Articles

ਮੈਂ ਜੀ ਤੁਹਾਡੀ ਜਿੱਤ ਲਈ 100 ਆਖੰਡ ਪਾਠ ਸੁੱਖੇ ਹਨ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਅੱਜ ਕਲ੍ਹ ਦੇ ਜ਼ਮਾਨੇ ਵਿੱਚ ਅਫਸਰਾਂ ਲਈ ਚੰਗੀ ਜਗ੍ਹਾ ‘ਤੇ ਪੋਸਟਿੰਗ ਕਰਵਾਉਣੀ ਅਤੇ ਲੀਡਰਾਂ ਲਈ ਕਿਸੇ ਚੰਗੀ ਪਾਰਟੀ ਦੀ ਐਮ.ਅੇਲ.ਏ. ਜਾਂ ਐਮ.ਪੀ. ਦੀ ਟਿਕਟ ਹਾਸਲ ਕਰਨੀ ਬਹੁਤ ਹੀ ਟੇਢੀ ਖੀਰ ਹੈ। ਇਸ ਕੰਮ ਲਈ ਕਈ ਤਰਾਂ ਦੇ ਪਾਪੜ ਵੇਲਣੇ ਪੈਂਦੇ ਹਨ। ਪਰ ਅਜਿਹੇ ਲੋਕ ਸਿਰਫ ਮੌਕੇ ਦੇ ਅਫਸਰਾਂ ਅਤੇ ਰਾਜ ਕਰ ਰਹੀ ਪਾਰਟੀ ਦੇ ਹੀ ਵਫਾਦਾਰ ਹੁੰਦੇ ਹਨ। ਇੱਕ ਵਾਰ ਕੋਈ ਅਫਸਰ ਬਦਲ ਕੇ ਕਿਸੇ ਨਵੀਂ ਜਗ੍ਹਾ ‘ਤੇ ਪਹੁੰਚਿਆ ਤਾਂ ਦਫਤਰ ਦਾ ਸੁਪਰਡੈਂਟ ਉਸ ਕੋਲ ਪੁਰਾਣੇ ਅਫਸਰ ਦੀ ਬਦਨਾਮੀ ਕਰਨ ਲੱਗਾ ਕਿ ਉਹ ਤਾਂ ਬਹੁਤ ਹੀ ਕੁਰੱਪਟ, ਮੂੰਹ ਫੱਟ ਅਤੇ ਸਿਰੇ ਦਾ ਘਟੀਆ ਬੰਦਾ ਸੀ, ਆਦਿ ਆਦਿ। ਕਾਫੀ ਦੇਰ ਚੁਗਲੀਆਂ ਸੁਣਨ ਤੋਂ ਬਾਅਦ ਨਵਾਂ ਅਫਸਰ ਬੋਲਿਆ, “ਤੇ ਬਾਊ ਜੀ ਮੈਂ ਕਿਹੋ ਜਿਹਾ ਬੰਦਾ ਹਾਂ?” ਸੁਪਰਡੈਂਟ ਹੀਂ ਹੀਂ ਕਰ ਕੇ ਬੋਲਿਆ, “ਜਨਾਬ ਮੌਕੇ ਦਾ ਅਫਸਰ ਵੀ ਕਦੇ ਮਾੜਾ ਹੁੰਦਾ ਹੈ?” ਹਰ ਬੰਦੇ ਨੂੰ ਐਨੀ ਸਮਝ ਤਾਂ ਹੋਣੀ ਹੀ ਚਾਹੀਦੀ ਹੈ ਕਿ ਜੇ ਅੱਜ ਇਹ ਵਿਅਕਤੀ ਪੁਰਾਣੇ ਅਫਸਰ ਦੀ ਬਦਨਾਮੀ ਕਰ ਰਿਹਾ ਹੈ ਤਾਂ ਕੱਲ ਨੂੰ ਮੇਰੀ ਵੀ ਕਰੇਗਾ। ਪਰ ਅਜਿਹੇ ਲੋਕਾਂ ਦੀ ਮਿੱਠੀ ਜ਼ੁਬਾਨ, ਤਾਰੀਫ ਦਾ ਢੰਗ ਅਤੇ ਚੁਗਲੀ ਦੀ ਮੁਹਾਰਤ ਜੋਗੀ ਦੀ ਬੀਨ ਵਾਂਗ ਮਾਲਕ ਨੂੰ ਕੀਲ ਲੈਂਦੀ ਹੈ।
10-15 ਸਾਲ ਪਹਿਲਾਂ ਦੀ ਗੱਲ ਹੈ ਕਿ ਜਰਨੈਲ ਸਿੰਘ (ਕਾਲਪਨਿਕ ਨਾਮ) ਨਾਮ ਦਾ ਇੰਸਪੈਕਟਰ ਥਾਣੇ ਜੰਡਿਆਲੇ ਦਾ ਐਸ.ਐਚ.ਉ. ਲੱਗਾ ਹੋਇਆ ਸੀ। ਇੱਕ ਦਿਨ ਸਵੇਰੇ ਸਵੇਰ ਇੱਕ ਨੇਤਾ ਕਿਸੇ ਕੰਮ ਥਾਣੇ ਆਣ ਪਹੁੰਚਿਆ। ਉਹ ਅਜੇ ਕਾਰ ਵਿੱਚ ਹੀ ਬੈਠਾ ਸੀ ਕਿ ਮੁੰਸ਼ੀ ਨੇ ਦੌੜ ਕੇ ਐਸ.ਐਚ.ਉ. ਨੂੰ ਦੱਸਿਆ ਕਿ ਫਲਾਣੇ ਨੇਤਾ ਜੀ ਆਏ ਹਨ। ਐਸ.ਐਚ.ਉ. ਦੀ ਪੋਸਟਿੰਗ ਕਰਵਾਉਣ ਵਿੱਚ ਉਸ ਨੇਤਾ ਦਾ ਕਾਫੀ ਹੱਥ ਸੀ। ਇਸ ਲਈ ਉਹ ਫਟਾਫਟ ਗਿਆ ਤੇ ਸੈਲਿਊਟ ਮਾਰ ਕੇ ਇੱਕ ਦਮ ਨੇਤਾ ਦੀ ਕਾਰ ਦੀ ਬਾਰੀ ਖੋਲ੍ਹ ਦਿੱਤੀ। ਨੇਤਾ ਨੇ ਐਸ.ਐਚ.ਉ ਨੂੰ ਆਉਂਦੇ ਨਹੀਂ ਸੀ ਵੇਖਿਆ ਤੇ ਆਪਣੇ ਧਿਆਨ ਬਾਰੀ ਨਾਲ ਢੋਅ ਲਾ ਕੇ ਕਿਸੇ ਨਾਲ ਮੋਬਾਇਲ ‘ਤੇ ਗੱਲ ਕਰ ਰਿਹਾ ਸੀ। ਅਚਾਨਕ ਬਾਰੀ ਖੁਲ੍ਹ ਜਾਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਧੜੰਮ ਕਰਦਾ ਬਾਹਰ ਜਾ ਡਿੱਗਾ। ਉਸ ਦਾ ਮੋਬਾਇਲ ਕਿਤੇ ਤੇ ਪੱਗ ਕਿਤੇ ਖਿੱਲਰ ਗਈ। ਉੱਪਰੋਂ ਸਿਤਮ ਇਹ ਹੋਇਆ ਕਿ ਥਾਣੇ ਵਿੱਚ ਆਪਣੇ ਕੰਮ ਕਰਾਉਣ ਲਈ ਨੇਤਾ ਦੀ ਉਡੀਕ ਵਿੱਚ ਖੜ੍ਹੇ ਇਲਾਕੇ ਦੇ ਲੋਕ ਵੀ ਉੱਚੀ ਉੱਚੀ ਹੱਸ ਪਏ। ਐਸ.ਐਚ.ਉ. ਨੇ ਬਥੇਰੀਆਂ ਮਾਫੀਆਂ ਮੰਗੀਆਂ ਪਰ ਨੇਤਾ ਉਸ ਦੀ ਬਦਲੀ ਕਰਵਾ ਕੇ ਹੀ ਹਟਿਆ।
ਕਾਫੀ ਸਾਲ ਪਹਿਲਾਂ ਹੋਈਆਂ ਚੋਣਾਂ ਵਿੱਚ ਪੰਜਾਬ ਦੇ ਇੱਕ ਬਹੁਤ ਹੀ ਸ਼ਕਤੀਸ਼ਾਲੀ ਰਾਜਨੀਤਕ ਪਰਿਵਾਰ ਦਾ ਮੈਂਬਰ ਕਾਕਾ ਸਿੰਘ (ਕਾਲਪਨਿਕ ਨਾਮ) ਜ਼ਿਮਨੀ ਚੋਣ ਲੜ ਰਿਹਾ ਸੀ। ਵਿਰੋਧੀ ਪਾਰਟੀ ਨੇ ਉਸ ਨੂੰ ਹਰਾਉਣ ਲਈ ਪੂਰਾ ਟਿੱਲ ਲਗਾਇਆ ਹੋਇਆ ਸੀ ਤੇ ਰਾਜਨੀਤਕ ਪਰਿਵਾਰ ਲਈ ਉਹ ਚੋਣ ਜ਼ਿੰਦਗੀ ਮੌਤ ਦਾ ਸਵਾਲ ਬਣੀ ਹੋਈ ਸੀ। ਆਖਰ ਹਰ ਪ੍ਰਕਾਰ ਦੇ ਸਾਮ, ਦਾਮ, ਦੰਡ, ਭੇਦ ਅਤੇ ਰਾਜਨੀਤਕ ਪੈਂਤਰੇਬਾਜ਼ੀਆਂ ਵਰਤਣ ਦੇ ਬਾਵਜੂਦ ਵਿਰੋਧੀ ਪਾਰਟੀ ਦਾ ਉਮੀਦਵਾਰ ਹਾਰ ਗਿਆ ਤੇ ਕਾਕਾ ਸਿੰਘ ਜਿੱਤ ਗਿਆ। ਉਸ ਦੇ ਘਰ ਢੋਲ ਢਮੱਕੇ ਵੱਜਣ ਲੱਗ ਪਏ ਤੇ ਸੈਂਕੜੇ ਲੋਕ ਵਧਾਈਆਂ ਦੇਣ ਅਤੇ ਇਹ ਦੱਸਣ ਲਈ ਪਹੁੰਚ ਗਏ ਕਿ ਉਨ੍ਹਾਂ ਨੇ ਕਾਕਾ ਸਿੰਘ ਦੀ ਜਿੱਤ ਲਈ ਕਿੰਨੇ ਸਿਰ ਤੋੜ ਯਤਨ ਕੀਤੇ ਹਨ। ਕਈ ਅਜਿਹੇ ਲੋਕ ਵੀ ਮੌਕਾ ਦਾ ਫਾਇਦਾ ਉਠਾਉਣ ਲਈ ਪਹੁੰਚ ਗਏ ਜਿਨ੍ਹਾਂ ਨੇ ਚੋਣ ਦੌਰਾਨ ਉਸ ਹਲਕੇ ਵਿੱਚ ਪੈਰ ਵੀ ਨਹੀਂ ਸੀ ਪਾਇਆ। ਜਦੋਂ ਜਸ਼ਨ ਥੋੜ੍ਹੇ ਜਿਹੇ ਮੱਠੇ ਪਏ ਤਾਂ ਮੰਗਤਾ ਜੀ ਨਾਮ ਦਾ ਇੱਕ ਅਫਸਰ ਵੀ ਮੌਕੇ ਦਾ ਫਾਇਦਾ ਉਠਾਉਣ ਬਾਰੇ ਸੋਚਣ ਲੱਗਾ। ਹਾਲਾਂਕਿ ਮੰਗਤਾ ਜੀ ਦਾ ਚੋਣ ਹਲਕੇ ਨਾਲ ਦੂਰ ਦੂਰ ਦਾ ਵੀ ਕੋਈ ਵਾਸਤਾ ਨਹੀ ਸੀ ਤਾਂ ਨਾ ਹੀ ਉਸ ਦੀ ਉਸ ਹਲਕੇ ਵਿੱਚ ਕੋਈ ਵੋਟ ਸੀ।
