
ਗੀਤਕਾਰੀ ਅਤੇ ਗਾਇਕੀ ਦਾ ਬਾਦਸ਼ਾਹ ਦੀਦਾਰ ਸੰਧੂ ਪਤਾ ਨਹੀ ਕਿਥੋਂ ਲਿਆ ਲਿਆ ਕੇ ਸ਼ਬਦ ਆਪਣੀ ਗੀਤਕਾਰੀ ਵਿਚ ਪਰੋ ਦਿੰਦਾ ਸੀ ਫਿਰ ਆਪ ਹੀ ਗੀਤਾਂ ਨੂੰ ਗਾਅ ਕੇ ਚਾਰ ਚੰਨ ਲਾ ਦਿੰਦਾ ਸੀ। ਬਸ ਇਹ ਹੀ ਉਸ ਦੀ ਕਮਾਲ ਦੀ ਗੱਲ ਸੀ।
ਇਸ ਮਹਾਨ ਗੀਤਕਾਰ ਅਤੇ ਗਾਇਕ ਦਾ ਜਨਮ 3 ਜੁਲਾਈ 1942 ਨੂੰ ਅਣਵੰਡੇ ਪੰਜਾਬ ਦੇ ਸਰਗੋਧਾ ਜਿਲ੍ਹੇ ਦੇ ਚੱਕ ਨੰਬਰ 133 ਵਿਚ ਹੋਇਆ। ਦੀਦਾਰ ਸੰਧੂ ਦੇ ਪਿਤਾ ਦਾ ਨਾਮ ਸਮੁੰਦ ਸਿੰਘ ਅਤੇ ਮਾਤਾ ਦਾ ਨਾਮ ਦਾਨ ਕੌਰ ਸੀ।
ਦੋਹਾਂ ਦੇਸ਼ਾ ਦੀ ਵੰਡ ਵੇਲੇ ਇਹ ਪ੍ਰੀਵਾਰ ਚੜ੍ਹਦੇ ਪੰਜਾਬ ਵਿਚ ਪਿੰਡ ਬੋਤਲ ਵਾਲਾ ਤਹਿਸੀਲ ਜਗਰਾਂਓੁ ਜਿਲ੍ਹਾ ਲੁਧਿਆਣਾ ਵਿਖੇ ਆ ਗਿਆ ਪਰ ਕੁੱਝ ਸਮੇਂ ਬਾਅਦ ਪਿੰਡ ਭਰੋਵਾਲ ਖੁਰਦ ਵਿਖੇ ਜਮੀਨ ਅਲਾਟ ਹੋਣ ਕਰਕੇ ਪੱਕੇ ਤੌਰ ਤੇ ਇਥੇ ਰਹਿਣ ਲੱਗ ਪਿਆ। ਇਸ ਨੇ ਸਤਵੀਂ ਤੱਕ ਦੀ ਪੜ੍ਹਾਈ ਜਗਰਾਓੁਂ ਸਕੂਲ ਅਤੇ ਦਸਵੀਂ ਤੱਕ ਦੀ ਪੜ੍ਹਾਈ ਬਰਸਾਲ ਹਾਈ ਸਕੂਲ ਤੋਂ ਪਾਸ ਕੀਤੀ।
ਦੀਦਾਰ ਸੰਧੂੂੂ ਦਾ ਵਿਆਹ 1966 ਵਿਚ ਜਗਰਾਓੁਂ ਨੇੜੇ ਪਿੰਡ ਗਾਲਿਬ ਦੀ ਅਮਰਜੀਤ ਕੌਰ ਨਾਲ ਹੋਇਆ ਜੋ ਬਹੁਤ ਹੀ ਵਧੀਆ ਸੁਭਾਹ ਦੇ ਹਨ ਘਰ ਦੀ ਜ਼ਿਮੇਵਾਰੀ ਇਹਨਾਂ ਨੇ ਸੰਭਾਲੀ ਅਤੇ ਦੀਦਾਰ ਸੰਧੂ ਨੂੰ ਕੁਦਰਤ ਵਲੋਂ ਮਿਲੀ ਗੀਤਕਾਰੀ ਅਤੇ ਗਾਇਕੀ ਦੀ ਕਲਾ ਨੂੰ ਸਰੋਤਿਆਂ ਸਾਹਮਣੇ ਰੱਖਣ ਲਈ ਵਿਹਲਾ ਕਰ ਦਿੱਤਾ।
ਦੀਦਾਰ ਸੰਧੂ ਹੋਰੀ ਪੰਜ ਭਰਾ ਸਨ ਇਹ ਸਭ ਤੋਂ ਛੋਟਾ ਸੀ। ਇਸ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਬੇਟਾ ਜਗਮੋਹਣ ਸੰਧੂ ਬੇਟੀ ਦੀਪਾਂ ਸੰਧੂ ਬੇਟਾ ਜਗਮੋਹਣ ਸੰਧੂ ਵਧੀਆ ਗਾਇਕ ਹੈ ਦੀਦਾਰ ਸੰਧੂ ਦੀ ਗਾਇਕੀ ਨੂੰ ਅੱਗੇ ਤੋਰ ਰਿਹਾ ਹੈ।
