Articles

ਮੋਬਾਇਲ ਫੋਨ ਦੇ ਵੱਧ ਚੁੱਕੇ ਪ੍ਰਭਾਵਾਂ ਦਾ ਅਸਰ !

ਲੇਖਕ: ਬਲਜੀਤ ਕੋਰ ਗਿੱਲ, ਮੈਲਬੌਰਨ ਆਸਟ੍ਰੇਲੀਆ।

“ਮੰਨੋ ਜਾਂ ਨਾ ਮੰਨੋ ਪਰ ਸੱਚ ਏ ਸੱਚੀ“, ਅੱਜ-ਕੱਲ ਦੇ ਜ਼ਮਾਨੇ ਵਿੱਚ ਸਾਡੇ ਲਈ ਜੋ ਸਭ ਤੋ ਜ਼ਰੂਰੀ ਏ ਜੇਕਰ ਸਾਡੇ ਕੋਈ ਸਭ ਤੋਂ ਨੇੜੇ ਏ ਤਾਂ ਉਹ ਏ ਸਾਡਾ ਮੋਬਾਇਲ ਫੋਨ। ਜਿਸਦੇ ਬਿਨਾ ਰਹਿਣਾ, ਉੱਠਣਾ, ਬਹਿਣਾ, ਸੌਣਾਂ ਬਹੁਤ ਹੀ ਔਖਾਂ ਗਿਆ ਏ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਦੀ ਮਨਪਸੰਦ ਸ਼ੈਅ। ਇਹਦੇ ਸਾਹਮਣੇ ਸਾਰੇ ਨਜ਼ਾਰੇ ਫਿੱਕੇ ਲੱਗਦੇ ਨੇ। ਤੁਸੀ ਜਿੱਥੇ ਮਰਜ਼ੀ ਚਲੇ ਜਾਉ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਥੌੜਾ ਚਿਰ ਨਜ਼ਾਰੇ ਵੇਖਣ ਤੋਂ ਬਾਅਦ ਤਹਾਨੂੰ ਮੋਬਾਇਲ ਦੀ ਤੌੜ ਸਤਾਉਣ ਲੱਗ ਜਾਵੇਗੀ ਤੇ ਤੁਹਾਡਾ ਹੱਥ ਆਪਣੇ ਆਪ ਜਿੱਥੇ ਤੁਸੀ ਫੋਨ ਰੱਖਿਆ ਏ, ਚਲਾ ਜਾਵੇਗਾ। ਤੁਸੀ ਕਿਸੇ ਮਹਿਫ਼ਲ ਵਿੱਚ ਹਾਲ ਚਾਲ ਪੁੱਛਣ ਦੱਸਣ ਤੋਂ ਬਾਅਦ ਆਪੋ-ਆਪਣੇ ਫੋਨਾਂ ਨੂੰ ਇਵੇਂ ਮਿਲਦੇ ਹੋ ਜਿਵੇਂ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਵਿੱਛੜੇ ਸੀ।

ਬੱਚਿਆਂ ਦੀ ਗੱਲ ਕਰੀਏ ਤਾਂ ਪਲੇਅ ਸੈਟਰਾਂ ਤੋਂ ਪਾਰਕਾਂ, ਚਾਹੇ ਜਿੱਥੇ ਮਰਜ਼ੀ ਲੈ ਜਾੳ ਗੱਲ ਮੋਬਾਇਲ ਫੋਨ ‘ਤੇ ਆ ਕੇ ਮੁੱਕੇਗੀ। ਬੀਬੀਆਂ ਭੈਣਾਂ, ਨਾਨੀਆਂ-ਦਾਦੀਆਂ ਕੋਈ ਨਵਾਂ ਹੁਨਰ ਸਿੱਖਣ ਦੀ ਬਜਾਏ ਸਾਰਾ ਦਿਨ ਫੋਨ ਨੂੰ ਅੱਖਾਂ ਦੇ ਸਾਹਮਣੇ ਰੱਖ ਆਪਣੀ ਨਿਗਾਹ ਘੱਟ ਕਰੀ ਜਾਂਦੀਆਂ ਹਨ। ਇੱਥੋਂ ਤੱਕ ਗੱਲ ਪਹੁੰਚ ਗਈ ਏ ਕਿ ਬੱਚਾ ਜੰਮਣ ਤੋਂ ਬਾਅਦ ਬੱਚੇ ਨੂੰ ਸੰਭਾਲਣ ਦੀ ਬਜਾਏ ਫੋਨ ਨੂੰ ਵੇਖਣ ਦੀ ਕਾਹਲ਼ ਪੈ ਜਾਂਦੀ ਏ। ਸਵੇਰ ਦੀ ਸ਼ਰੂਆਤ ਤੋ ਰਾਤ ਨੂੰ ਸੌਣ ਤੱਕ ਬੱਸ ਫੋਨ ਦੇ ਦੁਆਲੇ ਹੀ ਸਾਡੀ ਜ਼ਿੰਦਗੀ ਘੁੰਮਦੀ ਏ। ਲੱਖ ਤਰੀਕੇ ਵੇਖੀ ਜਾਈਏ ਫੋਨ ਘੱਟ ਕਿਵੇ ਵੇਖਣਾ, ਸਕਰੀਨ ਟਾਈਮ ਘੱਟ ਕਿਵੇਂ ਕਰੀਏ, ਕੋਈ ਕੰਮ ਨਹੀ ਕਰਦਾ। ਤਰੀਕੇ ਦੱਸਣ ਵਾਲੇ ਆਪ ਵੀ ਲਾਇਕ-ਵਿਊ ਦੇ ਤਰਲੇ ਮਾਰੀ ਜਾਂਦੇ ਨੇ। ਹੈਰਾਨੀ ਦੀ ਗੱਲ ਇਹ ਹੋ ਜਾਂਦੀ ਏ ਜਦੋਂ ਅਸੀ ਫੋਨ ਵੇਖਣਾ ਕਿਵੇ ਘੱਟ ਕਰੀਏ ਦੇ ਤਰੀਕੇ ਵੇਖਦੇ-ਵੇਖਦੇ ਦੋ ਘੰਟੇ ਗਵਾਂ ਲੈਦੇ ਹਾਂ। ਸਾਨੂੰ ਆਪ ਇਸਦੀ ਸਮਝ ਨਹੀ ਆਉਂਦੀ ਕਿ ਅਸੀ ਕਿਵੇ ਆਪਣਾ ਕੀਮਤੀ ਸਮਾਂ ਬਿਨਾਂ ਕੁਝ ਸਿੱਖੇ, ਬਿਨਾਂ ਕਿਸੇ ਅਰਥ ਤੋ ਗਵਾਂ ਰਹੇ ਹਾਂ। ਬਹੁਤ ਸਾਰੇ ਥਾਵਾਂ ‘ਤੇ ਅਸੀ ਕਈ ਵਾਰ ਵੇਖਦੇ ਹਾਂ ਕਿ ਜਿੱਥੇ ਸਾਰੇ ਆਪੋ-ਆਪਣੇ ਫੋਨਾਂ ਉੱਤੇ ਉਗਲਾਂ ਮਾਰ ਰਹੇ ਹੋਣ ਤੇ ਉੱਥੇ ਸਬੱਬੀ ਜੇਕਰ ਕੋਈ ਵਿਰਲਾਂ-ਟਾਂਵਾਂ ਬੰਦਾ ਬਿਨਾਂ ਫੋਨ ਤੋ ਆਪਣੀ ਨਜਰ ਇੱਧਰ-ਉੱਧਰ ਘੁੰਮਾੳਦਾ ਹੈ ਤਾਂ ਬਾਕੀ ਸਾਰੇ ਉਸਨੂੰ ਇਸ ਕਦਰ ਭੇਦਭਰੀਆਂ ਨਜਰਾਂ ਨਾਲ ਘੂਰਦੇ ਹਨ ਜਿਵੇਂ ਉਹ ਕਿਸੇ ਹੋਰ ਦੁਨੀਆਂ ਤੋ ਆਇਆ ਹੋਵੇ ਜਾਂ ਇਹ ਸਾਰੇ ਕਿਸੇ ਹੋਰ ਦੁਨੀਆਂ ਦੇ ਹੋਣ। ਤੇ ਬੇਵੱਸੀ ਵਿੱਚ ਅਗਲਾਂ ਵੀ ਆਪਣਾ ਫੋਨ ਕੱਢ ਬੈਠ ਜਾਂਦਾ ਏ।

