Articles

ਮੁੰਡਿਆਂ ਅਤੇ ਕੁੜੀਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਧਿਆਨ  ਨਾਲ ਕਰਨ ਚਾਹੀਦੀ ਵਿਜੈ ਗਰਗ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

21ਵੀਂ ਸਦੀ  ਵਿੱਚ  ਤਕਨੀਕ ਦਾ ਬਹੁਤ ਵਿਕਾਸ ਹੋਇਆ ਹੈ। ਇਸੇ ਵਿਕਾਸ ਦਾ ਅਸਰ ਇੰਟਰਨੈੱਟ ਦੇ ਖੇਤਰ ਵਿੱਚ ਵੀ ਖੂਬ ਹੋਇਆ ਹੈ। ਅੱਜ ਇੰਟਰਨੈੱਟ ਦੀ ਵਰਤੋਂ ਕੰਪਿਊਟਰ ‘ਤੇ ਹੀ ਨਹੀਂ ਸਗੋਂ ਮੋਬਾਈਲ ਫੋਨਾਂ ’ਤੇ ਵੀ ਉਪਲਬਧ ਹੈ। ਇਸ ਦੌਰਾਨ ਸੋਸ਼ਲ ਮੀਡੀਆ ਦੀ ਵਰਤੋਂ ਜ਼ਰੂਰਤ ਤੇ ਸਟੇਟਸ ਸਿੰਬਲ ਵਜੋਂ ਕੀਤੀ ਜਾਂਦੀ ਹੈ। ਲੋਕਾਂ ਵਿੱਚ ਆਪਸੀ ਸੰਪਰਕ ਨੂੰ ਵਧਾਉਣ ਲਈ ਕਈ ਵੈਬਸਾਈਟਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸੋਸ਼ਲ ਸਾਈਟਸ ਆਖਿਆ ਜਾਂਦਾ ਹੈ, ਜਿਵੇਂ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਵੱਟਸਐਪ, ਗੂਗਲ ਪਲੱਸ, ਲਾਈਨ ਅਤੇ ਵਾਇਬਰ ਆਦਿ। ਅਜਿਹੀਆਂ ਅਣਗਿਣਤ ਸਾਈਟਸ ਤੇ ਐਪਸ ਹਨ। ਇਨ੍ਹਾਂ ਉਤੇ ਕੋਈ ਵਿਅਕਤੀ ਆਪਣਾ ਖਾਤਾ ਖੋਲ੍ਹ ਕੇ ਉਸ ਨੂੰ ਵਰਤਣ ਵਾਲੇ ਹੋਰ ਲੋਕਾਂ ਨਾਲ ਸੰਪਰਕ ਬਣਾ ਸਕਦਾ ਹੈ ਤੇ ਇੱਕ-ਦੂਜੇ ਨਾਲ ਲਿਖਤੀ ਸੰਦੇਸ਼, ਤਸਵੀਰਾਂ ਅਤੇ ਵੀਡੀਓ-ਆਡੀਓ ਕਲਿਪਸ ਆਦਿ ਸ਼ੇਅਰ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਈ ਸੋਸ਼ਲ ਸਾਈਟਾਂ ‘ਤੇ ਇੰਟਰਨੈੱਟ ਜ਼ਰੀਏ ਮੁਫ਼ਤ ਵਿੱਚ ਕਾਲ ਵੀ ਹੋ ਜਾਂਦੀ ਹੈ।