ਦੀਦਾਰ ਸੰਧੂ ਨੇ ਦਸਵੀਂ ਜਮਾਤ ਪਾਸ ਕਰਨ ਮਗਰੋਂ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਕਰ ਲਈ।ਉਥੇ ਹੀ ਮਹੁੰਮਦ ਸਦੀਕ ਨੌਕਰੀ ਕਰਦਾ ਸੀ ਦੀਦਾਰ ਸੰਧੂ ਉਸ ਦੇ ਸੰਪਰਕ ਵਿਚ ਆ ਕੇ ਉਸ ਨੂੰ 1962 ਵਿਚ ਮਿਲਿਆ। ਦੀਦਾਰ ਸੰਧੂ ਨੇ ਆਪਣੇ ਲਿਖੇ ਗੀਤ ਮਹੁੰਮਦ ਸਦੀਕ ਨੂੰ ਦਿਖਾਏ। ਉਹ ਦੇਖ ਕੇ ਦੰਗ ਰਹਿ ਗਿਆ ਅੱਲੜ੍ਹ ਜਿਹੇ ਮੁੰਡੇ ਨੇ ਇਤਨੇ ਵਧੀਆ ਗੀਤ ਲਿਖੇ ਹਨ।ਉਹ ਗੀਤ ਹਨ ‘ਇਕ ਤੇਰਾ ਰੰਗ ਮੁਸ਼ਕੀ ਦੂਜਾ ਚਰਖਾ ਗਲੀ ਦੇ ਵਿਚ ਡਾਹਿਆ ‘ (ਸੋਲ੍ਹੋ) ਦੂਸਰਾ ਗੀਤ ‘ਜਿਹੀ ਤੇਰੀ ਗੁਤ ਦੇਖਲੀ ਜਿਹਾ ਦੇਖਿਆ ਜਰਗ ਦਾ ਮੇਲਾ ‘ (ਸੋਲ੍ਹੋ) ਤੀਸਰਾ ਗੀਤ ‘ਗੋਰੇ ਰੰਗ ਤੇ ਬਾਸਕਟ ਕਾਲੀ ਵੇਖ ਜੱਟਾ ਤੈਨੂੰ ਬੜੀ ਸਜਦੀ ‘ (ਦੋਗਾਣਾ ਗੀਤ ਮਹੁੰਮਦ ਸਦੀਕ ਅਤੇ ਸਵਰਨ ਲਤਾ ਦੀ ਆਵਾਜ਼ ਵਿਚ) ਇਹ ਤਿੰਨੇ ਗੀਤ 1965-66 ਵਿਚ ਰਿਕਾਰਡ ਹੋਏ। ਇਹ ਗੀਤ ਇਤਨੇ ਚੱਲੇ ਇਹਨਾਂ ਨੇ ਦੀਦਾਰ ਸੰਧੂ ਦੀ ਗੀਤਕਾਰੀ ਵਿਚ ਵਧੀਆ ਪਛਾਣ ਬਣਾ ਦਿੱਤੀ ਮਹੁੰਮਦ ਸਦੀਕ ਨੇ ਵੀ ਗਾ ਕੇ ਆਪਣਾ ਗਾਇਕੀ ਵਿਚ ਕੱਦ ਹੋਰ ਉਚਾ ਕਰ ਲਿਆ।
ਦੀਦਾਰ ਸੰਧੂ ਨੂੰ ਮੈਂ ਬਹੁਤ ਨੇੜੇ ਹੋ ਕੇ ਦੇਖਿਆ ਅਤੇ ਵਿਚਾਰਿਆ ਸੀ। ਦੀਦਾਰ ਸੰਧੂ ਨੇ ਹਰ ਰੋਜ ਸਾਡੇ ਪਿੰਡ ਮੁੱਲਾਂਪੁਰ ਵਿਚ ਦੀ ਲੰਘ ਕੇ ਜਦ ਭਰੋਵਾਲ ਜਾਣਾ ਸਾਡੇ ਪਿੰਡ ਦੇ ਕੁੰਦਣ ਦੇ ਸੜਕ ਤੇ ਬਣੇ ਚੁਬਾਰੇ ਵਿਚ ਬੈਠ ਕੇ ਜਾਣਾ ਅਜਿਹਾ ਕਰਕੇ ਦੀਦਾਰ ਨਾਲ ਮੇਰੀ ਨੇੜਤਾ ਵੱਧ ਗਈ। ਉਹ ਪਿੰਡ ਮੁੱਲਾਂਪੁਰ ਨੂੰ ਆਪਣਾ ਪਿੰਡ ਹੀ ਮੰਨਦਾ ਸੀ। ਸਲਾਨਾ ਟੂਰਨਾਂਮੈਂਟ ਤੇ ਅਖੀਰਲੇ ਦਿਨ ਕਬੱਡੀ ਖਿਡਾਰੀਆਂ ਨੂੰ ਪੈਸੇ ਦੇ ਕੇ ਹੌਂਸਲਾ ਅਫ਼ਜਾਈ ਕਰਨੀ ਇਨਾਮ ਵੰਡਣ ਤੋਂ ਬਾਅਦ ਅਖਾੜਾ ਜਮਾਅ ਦੇਣਾ ਇਹ ਉਸ ਵਿਚ ਬਹੁਤ ਵੱਡਾ ਗੁਣ ਸੀ।
ਦੀਦਾਰ ਸੰਧੂ ਨੇ ਜਦੋ ਗਾਇਕੀ ਦੇ ਖੇਤਰ ਵਿਚ ਪੈਰ ਪਾਇਆ ਤਾਂ ਸਭ ਤੋਂ ਪਹਿਲਾ ਗੀਤ ਨਰਿੰਦਰ ਬੀਬਾ ਨਾਲ ਰਿਕਾਰਡ ਕਰਵਾਇਆ।
ਜੱਟ ਬੜਾ ਬੇਦਰਦੀ ਮੈਂ ਕਿੱਥੇਂ ਜਾਵਾਂ ….
