
ਰੋਪੜ ਦੇ ਦੱਖਣ ਵਿੱਚ ਰੋਪੜ ਨਹਿਰ ਕਿਨਾਰੇ ਗੁਰਦੁਆਰਾ ਚਮਕੌਰ ਸਾਹਿਬ ਹੈ। ਇਹ ਅਮਰ ਤੇ ਸ਼੍ਰੋਮਣੀ ਸ਼ਹੀਦਾਂ ਦੀ ਯਾਦ ਹੈ। 1704 ਈ: ਵਿੱਚ ਏਥੇ ਮੁਗ਼ਲ ਸੈਨਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਦੋਹਾਂ ਸਾਹਿਬਜ਼ਾਦਿਆਂ ਵਿਚਾਲੇ ਵੱਡੀ ਲੜਾਈ ਹੋਈ ਸੀ। ਬਹੁਤ ਹੀ ਅਸਚਰਜ ਲੜਾਈ। ਇੱਕ ਪਾਸੇ ਸਿਰਫ ਚਾਲੀ ਕੁ ਸਿੰਘ ਸਨ ਤੇ ਦੂਸਰੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਗ਼ਲ ਸੈਨਾ ਤੇ ਮੁਗ਼ਲ ਸੈਨਾ ਦੇ ਸਹਾਇਕ ਸਨ। ਕੱਚੀ ਗੜ੍ਹੀ ਵਿੱਚ ਸਤਿਗੁਰੂ ਜੀ ਨੇ ਡੇਰੇ ਲਾਏ ਸਨ। ਓਥੋਂ ਹੀ ਦੁਸ਼ਮਣ ਦਾ ਮੁਕਾਬਲਾ ਕੀਤਾ ਸੀ। ਵਾਰੀ ਵਾਰੀ ਦੋਹਾਂ ਪੁੱਤਰਾਂ ਨੂੰ ਜੰਗ ਨੂੰ ਤੋਰਿਆ ਸੀ ਜਦੋਂ ਕਿ ਜਿਊਂਦੇ ਮੁੜਨ ਦੀ ਕੋਈ ਆਸ ਨਹੀਂ ਸੀ। ਦੁਸ਼ਮਣ ਦੀ ਗਿਣਤੀ ਬੇਅੰਤ ਸੀ। ਅੱਧੀ ਰਾਤ ਨੂੰ ਪੰਥ ਦਾ ਹੁਕਮ ਮੰਨਕੇ ਗੁਰੂ ਜੀ ਆਪ ਕੱਚੀ ਗੜ੍ਹੀ ਵਿਚੋਂ ਨਿਕਲ ਕੇ ਅੱਗੇ ਲੰਘ ਗਏ ਸਨ। ਦੁਸ਼ਮਣ ਥੱਕ ਟੁੱਟ ਕੇ ਬੈਠ ਗਿਆ ਸੀ। ਕਾਲੀ ਬੋਲੀ ਰਾਤ ਸ਼ਾਂ ਸ਼ਾਂ ਕਰਨ ਲੱਗ ਪਈ ਸੀ। ਉਸ ਵੇਲੇ ਮਹਾਂ ਪਰਲੋ ਦੇ ਸਮੇਂ ਇਕ ਸਿੱਖ ਦੇਵੀ ਹੱਥ ਵਿਚ ਦੀਵੇ ਦੀ ਰੋਸ਼ਨੀ ਲਈ ਮੈਦਾਨੇ ਜੰਗ ਵਿਚ ਇਕੱਲੀ ਫਿਰ ਰਹੀ ਸੀ ਉਸਨੂੰ ਡਰ ਨਹੀਂ ਸੀ ਲੱਗਦਾ। ਉੱਚੀਆਂ ਨੀਵੀਆਂ ਥਾਵਾਂ ‘ਤੇ ਪਈਆਂ ਲੋਥਾਂ ਨੂੰ ਪਛਾਣਦੀ ਸੀ। ਜੋ ਕੋਈ ਸਿੰਘ ਦੀ ਲੋਥ ਪ੍ਰਤੀਤ ਹੁੰਦੀ ਸੀ, ਉਸਨੂੰ ਚੁੱਕ ਕੇ ਦੂਰ ਰੱਖ ਆਉਂਦੀ ਸੀ, ਜਿੱਥੇ ਇਕ ਅਯਾਲੀ ਦਾ ਬੜਾ ਵੱਡਾ ਵਾੜਾ ਸੀ, ਛਾਪਿਆਂ ਦੀਆਂ ਉੱਚੀਆਂ ਕੰਧਾਂ ਸਨ। ਬੇਅੰਤ ਬਾਲਣ ਸੀ, ਪਰ ਉਹ ਲੜਾਈ ਤੋਂ ਡਰਦਾ ਵਾੜਾ ਸੁੰਞਾ ਛੱਡ ਗਿਆ ਹੋਇਆ ਸੀ। ਇਸ ਤਰ੍ਹਾਂ ਲੱਭਦਿਆਂ ਹੋਇਆਂ ਉਸ ਦੇਵੀ ਨੇ ਤੀਹ ਸਿੰਘ ਲੱਭੇ। ਦੋਹਾਂ ਸਾਹਿਬਜ਼ਾਦਿਆਂ ਦੀਆਂ ਦੇਹਾਂ ਭਾਲੀਆਂ। ਉਨ੍ਹਾਂ ਨੂੰ ਬਹੁਤ ਸਤਿਕਾਰ ਨਾਲ ਚੁੱਕ ਲਿਆਈ, ਸ਼ਹੀਦਾਂ ਦੀਆਂ ਦੇਹਾਂ ਢੋਂਦਿਆਂ ਹੋਇਆਂ ਉਸ ਦੀਆਂ ਲੱਤਾਂ ਥੱਕ ਗਈਆਂ, ਸਰੀਰ ਹਫ਼ ਗਿਆ ਪਰ ਦਿਲ ਤਕੜਾ ਰਿਹਾ। ਉਸਨੇ ਹੋਰਾਂ ਸਿੰਘਾਂ ਦੇ ਸਰੀਰ ਭਾਲਣ ਦਾ ਯਤਨ ਕੀਤਾ ਪਰ ਉਸਨੂੰ ਹੱਥ ਨਾ ਆਏ। ਲੋਥ ਉੱਤੇ ਲੋਥ ਚੜ੍ਹੀ ਹੋਈ ਸੀ। ਕੋਈ ਪਤਾ ਨਹੀਂ ਸੀ ਲੱਗਦਾ। ਆਖਿਰ ਇਕ ਦੇਹ ਉਸ ਨੂੰ ਲੱਭ ਹੀ ਪਈ, ਉਸ ਦੇ ਲਾਗੇ ਸੌ ਮੁਸਲਮਾਨ ਮਰਿਆ ਪਿਆ ਸੀ। ਉਸ ਨੇ ਲੋਥ ਨੂੰ ਚੁੱਕਿਆ ਤੇ ਪਛਾਣਿਆ। ਦੀਵੇ ਦੀ ਰੋਸ਼ਨੀ ਆਸਰੇ ਚਿਹਰੇ ਨੂੰ ਚੰਗੀ ਤਰ੍ਹਾਂ ਦੇਖਿਆ ਪਛਾਣ ਕੇ ਉਹ ਹੌਲੀ ਜਿਹੀ ਬੋਲੀ, ਵਾਹ! ਮੇਰੇ ਸ਼ਹੀਦ ਪਤੀ! ਆਪ ਵੱਡੇ ਭਾਗਾਂ ਵਾਲੇ ਜੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਸ਼ਹੀਦੀ ਪ੍ਰਾਪਤ ਕੀਤੀ ਹੈ। ਮੈਨੂੰ ਇਹੋ ਆਸ ਸੀ। ਮੈਂ ਘਰੋਂ ਤੁਰਦੇ ਨੂੰ ਜੋ ਕੁੱਝ ਆਖਿਆ ਸੀ ਸੋ ਕੁੱਝ ਹੋਇਆ। ਮੇਰੇ ਧੰਨ ਭਾਗ ਮੇਰਾ ਪਤੀ ਸ਼ਹੀਦ ਹੋਇਆ।