ਇੱਕ ਸਮੇਂ ਛੋਟੇ ਪਰਦੇ ਉੱਤੇ ‘ਕਹੀਂ ਤੋ ਹੋਗਾ’ ਵਰਗੇ ਸ਼ੋਅ ਵਿੱਚ ਕਸ਼ਿਸ਼ ਬਣ ਕੇ ਸ਼ੋਹਰਤ ਖੱਟਣ ਵਾਲੀ ਆਮਨਾ ਸ਼ਰੀਫ ਨੇ ‘ਕਸੌਟੀ’, ‘ਕੁਮਕੁਮ’, ‘ਕਾਵਿਆਂਜਲੀ’, ‘ਕਰਮ ਅਪਨਾ ਅਪਨਾ; ਵਰਗੇ ਕਈ ਸੀਰੀਅਲਾਂ ਵਿੱਚ ਕੰਮ ਕੀਤਾ, ਪਰ ਫਿਰ ਅੱਗੇ ਚਲ ਕੇ ਉਸ ਨੇ ਐਕਟਿੰਗ ਤੋਂ ਬਰੇਕ ਲੈ ਲਈ। ‘ਆਲੂ ਚਾਟ’, ‘ਏਕ ਵਿਲੇਨ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਉਣ ਆਮਨਾ ਇਨ੍ਹੀਂ ਦਿਨੀਂ ਆਪਣੀ ਨਵੀਂ ਸੀਰੀਜ਼ ‘ਡੈਮੇਜਡ 3’ ਨਾਲ ਚਰਚਾ ਵਿਚ ਹੈ। ਇਸ ਖਾਸ ਮੁਲਾਕਾਤ ਵਿੱਚ ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ :
* ਤੁਸੀਂ ਆਪਣੇ ਕਰੀਅਰ ਵਿੱਚ ਕਿਰਦਾਰਾਂ ਬਾਰੇ ਕਾਫੀ ਚੂਜ਼ੀ ਰੇਹ ਹੋ, ਤਾਂ ਫਿਰ ‘ਡੈਮੇਜਡ 3’ ਵਿੱਚ ਕੰਮ ਕਰਨ ਲਈ ਤਿਆਰ ਕਿਉਂ ਹੋਏ?
– ਮੈਂ ਇਸ ਵਿੱਚ ਪੁਲਸ ਵਾਲੀ ਬਣੀ ਹਾਂ ਅਤੇ ਮੈਂ ਅੱਜ ਤੱਕ ਕਾਪ ਦਾ ਕਿਰਦਾਰ ਨਹੀਂ ਕੀਤਾ। ਇਹ ਆਦਰਸ਼ਵਾਦੀ ਪੁਲਸ ਵਾਲੀ ਨਹੀਂ, ਜੋ ਲੋਕਾਂ ਦੀ ਜਾਨ ਬਚਾਉਂਦੀ ਹੈ। ਇਹ ਭਿ੍ਰਸ਼ਟ ਪੁਲਸ ਵਾਲੀ ਹੈ। ਇਸ ਦੇ ਸ਼ੇਡਸ ਗ੍ਰੇਅ ਹਨ। ਕੁਝ ਸਾਲ ਪਹਿਲਾਂ ਤੱਕ ਅਸੀਂ ਲੀਡ ਫੀਮੇਲ ਕਿਰਦਾਰ ਨੂੰ ਇਸ ਤਰ੍ਹਾਂ ਦੇ ਗ੍ਰੇਅ ਤੇ ਭਿ੍ਰਸ਼ਟ ਰੂਪ ਵਿੱਚ ਸੋਚ ਵੀ ਨਹੀਂ ਸਕਦੇ ਸੀ। ਮੈਨੂੰ ਖੁਸ਼ੀ ਹੈ ਕਿ ਓ ਟੀ ਟੀ ਦੇ ਬਦਲਦੇ ਰੂਪ ਵਿੱਚ ਸਾਨੂੰ ਅਭਿਨੇਤਰੀਆਂ ਨੂੰ ਅਲੱਗ ਤਰ੍ਹਾਂ ਦੇ ਚਰਿੱਤਰ ਨਿਭਾਉਣ ਦੇ ਮੌਕੇ ਮਿਲ ਰਹੇ ਹਨ ਤਾਂ ਜਦ ਮੈਂ ਡੈਮੇਜਡ ਦੇ ਸੀਜਨ ਤਿੰਨ ਦੀ ਕਹਾਣੀ ਸੁਣੀ ਤਾਂ ਮੈਨੂੰ ਲੱਗਾ ਕਿ ਇਸ ਵਾਰ ਦੇ ਚਰਿੱਤਰ ਵੀ ਪਿਛਲੀ ਵਾਰ ਵਾਂਗ ਡੈਮੇਜਡ ਹੋਣਗੇ। ਮੈਂ ਫਿਲਮ ‘ਏਕ ਵਿਲੇਨ’ ਅਤੇ ‘ਕਸੌਟੀ’ ਵਿੱਚ ਗ੍ਰੇਅ ਕਿਰਦਾਰ ਕੀਤੇ ਸਨ, ਪਰ ਰਸ਼ਮੀ ਦਾ ਚਰਿੱਤਰ ਇਸ ਦੇ ਮੁਕਾਬਲੇ ਕਾਫੀ ਚੁਣੌਤੀਪੂਰਨ ਰਿਹਾ। ਮੈਨੂੰ ਇਸ ਰੋਲ ਲਈ ਕਾਫੀ ਤਿਆਰੀ ਕਰਨੀ ਪਈ। ਇਹ ਮੇਰੇ ਬਿਲਕੁਲ ਵੀ ਆਸਾਨ ਭੂਮਿਕਾ ਨਹੀਂ ਸੀ।
* ਕੁਝ ਸਮੇਂ ਤੋਂ ਵੈੱਬ ਸੀਰੀਜ਼ ਵਿੱਚ ਲਾਰਾ ਦੱਤਾ, ਸੁਸ਼ਮਿਤਾ ਸੇਨ, ਸ਼ੇਫਾਲੀ ਸ਼ਾਹ, ਕੀਰਤੀ ਕੁਲਹਾਰੀ ਅਤੇ ਤੁਹਾਡੇ ਵਰਗੀਆਂ ਅਭਿਨੇਤਰੀਆਂ ਬਗੈਰ ਹੀਰੋ ਦੇ ਮੇਨ ਲੀਡ ਵਿੱਚ ਹਨ। ਇਸ ਬਦਲਾਅ ਦਾ ਕਾਰਨ ਤੁਸੀਂ ਕੀ ਮੰਨਦੇ ਹੋ?
– ਮੈਨੂੰ ਬਹੁਤ ਖੁਸ਼ੀ ਹੈ ਕਿ ਆਖੀਰ ਦਰਸ਼ਕਾਂ ਨੇ ਭਰੋਸਾ ਦਿਖਾਇਆ ਕਿ ਸਾਡੇ ਵਰਗੀਆਂ ਅਭਿਨੇਤਰੀਆਂ ਆਪਣੇ ਮੋਢਿਆਂ ਉੱਤੇ ਸੀਰੀਜ਼ ਦਾ ਭਾਰ ਚੁੱਕ ਸਕਦੀਆਂ ਹਨ। ਇਸ ਸੀਰੀਜ਼ ਵਿੱਚ ਮੈਂ ਤੇ ਸ਼ਰੇਣੂ ਪਾਰਿਖ ਮੇਨ ਕਿਰਦਾਰ ਵਿੱਚ ਹਾਂ, ਜੋ ਕਿਸੇ ਹੀਰੋ ਲਈ ਨਹੀਂ ਲੜਦੀਆਂ, ਖਾਹਿਸ਼ਾਂ ਲਈ ਲੜਦੀਆਂ ਹਨ। ਸਾਡੇ ਵਰਗੀਆਂ ਅਭਿਨੇਤਰੀਆਂ ਦੀ ਜੋ ਪ੍ਰਸ਼ੰਸਾ ਹੋ ਰਹੀ ਹੈ, ਇਸ ਦਾ ਕਾਰਨ ਹੈ ਦਰਸ਼ਕਾਂ ਵਿੱਚ ਕੰਟੈਂਟ ਨੂੰ ਲੈ ਕੇ ਸਮਝ ਵਧੀ ਹੈ। ਉਹ ਜਾਣਦੇ ਹਨ ਕਿ ਚੰਗਾ ਸ਼ੋਅ ਕੀ ਹੈ। ਉਹ ਇਨ੍ਹਾਂ ਸ਼ੋਜ਼ ਨਾਲ ਕਿਤੇ ਨਾ ਕਿਤੇ ਖੁਦ ਨੂੰ ਜੋੜ ਕੇ ਦੇਖਦੇ ਹਨ। ਸਾਡੀ ਸੀਰੀਜ਼ ਵਿੱਚ ਜਿਸ ਤਰ੍ਹਾਂ ਦੇ ਕਿਰਦਾਰ ਹਨ, ਉਹ ਅਸਲ ਜ਼ਿੰਦਗੀ ਵਿੱਚ ਹੁੰਦੇ ਹਨ।