ਫਿਰ ਦੀਦਾਰ ਸੰਧੂ ਦੀ ਜੋੜੀ ਸਨੇਹ ਲਤਾ ਨਾਲ ਬਣ ਗਈ ਜੋ ਬਹੁਤ ਮਕਬੂਲ ਹੋਈ। 1975 ਵਿਚ ਦੀਦਾਰ ਸੰਧੂ ਦਾ ਸਨੇਹ ਲਤਾ ਨਾਲ ਇਕ ਛੇ ਗੀਤਾਂ ਦਾ ਤਵਾ ਆਇਆ ਜਿਸ ਨੇ ਦੀਦਾਰ ਦੀ ਗੀਤਕਾਰੀ ਅਤੇ ਗਾਇਕੀ ਦਾ ਲੋਹਾ ਮੰਨਣ ਲਈ ਸਰੋਤਿਆਂ ਨੂੰ ਮਜਬੂਰ ਕਰ ਦਿੱਤਾ।
ਉਸ ਤਵੇ ਦੇ ਗੀਤ ਹਨ ‘ਜੋੜੀ ਜਦੋ ਚੁਬਾਰੇ ਚੜ੍ਹਦੀ, ਬਣ ਕੇ ਪ੍ਰਹਾਉਣਾ ਆ ਵੇ,ਮੁੰਡਾ ਪੀ ਕੇ ਵਲੈਤੀ ਦਾਰੂ, ਲੈ ਚੱਲ ਮੁੰਡਿਆ ਵੇ ਨਾਲ, ਜੇ ਬਣ ਜੇ ਵਿਚੋਲਣ ਮੇਰੀ, ਹਾਲ ਓੁ ਰੱਬਾ ਗੀਤ ਤਾ ਸਾਰੇ ਹੀ ਵਧੀਆ ਸਨ ਪਰ ‘ਜੋੜੀ ਜਦੋ ਚੁਬਾਰੇ ਚੜ੍ਹਦੀ ‘ ਗੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ।
ਦੀਦਾਰ ਸੰਧੂ ਦੇ ਮੁਕਤਸਰ,ਬਠਿੰਡਾ ਤੋਂ ਲੈ ਕੇ ਗੰਗਾਨਗਰ ਤੱਕ ਬਹੁਤ ਜਿਆਦਾ ਆਖਾੜੇ ਲਗਦੇ ਸਨ। ਰਸਤੇ ਵਿਚ ਕੋਟਕਪੂਰੇ ਦਾ ਰੇਲਵੇ ਫਾਟਕ ਪੈਂਦਾ ਸੀ। ਜੋ ਬਹੁਤਾ ਸਮਾ ਬੰਦ ਰਹਿੰਦਾ ਸੀ ਘਰ ਤੋਂ ਉਧਰ ਅਖਾੜਾ ਲਾਉਣ ਜਾਣ ਵਾਸਤੇ ਫਾਟਕ ਬੰਦ ਰਹਿਣ ਦਾ ਸਮਾਂ ਲੈ ਕੇ ਚਲਣਾ ਪੈਂਦਾ ਸੀ ਇਸ ਕਰਕੇ ਦੀਦਾਰ ਸੰਧੂ ਨੂੰ ਉਥੇ ਖੜ੍ਹ ਕੇ ਗੀਤ ਲਿਖਣਾ ਪਿਆ ‘ਹੁਣ ਬੰਦ ਪਿਆ ਦਰਵਾਜਾ ਜਿਉਂ ਫਾਟਕ ਕੋਟਕਪੂਰੇ ਦਾ ‘
1979 ਨੂੰ ਮੁੱਲਾਂਪੁਰ (ਦਾਖਾ)ਮੰਡੀ ਦੀ ਦੁਸਹਿਰਾ ਕਮੇਟੀ ਵਿਚ ਦੀਦਾਰ ਸੰਧੂ ਵੀ ਕਮੇਟੀ ਮੈਂਬਰ ਸੀ ਕਮੇਟੀ ਨੇ ਰਾਮਲੀਲਾ ਨਾ ਲਗਾਉਣ ਦਾ ਫੈ਼ਸਲਾ ਕਰਕੇ ਉਤਨੇ ਦਿਨ ਦੀਦਾਰ ਸੰਧੂ ਦੀ ਰਾਤ ਨੂੰ ਅਖਾੜੇ ਲਗਾਉਣ ਦੀ ਡਿਊਟੀ ਲਗਾ ਦਿੱਤੀ ਉਸ ਟਾਇਮ ਦੀਦਾਰ
ਸੰਧੂ ਨਾਲ ਪਰਮਿੰਦਰ ਸੰਧੂ ਗਾਉਂਦੀ ਸੀ।