ਸੋਸ਼ਲ ਮੀਡੀਆ ਦਾ ਉਦੇਸ਼ ਜਾਣਕਾਰੀ ਦੇਣਾ, ਮਨੋਰੰਜਨ ਅਤੇ ਸਿੱਖਿਅਤ ਕਰਨਾ ਹੈ ਪਰ ਇੰਟਰਨੈੱਟ ਦੀ ਲੋੜ ਤੋਂ ਬਿਨਾਂ, ਲੋੜ ਤੋਂ ਜ਼ਿਆਦਾ ਅਤੇ ਗਲਤ ਵਰਤੋਂ ਸਾਡੇ ਲਈ ਮਾੜੇ ਸਾਬਤ ਹੁੰਦੀ ਹੈ ਅਤੇ ਸਾਡੇ ਨੌਜਵਾਨਾਂ ਵਿਚ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਦਾ ਰੁਝਾਨ ਸਿਖਰਾਂ ’ਤੇ ਹੈ। ਸਕੂਲਾਂ, ਕਾਲਜ ਅਤੇ ਜਨਤਕ ਥਾਵਾਂ ’ਤੇ ਲਗਪਗ 90 ਫ਼ੀਸਦੀ ਨੌਜਵਾਨ ਮੋਬਾਈਲ ‘ਤੇ ਸੋਸ਼ਲ ਮੀਡੀਆ ਨਾਲ ਜੁੜੇ ਮਿਲਣਗੇ। ਇਸ ਨਾਲ ਸਭ ਤੋਂ ਅਹਿਮ ਤਾਂ ਉਨ੍ਹਾਂ ਦੇ ਅਣਮੁੱਲੇ ਸਮੇਂ ਦੀ ਬਰਬਾਦੀ ਹੁੰਦੀ ਹੈ। ਕਈ ਵਾਰੀ ਫੇਕ (ਝੂਠੇ) ਖਾਤੇ ਬਣਾ ਕੇ ਲੋਕ ਇੱਕ-ਦੂਜੇ ਨੂੰ ਗੁੰਮਰਾਹ ਵੀ ਕਰਦੇ ਹਨ।
ਪਿਛਲੇ ਦੋ ਦਹਾਕਿਆਂ ਤੋਂ ਕੰਪਿਊਟਰ ਦੀ ਆਦਤ ਦੇ ਰੋਗਾਂ ਦੀ ਚਰਚਾ ਸੀ ਪਰ ਹੁਣ ਸਮਾਰਟ ਫੋਨ ਨੇ ਸਾਡੇ ਰੋਜ਼ਾਨਾ ਜੀਵਨ ਵਿੱਚ ਅਜਿਹੀ ਘੁਸਪੈਠ ਕੀਤੀ ਹੈ ਜਿਸ ਤੋਂ ਬਿਨਾਂ ਅਸੀਂ ਬਚ ਨਹੀਂ ਸਕਦੇ। ਇਸ ਤਕਨੀਕੀ ਤਰੱਕੀ ਨੇ ਸਾਨੂੰ ਸੈਲਫੀ ਕਲਚਰ ਦਾ ਨਵਾਂ ਨਸ਼ਾ/ਵਿਗਾੜ ਦਿੱਤਾ ਹੈ। ਖਤਰਨਾਕ ਤਰੀਕਿਆਂ ਨਾਲ ਸੈਲਫੀ ਲੈਂਦੇ ਸਮੇਂ ਕਿੰਨੇ ਹੀ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਵਿਦਿਆਰਥੀ ਵਰਗ ਵਿੱਚ ਇਹ ਪ੍ਰਵਿਰਤੀ ਬਹੁਤ ਹੀ ਘਾਤਕ ਹੈ, ਕਿਉਂਕਿ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਮਾੜਾ ਅਸਰ ਪੈਂਦਾ ਹੈ।
ਅੱਜ ਦੁਨੀਆਂ ਵਿੱਚ ਕੋਈ ਘਟਨਾ ਜਾਂ ਦੁਰਘਟਨਾ ਵਾਪਰਨ ਦੇ ਨਾਲ ਹੀ ਇਸ ਦੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਅੱਗ ਵਾਂਗੂ ਫੈਲ ਜਾਂਦੀ ਹੈ। ਕਈ ਵਾਰੀ ਲੋਕਾਂ ਵਿੱਚ ਅਫ਼ਵਾਹ ਫੈਲਾਉਣ ਅਤੇ ਆਮ ਜਨਤਾ ਨੂੰ ਗੁੰਮਰਾਹ ਕਰਨ ਲਈ ਝੂਠੀਆਂ ਗੱਲਾਂ ਵੀ ਫੈਲਾਅ ਦਿੱਤੀਆਂ ਜਾਂਦੀਆਂ ਹਨ। ਕਿਸੇ ਫੋਟੋ, ਵੀਡਿਓ ਜਾਂ ਜਾਣਕਾਰੀ ਵਿੱਚ ਐਡੀਟਿੰਗ ਕਰਕੇ ਉਸ ਦਾ ਸਰੂਪ ਬਦਲ ਕੇ ਭੜਕਾਊ ਬਣਾ ਦਿੱਤਾ ਜਾਂਦਾ ਹੈ, ਕਿਸੇ ਵੱਡੀ ਹਸਤੀ ਦੀ ਮੌਤ ਜਾਂ ਧਰਮ-ਜਾਤ ਨਾਲ ਸਬੰਧਤ ਝੂਠੀਆਂ ਤੇ ਭੜਕਾਊ ਗੱਲਾਂ ਫੈਲਾਈਆਂ ਜਾਂਦੀਆਂ ਹਨ। ਸਾਈਬਰ ਅਪਰਾਧਾਂ ਵਿੱਚ ਬਹੁਤ ਵਾਧਾ ਹੋ ਗਿਆ ਹੈ, ਜਿਨ੍ਹਾਂ ਦਾ ਸਮਾਜ ਉੱਪਰ ਮਾਰੂ ਅਸਰ ਪੈਂਦਾ ਹੈ।
ਸੋਸ਼ਲ ਸਾਈਟਾਂ ਦਾ ਜ਼ਿਆਦਾ ਇਸਤੇਮਾਲ ਨਾ ਸਿਰਫ ਇਸ ਦਾ ਆਦੀ ਬਣਾ ਦਿੰਦਾ ਹੈ ਸਗੋਂ ਕਈ ਸਿਹਤ ਸਮੱਸਿਆਵਾਂ ਵੀ ਪੈਦਾ ਕਰਦਾ ਹੈ। ਦਿਮਾਗ ਅਤੇ ਕੰਨ ਦਾ ਟਿਊਮਰ ਹੋਣ ਦਾ ਖਦਸ਼ਾ, ਦਿਲ ਦੀ ਬਿਮਾਰੀ, ਬਲੱਡ ਪ੍ਰੈਸ਼ਰ, ਮਾਈਗ੍ਰੇਨ ਤੇ ਮੋਟਾਪੇ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮੋਟਾਪਾ ਅੱਗੇ ਸ਼ੂਗਰ ਦਾ ਕਾਰਨ ਬਣਦਾ ਹੈ। ਇਨ੍ਹਾਂ ਖਤਰਿਆਂ ਤੋਂ ਇਲਾਵਾ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਬੱਚੇ ਨਿੱਕੀ ਉਮਰ ਵਿੱਚ ਹੀ ਔਟੀਜ਼ਮ ਵਰਗੀ ਮਾਨਸਿਕ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਨੇ ਰਿਸ਼ਤਿਆਂ ‘ਚ ਆਪਸੀ ਮੇਲਜੋਲ ਤੇ ਪਿਆਰ ਨੂੰ ਵੀ ਭਾਰੀ ਢਾਅ ਲਾਈ ਹੈ। ਇੱਕੋ ਘਰ ਵਿੱਚ ਪਰਿਵਾਰਕ ਮੈਂਬਰ ਅਜਨਬੀਆਂ ਦੀ ਤਰ੍ਹਾਂ ਰਹਿੰਦੇ ਹਨ।
ਅਖ਼ਬਾਰਾਂ ਵਿੱਚ ਅਜਿਹੀਆਂ ਅਜਿਹੀਆਂ ਖ਼ਬਰਾਂ ਲਗਪਗ ਰੋਜ਼ਾਨਾ ਪੜ੍ਹਨ ਨੂੰ ਮਿਲ ਜਾਂਦੀਆਂ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਨੌਜਵਾਨ ਆਪਣਾ ਮਾਇਕ, ਜਿਨਸੀ ਅਤੇ ਮਾਨਸਿਕ ਨੁਕਸਾਨ ਕਰਵਾ ਬੈਠਦੇ ਹਨ। ਇਨ੍ਹਾਂ ਵਿੱਚ ਕੁੜੀਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਇਸ ਲਈ ਕਿਸੇ ਨਾਲ ਵੀ ਸੰਪਰਕ ਕਰਨ ਤੋਂ ਪਹਿਲਾਂ ਉਸ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਅਣਜਾਣ ਅਤੇ ਬੇ-ਭਰੋਸੇਯੋਗ ਵਿਅਕਤੀ ਨਾਲ ਨਿਜੀ ਜੀਵਨ ਵੇਰਵਾ, ਫੋਟੋਆਂ ਅਤੇ ਵੀਡੀਓ ਜਾਂ ਬੈਂਕ ਅਕਾਊਂਟ ਸਬੰਧੀ ਕੁਝ ਵੀ ਸਾਂਝਾ ਨਹੀਂ ਕਰਨਾ ਚਾਹੀਦਾ। ਫ਼ਰਜ਼ੀ ਅਕਾਊਂਟ ਬਣਾ ਕੇ ਅਜਿਹੇ ਲੋਕ ਆਪਣੇ ਆਪ ਨੂੰ ਵਿਦੇਸ਼ੀ ਜਾਂ ਵੱਡੇ ਕਾਰੋਬਾਰੀ ਦੱਸ ਕੇ ਘਰੇਲੂ ਔਰਤਾਂ ਅਤੇ ਮਰਦਾਂ ਤੱਕ ਨੂੰ ਸ਼ਿਕਾਰ ਬਣਾ ਲੈਂਦੇ ਹਨ। ਸੋਸ਼ਲ ਮੀਡੀਆ ਉੱਤੇ ਦੋਸਤੀ ਜਿੰਨੀ ਸਹਿਜ ਵਿਖਾਈ ਦਿੰਦੀ ਹੈ, ਅਸਲ ਵਿੱਚ ਹੁੰਦੀ ਨਹੀਂ। ਜਿਨ੍ਹਾਂ ਬਾਰੇ ਤੁਸੀ ਪਹਿਲਾਂ ਹੀ ਜਾਣਦੇ ਹੋ ਉਨ੍ਹਾਂ ਨਾਲ ਦੋਸਤੀ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ, ਪਰ ਕਿਸੇ ਦੋਸਤ ਦੇ ਦੋਸਤ ਨਾਲ ਦੋਸਤੀ ਦੀ ਲੜੀ ਦੇ ਅੱਗੇ ਵਧਣ ਦੇ ਨਾਲ ਨਾਲ ਭਰੋਸਾ ਘੱਟ ਹੁੰਦਾ ਜਾਂਦਾ ਹੈ। ਕਈ ਵਾਰ ਤਾਂ ਜੋ ਚਿਹਰਾ ਨਜ਼ਰ ਆ ਰਿਹਾ ਹੁੰਦਾ ਹੈ, ਅਸਲ ਵਿੱਚ ਉਹ ਚਿਹਰਾ ਤੇ ਨਾਮ-ਪਤਾ ਸਭ ਨਕਲੀ ਹੁੰਦਾ ਹੈ। ਇਹ ਜਾਨਣਾ ਮੁਸ਼ਕਿਲ ਹੋ ਸਕਦਾ ਹੈ ਕਿ ਕੌਣ ਕਿਸ ਉਦੇਸ਼ ਨਾਲ ਦੋਸਤੀ ਦਾ ਹੱਥ ਵਧਾ ਰਿਹਾ ਹੈ।
ਸੋਸ਼ਲ ਮੀਡੀਆ ਉੱਤੇ ਦੋਸਤ ਬਣਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਦੂਸਰਿਆਂ ਜ਼ਰੀਏ ਜਾਂ ਕਿਸੇ ਅਣਜਾਣ ਨਾਲ ਦੋਸਤੀ ਕਰਨ ਜਾ ਰਹੇ ਹੋ ਤਾਂ ਉਸ ਬਾਰੇ ਪਹਿਲਾਂ ਚੰਗੀ ਤਰ੍ਹਾਂ ਜਾਣ ਲੈਣਾ ਜ਼ਰੂਰੀ ਹੈ। ਇਸਦੇ ਬਾਅਦ ਹੀ ਕਿਸੇ ਤਰ੍ਹਾਂ ਦੀ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨਾ ਚਾਹੀਦਾ ਹੈ। ਇਸ ਲਈ ਉਨ੍ਹਾਂ ਦੀ ਸੋਸ਼ਲ ਵਾਲ ਦੇਖੋ ਕਿ ਉਹ ਕਿਹੋ ਜਿਹੀਆਂ ਪੋਸਟਾਂ ਸ਼ੇਅਰ ਕਰਦੇ ਹਨ, ਉਨ੍ਹਾਂ ਦਾ ਬੈਕਗਰਾਊਂਡ ਕੀ ਹੈ, ਤੁਹਾਡੀ ਰੁਚੀ ਇਕ ਦੂਸਰੇ ਨਾਲ ਮੇਲ ਖਾਂਦੀ ਹੈ ਜਾਂ ਨਹੀਂ। ਇਸ ਸਭ ਦੇ ਬਾਅਦ ਜੇ ਸਹੀ ਲੱਗੇ ਤਾਂ ਦੋਸਤੀ ਕਰੋ ਨਹੀਂ ਤਾਂ ਪਿੱਛੇ ਹਟ ਜਾਓ। ਅਣਜਾਣ ਬਣੇ ਦੋਸਤਾਂ ਉੱਤੇ ਬਾਅਦ ਵਿੱਚ ਵੀ ਨਜ਼ਰ ਰੱਖਣ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰ ਜੋ ਜਿਹੋ ਜਿਹਾ ਨਜ਼ਰ ਆ ਰਿਹਾ ਹੁੰਦਾ ਹੈ, ਉਹ ਉਹੋ ਜਿਹਾ ਹੁੰਦਾ ਨਹੀਂ।
ਜੇ ਸੋਸ਼ਲ ਮੀਡੀਆ ਦੀ ਵਰਤੋਂ ਸਾਡੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ, ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ ਲਈ ਅਤੇ ਸਮਾਜਿਕ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਕੀਤੀ ਜਾਵੇ ਤਾਂ ਇਹ ਸਾਡੇ ਸਮਾਜ ਦੀ ਨੁਹਾਰ ਬਦਲ ਸਕਦਾ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਸੁਚੱਜੇ ਤਰੀਕੇ ਨਾਲ ਕੀਤੀ ਜਾਵੇ। ਇਹ ਸਾਡੇ ਆਪਸੀ ਸੰਪਰਕ ਵਿੱਚ ਸੌਖ ਲਈ ਬਣਾਇਆ ਗਿਆ ਸੀ ਨਾ ਕਿ ਇੱਕ ਦੂਜੇ ਦਾ ਨੁਕਸਾਨ ਕਰਨ ਲਈ। ਇਸ ਲਈ ਸੋਸ਼ਲ ਮੀਡੀਆ ਦੀ ਵਰਤੋਂ ਤਾਂ ਕਰੋ ਪਰ ਪੂਰੀ ਚੌਕਸੀ ਅਤੇ ਸੰਜਮ ਨਾਲ।
 ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਕੰਮਾਂ ਵਿੱਚ ਵੀ ਸਹਾਇਕ ਸਿੱਧ ਹੋ ਰਿਹਾ ਹੈ। ਆਪਣੀ ਗੱਲ ਸਮਾਜ ਵਿੱਚ ਪਹੁੰਚਾਉਣ ਦਾ ਇਹ ਇਕ ਉੱਤਮ ਜ਼ਰੀਆ ਹੈ, ਬਸ਼ਰਤੇ ਅਸੀਂ ਇਸਦੀ ਸਹੀ ਵਰਤੋਂ ਕਰੀਏ। ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਨਾ ਕਿ ਸਿਰਫ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਹੀ ਇਸਦੀ ਵਰਤੋਂ ਕਰੀਏ।

Related posts

ਮੁੱਖ-ਮੰਤਰੀ ਤੋਂ ਮਿਲ਼ੇ ਸੋਨ-ਸੁਨਹਿਰੀ ਸਨਮਾਨ ਦੀ ਸਾਖੀ ?

admin

ਧਰਮ ਨਿਰਪੱਖ ਸਿਵਲ ਕੋਡ: ਅਸਮਾਨਤਾ ਅਤੇ ਬੇਇਨਸਾਫ਼ੀ ਦਾ ਇਲਾਜ ?

admin

ਕਿਸਾਨ ਔਰਤਾਂ ਨੇ ਰੋਕੀਆਂ ਰੇਲ-ਗੱਡੀਆਂ: 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ !

admin