* ਤੁਹਾਡੇ ਕਰੀਅਰ ਦੀ ਸ਼ੁਰੂਆਤ ਵਿੱਚ ਤੁਹਾਡਾ ‘ਕਹੀਂ ਤੋ ਹੋਗਾ’ ਸ਼ੋਅ ਇੰਨਾ ਜ਼ਿਆਦਾ ਮਸ਼ਹੂਰ ਹੋ ਗਿਆ ਸੀ ਕਿ ਲੋਕਾਂ ਨੇ ਆਪਣੀਆਂ ਧੀਆਂ ਦੇ ਨਾਂਅ ਤੁਹਾਡੇ ਕਿਰਦਾਰ ਕਸ਼ਿਸ਼ ਉੱਤੇ ਰੱਖਣੇ ਸ਼ੁਰੂ ਕਰ ਦਿੱਤੇ ਸਨ, ਪਰੰਤੂ ਤੁਸੀਂ ਉਸ ਸ਼ੋਹਰਤ ਦਾ ਫਾਇਦਾ ਨਹੀਂ ਉਠਾਇਆ ਅਤੇ ਕਰੀਅਰ ਤੋਂ ਗੈਪ ਲੈ ਲਿਆ?
– ‘ਕਹੀਂ ਤੋ ਹੋਗਾ’ ਦੇ ਬਾਅਦ ਮੈ ਘਰ ਇਸ ਲਈ ਬੈਠ ਗਈ ਕਿ ਮੈਨੂੰ ਉਸੇ ਤਰ੍ਹਾਂ ਦੇ ਰੋਲ ਮਿਲ ਰਹੇ ਸਨ ਅਤੇ ਮੈਂ ਇੱਕੋ ਤਰ੍ਹਾਂ ਦੀਆਂ ਭੂਮਿਕਾਵਾਂ ਰਿਪੀਟ ਨਹੀਂ ਕਰਨਾ ਚਾਹੁੰਦੀ। ਮੈਂ ਮੰਨਦੀ ਹਾਂ ਕਿ ਤੁਹਾਡੇ ਤੇ ਕਿਰਦਾਰਾਂ ਦੀ ਬਾਰਿਸ਼ ਹੋਵੇ, ਤਾਂ ਅਜਿਹੇ ਵਿੱਚ ਭੂਮਿਕਾਵਾਂ ਲਈ ਮਨ੍ਹਾ ਕਰਨ ਲਈ ਬਹੁਤ ਹਿੰਮਤ ਚਾਹੀਦੀ ਹੁੰਦੀ ਹੈ, ਪਰ ਮੈਂ ਸਹੀ ਰੋਲ ਦੇ ਉਡੀਕ ਵਿੱਚ ਸੀ। ਜੋ ਰੋਲ ਮੈਨੂੰ ਦਮਦਾਰ ਲੱਗੇ ਮੈਂ ਕੀਤੇ। ਦੋਬਾਰਾ ਮੈਂ ‘ਕਸੌਟੀ’ ਦੇ ਬਾਅਦ ਬ੍ਰੇਕ ਲਿਆ, ਕਿਉਂਕਿ ਮੈਂ ਵਿਆਹ ਕਰ ਲਿਆ ਸੀ ਅਤੇ ਮੈਂ ਆਪਣੀ ਜ਼ਿੰਦਗੀ ਦੇ ਉਸ ਪਲ ਨੂੰ ਇੰਜੁਆਏ ਕਰਨਾ ਚਾਹੁੰਦੀ ਸੀ। ਜੇ ਮੈਂ ਮੁੜ ਕੇ ਦੇਖਾਂ, ਤਾਂ ਮੈਨੂੰ ਆਪਣੇ ਕਰੀਅਰ ਵਿੱਚ ਆਪਣੇ ਫੈਸਲਿਆਂ ਦਾ ਕੋਈ ਅਫਸੋਸ ਨਹੀਂ। ਮੈਂ ਅਤੀਤ ਵਿੱਚ ਕੁਝ ਵੀ ਬਦਲਣਾ ਨਹੀਂ ਚਾਹੁੰਦੀ। ਉਹ ਮੇਰਾ ਆਪਣਾ ਸਫਰ ਹੈ।