ਦੀਦਾਰ ਸੰਧੂ ਨੇ ਦਿਨ ਵੇਲੇ ਗੰਗਾਨਗਰ ਵੱਲ ਅਖਾੜਾ ਲਾ ਕੇ ਆਉਣਾ ਰਾਤ ਨੂੰ ਮੁੱਲਾਂਪੁਰ (ਦਾਖਾ) ਮੰਡੀ ਦੀ ਰਾਮਲੀਲਾ ਗਰਾਉਂਡ ਵਿਚ ਪਿੰਡਾ ਤੋਂ ਚੱਲ ਕੇ ਆਏ ਬੇਹਿਸਾਬ ਲੋਕਾਂ ਦੇ ਇਕੱਠ ਦਾ ਮੰਨੋਰੰਜਨ ਕਰਨਾ।
ਦੀਦਾਰ ਸੰਧੂ ਕਲਾ ਦਾ ਭਰਿਆ ਹੋਇਆ ਇਕ ਖਜਾਨਾਂ ਸੀ। ਉਹ ਇਕ ਲਾਈਨ ਵਿਚ ਖੁਸ਼ੀ ਗਮੀ ਦੋਵੇਂ ਇਕੱਠੀਆ ਕਰ ਦਿੰਦਾ ਸੀ। ਜਿਸ ਤਰਾਂ ਉਸ ਦਾ ਇਕ ਗੀਤ ‘ਲੈ ਚੱਲ ਮੁੰਡਿਆ ਵੇ ਨਾਲ ‘ ਗੀਤ ਵਿਚ ਇਕ ਅੰਤਰਾ ਆਉਂਦਾ ਹੈ…
ਨਿੱਕੀ ਨਿੱਕੀ ਬੱਦਲਾ ਦੀ ਭੂਰ ਵਿਚ ਦੀ….
ਰੱਬ ਦੇ ਨਜਾਰਿਆਂ ਦੇ ਨੂਰ ਵਿੱਚ ਦੀ
ਪਹਿਲੀ ਗੱਡੀ ਚੜ੍ਹ ਜਾਣ ਵਾਸਤੇ ਦੀਦਾਰ ਜਾਊ ਰੁੱਸੇ ਪ੍ਰਹਾਉਣਿਆਂ ਵਾਲੀ ਚਾਲ।
ਇਸ ਗੀਤ ਵਿਚ ਰੁੱਸੇ ਹੋਏ ਪ੍ਰਹਾਉਣਿਆਂ ਵਾਲੀ ਗੱਲ ਕਰਦਾ ਕਹਿੰਦਾ ਕੇ ਪ੍ਰਹਾਉਣਾ ਕਿਸ ਤਰਾਂ ਰੁਸ ਕੇ ਭੱਜਦਾ ਹੈ। ਦੂਸਰੇ ਪਾਸੇ ਇਸ ਉਦਾਰਣ ਨੂੰ ਖੁਸ਼ੀ ਦੀ ਥਾਂ ਤੇ ਵਰਤ ਲੈਂਦਾ ਹੈ ਕੇ ਮੈਂ ਤੈਨੂੰ ਲੈਣ ਵਾਸਤੇ ਪਹਿਲੀ ਗੱਡੀ ਚੜ੍ਹ ਕੇ ਰੁੱਸੇ ਹੋਏ ਪ੍ਰਹਾਉਣੇ ਦੀ ਚਾਲ ਆਵਾਂਗਾ।
ਹਰਜਾਪ ਟਿਵਾਣਾ ਵੀ ਦੀਦਾਰ ਸੰਧੂ ਦਾ ਬਹੁਤ ਵਧੀਆ ਮਿੱਤਰ ਅਤੇ ਗੀਤਕਾਰ ਹੋਇਆ ਹੈ।ਇਕ ਦਿਨ ਮੇਰੇ ਮਨ ਵਿਚ ਖਿਆਲ ਆਇਆ ਉਸ ਨੂੰ ਮਿਲਿਆ ਜਾਵੇ ਮੈਂ ਉਸ ਨੂੰ ਮਿਲਣ ਵਾਸਤੇ ਨਾਭੇ ਕੋਲ ਜਿੰਦਲਪੁਰ ਪਿੰਡ ਚਲਿਆ ਗਿਆ। ਉਸ ਨੇ ਦੱਸਿਆ ਦੀਦਾਰ ਸੰਧੂ ਕਿਹਾ ਕਰਦਾ ਸੀ ਗੀਤ ਦੀਆਂ ਲਾਈਨਾਂ ਛੋਟੀਆਂ ਹੋਣ ਅਰਥ ਜਿਆਦਾ ਨਿਕਲਦੇ ਹੋਣੇ ਚਾਹੀਦੇ ਹਨ ਜਿਸ ਤਰਾਂ ਹਰਜਾਪ ਟਿਵਾਣੇ ਦਾ ਲਿਖਿਆ ਗੀਤ..