ਮੰਗਤਾ ਜੀ ਕਈ ਸਾਲਾਂ ਤੋਂ ਆਪਣੀਆਂ ਭੈੜੀਆਂ ਕਰਤੂਤਾਂ ਕਾਰਨ ਗੁੱਠੇ ਲੱਗਾ ਹੋਇਆ ਸੀ ਤੇ ਕਿਸੇ ਮਲਾਈਦਾਰ ਪੋਸਟਿੰਗ ਲਈ ਤਰਸ ਰਿਹਾ ਸੀ। ਉਹ ਜਾਣਦਾ ਸੀ ਕਿ ਕਾਕਾ ਸਿੰਘ ਦਾ ਪਰਿਵਾਰ ਬਹੁਤ ਹੀ ਧਾਰਮਿਕ ਪ੍ਰਵਿਰਤੀ ਦਾ ਹੈ ਤੇ ਉਸ ਨੇ ਇਸ ਗੱਲ ਦਾ ਫਾਇਦਾ ਉਠਾਉਣ ਦੀ ਸਕੀਮ ਬਣਾ ਲਈ। ਉਸ ਨੇ ਸੁਖਜੀਤ ਸਿੰਘ ਦੇ ਇੱਕ ਨਜ਼ਦੀਕੀ ਨੇਤਾ ਦੇ ਤਰਲੇ ਮਿੰਨਤਾਂ ਕਰ ਕੇ ਮੁਲਾਕਾਤ ਦਾ ਜੁਗਾੜ ਵੀ ਫਿੱਟ ਕਰ ਲਿਆ। ਹੁਣ ਮੰਗਤਾ ਜੀ ਦੀ ਕਿਸਮਤ ਮਾੜੀ ਸੀ ਕਿ ਸੁਖਜੀਤ ਸਿੰਘ ਦਾ ਪੀ.ਏ. ਉਸ ਦੀਆਂ ਕਰਤੂਤਾਂ ਬਾਰੇ ਪਹਿਲਾਂ ਤੋਂ ਹੀ ਜਾਣਦਾ ਸੀ। ਜਦੋਂ ਪੀ.ਏ. ਨੇ ਮੰਗਤਾ ਜੀ ਨੂੰ ਆਉਂਦਾ ਵੇਖਿਆ ਤਾਂ ਉਸ ਨੇ ਸੁਖਜੀਤ ਸਿੰਘ ਦੇ ਕੰਨ ਵਿੱਚ ਉਸ ਬਾਰੇ ਫੂਕ ਮਾਰ ਦਿੱਤੀ। ਇਸ ਗੱਲ ਤੋਂ ਅਣਜਾਣ ਮੰਗਤਾ ਜੀ ਨੇ ਸੁਖਜੀਤ ਸਿੰਘ ਦੇ ਪੈਰਾਂ ਨੂੰ ਹੱਥ ਲਾਇਆ ਤੇ ਬਹੁਤ ਹੀ ਨਿਮਰਤਾ ਨਾਲ ਕਿਹਾ ਕਿ ਸਰ ਮੈਂ ਇੱਕ ਬੇਨਤੀ ਕਰਨੀ ਹੈ। ਸੁਖਜੀਤ ਸਿੰਘ ਵੱਲੋਂ ਹਾਂ ਵਿੱਚ ਸਿਰ ਹਿਲਾਉਣ ‘ਤੇ ਉਸ ਨੇ ਕਿਹਾ ਕਿ ਮੈਂ ਕਾਕਾ ਸਿੰਘ ਜੀ ਦੀ ਜਿੱਤ ਲਈ ਫਲਾਣੇ ਗੁਰਦਾਵਾਰੇ ਵਿੱਚ ਸੌ ਲੜੀਵਾਰ ਆਖੰਡ ਪਾਠ ਸੁੱਖੇ ਹਨ। ਇਸ ਲਈ ਤੁਸੀਂ ਮੇਰੀ ਪੋਸਟਿੰਗ ਉਸ ਸ਼ਹਿਰ ਵਿੱਚ ਕਰਵਾ ਦਿਉ ਤਾਂ ਜੋ ਮੈਂ ਇਹ ਮਹਾਨ ਸੇਵਾ ਆਪਣੀ ਹਾਜ਼ਰੀ ਵਿੱਚ ਸੰਪੂਰਨ ਕਰਵਾ ਸਕਾਂ। ਅਸਲ ਵਿੱਚ ਉਹ ਗੁਰਦਵਾਰਾ ਪੰਜਾਬ ਦੇ ਇੱਕ ਬਹੁਤ ਹੀ ਪ੍ਰਸਿੱਧ ਉਦਯੋਗਿਕ ਸ਼ਹਿਰ ਵਿੱਚ ਸਥਿੱਤ ਸੀ।
ਸੁਖਜੀਤ ਸਿੰਘ ਫੌਰਨ ਉਸ ਦੀ ਮੰਸ਼ਾ ਸਮਝ ਗਿਆ ਕਿ ਇਹ ਆਪਣੀ ਇੱਕ ਸਾਲ ਦੀ ਪੋਸਟਿੰਗ ਪੱਕੀ ਕਰਨ ਲਈ ਆਇਆ ਹੈ। ਉਸ ਨੇ ਹੱਸ ਕੇ ਕਿਹਾ, “ਕਾਕਾ ਸ਼ੁਕਰ ਹੈ ਕਿ ਤੂੰ ਪੰਜਾਬ ਦੇ ਕਿਸੇ ਗੁਰਦਵਾਰਾ ਸਾਹਿਬ ਵਿੱਚ ਹੀ ਸੁੱਖਣਾ ਸੁੱਖੀ ਹੈ। ਜੇ ਕਿਤੇ ਹੇਮਕੁੰਟ ਜਾਂ ਹਜ਼ੂਰ ਸਾਹਿਬ ਵਿਖੇ ਸੁੱਖ ਲੈਂਦਾ ਤਾਂ ਸਾਨੂੰ ਤੇਰੀ ਪੋਸਟਿੰਗ ਲਈ ਉੱਤਰਾਖੰਡ ਜਾਂ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਦੇ ਤਰਲੇ ਕੱਢਣੇ ਪੈਣੇ ਸਨ। ਹੁਣ ਤੇਰੀ ਭਲਾਈ ਇਸੇ ਵਿੱਚ ਹੈ ਕਿ ਤੂੰ ਇਹ ਸੇਵਾ ਆਪਣੇ ਪੱਲੇ ਤੋਂ ਕਰਵਾ ਤੇ ਜੇ ਪੈਸੇ ਨਹੀਂ ਹੈਗੇ ਤਾਂ ਮੇਰੇ ਪੀ.ਏ. ਕੋਲੋਂ ਮੰਗ ਲੈ।” ਮੰਗਤਾ ਜੀ ਸਮਝ ਗਿਆ ਕਿ ਮਾਮਲਾ ਪੁੱਠਾ ਪੈ ਗਿਆ ਹੈ ਤੇ ਉਸ ਨੇ ਜਲਦੀ ਜਲਦੀ ਉਥੋਂ ਖਿਸਕਣ ਵਿੱਚ ਹੀ ਆਪਣੀ ਭਲਾਈ ਸਮਝੀ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin