Articles Australia & New Zealand

ਮੈਲਬੌਰਨ ਦੇ ਭਾਰਤੀ ਪ੍ਰੀਵਾਰ ਦੀ ਇੰਡੀਆ ਯਾਤਰਾ ਇੱਕ ਭਿਆਨਕ ਯਾਦ ਬਣ ਗਈ !

ਮੈਲਬੌਰਨ ਦੇ ਕਲਾਈਡ ਨੌਰਥ ਦੇ ਵਿੱਚ ਰਹਿੰਦਾ ਪ੍ਰੀਵਾਰਕ ਮੈਂਬਰ ਦਾਸ ਆਪਣੀ ਪਤਨੀ ਸੈਂਡਰਾ, ਛੋਟੀ ਬੇਟੀ ਟੈਸ਼ ਅਤੇ ਵੱਡੀ ਬੇਟੀ ਐਂਜੀ ਦੇ ਨਾਲ ਇੱਕ ਪੁਰਾਣੀ ਤਸਵੀਰ ਦੇ ਵਿੱਚ।

ਭਾਰਤ ਵਿੱਚ ਬੱਸ ਹਾਦਸੇ ਦੌਰਾਨ ਮੈਲਬੌਰਨ ਦੇ ਵਿੱਚ ਰਹਿੰਦੇ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਬੱਚਾ ਕੋਮਾ ਵਿੱਚ ਚਲੇ ਜਾਣ ਨਾਲ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਡੈਂਡੀਨੌਂਗ ਵਿਖੇ ਸਥਿਤ ਨਿਸਾਨ ਕੰਪਨੀ ਦੇ ਵਿੱਚ ਜੌਬ ਕਰ ਰਿਹਾ ਦਾਸ, ਉਸਦੀ ਪਤਨੀ ਸੈਂਡਰਾ ਅਤੇ ਧੀਆਂ ਐਂਜੀ ਅਤੇ ਟੈਸ਼ ਭਾਰਤ ਦੀ ਯਾਤਰਾ ‘ਤੇ ਨਿਕਲੇ ਹੋਏ ਸਨ। ਮੈਲਬੌਰਨ ਦੇ ਕਲਾਈਡ ਨੌਰਥ ਦੇ ਵਿੱਚ ਰਹਿੰਦਾ ਪ੍ਰੀਵਾਰ ਦਾਸ ਸੈਂਟੀਆਗੋ ਦੀ ਬਿਮਾਰ ਮਾਂ ਨੂੰ ਮਿਲਣ ਲਈ ਜਾ ਰਿਹਾ ਸੀ ਅਤੇ ਦਾਸ ਦੇ ਵੱਡੇ ਭਰਾ ਦੀਆਂ ਰਸਮਾਂ ਨਿਭਾਉਣ ਵੀ, ਜਿਸਦੀ ਪਿਛਲੇ ਸਾਲ ਸਿਡਨੀ ਵਿੱਚ ਮੌਤ ਹੋ ਗਈ ਸੀ।

