Articles Punjab

ਮੁੱਖ-ਮੰਤਰੀ ਦੀ ਕੁਰਸੀ ਇੱਕ: ਛੇ ਕਾਂਗਰਸੀ ਲਟਾਪੀਂਘ !

ਕਾਂਗਰਸ ਦਾ ਉਮੀਦਵਾਰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਐਕਟਿੰਗ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਹੈ, ਜਿਹੜਾ ਸਥਾਨਕ ਪ੍ਰਭਾਵਸ਼ਾਲੀ ਨੇਤਾ ਹੈ, ਪ੍ਰੰਤੂ ਉਸਦੇ ਉਮੀਦਵਾਰ ਬਣਦਿਆਂ ਹੀ ਆਪਸੀ ਫੁੱਟ ਦੀਆਂ ਖ਼ਬਰਾਂ ਅਖ਼ਬਾਰਾਂ ਦਾ ਸ਼ਿੰਗਾਰ ਬਣ ਗਈਆਂ ਹਨ।
ਲੇਖਕ: ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਪੰਜਾਬ ਦੇ ਕਾਂਗਰਸੀ ਨੇਤਾ ਹਰਿਆਣਾ ਦੇ ਕਾਂਗਰਸੀ ਨੇਤਾਵਾਂ ਦੀਆਂ ਗ਼ਲਤੀਆਂ ਤੋਂ ਵੀ ਸਬਕ ਸਿੱਖਣ ਲਈ ਤਿਆਰ ਨਹੀਂ ਹਨ। 2024 ਵਿੱਚ ਹੋਈਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਮੁੱਖ-ਮੰਤਰੀ ਦੀ ਕੁਰਸੀ ਪਿੱਛੇ ਲੜਦਿਆਂ ਕਾਂਗਰਸੀ ਨੇਤਾਵਾਂ ਨੇ ਜਿੱਤੀ ਹੋਈ ਬਾਜ਼ੀ ਗੁਆ ਲਈ ਸੀ। ਉਸ ਸਮੇਂ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਨ ਦੀ ਪੂਰੀ ਸੰਭਾਵਨਾ ਸੀ। ਇਸ ਸਮੇਂ ਵੀ ਪੰਜਾਬ ਦੇ ਲੋਕ 2027 ਵਿੱਚ ਫਿਰ ਬਦਲਾਓ ਲਿਆਉਣ ਬਾਰੇ ਸੋਚ ਰਹੇ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਗਰੰਟੀਆਂ ਜ਼ਿਆਦਾ ਕਰ ਲਈਆਂ ਸਨ, ਜਿਨ੍ਹਾਂ ਨੂੰ ਪੰਜਾਬ ਦੀ ਡਾਵਾਂਡੋਲ ਆਰਥਿਕ ਹਾਲਤ ਕਰਕੇ ਪੂਰਾ ਕਰਨਾ ਅਸੰਭਵ ਲੱਗਦਾ ਹੈ। ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਜੇ ਲਗਪਗ ਦੋ ਸਾਲ ਬਾਕੀ ਹਨ ਪ੍ਰੰਤੂ ਪੰਜਾਬ ਦੇ ਕਾਂਗਰਸੀ ਨੇਤਾ ਮੁੱਖ-ਮੰਤਰੀ ਦੀ ਕੁਰਸੀ ਲਈ ਪਹਿਲਾਂ ਹੀ ਲਟਾਪੀਂਘ ਹੋਏ ਪਏ ਹਨ। ਕਾਂਗਰਸੀ ਨੇਤਾ ਬਿਨਾ ਪਾਣੀ ਤੋਂ ਹੀ ਮੌਜੇ ਖੋਲ੍ਹੀ ਫਿਰਦੇ ਹਨ। ਮੁੱਖ ਮੰਤਰੀ ਦੀ ਕੁਰਸੀ ਅਜੇ ਖਾਲ੍ਹੀ ਵੀ ਨਹੀਂ ਪ੍ਰੰਤੂ ਛੇ ਕਾਂਗਰਸੀ ਨੇਤਾ ਪਹਿਲਾਂ ਹੀ ਮੁੱਖ ਮੰਤਰੀ ਦੀ ਕੁਰਸੀ ਦੀਆਂ ਲੱਤਾਂ ਨੂੰ ਚਿੰਬੜਕੇ ਖਿੱਚਣ ਲੱਗੇ ਪਏ ਹਨ। ਮੈਨੂੰ ਲੱਗਦਾ ਹੈ ਕਿ ਕਿਤੇ ਕੁਰਸੀ ਦੀਆਂ ਟੰਗਾਂ ਆਪੇ ਹੀ ਤੋੜ ਨਾ ਦੇਣ, ਇਹ ਉਨ੍ਹਾਂ ਨੂੰ ਵੀ ਪਤਾ ਹੈ ਕਿ ਇਸ ਤਰ੍ਹਾਂ ਪਾਰਟੀ ਲਈ ਲਾਹੇਬੰਦ ਨਹੀਂ ਪ੍ਰੰਤੂ ਕਾਂਗਰਸੀ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਹੇ। ਇਨ੍ਹਾਂ ਛੇ ਕਾਂਗਰਸੀਆਂ ਦੇ ਨਾਮ ਦੱਸਣ ਦੀ ਕੋਈ ਲੋੜ ਨਹੀ, ਕਿਉਂਕਿ ਪੰਜਾਬੀ ਪੜ੍ਹੇ ਲਿਖੇ ਸੂਝਵਾਨ ਹਨ, ਹਰ ਰੋਜ਼ ਅਖ਼ਬਾਰਾਂ ਪੜ੍ਹਦਿਆਂ ਕਾਂਗਰਸੀਆਂ ਦੇ ਕਾਟੋ ਕਲੇਸ਼ ਤੋਂ ਵਾਕਫ਼ ਹਨ, ਕਿਵੇਂ ਉਹ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸੀ ਨੇਤਾਵੋ ਕਿਤੇ ਇੰਜ ਹੀ ਨਾ ਹੋਵੇ, ਜਿਵੇਂ ਬਿਲੀਆਂ ਦੀ ਲੜਾਈ ਵਿੱਚ ਰੋਟੀ ਵੰਡਾਉਣ ਸਮੇਂ ਬਾਂਦਰੀ ਬਾਜ਼ੀ ਮਾਰ ਗਈ ਸੀ, ਪੰਜਾਬ ਦੀਆਂ ਚੋਣਾਂ ਵਿੱਚ ਕੋਈ ਹੋਰ ਤੀਜੀ ਧਿਰ ਕੁਰਸੀ ਖੋਹ ਲਵੇ, ਵਿਰੋਧੀ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਕਾਂਗਰਸੀ ਨੇਤਾ ਅਕਾਲੀ ਧੜਿਆਂ ਦੀ ਲੜਾਈ ਕਰਕੇ ਸਮਝਦੇ ਹਨ ਕਿ ਉਨ੍ਹਾਂ ਦੇ ਪੱਲੇ ਕੁਝ ਨਹੀਂ ਪ੍ਰੰਤੂ ਇਤਿਹਾਸ ਗਵਾਹ ਹੈ ਕਿ ਭਾਵੇਂ ਕਿਤਨੇ ਹੀ ਅਕਾਲੀ ਦਲ ਦੇ ਧੜੇ ਚੋਣ ਲੜਨ ਪ੍ਰੰਤੂ ਪੰਜਾਬੀਆਂ ਨੇ ਹਮੇਸ਼ਾ ਅਕਾਲੀ ਦਲ ਦੇ ਇੱਕੋ ਧੜੇ ਦਾ ਸਾਥ ਦਿੱਤਾ ਹੈ, ਇਹ ਵੀ ਜ਼ਰੂਰੀ ਨਹੀਂ ਉਸ ਧੜੇ ਨੂੰ ਸਿਆਸੀ ਤਾਕਤ ਦੇਣ, ਕਿਸੇ ਹੋਰ ਨਵੇਂ ਧੜੇ ਨੂੰ ਵੀ ਸਿਆਸੀ ਤਾਕਤ ਦੇ ਦੇਣ, ਜਿਵੇਂ 1985 ਵਿੱਚ ਸੁਰਜੀਤ ਸਿੰਘ ਬਰਨਾਲਾ ਪਰਕਾਸ਼ ਸਿੰਘ ਬਾਦਲ ਨੂੰ ਠਿੱਬੀ ਲਾ ਗਿਆ ਸੀ। ਇੱਕ ਵਾਰ ਮਾਨ ਅਕਾਲੀ ਦਲ ਨੂੰ ਨੌਂ ਲੋਕ ਸਭਾ ਦੀਆਂ ਸੀਟਾਂ ਜਿਤਾ ਦਿੱਤੀਆਂ ਸਨ। ਪਿਛਲੀਆਂ ਮਈ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਨੂੰ ਜਿੱਤਾਕੇ ਵੋਟਰਾਂ ਨੇ ਪੰਜਾਬੀਆਂ ਨੂੰ ਹੈਰਾਨ ਕਰ ਦਿੱਤਾ ਸੀ। ਆਮ ਆਦਮੀ ਪਾਰਟੀ 2022 ਦੀਆਂ ਵਿਧਾਨ ਸਭਾ ਵਿੱਚ ਜਿੱਤਾਕੇ ਸਥਾਪਤ ਪਾਰਟੀਆਂ ਗੁੱਠੇ ਲਾ ਦਿੱਤਾ ਸੀ। ਸਿਆਸਤਦਾਨਾ ਨੂੰ ਗੁਮਾਨ ਨਹੀਂ ਕਰਨਾ ਚਾਹੀਦਾ ਅਤੇ ਕਿਸੇ ਭੁਲੇਖੇ ਵਿੱਚ ਵੀ ਨਹੀਂ ਰਹਿਣਾ ਚਾਹੀਦਾ, ਕੋਈ ਵੀ ਚਮਤਕਾਰ ਹੋ ਸਕਦਾ ਹੈ। ਬਦਾਲਾਓ ਲਿਆਉਣਾ ਤੇ ਨਵੇਂ ਪੈਂਤੜੇ ਮਾਰਨੇ ਪੰਜਾਬੀਆਂ ਦੇ ਸੁਭਾਅ ਵਿੱਚ ਹੈ।

ਭਾਰਤੀ ਜਨਤਾ ਪਾਰਟੀ ਵੀ ਪੰਜਾਬ ਵਿੱਚ ਖੰਭ ਖਿਲਾਰ ਰਹੀ ਹੈ, ਜਿਹੜੀ ਹੁਣ ਤੱਕ ਸ਼ਹਿਰਾਂ ਦੀਆਂ 23 ਵਿਧਾਨ ਸਭਾ ਸੀਟਾਂ ਤੱਕ ਸੀਮਤ ਸੀ, ਹੁਣ ਉਹ ਪਿੰਡਾਂ ਵਿੱਚ ਆਪਣੀਆਂ ਯੁਨਿਟਾਂ ਬਣਾਕੇ ਆਪਣੇ ਪੈਰ ਪਸਾਰ ਚੁੱਕੀ ਹੈ। ਇੱਥੋਂ ਤੱਕ ਕਈ ਜ਼ਿਲਿ੍ਆਂ ਦੇ ਪ੍ਰਧਾਨ ਜੱਟ ਸਿੱਖ ਬਣਾਕੇ ਦਿਹਾਤੀ ਵੋਟਾਂ ਨੂੰ ਖ਼ੋਰਾ ਲਾ ਰਹੀ ਹੈ। ਪੰਜਾਬ ਦੇ ਇੱਕ ਨੌਜਵਾਨ ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਦੀ ਚੋਣ ਹਾਰਨ ਤੋਂ ਬਾਅਦ ਕੇਂਦਰ ਵਿੱਚ ਮੰਤਰੀ ਬਣਾਕੇ ਰਾਜਸਥਾਨ ਤੋਂ ਰਾਜ ਸਭਾ ਦਾ ਮੈਂਬਰ ਬਣਾ ਲਿਆ। 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਤਿੰਨ ਲੋਕ ਸਭਾ ਸੀਟਾਂ ਲੁਧਿਆਣਾ, ਗੁਰਦਾਸਪੁਰ ਅਤੇ ਜਲੰਧਰ ਵਿੱਚ ਦੂਜੇ ਨੰਬਰ ਰਹੀ, ਛੇ ਸੀਟਾਂ ਅੰਮ੍ਰਿਤਸਰ, ਆਨੰਦਪੁਰ ਸਾਹਿਬ, ਫ਼ਤਿਹਗੜ੍ਹ ਸਾਹਿਬ, ਫ਼ੀਰੋਜਪੁਰ, ਹੁਸ਼ਿਆਰਪੁਰ ਅਤੇ ਪਟਿਆਲਾ ਵਿੱਚ ਤੀਜੇ ਨੰਬਰ ਤੇ ਰਹੀ। ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚੋਂ ਵੋਟ ਸ਼ੇਅਰ ਵੱਧ ਗਿਆ। ਬਠਿੰਡਾ ਉਮੀਦਵਾਰ ਚੌਥੇ ਨੰਬਰ ਤੇ ਰਿਹਾ। ਭਾਰਤੀ ਜਨਤਾ ਪਾਰਟੀ ਦੀ ਵੋਟ ਪ੍ਰਤੀਸ਼ਤ 18.56 ਫ਼ੀਸਦੀ ਰਹੀ ਜੋ ਪੰਜਾਬ ਦੀ ਸਭ ਤੋਂ ਪੁਰਾਣੀ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਧ ਹੈ। ਹਾਲਾਂ ਕਿ ਉਨ੍ਹਾਂ 1996 ਤੋਂ ਬਾਅਦ ਪਹਿਲੀ ਵਾਰ ਇਕੱਲਿਆਂ ਚੋਣ ਲੜੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ 46 ਉਮੀਦਵਾਰਾਂ ਨੇ 20-20 ਹਜ਼ਾਰ ਵੋਟਾਂ ਲਈਆਂ ਹਨ। ਇਸ ਲਈ ਭਾਰਤੀ ਜਨਤਾ ਪਾਰਟੀ ਬਾਰੇ ਕਾਂਗਰਸ ਨੂੰ ਅਵੇਸਲਾ ਨਹੀਂ ਹੋਣਾ ਚਾਹੀਦਾ, ਉਹ ਵੀ ਦਾਅ ਮਾਰ ਸਕਦੇ ਹਨ। ਲੁਧਿਆਣਾ ਪੱਛਵੀਂ ਵਿਧਾਨ ਸਭਾ ਸੀਟ ਦੀ ਉਪ ਚੋਣ ਕਿਸੇ ਮੌਕੇ ਵੀ ਹੋ ਸਕਦੀ ਹੈ। ਇਹ ਚੋਣ ਆਮ ਆਦਮੀ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਲਈ ਵਕਾਰ ਬਣੀ ਹੋਈ ਹੈ। ਭਾਰਤੀ ਜਨਤਾ ਪਾਰਟੀ ਤੋਂ ਬਿਨਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਕਾਂਗਰਸ ਦਾ ਉਮੀਦਵਾਰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਐਕਟਿੰਗ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਹੈ, ਜਿਹੜਾ ਸਥਾਨਕ ਪ੍ਰਭਾਵਸ਼ਾਲੀ ਨੇਤਾ ਹੈ, ਪ੍ਰੰਤੂ ਉਸਦੇ ਉਮੀਦਵਾਰ ਬਣਦਿਆਂ ਹੀ ਆਪਸੀ ਫੁੱਟ ਦੀਆਂ ਖ਼ਬਰਾਂ ਅਖ਼ਬਾਰਾਂ ਦਾ ਸ਼ਿੰਗਾਰ ਬਣ ਗਈਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਭਰਤ ਭੂਸ਼ਨ ਆਸ਼ੂ ਦੇ ਆਪਸੀ ਮਤਭੇਦਾਂ ਦੀਆਂ ਖ਼ਬਰਾਂ ਲੋਕ ਸਭਾ ਚੋਣਾਂ ਮੌਕੇ ਵੀ ਪੜ੍ਹਨ ਨੂੰ ਮਿਲਦੀਆਂ ਰਹੀਆਂ ਹਨ। ਭਾਰਤ ਭੂਸ਼ਨ ਆਸ਼ੂ ਨੂੰ ਕੇਂਦਰੀ ਕਾਂਗਰਸ ਦੇ ਵੱਡੇ ਨੇਤਾ ਦੀ ਅਸ਼ੀਰਵਾਦ ਪ੍ਰਾਪਤ ਹੈ। ਕਾਂਗਰਸ ਪਾਰਟੀ ਪ੍ਰਧਾਨ ਦੇ ਨਾਲ ਐਕਟਿੰਗ ਪ੍ਰਧਾਨ ਬਣਾਕੇ ਦੋ ਸਿਆਸੀ ਧੁਰੇ ਬਣਾ ਦਿੱਤੇ ਹਨ। ਪ੍ਰਧਾਨ ਅਤੇ ਐਕਟਿੰਗ ਪ੍ਰਧਾਨ ਦਾ ਹਮੇਸ਼ਾ ਹੀ ਸੇਹ ਦਾ ਤੱਕਲਾ ਗੱਡਿਆ ਰਹਿੰਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੌਕੇ ਵੀ ਨਵਜੋਤ ਸਿੰਘ ਸਿੱਧੂ ਨੂੰ ਬਰਾਬਰ ਦੀ ਧਿਰ ਬਣਾਕੇ ਧੜੇਬੰਦੀ ਸਰਬ ਹਿੰਦ ਕਾਂਗਰਸ ਕਮੇਟੀ ਨੇ ਆਪ ਪੈਦਾ ਕੀਤੀ ਸੀ, ਜਿਸ ਕਰਕੇ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਲੁਧਿਆਣਾ ਪੱਛਵੀਂ ਦਾ ਅਜੇ ਚੋਣ ਦੰਗਲ ਸ਼ੁਰੂ ਨਹੀਂ ਹੋਇਆ, ਪਾਰਟੀ ਦੀ ਫੁੱਟ ਦੀਆਂ ਖ਼ਬਰਾਂ ਫਿਰ ਅਖਬਾਰਾਂ ਵਿੱਚ ਲਗਾਤਾਰ ਆ ਰਹੀਆਂ ਹਨ। ਜਦੋਂ ਪ੍ਰਧਾਨ ਤੇ ਐਕਟਿੰਗ ਪ੍ਰਧਾਨ ਦੀ ਫੁੱਟ ਦੀਆਂ ਖ਼ਬਰਾਂ ਲੱਗੀਆਂ ਤਾਂ ਇਸਦੇ ਨਾਲ ਹੀ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਤੁਰੰਤ ਲੁਧਿਆਣਾ ਪਹੁੰਚ ਕੇ ਐਕਟਿੰਗ ਪ੍ਰਧਾਨ ਤੇ ਕਾਂਗਰਸ ਦੇ ਉਮੀਦਵਾਰ ਭਰਤ ਭੂਸ਼ਨ ਆਸ਼ੂ ਲਈ ਲੁਧਿਆਣਾ ਬੈਠਕੇ ਚੋਣ ਲੜਾਉਣ ਦਾ ਐਲਾਨ ਕਰਦੇ ਹਨ। ਇਨ੍ਹਾਂ ਖ਼ਬਰਾਂ ਦਾ ਅਰਥ ਲੋਕ ਸਮਝਦੇ ਹਨ। ਦੂਜੇ ਪਾਸੇ ਕਪੂਰਥਲਾ ਜ਼ਿਲ੍ਹੇ ਦੀ ਸਿਆਸਤ ਦਾ ਦੰਗਲ ਆਪਸੀ ਧੜੇਬੰਦੀ ਕਰਕੇ ਸ਼ੁਰੂ ਹੋ ਚੁੱਕਾ ਹੈ। ਇੱਕੋ ਦਿਨ ਇੱਕੋ ਹਲਕੇ ਵਿੱਚ ਦੋ ਜਲਸੇ ਹੁੰਦੇ ਹਨ। ਇੱਕ ਜਲਸੇ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਮੁੱਖੀ ਅਤੇ ਗੁਰਦਾਸਪੁਰ  ਤੋਂ ਲੋਕ ਸਭਾ ਦੇ ਮੈਂਬਰ ਸੰਬੋਧਨ ਕਰਦੇ ਹਨ, ਜਿਹੜਾ ਕਾਂਗਰਸ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਨੇ ਆਯੋਜਤ ਕੀਤਾ ਸੀ। ਦੂਜਾ ਜਲਸਾ ਕਪੂਰਥਲੇ ਤੋਂ ਕਾਂਗਰਸੀ ਵਿਧਾਨਕਾਰ ਤੇ ਸਾਬਕਾ ਮੰਤਰੀ ਦੇ ਸਪੁੱਤਰ ਆਜ਼ਾਦ ਵਿਧਾਨਕਾਰ ਨੇ ਜਲਸਾ ਕੀਤਾ ਹੈ। ਭੁਲੱਥ ਤੋਂ ਵਿਧਾਨਕਾਰ ਤੇ ਕਪੂਰਥਲੇ ਹਲਕੇ ਦੇ ਵਿਧਾਨਕਾਰ ਦਾ ਛੱਤੀ ਦਾ ਅੰਕੜਾ ਪੰਜਾਬੀਆਂ ਨੂੰ ਪਤਾ ਹੀ ਹੈ। ਗੁਰਦਾਸਪੁਰ ਵਿੱਚ ਕਾਂਗਰਸ ਦੇ ਤਿੰਨ ਧੜੇ ਹਨ। ਇਸੇ ਤਰ੍ਹਾਂ ਰੋਪੜ, ਪਟਿਆਲਾ, ਫਰੀਦਕੋਟ ਦੀ ਪਾਟੋਧਾੜ ਜੱਗ ਜ਼ਾਹਰ ਹੈ। ਜਦੋਂ ਕਿ ਕਾਂਗਰਸੀਆਂ ਨੂੰ ਸੋਚ ਸਮਝਕੇ ਸਹਿੰਦੇ-ਸਹਿੰਦੇ ਕਦਮ ਚੁੱਕਣੇ ਚਾਹੀਦੇ ਹਨ ਪ੍ਰੰਤੂ ਉਹ ਤਾਂ ਇੱਕ ਦੂਜੇ ਨੂੰ ਅਸਿੱਧੇ ਢੰਗ ਨਾਲ ਦੱਬਕੇ ਮਾਰ ਰਹੇ ਹਨ। ਅਜਿਹੇ ਹਾਲਾਤ ਵਿੱਚ ਕਾਂਗਰਸ ਦਾ ਭਵਿਖ ਖ਼ਤਰੇ ਵਿੱਚ ਲੱਗਦਾ ਹੈ। ਜੇਕਰ ਕੇਂਦਰੀ ਕਾਂਗਰਸ ਨੇ ਨੇਤਾਵਾਂ ਦੀ ਧੜੇਬੰਦੀ ਖ਼ਤਮ ਕਰਨ ਲਈ ਕੋਈ ਸਾਰਥਿਕ ਕਦਮ ਨਾ ਚੁੱਕਿਆ ਤਾਂ ਕਾਂਗਰਸ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।

ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਲੜਾਈ ਦੇ ਜ਼ਿੰਮੇਵਾਰ ਸਰਬ ਭਾਰਤੀ ਕਾਂਗਰਸ ਹੈ ਕਿਉਂਕਿ ਉਹ ਇਨ੍ਹਾਂ ਦੀ ਧੜੇਬੰਦੀ ਖ਼ਤਮ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ। ਉਨ੍ਹਾਂ ਦੇ ਕੇਂਦਰੀ ਨੇਤਾ ਇਨ੍ਹਾਂ ਧੜਿਆਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਤਾਂ ਜੋ ਇਹ ਨੇਤਾ ਉਨ੍ਹਾਂ ਦੀ ਖਿਦਮਤ ਵਿੱਚ ਹਾਜ਼ਰੀ ਭਰਦੇ ਰਹਿਣ। ਕਾਂਗਰਸ ਦਾ ਮਾੜਾ ਹਾਲ ਵੀ ਕੇਂਦਰੀ ਕਾਂਗਰਸ ਦੇ ਨੇਤਾਵਾਂ ਦੀਆਂ ਗ਼ਲਤੀਆਂ ਦਾ ਨਤੀਜਾ ਹੈ। ਪੰਜਾਬ ਦੇ ਲੋਕ ਕਾਂਗਰਸ ਦਾ ਸਾਥ ਦੇਣਾ ਚਾਹੁੰਦੇ ਹਨ। ਓਧਰ ਕਾਂਗਰਸ ਹਾਈ ਕਮਾਂਡ ਗਹਿਰੀ ਨਂੀਂਦ ਵਿੱਚ ਸੁੱਤੀ ਪਈ ਹੈ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਹਾਈ ਕਮਾਂਡ ਕਾਂਗਰਸੀਆਂ ਦੀ ਜ਼ੋਰ ਅਜਮਾਈ ਨੂੰ ਵੇਖ ਰਹੀ ਹੈ। ਕਾਂਗਰਸ ਹਾਈ ਕਮਾਂਡ ਪੰਜਾਬ ਦੇ ਕਾਂਗਰਸੀਆਂ ਦੀ ਧੜੇਬੰਦੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ, ਕਿਤੇ ਇਹ ਨਾ ਹੋਵੇ ਕਿ ਦੇਰੀ ਕਰਨ ਨਾਲ ਬਾਜ਼ੀ ਹੀ ਉਨ੍ਹਾਂ ਦੇ ਹੱਥੋਂ ਨਾ ਨਿਕਲ ਜਾਵੇ। ਕਾਂਗਰਸ ਹਾਈ ਕਮਾਂਡ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਸਰਕਾਰੀ ਦਫ਼ਤਰਾਂ ਦੀ ਤਰ੍ਹਾਂ ਕੰਮ ਕਰਦੀ ਹੈ। ਭਾਵ ਫਾਈਲ ਬਹੁਤ ਧੀਮੀ ਸਪੀਡ ਨਾਲ ਚਲਦੀ ਹੈ। ਪੰਜਾਬ ਦੇ ਕਾਂਗਰਸੀ ਇਸ ਕਰਕੇ ਇੱਕ ਦੂਜੇ ਨੂੰ ਦੁੜੰਗੇ ਮਾਰ ਰਹੇ ਹਨ ਕਿਉਂਕਿ ਕਾਂਗਰਸ ਕੰਮਜ਼ੋਰ ਹੋ ਚੁੱਕੀ ਹੈ, ਛੇਤੀ ਕੀਤਿਆਂ ਸਖ਼ਤ ਕਦਮ ਚੁੱਕਣ ਦੀ ਸਮਰੱਥਾ ਵਿੱਚ ਨਹੀਂ ਹੈ। ਇਸ ਕਰਕੇ ਉੁਹ ਆਪੋ ਆਪਣੇ ਘੋੜੇ ਦੁੜਾਉਂਦੇ ਫਿਰਦੇ ਹਨ।

Related posts

ਸ਼ਕਤੀ, ਸ਼ਹਾਦਤ ਅਤੇ ਸਵਾਲ: ਜਲ੍ਹਿਆਂਵਾਲਾ ਬਾਗ ਦੀ ਅੱਜ ਦੀ ਸਾਰਥਕਤਾ !

admin

ਤੇਰੇ ਵਾਂਗੂੰ ਵਿਸਾਖੀ ਨੂੰ ਕਿਸਨੇ ਮਨਾਉਣਾ !

admin

ਵਾਓ, ਝੱਖੜ, ਝੋਲਿਉ, ਘਰ ਆਵੇ ਤਾਂ ਜਾਣ !

admin