
ਬੀਤੇ 24 ਮਾਰਚ ਦੀ ਹੀ ਗੱਲ ਹੈ।ਮੈਂ ਸਵੇਰੇ ਗਿਆਰਾਂ ਕੁ ਵਜੇ ਘਰੋਂ ਤਿਆਰ ਹੋ ਕੇ ਮੈਂ ਆਪਣੇ ਗਵਾਂਢ ਪਿੰਡ ਸਜਾਵਲ ਪੁਰ (ਜ਼ਿਲ੍ਹਾ ਨਵਾਂ ਸ਼ਹਿਰ) ਜਾ ਪਹੁੰਚਾ, ਜਿੱਥੇ ਇੰਗਲੈਂਡ ਤੋਂ ਆਪਣੇ ਪਿੰਡ ਆਏ ਹੋਏ ਮੇਰੇ ਦੋਸਤ ਸਰਦਾਰ ਓਂਕਾਰ ਸਿੰਘ ਵਲੋਂ ਰਖਾਏ ਅਖੰਡ ਪਾਠ ਦੇ ਭੋਗ ਉਪਰੰਤ ਢਾਡੀ ਸਿੰਘ ਵਾਰਾਂ ਗਾ ਰਹੇ ਸਨ। ਗੁਰਦੁਆਰਾ ਸਾਹਿਬ ਦੀ ਛੱਤ ਉੱਪਰ ਸਮਾਗਮ ਚੱਲ ਰਿਹਾ ਸੀ ਹੇਠਾਂ ਚਾਹ-ਪਾਣੀ ਦਾ ਇੰਤਜਾਮ।
ਗੇਟ ਵੜਦਿਆਂ ਹੀ ਇਕ ਸੱਜਣ ਨੇ ਮੈਨੂੰ ਪਹਿਲਾਂ ਚਾਹ ਛਕਣ ਲਈ ਕਿਹਾ। ਜਦ ਮੈਂ ਟੇਬਲ ਤੋਂ ਪਲੇਟ ਚੁੱਕਣ ਲੱਗਾ ਤਾਂ ਇਕ ਬੀਬੀ ਮੇਰੇ ਵੱਲ ਦੇਖ ਕੇ ਮਿੰਨ੍ਹਾਂ ਜਿਹਾ ਹੱਸੀ ਤੇ ਪਰੇ ਨੂੰ ਚਲੇ ਗਈ! ਮੈਂ ਸੋਚਾਂ ਕਿ ਜਿਸ ਦੋਸਤ ਦਾ ਇਹ ਸਮਾਗਮ ਹੈ, ਇਹ ਬੀਬੀ ਉਹਦੀ ਘਰ ਵਾਲ਼ੀ ਤਾਂ ਹੈ ਨਹੀਂ, ਕਿਉਂ ਕਿ ਅਸੀਂ ਇਕ ਦੂਜੇ ਦੇ ਪ੍ਰਵਾਰਾਂ ਤੋਂ ਵਾਕਫ ਹਾਂ। ਫਿਰ ਇਹ ਬੀਬਾ ਜੀ ਕੌਣ ਹੋਣਗੇ ਤੇ ਮੇਰੇ ਵੱਲ੍ਹ ਨਜ਼ਰ ਜਿਹੀ ਮਾਰ ਕੇ ਹੱਸੇ ਕਿਉਂ ਹੋਣਗੇ ?
ਇਵੇਂ ਹੀ ਇਕ ਵਾਰ ਫਿਰ ਉਸਨੇ ਮੇਰੇ ਵੱਲ੍ਹ ਆਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਸ਼ੱਕੀ ਜਿਹੀਆਂ ਨਜ਼ਰਾਂ ਮਾਰ ਕੇ ਪਿੱਛੇ ਨੂੰ ਪਰਤ ਗਈ …।
ਉਲਝਣ ਜਿਹੀ ‘ਚ ਪਿਆ ਹੋਇਆ ਪਲੇਟ ‘ਚ ਪਕੌੜੇ ਰੱਖ ਕੇ ਜਦ ਮੈਂ ਚਾਹ ਦਾ ਕੱਪ ਭਰ ਰਿਹਾ ਸਾਂ ਤਾਂ ਉਸੇ ਬੀਬੀ ਨੇ ਪਿੱਛਿਉਂ ਆ ਕੇ ਮੇਰੀ ਕੂਹਣੀ ‘ਤੇ ਪੋਲਾ ਜਿਹਾ ਹੱਥ ਮਾਰਿਆ।
‘ਸਤਿ ਸ੍ਰੀ ਅਕਾਲ ਭੈਣ ਜੀ’! ਮੇਰੀ ਬੁਲਾਈ ਫਤਹਿ ਨੂੰ ਅਣਗੌਲ਼ਿਆ ਜਿਹਾ ਕਰਕੇ ਉਹ ਬੀਬੀ ਕਹਿੰਦੀ-
‘ਭਾਅ ਜੀ ਮਾਈਂਡ ਨਾ ਕਰਿਉ … ਆਪਣੀ ਕਮੀਜ਼ ਦੇ ਬਟਨ ਠੀਕ ਕਰੋ !’