ਮੈਲਬੌਰਨ ਰਹਿੰਦੇ ਦਾਸ ਦਾ ਸਾਰਾ ਪ੍ਰੀਵਾਰ 21 ਮਈ ਨੂੰ ਇੱਕ ਵੈਨ ਦੇ ਰਾਹੀਂ ਦੱਖਣੀ ਭਾਰਤ ਵਿੱਚ ਤਾਮਿਲਨਾਡੂ ਦੇ ਵੇਲੰਕੰਨੀ ਵਿਖੇ ਸਥਿਤ ਇੱਕ ਪਵਿੱਤਰ ਧਾਰਮਿਕ ਸਥਾਨ ਨੂੰ ਜਾ ਰਹੇ ਸਨ। ਉਹਨਾਂ ਦੀ ਵੈਨ ਮੰਗਲਵਾਰ ਰਾਤ 8 ਵਜੇ ਦੇ ਕਰੀਬ ਤੰਜਾਵੁਰ ਜ਼ਿਲ੍ਹੇ ਦੇ ਸੇਂਗੀਪੱਟੀ ਨੇੜੇ ਤਾਮਿਲਨਾਡੂ ਸਟੇਟ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੇ ਨਾਲ ਭਿਆਨਕ ਦੁਰਘਟਨਾ ਦਾ ਸਿ਼ਕਾਰ ਹੋ ਗਈ। ਉਨ੍ਹਾਂ ਦੀ ਵੈਨ ਸ੍ਹਾਮਣੇ ਤੋਂ ਆ ਰਹੀ ਬੱਸ ਨਾਲ ਟਕਰਾਉਣ ਤੋਂ ਬਾਅਦ 45 ਸਾਲਾ ਦਾਸ, ਉਸਦੀ 5 ਸਾਲਾਂ ਦੀ ਬੇਟੀ ਟੈਸ਼, ਦਾਸ ਦਾ ਭਰਾ ਅਤੇ ਭਰਜਾਈ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਭਿਆਨਕ ਹਾਦਸੇ ਦੇ ਵਿੱਚ ਦਾਸ ਦੀ ਪਤਨੀ ਸੈਂਡਰਾ ਅਤੇ ਵੱਡੀ ਧੀ ਐਂਜੀ ਗੰਭੀਰ ਜ਼ਖਮੀਂ ਹੋ ਗਈਆਂ। ਦਾਸ ਦੀ ਪਤਨੀ ਸੈਂਡਰਾ ਇਸ ਸਮੇਂ ਜਾਨਲੇਵਾ ਸੱਟਾਂ ਤੋਂ ਬਾਅਦ ਹਸਪਤਾਲ ਵਿੱਚ ਠੀਕ ਹੋ ਰਹੀ ਹੈ ਪਰ ਸ਼ਾਇਦ ਹੀ ਉਹ ਪਹਿਲਾਂ ਵਰਗੀ ਹੋ ਸਕੇ। ਉਸਦੀ ਵੱਡੀ ਧੀ ਐਂਜੀ ਦੋ ਬਰੇਨ ਸਰਜਰੀਆਂ ਤੋਂ ਬਾਅਦ ਕੋਮਾ ਵਿੱਚ ਹੈ।

ਪ੍ਰੀਵਾਰ ਦੇ ਦੋਸਤ ਮਿੱਤਰ ਇੰਡੀਆ ਦੇ ਸਰਕਾਰੀ ਹਸਪਤਾਲ ਤੋਂ ਸੈਂਡਰਾ ਅਤੇ ਐਂਜੀ ਨੂੰ ਵਾਪਸ ਲਿਆਉਣ ਲਈ ਮਦਦ ਦੀ ਅਪੀਲ ਕਰ ਰਹੇ ਹਨ ਜਿੱਥੇ ਡਾਕਟਰੀ ਇਲਾਜ਼ ਬਹੁਤ ਹੀ ਸੀਮਤ ਹੈ। ਉਹਨਾਂ ਦਾ ਮੰਨਣਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਪ੍ਰੀਵਾਰ ਨੂੰ ਬਿਹਤਰ ਡਾਕਟਰੀ ਸਹੂਲਤਾਂ ਦੀ ਲੋੜ ਹੈ।

