ਫ਼ਤਹਿਗੜ੍ਹ ਸਾਹਿਬ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਇਤਿਹਾਸਕ ਗੁਰਦਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ।
ਸ਼ਹੀਦੀ ਸਭਾ ਦੇ ਦਿਨਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ-ਮੰਤਰੀ ਨੇ ਕਿਹਾ ਕਿ, “ਸਮੁੱਚਾ ਪੰਜਾਬ ਇਨ੍ਹਾਂ ਦਿਨਾਂ ਨੂੰ ‘ਸੋਗ ਦੇ ਦਿਨਾਂ’ ਵਜੋਂ ਮਨਾਉਂਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਜ਼ਾਲਮ ਹਾਕਮਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਹੀ ਨੀਂਹ ਵਿੱਚ ਚਿਣਾ ਦਿੱਤਾ ਗਿਆ ਸੀ। ਪੂਰੇ ਵਿਸ਼ਵ ਨੂੰ ਇਸ ਲਾਸਾਨੀ ਅਤੇ ਬੇਮਿਸਾਲ ਕੁਰਬਾਨੀ ‘ਤੇ ਮਾਣ ਹੈ, ਜੋ ਪੰਜਾਬੀਆਂ ਤੇ ਸਾਡੇ ਦੇਸ਼ ਵਾਸੀਆਂ ਲਈ ਹੀ ਨਹੀਂ, ਸਗੋਂ ਦੁਨੀਆ ਭਰ ਵਿਚ ਵਸਦੇ ਹਰੇਕ ਵਿਅਕਤੀ ਲਈ ਅਦੁੱਤੀ ਵਰਤਾਰਾ ਹੈ। ਇਹ ਮਹਾਨ ਕੁਰਬਾਨੀਆਂ ਵਿਸ਼ਵ ਭਰ ਦੇ ਮਨੁੱਖਤਾ ਦੇ ਇਤਿਹਾਸ ਵਿੱਚ ਬੇਮਿਸਾਲ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਬਰ, ਜ਼ੁਲਮ ਅਤੇ ਅਨਿਆਂ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸ ਖਿੱਤੇ ਦੀ ਇਕ-ਇਕ ਇੰਚ ਜ਼ਮੀਨ ਬਹੁਤ ਪਵਿੱਤਰ ਹੈ, ਜਿਸ ਕਾਰਣ ਲੋਕ ਵੱਡੀ ਗਿਣਤੀ ਵਿੱਚ ਇਸ ਪਾਵਨ ਅਸਥਾਨ ‘ਤੇ ਮੱਥਾ ਟੇਕਣ ਲਈ ਆਉਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਵਿੱਤਰ ਧਰਤੀ ਨਾ ਸਿਰਫ਼ ਸਿੱਖਾਂ ਲਈ, ਸਗੋਂ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਹੈ। ਛੋਟੇ ਸਾਹਿਬਜ਼ਾਦਿਆਂ ਵੱਲੋਂ ਜ਼ਮੀਰ ਦੀ ਆਵਾਜ਼ ਅਨੁਸਾਰ ਧਰਮ ਅਪਨਾਉਣ ਦੇ ਮਨੁੱਖੀ ਹੱਕ ਦੀ ਰਾਖੀ ਲਈ ਕੀਤੀ ਗਈ ਲਾਸਾਨੀ ਕੁਰਬਾਨੀ ਮਨੁੱਖੀ ਇਤਿਹਾਸ ਵਿੱਚ ਲਾਮਿਸਾਲ ਘਟਨਾ ਹੈ। ਸਿੱਖ ਇਤਿਹਾਸ ਵਿੱਚ ਇਸ ਕੁਰਬਾਨੀ ਨੂੰ ‘ਨਿੱਕੀਆ ਜਿੰਦਾਂ’ ਦੇ ‘ਵੱਡੇ ਸਾਕੇ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਸਾਕੇ ਨੂੰ ਵਾਪਰਿਆਂ ਭਾਵੇਂ ਤਿੰਨ ਸਦੀਆਂ ਤੋਂ ਵਧੇਰੇ ਅਰਸਾ ਬੀਤ ਗਿਆ ਹੈ, ਪਰ ਸਮੁੱਚੇ ਸਿੱਖ ਜਗਤ ਵੱਲੋਂ ਇਸ ਦੀ ਪੀੜ ਅੱਜ ਵੀ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ।”
ਪੰਜਾਬ ਦੇ ਮੁੱਖ-ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਰਮਾਤਮਾ ਅੱਗੇ ਪੰਜਾਬ ਦੀ ਚੜ੍ਹਦੀ ਕਲਾ, ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਕਦਰਾਂ-ਕੀਮਤਾਂ ਹੋਰ ਮਜ਼ਬੂਤ ਕਰਨ ਦੀ ਅਰਦਾਸ ਕੀਤੀ ਹੈ। ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਅਕਾਲ ਪੁਰਖ ਨੇ ਉਨ੍ਹਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਆ ਹੈ।”