* ਤੁਸੀਂ ‘ਆਲੂ ਚਾਟ’, ‘ਸ਼ਕਲ ਪੇ ਮਤ ਜਾ’, ‘ਏਕ ਵਿਲੇਨ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ, ਜਿੱਥੇ ਤੁਹਾਡਾ ਕੰਮ ਕਾਫੀ ਪਸੰਦ ਕੀਤਾ ਗਿਆ, ਪਰ ਫਿਰ ਬਾਲੀਵੁੱਡ ਵਿੱਚ ਤੁਹਾਡਾ ਕਰੀਅਰ ਉਸ ਤਰ੍ਹਾਂ ਨਾਲ ਅੱਗੇ ਨਹੀਂ ਵਧ ਸਕਿਆ?
-ਜਦ ਮੈਂ ਫਿਲਮਾਂ ਕਰ ਰਹੀ ਸੀ, ਉਸ ਸਮੇਂ ਮੈਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਸੀ ਕਿ ਮੈਨੂੰ ਕਰੀਅਰ ਵਿੱਚ ਕਿਵੇਂ ਅੱਗੇ ਵਧਣਾ ਹੈ। ਮੈਂ ਨਾਨ ਫਿਲਮ ਬੈਕਗਰਾਊਂਡ ਤੋਂ ਹਾਂ, ਤਾਂ ਕੋਈ ਇਹ ਦੱਸਣ ਵਾਲਾ ਨਹੀਂ ਸੀ ਕਿ ਮੈਨੂੰ ਕਿਸ ਤਰ੍ਹਾਂ ਦੇ ਰੋਲ ਚੁਣਨੇ ਚਾਹੀਦੇ ਹਨ? ਉਹ ਇੱਕ ਕਮੀ ਰਹਿ ਗਈ ਕਿ ਕੋਈ ਮੈਨੂੰ ਸਹੀ ਰਸਤਾ ਨਹੀਂ ਦਿਖਾ ਸਕਿਆ। ‘ਏਕ ਵਿਲੇਨ’ ਦੇ ਬਾਅਦ ਮੈਨੂੰ ਕਈ ਫਿਲਮਾਂ ਦੇ ਪ੍ਰਸਤਾਵ ਵਿਲੇ, ਪਰ ਤਦ ਤੱਕ ਮੈਂ ਮਾਂ ਬਣ ਚੁੱਕੀ ਸੀ ਤੇ ਮੈਂ ਸੋਚ-ਸਮਝ ਕੇ ਫੈਸਲਾ ਕੀਤਾ ਕਿ ਮੈਨੂੰ ਬ੍ਰੇਕ ਲੈਣਾ ਚਾਹੀਦਾ ਹੈ ਤੇ ਮੈਂ ਬ੍ਰੇਕ ਲਿਆ। ਸੱਚ ਕਹਾਂ ਤਾਂ ਮੇਰੇ ਲਈ ਐਕਟਿੰਗ ਦਾ ਸਫਰ ਆਸਾਨ ਨਹੀਂ ਰਿਹਾ। ਕਈ ਲੋਕਾਂ ਨੇ ਮੈਨੂੰ ਕਿਹਾ ਕਿ ਤੁਹਾਡਾ ਕਰੀਅਰ ਖਤਮ ਹੋ ਗਿਆ ਹੈ। ਤੁਹਾਨੂੰ ਕੰਮ ਨਹੀਂ ਮਿਲਣ ਵਾਲਾ, ਕਿਉਂਕਿ ਤੁਸੀਂ ਵਿਆਹੇ ਹੋਏ ਹੋ ਅਤੇ ਇੱਕ ਬੱਚੇ ਦੀ ਮਾਂ ਵੀ। ਕਿਤੇ ਨਾ ਕਿਤੇ ਇਨ੍ਹਾਂ ਗੱਲਾਂ ਨਾਲ ਮੇਰੇ ਆਤਮ ਵਿਸ਼ਵਾਸ ਨੂੰ ਠੇਸ ਪਹੁੰਚੀ, ਪਰ ਫਿਰ ਮੈਨੂੰ ਲੱਗਾ ਕਿ ਮੈਂ ਇੰਝ ਹਾਰ ਮੰਨ ਕੇ ਨਹੀਂ ਬੈਠ ਸਕਦੀ। ਮੈਨੂੰ ਖੁਦ ਨੂੰ ਸਾਬਿਤ ਕਰਨਾ ਪਵੇਗਾ। ਤੁਸੀਂ ਕਿਸੇ ਅਭਿਨੇਤਰੀ ਨੂੰ ਉਸ ਦੇ ਵਿਆਹ ਜਾਂ ਮਾਂ ਹੋਣ ਤੇ ਕਿਵੇਂ ਲੇਬਲ ਕਰ ਸਕਦੇ ਹੋ? ਤੁਾਹਨੂੰ ਤਾਂ ਉਸ ਨੂੰ ਉਸ ਦੀ ਪ੍ਰਤਿਭਾ ਦੇ ਬਲ ਉੱਤੇ ਜਾਂਚਣਾ ਚਾਹੀਦਾ ਹੈ।
* ਔਰਤ ਹੋਣ ਦੇ ਨਾਤੇ ਔਰਤਾਂ ਨਾਲ ਜੁੜੀਆਂ ਕਿਹੜੀਆਂ ਗੱਲਾਂ ਸਭ ਤੋਂ ਜ਼ਿਆਦਾ ਤਕਲੀਫ ਦਿੰਦੀਆਂ ਹਨ?
– ਮੁੱਦੇ ਅਣਗਿਣਤ ਹਨ, ਪਰ ਜਦ ਔਰਤਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਇਹ ਨਹੀਂ ਕਰ ਸਕਦੀਆਂ, ਉਹ ਨਹੀਂ ਕਰ ਸਕਦੀਆਂ, ਤਦ ਬਹੁਤ ਹੀਣਤਾ ਮਹਿਸੂਸ ਹੁੰਦੀ ਹੈ। ਔਰਤਾਂ ਨੂੰ ਹਰ ਕਦਮ ਉਤੇ ਜੱਜ ਕੀਤਾ ਜਾਂਦਾ ਹੈ ਕਿ ਲੇਟ ਕਿਉਂ ਆ ਰਹੀ ਹੈ? ਇਸ ਨੇ ਅਜਿਹਾ ਕਿਉਂ ਪਹਿਨਿਆ ਹੈ? ਮਰਦ ਜੇ ਦੇਰ ਨਾਲ ਕੰਮ ਤੋਂ ਪਰਤੇ ਤਾਂ ਉਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਬਹੁਤ ਮਿਹਨਤ ਕਰ ਕੇ ਆਇਆ ਹੈ ਅਤੇ ਔਰਤ ਨੂੰ ਸ਼ੱਕ ਨੂੰ ਨਜ਼ਰ ਨਾਲ ਦੇਖਿਆ ਜਾਂਦਾ ਹੈ। ਜ਼ਰੂਰੀ ਹੈ ਕਿ ਔਰਤਾਂ ਨੂੰ ਜੱਜ ਨਾ ਕੀਤਾ ਜਾਏ, ਉਸ ਨੂੰ ਆਪਣੇ ਸੁਫਨੇ ਪੂਰੇ ਕਰਨ ਦਿੱਤੇ ਜਾਣ ਅਤੇ ਉਸ ਨੂੰ ਇੱਜ਼ਤ ਦਿੱਤੀ ਜਾਏ। ਮੈਨੂੰ ਲੱਗਦਾ ਹੈ ਕਿ ਲੜਕੀਆਂ ਨੂੰ ਇਨ੍ਹਾਂ ਧਾਰਨਾਵਾਂ ਅਤੇ ਬੰਦਿਸ਼ਾਂ ਤੋਂ ਆਜ਼ਾਦੀ ਮਿਲਣੀ ਚਾਹੀਦੀ ਹੈ।
* ਸਭ ਤੋਂ ਜ਼ਿਆਦਾ ਮਾਣ ਕਦੋਂ ਮਹਿਸੂਸ ਹੋਇਆ?
– ਮੈਂ ਇੱਕ ਮੁਸਲਿਮ ਪਰਵਾਰ ਤੋਂ ਹਾਂ ਤਾਂ ਮੇਰੇ ਲਈ ਆਸਾਨ ਨਹੀਂ ਸੀ ਐਕਟਿੰਗ ਖੇਤਰ ਵਿੱਚ ਆਉਣਾ। ਮੇਰੀ ਮਾਂ ਨੇ ਮੈਨੂੰ ਪੂਰਾ ਸਪੋਰਟ ਕੀਤਾ। ਮੇਰੇ ਕਰੀਅਰ ਲਈ ਉਹ ਬਹੁਤ ਸਾਰੇ ਲੋਕਾਂ ਨਾਲ ਲੜੀ ਅਤੇ ਜਦ ਮੈਨੂੰ ਆਪਣਾ ਪਹਿਲਾ ਪੇਅ ਚੈਕ ਮਿਲਿਆ ਤਾਂ ਮੈਂ ਮੰਮੀ ਨੂੰ ਜਾ ਕੇ ਦਿੱਤਾ ਅਤੇ ਉਸ ਸਮੇਂ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਸੀ।
* ਸੋਸ਼ਲ ਮੀਡੀਆ ਉੱਤੇ ਹੋਣਾ ਕਿੰਨਾ ਮਹੱਤਵਪੂਰਨ ਹੈ?
-ਵੈਸੇ ਮੈਂ ਬਹੁਤ ਪ੍ਰਾਈਵੇਟ ਪਰਸਨ ਹਾਂ। ਸਿਰਫ ਇੰਸਟਾਗ੍ਰਾਮ ਉੱਤੇ ਹਾਂ ਅਤੇ ਉਹ ਵੀ ਕੁਝ ਸਾਲ ਪਹਿਲਾਂ ਆਈ ਹਾਂ। ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਅੱਜ ਬਹੁਤ ਅਹਿਮ ਮਾਧਿਅਮ ਬਣ ਚੁੱਕਾ ਹੈ। ਸਾਡੇ ਕਲਾਕਾਰਾਂ ਦੇ ਲਈ ਉਹ ਇੱਕ ਤਰ੍ਹਾਂ ਨਾਲ ਸਾਡਾ ਪ੍ਰੋਫਾਈਲ ਹੈ। ਅੱਜ ਲੋਕ ਕੰਮ ਦੇਣ ਤੋਂ ਪਹਿਲਾਂ ਤੁਹਾਡੇ ਸੋਸ਼ਲ ਮੀਡੀਆ ਉੱਤੇ ਜਾ ਕੇ ਤੁਹਾਡਾ ਅਕਾਊਂਟ ਚੈੱਕ ਕਰਦੇ ਹਨ। ਪਰ ਮੈਂ ਆਪਣੇ ਸੋਸ਼ਲ ਮੀਡੀਆ ਨੂੰ ਇੱਕ ਹੱਦ ਤੱਕ ਮਹੱਤਵ ਦਿੰਦੀ ਹਾਂ।
