ਮਰ ਗਈ, ਜਿਸ ਤੋਂ ਬਾਅਦ ਬੇਗਮ ਦੀ ਆਪਣੀ ਸਿਹਤ ਬਹੁਤ ਵਿਗੜਦੀ ਚਲੀ ਗਈ। ਮਈ 2016 ਵਿੱਚ, ਪ੍ਰੈਸ ਨੇ ਰਿਪੋਰਟ ਦਿੱਤੀ ਕਿ ਬੇਗਮ ਹਸਪਤਾਲ ਵਿੱਚ ਸੀ ਅਤੇ ਉਸਦਾ ਪਰਿਵਾਰ ਉਸਦੇ ਡਾਕਟਰੀ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਸੀ। ਉਹ ਆਪਣੇ ਪਰਿਵਾਰ ਨਾਲ, ਜਿਸ ਵਿੱਚ ਇੱਕ ਪੁੱਤਰ, ਨੂੰਹ ਅਤੇ ਪੋਤੀ ਸ਼ਾਮਲ ਸਨ, ਮੁੰਬਈ ਦੇ ਉਪਨਗਰ ਜੋਗੇਸ਼ਵਰੀ ਵਿੱਚ ਬਹਿਰਾਮ ਬਾਗ ਵਿੱਚ ਇੱਕ ਬੈੱਡਰੂਮ ਵਾਲੇ ਅਪਾਰਟਮੈਂਟ ਵਿੱਚ ਰਹਿੰਦੀ ਸੀ। ਉਸਦੀ ਇੱਕੋ ਇੱਕ ਆਮਦਨ ਇੱਕ ਪੈਨਸ਼ਨ ਸੀ, ਜੋ ਉਸਨੂੰ ਆਪਣੇ ਸਵਰਗਵਾਸੀ ਪਤੀ ਦੀ ਪੈਨਸ਼ਨ ਦੇ ਇਵਜ਼ ਵਜੋਂ ਮਿਲਦੀ ਸੀ। ਇਹ ਪੈਨਸ਼ਨ ਕਰੀਬ 800/- ਰੁਪਏ ਪ੍ਰਤੀ ਮਹੀਨਾ ਸੀ। ਭਾਰਤੀ ਮਿਆਰਾਂ ਅਨੁਸਾਰ ਇਹ ਬਹੁਤ ਹੀ ਮਾਮੂਲੀ ਪੈਨਸ਼ਨ ਹੈ। ਬੇਗਮ ਆਪਣੇ ਪੁੱਤਰ ਹੁਸੈਨ ਸ਼ੇਖ ‘ਤੇ ਨਿਰਭਰ ਸੀ, ਜਿਸਨੇ ਡਰਾਈਵਰ ਵਜੋਂ ਸੁਤੰਤਰ ਤੌਰ ‘ਤੇ ਕੰਮ ਕਰਕੇ ਇੱਕ ਅਨਿਸ਼ਚਿਤ ਆਮਦਨ ਕਮਾਈ ਅਤੇ ਬੇਗਮ ਦੀ ਦੇਖਭਾਲ ਉਸਦੀ ਨੂੰਹ ਕਰਦੀ ਸੀ।
ਬੇਗਮ ਦੀ ਨੂੰਹ ਜ਼ਰੀਨਾ ਹੁਸੈਨ ਸ਼ੇਖ ਨੇ ਪ੍ਰੈਸ ਨੂੰ ਦੱਸਿਆ ਕਿ ਅਦਾਕਾਰ ਸਲਮਾਨ ਖਾਨ (ਹਿੰਦੀ ਫਿਲਮ ਇੰਡਸਟਰੀ) ਅਸਲ ਵਿੱਚ ਇਕਲੌਤਾ ਵਿਅਕਤੀ ਹੈ, ਜੋ ਪਰਿਵਾਰ ਦੀ ਵਿੱਤੀ ਮਦਦ ਕਰ ਰਿਹਾ ਹੈ, ਉਹ ਵੀ ਲਗਾਤਾਰ, ਲੰਬੇ ਸਮੇਂ ਦੇ ਆਧਾਰ ‘ਤੇ। ਉਹ ਬਜ਼ੁਰਗ ਬੇਗਮ ਦੀਆਂ ਸਾਰੀਆਂ ਦਵਾਈਆਂ ਦਾ ਸਾਰਾ ਖਰਚਾ ਚੁੱਕ ਰਿਹਾ ਸੀ। ਗਾਇਕਾ ਲਤਾ ਮੰਗੇਸ਼ਕਰ ਨੇ ਬੇਗਮ ਨੂੰ ਉਸਦੀ ਧੀ ਦੀ ਮੌਤ ਤੋਂ ਬਾਅਦ ਦਿਲਾਸਾ ਦਿੱਤਾ ਅਤੇ ਉਸ ਨਾਲ ਦੁੱਖ ਸਾਂਝਾ ਕੀਤਾ। ਜੂਨ 2016 ਵਿੱਚ, ਮਹਾਰਾਸ਼ਟਰ ਸਰਕਾਰ ਵਿੱਚ ਭਾਜਪਾ ਦੇ ਮੰਤਰੀ ਵਿਨੋਦ ਤਾਵੜੇ ਨੇ ਪਰਿਵਾਰ ਦੀ ਮਦਦ ਲਈ ਕਦਮ ਚੁੱਕਿਆ। ਜਦੋਂ ਤਾਵੜੇ ਨੂੰ ਪਤਾ ਲੱਗਾ ਕਿ ਅਜਿਹੀ ਕੋਈ ਸਰਕਾਰੀ ਯੋਜਨਾ ਨਹੀਂ ਹੈ, ਜਿਸ ਤਹਿਤ ਉਹ ਬੇਗਮ ਦੇ ਪਰਿਵਾਰ ਦੀ ਮਦਦ ਕਰ ਸਕਣ, ਤਾਂ ਉਸਨੇ ਆਪਣੇ ਨੇੜਲੇ ਲੋਕਾਂ ਦੁਆਰਾ ਚਲਾਏ ਜਾ ਰਹੇ ਇੱਕ ਚੈਰੀਟੇਬਲ ਟਰੱਸਟ ਤੋਂ ਮਦਦ ਮੰਗੀ ਅਤੇ ਉਨ੍ਹਾਂ ਨੇ ਬੇਗਮ ਨੂੰ ਕੁਝ ਪੈਸੇ ਦਿੱਤੇ।
ਬੇਗ਼ਮ ਅਖ਼ਤਰ ਨੇ 80 ਸਾਲ ਦੀ ਉਮਰੇ ਜੋਗੇਸ਼ਵਰੀ, ਮੁੰਬਈ (ਮਹਾਰਾਸ਼ਟਰ) ਵਿੱਚ ਆਖਰੀ ਸਾਹ ਲਿਆ। ਸੰਗੀਤ, ਖਾਸ ਕਰਕੇ ਕਲਾਸੀਕਲ ਸੰਗੀਤ ਦੀ ਦੁਨੀਆਂ ਵਿੱਚ ਬੇਗ਼ਮ ਅਖ਼ਤਰ ਨਾਂ ਹਮੇਸ਼ਾ ਜ਼ਿੰਦਾ ਰਹੇਗਾ। ਅੱਜ ਵੀ ਉਹਦਾ ਗਾਇਆ ਨਗ਼ਮਾ ‘ਕਭੀ ਤਨਹਾਈਓਂ ਮੇਂ ਯੂੰ…’ ਜਦ ਕਿਤੇ ਸੁਣਾਈ ਦਿੰਦਾ ਹੈ ਤਾਂ ਮੇਰੀ ਉਮਰ ਦੇ ਲੋਕਾਂ ਦੀਆਂ ਅੱਖਾਂ ਦਾ ਨਮ ਹੋ ਜਾਣਾ ਸੁਭਾਵਕ ਹੈ! ਅਜਿਹਾ ਸੋਜ਼ ਸੀ ਉਹਦੀ ਗਾਇਨ ਸ਼ੈਲੀ ਵਿੱਚ! ਖ਼ੁਦਾ ਉਹਨੂੰ ਜੰਨਤ ਅਤਾ ਫ਼ਰਮਾਏ!