ਗੋਫੰਡਮੀ ਉਪਰ ਸੈਂਡਰਾ ਦੁਆਰਾ ਬਣਾਇਆ ਗਿਆ ਇੱਕ ਅਕਾਉਂਟ ਹੈ ਜਿਸ ਦੇ ਵਿੱਚ ਉਸ ਨੇ ਕਿਹਾ ਹੈ ਕਿ, ‘ਉਸਦਾ ਦਿਲ ਟੁੱਟ ਗਿਆ ਹੈ। ਮੈਂ ਆਪਣੇ ਪਤੀ ਨੂੰ ਆਪਣੇ ਸਾਹਮਣੇ ਮਰਦੇ ਦੇਖਿਆ। ਉਹ ਦ੍ਰਿਸ਼ ਮੇਰੇ ਦਿਮਾਗ ਵਿੱਚ ਵਸ ਗਿਆ ਹੈ, ਇੱਕ ਭਿਆਨਕ ਅਤੇ ਨਾ-ਸਹਿਣਯੋਗ ਦਰਦ। ਕਈ ਫ੍ਰੈਕਚਰ ਅਤੇ ਜਾਨਲੇਵਾ ਸੱਟਾਂ ਨਾਲ ਮੈਂ ਖੁਦ ਇਸ ਹਾਦਸੇ ਤੋਂ ਮੁਸ਼ਕਿਲ ਨਾਲ ਬਚੀ, ਮੈਂ ਇਸ ਉਮੀਦ ਵਿੱਚ ਸੀ ਕਿ ਮੇਰੇ ਬੱਚੇ ਸੁਰੱਖਿਅਤ ਹਨ। ਫਿਰ ਸਭ ਤੋਂ ਭਿਆਨਕ ਖ਼ਬਰ ਜਿਸ ਦੀ ਕਲਪਨਾ ਕੀਤੀ ਜਾ ਸਕਦੀ ਸੀ। ਮੇਰੀ ਸਭ ਤੋਂ ਛੋਟੀ ਧੀ, ਮੇਰੀ ਪਿਆਰੀ ਟੈਸ਼, ਜੋ ਅਗਲੇ ਮਹੀਨੇ ਛੇ ਸਾਲ ਦੀ ਹੋ ਰਹੀ ਸੀ, ਆਪਣੀਆਂ ਸੱਟਾਂ ਨੂੰ ਨਾ ਸਹਿੰਦਿਆਂ ਦਮ ਤੋੜ ਗਈ। ਮੈਂ ਇਹ ਕਿਵੇਂ ਸਮਝ ਸਕਦੀ ਹਾਂ ਕਿ ਮੈਂ ਹੁਣ ਆਪਣੀ ਛੋਟੀ ਬੱਚੀ ਨੂੰ ਦੁਬਾਰਾ ਕਦੀ ਵੀ ਨਹੀਂ ਚੁੱਕ ਸਕਾਂਗੀ।”

ਸੈਂਡਰਾ ਇਸ ਮੁਸ਼ਕਲ ਸਮੇਂ ਵਿੱਚ ਲੋਕਾਂ ਨੂੰ ਦਯਾ ਅਤੇ ਮਨੁੱਖਤਾ ਦੀ ਅਪੀਲ ਕਰ ਰਹੀ ਹੈ ਕਿ, ‘ਮੈਨੂੰ ਆਪਣੇ ਪਿਆਰੇ ਦਾਸ ਅਤੇ ਆਪਣੀ ਪਿਆਰੀ ਬੇਟੀ ਟੈਸ਼ ਨੂੰ ਦਫ਼ਨਾਉਣ ਲਈ ਮਦਦ ਦੀ ਲੋੜ ਹੈ। ਅਤੇ ਸਭ ਤੋਂ ਜ਼ਰੂਰੀ ਹੈ ਮੈਨੂੰ ਖੁਦ ਨੂੰ ਅਤੇ ਬੇਟੀ ਐਂਜੀ ਨੂੰ ਆਸਟ੍ਰੇਲੀਆ ਵਾਪਸ ਲਿਆਉਣ ਤੇ ਡਾਕਟਰੀ ਮਦਦ ਦੀ ਲੋੜ ਹੈ। ਸਾਨੂੰ ਵਿਸ਼ੇਸ਼ ਡਾਕਟਰੀ ਦੇਖਭਾਲ ਦੀ ਸਖ਼ਤ ਜ਼ਰੂਰਤ ਹੈ ਜੋ ਸਾਨੂੰ ਠੀਕ ਹੋਣ ਅਤੇ ਤਬਾਹ ਹੋਈਆਂ ਜ਼ਿੰਦਗੀਆਂ ਨੂੰ ਦੁਬਾਰਾ ਬਨਾਉਣ ਦਾ ਮੌਕਾ ਦੇ ਸਕੇ। ਹਰ ਇੱਕ ਯੋਗਦਾਨ, ਭਾਵੇਂ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਇੱਕ ਜੀਵਨ ਰੇਖਾ ਹੋਵੇਗਾ। ਇਹ ਮੇਰੇ ਪਤੀ ਅਤੇ ਧੀ ਨੂੰ ਸਨਮਾਨ ਦੇ ਨਾਲ ਆਰਾਮ ਕਰਨ ਵਿੱਚ ਮਦਦ ਕਰੇਗਾ, ਅਤੇ ਇਹ ਐਂਜੀ ਅਤੇ ਮੈਨੂੰ ਘਰ ਵਾਪਸ ਆ ਕੇ ਠੀਕ ਹੋਣ ਦਾ ਮੌਕਾ ਦੇਵੇਗਾ।’

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin