ਦੋਹੇ
ਰਾਜ ਕਰੇਂਦੇ ਰਾਜਿਆ, ਕਰਦੇ ਗੱਲ ਨਿਸ਼ੰਗ।
ਹੱਕ ਅਸੀਂ ਹਾਂ ਮੰਗਦੇ, ਭੀਖ ਰਹੇ ਨਾ ਮੰਗ।
ਰਾਜ ਕਰੇਂਦੇ ਰਾਜਿਆ, ਤੂੰ ਕਰਦਾ ਹੈਂ ਭੇਖ।
ਨੰਗੇ ਧੜ ਹਾਂ ਜੂਝਦੇ, ਸਿਰੜ ਅਸਾਡਾ ਵੇਖ।
ਰਾਜ ਕਰੇਂਦੇ ਰਾਜਿਆ, ਖ਼ੌਲੇ ਸਾਡੀ ਰੱਤ।
ਧਰਤੀ ਸਾਡਾ ਬਿਸਤਰਾ, ਸਿਰ ‘ਤੇ ਨੀਲੀ ਛੱਤ।
ਰਾਜ ਕਰੇਂਦੇ ਰਾਜਿਆ, ਤੇਰੇ ਮਨ ਵਿਚ ਪਾਪ।
ਧਰਤੀ ਸਾਡੀ ਮਾਤ ਹੈ, ਪਾਣੀ ਸਾਡਾ ਬਾਪ।
ਰਾਜ ਕਰੇਂਦੇ ਰਾਜਿਆ, ਇਹ ਗੱਲ ਚੇਤੇ ਰੱਖ।
ਖੇਤਾਂ ਵੱਲ ਜੋ ਝਾਕਿਆ, ਕੱਢ ਦੇਵਾਂਗੇ ਅੱਖ।
ਰਾਜ ਕਰੇਂਦੇ ਰਾਜਿਆ, ਸੁਣ ਲੈ ਸਿੱਧੀ ਗੱਲ।
ਧਰਤੀ-ਪੁੱਤਰ ਤੁਰਨਗੇ, ਹੁਣ ਸੰਸਦ ਦੇ ਵੱਲ।
ਰਾਜ ਕਰੇਂਦੇ ਰਾਜਿਆ, ਔਖੀ ਨਾ ਕਰ ਜੂਨ।
ਝਬਦੇ ਕਰ ਦੇ ਰੱਦ ਤੂੰ, ਕਾਲ਼ੇ ਤਿੰਨ ਕਾਨੂੰਨ।
ਰਾਜ ਕਰੇਂਦੇ ਰਾਜਿਆ, ਔਖੀ ਨਾ ਕਰ ਜਾਨ।
ਰੋਂਦੇ ਤੇਰੀ ਜਾਨ ਨੂੰ, ਕਿਰਤੀ ਤੇ ਕਿਰਸਾਨ।
ਰਾਜ ਕਰੇਂਦੇ ਰਾਜਿਆ, ਕਿੱਥੇ ਤੇਰੀ ਮੱਤ।
ਲਾ ਕੇ ਪੂਰਾ ਟਿੱਲ ਤੂੰ, ਬੋਲੇਂ ਕੂੜ ਕੁਸੱਤ।
ਰਾਜ ਕਰੇਂਦੇ ਰਾਜਿਆ, ਕਰਦੈਂ ਮਨ ਕੀ ਬਾਤ।
ਕਿਉਂ ਨਾ ਤੈਨੂੰ ਔੜਦੀ, ਕਰਨੀ ਜਨ ਕੀ ਬਾਤ।
ਰਾਜ ਕਰੇਂਦੇ ਰਾਜਿਆ, ਹੱਥ ਅਕਲ ਨੂੰ ਮਾਰ।
ਕਰਨੀ ‘ਮਨ ਕੀ ਬਾਤ’ ਜੇ, ਰੱਖ ਘਰੇ ਤੂੰ ਨਾਰ।
ਰਾਜ ਕਰੇਂਦੇ ਰਾਜਿਆ, ਦੇ ਕੇ ਅਪਣੀ ਜਾਨ।
ਲੋਥਾਂ ਬਣ ਕੇ ਪਰਤਦੇ, ਘਰ ਦੇ ਵੱਲ ਕਿਸਾਨ।
ਰਾਜ ਕਰੇਂਦੇ ਰਾਜਿਆ, ਥੂਹ ਥੂਹ ਕਰਦਾ ਜੱਗ।
ਬੁਝਦੀ ਹਾਲ਼ੇ ਨਾ ਦਿਸੇ, ਸਿਵਿਆਂ ਵਿੱਚੋਂ ਅੱਗ।
ਰਾਜ ਕਰੇਂਦੇ ਰਾਜਿਆ, ਸੁਣ ਸੱਚੀ ਨਾ ਟੱਪ।