ਥੋਡੇ ਪਿੰਡ ਕਿਹੋ ਜਿਹੀਆਂ ਬੁੜੀਆਂ..
ਜੰਮਣ ਮੁੰਡੇ ਛੱਡ ਕੇ ਕੁੜੀਆਂ..
ਦੀਦਾਰ ਸੰਧੂ ਨੇ ਹਰਜਾਪ ਟਿਵਾਣੇ ਦੇ ਲਿਖੇ ਪੰਜ ਗੀਤ ਗਾਏ।ਹਰਜਾਪ ਟਿਵਾਣੇ ਦੇ ਲਿਖੇ ਅਤੇ ਦੀਦਾਰ ਸੰਧੂ ਦੇ ਗਾਏ ਗੀਤ… ਹਾਰੀ ਮੈਂ ਕਹਿ ਕਹਿ ਹਾਰੀ…
ਵਿਚ ਇਕ ਅੰਤਰਾ ਆਉਂਦਾ ਹੈ
ਮਰ ਗਿਆ ਉਹ ਕੁੜਮ ਕਬੀਲਾ ਜੀਨੇ ਤੇਰੇ ਅਨੰਦ ਭੜਾਏ…
ਤੇਰੀ ਹਰ ਗੱਲ ਟਪਾਉਂਦੇ
ਮਰ ਗਏ ਤੇਰੇ ਚਾਚੇ ਤਾਏ…
ਕੱਢਿਆ ਨਿਚੋੜ ਮੇਰੇ ਵੱਡੇ ਵੀਰ ਨੇ
ਤੁਰੀ ਜਦੋਂ ਗੱਡੀ ਖੱੜੇ ਪਾਉਣ ਕੀਰਨੇ..
ਇਸ ਗੀਤ ਵਿਚ ਹਰਜਾਪ ਟਿਵਾਣਾ ਦੱਸਦਾ ਹੈ ਵਿਆਹ ਵੇਲੇ ਮਾਪੇ ਜਦੋ ਲੜਕੀ ਨੂੰ ਵਿਦਾ ਕਰਦੇ ਹਨ ਉਸ ਵੇਲੇ ਲੜਕੇ ਦਾ ਵੱਡਾ ਭਰਾ ਬਿਲਕੁਲ ਵਿਹਲਾ ਖੜ੍ਹਾ ਵੇਖ ਰਿਹਾ ਹੁੰਦਾ ਹੈ ਕੇ ਆਲੇ ਦੁਵਾਲੇ ਕੀ ਵਾਪਰ ਰਿਹਾ ਹੈ। ਇਕ ਵਿਆਕਤੀ ਆਪਣੀ ਪਤਨੀ ਨੂੰ ਕਹਿੰਦਾ ਹੈ ਮੇਰਾ ਵੱਡਾ ਭਰਾ ਤੈਨੂੰ ਵਿਦਾ ਹੁੰਦੀ ਨੂੰ ਵੇਖ ਰਿਹਾ ਸੀ ਤੇਰੇ ਮਾਂ ਪਿਓੁ ਉੱਚੀ ਉੱਚੀ ਰੋ ਰੋ ਕੀਰਨੇ ਪਾ ਰਹੇ ਸਨ ਇਥੇ ਆ ਕੇ ਵੀ ਤੇਰੀ ਹਰ ਗੱਲ ਟਪਾਉਂਦੇ ਰਹੇ ਹਨ। ਇਹ ਸਾਰੀਆ ਗੱਲਾ ਦਾ ਨਿਚੋੜ ਮੇਰੇ ਵੱਡੇ ਵੀਰ ਨੇ ਕੱਢਿਆ ਹੈ।
ਦੀਦਾਰ ਸੰਧੂ ਦੀ ਗੀਤਕਾਰੀ ਕਮਾਲ ਦੀ ਸੀ ਉਸ ਦਾ ਪਤਾ ਨਹੀ ਲਗਦਾ ਸੀ ਕਿਹੜੇ ਵੇਲੇ ਗੀਤ ਰਚ ਦਿੰਦਾ ਸੀ। ਇਕ ਵਾਰ ਦੀਦਾਰ ਸੰਧੂ ਦਿੱਲੀ ਹਿਜ ਮਾਸਟਰ ਵਾਇਸ ਕੰਪਨੀ ਵਿਚ ਰਿਕਾਡਿੰਗ ਕਰਵਾਉਣ ਗਿਆ।ਇਹ ਰਿਕਾਡਿੰਗ ਸੁਰਿੰਦਰ ਕੌਰ ਨਾਲ ਕਰਵਾਉਣੀ ਸੀ। ਸੁਰਿੰਦਰ ਕੌਰ ਉਸ ਟਾਇਮ ਦਿੱਲੀ ਵਿਚ ਰਹਿ ਰਹੀ ਸੀ। ਦੀਦਾਰ ਸੰਧੂ ਚਾਰ ਗੀਤਾਂ ਦੀ ਤਿਆਰੀ ਕਰ ਕੇ ਗਿਆ ਸੀ। ਕੰਪਨੀ ਵਾਲੇ ਕਹਿੰਦੇ ਤੇਰੇ ਛੇ ਗੀਤਾਂ ਦੀ ਰਿਕਾਡਿੰਗ ਕਰਨੀ ਹੈ। ਇਸ ਤਰਾਂ ਦੋ ਗੀਤਾਂ ਦੀ ਹੋਰ ਲੋੜ ਸੀ। ਦੀਦਾਰ ਸੰਧੂ ਨੂੰ ਰਿਕਾਡਿੰਗ ਕਰਵਾਉਣ ਖ਼ਾਤਰ ਦੋ ਤਿੰਨ ਦਿਨ ਉਥੇ ਠਹਿਰਨਾ ਪਿਆ।
ਸ਼ਾਮ ਵੇਲੇ ਦੀਦਾਰ ਸੰਧੂ,ਟੈਕਸੀ ਵਾਲਾ ਗੁਰਨਾਮ ਸਿੰਘ ਸੇਖੂਪੁਰਾ,ਸਟੇਜ ਸੈਕਟਰੀ ਮਨਚਲੇ ਨਾਲ ਇਕ ਦੋ ਹੋਰ ਪਾਰਟੀ ਦੇ ਮੈਂਬਰ ਬਜ਼ਾਰ ਨੂੰ ਘੁੰਮਣ ਚਲੇ ਗਏ। ਸੜਕ ਤੇ ਇਕ ਵਿਆਕਤੀ ਸੁਰਮੇਦਾਨੀਆਂ ਦੀ ਰੇਹੜੀ ਭਰੀ ਸੁਰਮੇਦਾਨੀਆਂ ਵੇਚ ਰਿਹਾ ਸੀ। ਪਾਰਟੀ ਦੇ ਮੈਂਬਰ ਮੰਨਚਲੇ ਨੂੰ ਹੱਸਣ ਲੱਗ ਪਏ। ਮੰਨਚਲੇ ਇਥੋਂ ਇਕ ਸੁਰਮੇਦਾਨੀ ਭਰਜਾਈ ਵਾਸਤੇ ਲੈ ਜਾ। ਮੰਨਚਲੇ ਨੇ ਉਥੋਂ ਇਕ ਸੁਰਮੇਦਾਨੀ ਖ੍ਰੀਦ ਲਈ।
ਦੀਦਾਰ ਸੰਧੂ ਨੇ ਠਹਿਰ ਵਾਲੀ ਥਾਂ ਤੇ ਜਾ ਕੇ ਗੀਤ ਲਿਖ ਦਿੱਤਾ ‘ਜੇਠ ਲਿਆਇਆ ਨੀ ਦਿੱਲੀਓੁ ਸੁਰਮੇਦਾਨੀ ‘
ਗੀਤ ਲਿਖ ਕੇ ਸੁਰਿੰਦਰ ਕੌਰ ਨੂੰ ਦੱਸ ਦਿੱਤਾ ਇਕ ਗੀਤ ਦਾ ਇੰਤਜਾਮ ਹੋ ਗਿਆ ਬਸ ਇਕ ਗੀਤ ਰਹਿ ਗਿਆ।
ਦੀਦਾਰ ਸੰਧੂ ਦੇ ਲਿਖੇ ਗੀਤ ਮਹੁੰਮਦ ਸਦੀਕ, ਰਣਜੀਤ ਕੌਰ, ਰਮੇਸ਼ ਰੰਗੀਲਾ, ਸੰਦੇਸ਼ ਕਪੂਰ,ਕਰਨੈਲ ਗਿੱਲ, ਸਵਰਨ ਲਤਾ, ਪ੍ਰੀਤੀ ਬਾਲਾ,ਬੀਰ ਚੰਦ ਗੋਪੀ, ਨਰਿੰਦਰ ਬੀਬਾ,ਪ੍ਰੋਮੀਲਾ ਪੰਮੀ ਆਦਿ ਨੇ ਗਾਏ ਹਨ।
ਦੀਦਾਰ ਸੰਧੂ ਨੇ ਬਹੁਤ ਸਾਰੀਆਂ ਗਾਇਕਾਵਾਂ ਨਾਲ ਗਾਇਆ। ਸਨੇਹ ਲਤਾ, ਸੁਰਿੰਦਰ ਕੌਰ, ਕੁਲਦੀਪ ਕੌਰ, ਪਰਮਿੰਦਰ ਸੰਧੂ, ਅਮਰ ਨੂਰੀ, ਬਲਜੀਤ ਬੱਲੀ, ਨਰਿੰਦਰ ਬੀਬਾ, ਸੁਖਵੰਤ ਕੌਰ ਅਤੇ ਸ਼ੁਸ਼ਮਾ ਆਦਿ ਨਾਲ ਗਾਇਆ।
ਦੀਦਾਰ ਸੰਧੂ ਬਿੰਬਾ ਵਿਚ ਲਿਖਦਾ ਸੀ ਲਿਖਣ ਵੇਲੇ ਇਸ ਤਰਾਂ ਨਾਲ ਦ੍ਰਿਸ਼ ਪੇਸ਼ ਕਰਦਾ ਸੀ ਸੁਣਨ ਵਾਲੇ ਨੂੰ ਇਸ ਤਰਾਂ ਲਗਦਾ ਜੋ ਹੋ ਰਿਹਾ ਹੈ ਸਾਹਮਣੇ ਹੀ ਹੋ ਰਿਹਾ ਹੈ।ਜਿਸ ਤਰਾਂ…
ਮੇਰਾ ਉਡੇ ਡੋਰੀਆ ਮਹਿਲਾਂ ਵਾਲੇ ਘਰ ਵੇ…
ਤੈਨੂੰ ਬੁੱਕਦਾ ਵੇਖਣਾ ਹੋ ਕੇ ਸ਼ਰਾਬੀ ਆ ਵੇ…
ਚੰਨ ਹੋ ਬੱਦਲਾਂ ਦੇ ਓੁਹਲੇ ਕੰਨੀਆਂ ਨੂੰ ਇਝ ਰੁਸ਼ਨਾਵੇ ਕੋਈ ਗੋਟੇ ਵਾਲੀ ਚੁੰਨੀ ਅੰਬਰ ਤੇ ਸੁਟ ਸਕਾਵੇ…
ਮੂੰਹ ਨੇਰੇ ਵਿਚ ਫਿਰਦੀ ਦੀ ਏਦਾ ਰੁਸ਼ਨਾਈ ਹੁੰਦੀ ਏ…
ਜਿਵੇਂ ਕਿਸੇ ਨੇ ਆਲੇ ਦੇ ਵਿਚ ਜੋਤ ਜਗਾਈ ਹੁੰਦੀ ਏ…
ਦੀਦਾਰ ਸੰਧੂ ਨੇ ਸਮਜਿਕ ਰਿਸ਼ਤਿਆਂ ਦਾ ਜਿਕਰ ਵੀ ਬਹੁਤ ਬਾਖੂਬੀ ਨਾਲ ਕੀਤਾ ਹੈ।
ਜੇਠ ਚੰਦਰੇ ਦਾ ਕੀ ਜਿਹਦਾ ਪੁੱਤ ਨਾ ਕੋਈ ਧੀ…….
ਜਾਂਦਾ ਘੁੱਟ ਕੁ ਸ਼ਰਾਬ ਪਿਛੇ ਮਰ ਨੀ…. ਦੜ ਵੱਟ ਕੇ ਗੁਜਾਰਾ ਕਰ ਨੀ…
ਇਸ ਗੀਤ ਵਿਚ ਅੱਗੇ ਜਾ ਕੇ ਕਹਿੰਦਾ ਹੈ
ਸਾਰਿਆਂ ਦੇ ਵਿੱਚੋਂ ਤੂੰ ਸਾਊ ਵੇ ਦੀਦਾਰ ਤੇਰਾ ਘਰ ਚ’ ਨਾ ਕੋਡੀ ਜਿੰਨਾ ਮੁੱਲ ਵੇ….
ਛੁਟ ਇਕ ਤੇਰੇ ਤੋਂ ਟੱਬਰ ਤੇਰਾ ਦੇਣ ਵਾਲਾ ਵੱਡ ਕੇ ਨਿਊ ਦੇ ਵਿਚ ਕੁੱਲ ਵੇ.. ਇਕ ਹੋਰ ਗੀਤ ਵਿਚ…..
ਮੈਂ ਕਹਿਨਾਂ ਹੋ ਜਾ ਠੰਡੀ ਐਵੇ ਨਾ ਜਾਵੀ ਚੰਡੀ…
ਲੈਦੂ ਤੈਨੂੰ ਚਾਬੀ ਘਰ ਦੀ ਜਿੱਦਣ ਗਈ ਪੈਲੀ ਵੰਡੀ….