ਸ਼ਰਮਿੰਦਾ ਹੁੰਦਿਆਂ ਮੈਂ ਫਟਾ-ਫਟ ਇਕ ਖੂੰਜੇ ਜਿਹੇ ‘ਚ ਜਾ ਕੇ ਆਪਣੀ ਪੈਂਟ ਦੀ ਜ਼ਿੱਪ ਦੇਖੀ ! ਇਹ ਸੋਚਦਿਆਂ ਕਿ ਉਸ ਬੀਬੀ ਨੇ ‘ਲੇਡੀ’ ਹੋਣ ਨਾਤੇ ਮੈਨੂੰ ਜ਼ਿੱਪ ਦੀ ਜਗਾਹ ‘ਸੱਭਿਅਕ ਇਸ਼ਾਰੇ’ ਨਾਲ ‘ਬਟਨ ਠੀਕ’ ਕਰਨ ਲਈ ਕਿਹਾ ਹੋਣਾ ਐਂ।
ਪਰ ਜ਼ਿੱਪ ਠੀਕ-ਠਾਕ ਦੇਖ ਕੇ ਜਦ ਮੈਂ ਆਪਣੀ ਕਮੀਜ਼ ਦੇ ਬਟਨਾਂ ਵੱਲ ਧਿਆਨ ਮਾਰਿਆ ਤਾਂ ਮੈਂ ਕਾਲਰ ਹੇਠਲਾ ਪਹਿਲਾ ਇਕ ‘ਕਾਜ਼’ ਛੱਡ ਕੇ ਬਟਨ ਉਸਤੋਂ ਹੇਠਲੇ ਦੂਜੇ ਕਾਜ਼ ਨੂੰ ਲਾਇਆ ਹੋਇਆ ਸੀ।
ਇੰਜ ਕਮੀਜ਼ ਦਾ ਬਟਨਾਂ ਵਾਲਾ ਇੱਕ ਪੱਲਾ, ਦੂਜੇ ਪੱਲੇ ਨਾਲੋਂ ਚੱਪਾ ਭਰ ਹੇਠਾਂ ਨੂੰ ਜੁਦਾ ਹੀ ਲਮਕ ਰਿਹਾ ਸੀ।
ਉਸ ਵੇਲੇ ਮੈਂ ਏਨਾ ਭੌਂਚਲ਼ਿਆ ਕਿ ਉਸ ਅਣਪਛਾਤੀ ਬੀਬੀ ਦਾ ਧੰਨਵਾਦ ਕਰੇ ਬਗੈਰ, ਲਾਗਲੇ ਕਮਰੇ ‘ਚ ਵੜਕੇ ਕਮੀਜ ਦੇ ਸਾਰੇ ਬਟਨ ਖੋਲ੍ਹ ਕੇ ਲਾਏ।ਫੇਰ ਉੱਤੇ ਸਮਾਗਮ ਵਿਚ ਗਿਆ। ਸਟੇਜ ‘ਤੇ ਬੋਲਦਿਆਂ ਵੀ ਮੈਂ ਇਹ ਚੇਤੇ ਕਰਕੇ ‘ਥੋੜ੍ਹਾ ਉੱਖੜਿਆ’ ਜਿਹਾ ਰਿਹਾ ਕਿ ਸੰਗਤ ਵਿਚ ਬੈਠੀ ਉਹ ਬੀਬੀ ਮਨ ਵਿਚ ਜਰੂਰ ਹੱਸਦੀ ਹੋਵੇਗੀ।
ਸਮਾਪਤੀ ਉਪਰੰਤ ਘਰੇ ਵਾਪਸ ਮੁੜਦਿਆਂ ਮੈਨੂੰ ਅਮਰੀਕਾ ਬੈਠੀ ਆਪਣੀ ਘਰ ਵਾਲ਼ੀ ਦੀ ਬੜੀ ਯਾਦ ਆਈ, ਜੋ ਘਰੋਂ ਤੁਰਨ ਵੇਲੇ ਅਕਸਰ ਮੇਰੀ ਪੱਗ ਦੇ ਕੋਈ ਢਿੱਲੇ ਲੜ ਜਾਂ ਮੇਰੇ ਪਹਿਰਾਵੇ ਵਿਚ ਕੋਈ ਹੋਰ ਦਿਸਦੀ ਊਣਤਾਈ ਝੱਟ ਦਰੁਸਤ ਕਰਵਾਉਂਦੀ ਹੁੰਦੀ ਹੈ।