ਬਿਨ ਸੋਚੇ ਤੂੰ ਰੇੜ੍ਹਦਾ, ਮਣ ਮਣ ਪੱਕੇ ਗੱਪ।
ਰਾਜ ਕਰੇਂਦੇ ਰਾਜਿਆ, ਝੂਠੀ ਮਨ ਕੀ ਬਾਤ।
ਲੋਕਾਂ ਤੈਨੂੰ ਦੱਸ ‘ਤੀ, ਕੀ ਤੇਰੀ ਔਕਾਤ।
ਰਾਜ ਕਰੇਂਦੇ ਰਾਜਿਆ, ਕਰਦੈਂ ਜਦ ਤਕਰੀਰ।
ਕੀ ਤੇਰਾ ਨਾ ਜਾਗਦਾ, ਸੁੱਤਾ ਘੂਕ ਜ਼ਮੀਰ।
ਰਾਜ ਕਰੇਂਦੇ ਰਾਜਿਆ, ਕੌਣ ਕਰੇ ਪ੍ਰਤੀਤ।
ਜਿਹੜੇ ਜ਼ੁੰਮੇਵਾਰ ਨੇ, ਹੋਏ ਉਹ ਬਦਨੀਤ।
ਰਾਜ ਕਰੇਂਦੇ ਰਾਜਿਆ, ਕੀ ਤੇਰੀ ਸਰਕਾਰ।
ਤੈਥੋਂ ਚੰਗਾ ਵੇਸਵਾ, ਤੋਰ ਲਵੇ ਘਰ ਬਾਰ।
ਰਾਜ ਕਰੇਂਦੇ ਰਾਜਿਆ, ਪੱਤੇ ਨਾ ਤੂੰ ਤੋੜ।
ਰੁੱਖ ਦੇ ਰਾਖੇ ਦੇਣਗੇ, ਤੇਰਾ ਹੱਥ ਮਰੋੜ।
ਰਾਜ ਕਰੇਂਦੇ ਰਾਜਿਆ, ਪਿੰਜਰ ਚੂੰਡੇ ਗਿੱਧ।
ਦੇਸ਼ ਮਿਰੇ ਦੇ ਵਾਸਤੇ, ਹੋਇਐਂ ਢੇਰ ਨਖਿੱਧ।
ਰਾਜ ਕਰੇਂਦੇ ਰਾਜਿਆ, ਸਿੱਧਾ ਨਿੱਗਰ ਤੱਥ।
ਤੇਰੇ ਕੋਲੇ ਫੌਜ ਹੈ, ਸਾਡੇ ਕੋਲੇ ਹੱਥ।
ਰਾਜ ਕਰੇਂਦੇ ਰਾਜਿਆ, ਲੱਗੈਂ ਰੌਲ਼ਾ ਪਾਉਣ।
ਦੱਸ ਦੇ ਇੱਕੋ ਗੱਲ ਤੂੰ, ਦਿਨ ਚੰਗੇ ਕਦ ਆਉਣ।
ਰਾਜ ਕਰੇਂਦੇ ਰਾਜਿਆ, ਲੋਕੀਂ ਪੁੱਛਣ ਯਾਰ।
ਦੱਸ ਤਿਰੇ ਕੀ ਲੱਗਦੇ, ਜੋ ਸਰਮਾਏਦਾਰ।
ਰਾਜ ਕਰੇਂਦੇ ਰਾਜਿਆ, ਚਰਚਾ ਚੱਲੇ ਸੱਥ।
ਬੇੜੀ ਲੰਘੂ ਪਾਰ ਕੀ, ਚੱਪੂ ਬਾਂਦਰ ਹੱਥ।
ਰਾਜ ਕਰੇਂਦੇ ਰਾਜਿਆ, ਤੇਜ਼ ਤਿਰੀ ਤਲਵਾਰ।
ਕਲਮ ਸਦਾ ਕਰ ਸੁੱਟਦੀ, ਖੁੰਢੀ ਇਸ ਦੀ ਧਾਰ।
ਰਾਜ ਕਰੇਂਦੇ ਰਾਜਿਆ, ਮਨ ਵਿਚ ਤੇਰੇ ਖੋਟ।
ਲੋਕੀਂ ਤੈਨੂੰ ਢਾਹੁਣ ਨੂੰ, ਕੱਸੀ ਫਿਰਨ ਲੰਗੋਟ।
ਰਾਜ ਕਰੇਂਦੇ ਰਾਜਿਆ, ਜਿਹੜੇ ਚੇਤਨ ਲੋਕ।
‘ਸੂਫ਼ੀ’ ਟੀਚੇ ਤੀਕ ਜਾ, ਤੋੜ ਵਗ੍ਹਾਉਂਦੇ ਜੋਕ।
(‘ਰਾਜ ਕਰੇਂਦੇ ਰਾਜਿਆ’ ‘ਚੋਂ)
– ਅਮਰ ‘ਸੂਫ਼ੀ’