ਐਵੇ ਦੇਖੇ ਨਾ ਤਮਾਸ਼ਾ ਸਾਰਾ ਪਿੰਡ ਬੱਲੀਏ…
ਅਮੀਰੀ ਅਤੇ ਗਰੀਬੀ ਦੇ ਪਾੜੇ ਦੀ ਗੱਲ ਕਰਦਾ ਜਗੀਰਦਾਰੀ ਨੂੰ ਤਾੜਨਾ ਕਰਦਾ ਹੋਇਆ ਕਹਿੰਦਾ ਹੈ…
ਮੰਨਿਆ ਗਰੀਬ ਹੁੰਦੇ ਵੱਡਿਆਂ ਦੇ ਆਸਰੇ ਤੇ…
ਇਹ ਤਾਂ ਤੇਰਾ ਬਣਦਾ ਨੀ ਹੱਕ ਵੇ ਜਗੀਰਦਾਰਾ…
ਦੀਦਾਰ ਸੰਧੂ ਫਿਲਮਾਂ ਤੱਕ ਵੀ ਜਾ ਪਹੁੰਚਿਆ ਸੀ ਇਸ ਨੇ ਗਭਰੂ ਪੰਜਾਬ ਦਾ ਫ਼ਿਲਮ ਵਿੱਚ ਅਮਰਨੂਰੀ ਨਾਲ ਬੋਲੀਆਂ ਪਾਈਆਂ ਸਨ।
ਦੀਦਾਰ ਸੰਧੂ ਲਗਾਤਾਰ ਹੀ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਬਣਦਾ ਆ ਰਿਹਾ ਸੀ ਜਦ ਉਹ ਦੁਨੀਆਂ ਤੋਂ ਗਿਆ ਉਸ ਟਾਇਮ ਵੀ ਪਿੰਡ ਦਾ ਸਰਪੰਚ ਸੀ ਅਤੇ ਤੇਰ੍ਹਾਂ ਸਾਲ ਪਿੰਡ ਦੀ ਸਰਪੰਚੀ ਕਰ ਚੁੱਕਾ ਸੀ।
ਦੀਦਾਰ ਸੰਧੂ ਜਾਂਦਾ ਹੋਇਆ ਇਕ ਗੀਤਾਂ ਦੀ ਕੈਸਿਟ ਅਧੂਰੀ ਛੱਡ ਗਿਆ ਉਸ ਨੇ ਚਾਰ ਗੀਤ ਰਿਕਾਰਡ ਕਰਵਾ ਦਿੱਤੇ ਸਨ ਚਾਰ ਗੀਤ ਰਿਕਾਰਡ ਕਰਵਾਉਣੇ ਬਾਕੀ ਸਨ।ਕੰਪਨੀ ਨੇ ਉਹ ਕੈਸਿਟ ਪੂਰੀ ਕਰਨ ਦੀ ਡਿਊਟੀ ਮਹੁੰਮਦ ਸਦੀਕ ਦੀ ਲਗਾਈ ਪਰ ਸਦੀਕ ਸਾਹਿਬ ਵਾਸਤੇ ਉਹ ਦੁਖ਼ਦਈ ਘਟਨਾ ਸੀ ਉਸ ਦਾ ਗਾਇਕੀ ਦੇ ਪਿੜ ਵਿਚ ਹੱਥੀ ਲਾਇਆ ਬੂਟਾ ਸੁੱਕ ਗਿਆ ਸੀ। ਧਰਮ ਕੰਮੇਆਣੇ ਦੀ ਦੀਦਾਰ ਸੰਧੂ ਨੂੰ ਲਿਖੀ ਸਰਧਾਂਜਲੀ ਮੁਹੰਮਦ ਸਦੀਕ ਨੂੰ ਇਸ ਕੈਸਿਟ ਵਿਚ ਦੇਣੀ ਪਈ। ਜਿਸ ਵਿਚ ਬੋਲ ਸਨ ‘ਭਰੋਵਾਲ ਦੇ ਦੀਦਾਰਾ ਸੰਧੂਆ ਯਾਰਾ, ਰੋ ਰੋ ਤੈਨੂੰ ਯਾਦ ਕਰੀਏ।’
ਦੀਦਾਰ ਸੰਧੂ 16 ਫ਼ਰਵਰੀ 1991 ਨੂੰ ਦਿਯਾਨੰਦ ਹਸਪਤਾਲ ਲੁਧਿਆਣਾ ਵਿਖੇ ਆਪਣੇ ਪ੍ਰੀਵਾਰ ਅਤੇ ਅਾਪਣੇ ਲੱਖਾਂ ਚਾਹੁੰਣ ਵਾਲੇ ਸਰੋਤਿਆਂ ਨੂੰ ਛੱਡ ਕੇ ਸਦਾ ਲਈ ਚਲਿਆ ਗਿਆ। ਭਾਵੇਂ ਅੱਜ ਉਹ ਸਾਡੇ ਵਿਚ ਸਰੀਰਕ ਤੌਰ ਤੇ ਨਹੀ ਹੈ ਪਰ ਉਸ ਦੀਆਂ ਆਵਾਜ਼ਾ ਅਸਮਾਨ ਵਿਚ ਸਦਾ ਲਈ ਗੁੰਜਦੀਆਂ ਰਹਿਣਗੀਆਂ।
ਉਸ ਦੀ ਯਾਦ ਵਿਚ ਹਰ ਸਾਲ 21 ਨਵੰਬਰ ਨੂੰ ਭਰੋਵਾਲ ਖੁਰਦ (ਲੁਧਿਆਣਾ) ਵਿਖੇ ਉਸ ਦੇ ਘਰ ਕੋਲ ਖੁੱਲਾ ਪੰਡਾਲ ਲਗਾ ਕੇ ਦੀਦਾਰ ਸੰਧੂ ਯਾਦਗਾਰੀ ਮੇਲਾ ਕਰਵਾਇਆ ਜਾਂਦਾ ਹੈ। ਉਸ ਦੀ ਯਾਦ ਵਿਚ ਇਕ ਲਾਇਬ੍ਰੇਰੀ ਵੀ ਸਥਾਪਿਤ ਹੈ।