ਮੋਬਾਇਲ ਫੋਨ ‘ਤੋ ਹੋਣ ਵਾਲੇ ਫ਼ਾਇਦੇ ਨੂੰ ਤਾਂ ਸ਼ਾਇਦ ਕੋਈ ਸਮਝ ਰਿਹਾਂ ਹੋਵੇ ਪਰ ਇਸ ਕਾਰਨ ਅਸੀ ਬਹੁਤ ਕੁਝ ਗਵਾ ਰਹੇ ਹਾਂ। ਅਸੀ ਹਰ ਥਾਂ ਇਸਦੀ ਜਿਹੜੀ ਆਦਤ ਪਾ ਲਈ ਉਸਦੇ ਨਤੀਜੇ ਗਲਤ ਹੋਣਗੇ। ਸਵੇਰ ਅੱਖ ਖੁੱਲਣ ‘ਤੇ ਅਸੀ ਪਰਮਾਤਮਾਂ ਦਾ ਸੁਕਰਾਨਾਂ ਕਰਨਾਂ ਭੁੱਲ ਗਏ ਹਾਂ। ਉੱਠਦੇ ਸਾਰ ਅਸੀ ਫੋਨ ਵੇਖਣ ਦੇ ਆਦੀ ਹੋ ਗਏ ਤੇ ਫੇਰ ਸ਼ੁਰੂ ਹੁੰਦਾ ਏ ਵਿਚਾਰੇ ਫੋਨ ਦਾ ਸਫ਼ਰ। ਹਰ ਥਾਂ ਸਾਡੇ ਨਾਲ ਜਾਣ ਦਾ ..ਬਾਥਰੂਮ, ਟਾਇਲਟ, ਰਸੋਈ, ਗੱਡੀ, ਕੰਮ ਵਾਲੀ ਥਾਂ, ਡਾਈਨਿੰਗ ਟੇਬਲ। ਬੱਸ ਗੱਲ ਕਿ ਸਾਡੇ ਉੱਠਣ ਤੱਕ ਸਾਡੇ ਸੌਣ ਤੱਕ ਜੋ ਸਾਡੇ ਬਾਡੀਗਾਰਡ ਵਾਂਗ ਸਾਡੇ ਨਾਲ ਹੀ ਰਹਿੰਦਾ ਹੈ, ਉਹ ਫੋਨ ਤਾਂ ਹੈ। ਏਨਾਂ ਹੀ ਨਹੀ ਰਾਤ-ਬਰਾਤੇ ਜਦੋ ਕਿਤੇ ਸਾਡੀ ਅੱਖ ਖੁੱਲ ਜਾਵੇ ਅਸੀ ਉਦੋਂ ਵੀ ਆਪਣਾ ਫੋਨ ਹੀ ਲੱਭਦੇ ਹਾਂ। ਟਾਈਮ ਦਾ ਸਾਨੂੰ ਕੋਈ ਫ਼ਿਕਰ ਨਹੀਂ ਹੁੰਦਾ। 1 ਵੱਜੇ ਤੋ 3 ਵੱਜੇ ਤੱਕ, ਕਈ ਵਾਰ ਸਵੇਰ ਵੀ ਹੋ ਜਾਂਦੀ ਏ। ਫੇਰ ਸਾਡੇ ਸਰੀਰ ਦੀ ਸਾਰੀ ਬੈਟਰੀ ਡਾਊਨ ਕਰਕੇ ਪਰ ਫੋਨ ਦੀ ਬੈਟਰੀ ਫੁੱਲ ਕਰਕੇ ਘਰੋ ਨਿਕਲਦੇ ਹਾਂ ਤੇ ਸਾਰਾ ਦਿਨ ਪਰੇਸ਼ਾਨ ਮਨ ਨਾਲ ਕੰਮ ਕਰਦੇ ਹਾਂ। ਬੱਸ ਇਹ ਸਿਲਸਿਲਾ ਇਵੇ ਹੀ ਚੱਲਦਾ ਰਹਿੰਦਾ ਏ। ਅਗਾਂਹ ਬੱਚੇ ਸਾਡੇ ਤੋਂ ਦੋ ਕਦਮ ਅੱਗੇ ਚੱਲ ਰਹੇ ਹਨ। ਉਹਨਾਂ ਦਾ ਵੀ ਫੋਨ ਬਿਨਾਂ ਕਿਤੇ ਚਿੱਤ ਨਹੀ ਲੱਗਦਾ। ਬਹੁਤ ਕੁਝ ਵਿਸਰ ਰਿਹਾਂ ਏ, ਫੋਨ ਤਾਂ ਵਿਚਾਰਾ ਆਪ ਸੋਚਦਾ ਹੌਣਾ ਕਿ ਕਦੋ ਮੈਨੂੰ ਅਰਾਮ ਮਿਲੇ, ਜਦੋ ਇਹ ਬੰਦਾ ਕੋਈ ਕੰਮ ਮੇਰੇ ਬਿਨਾਂ ਵੀ ਕਰੇ। ਦੱਸ-ਦੱਸ ਪੰਦਰਾਂ ਮਿੰਟ ਤੋ ਫੋਨ ਚੈੱਕ ਕਰਨ ਦੀ ਆਦਤ ਸਾਰਿਆਂ ਨੂੰ ਪੈ ਗਈ ਏ। ਰਿਸ਼ਤਿਆਂ ਬਿਨਾ ਸਾਡਾ ਗੁਜ਼ਾਰਾ ਹੋ ਜਾਣਾ ਪਰ ਫੋਨ ਬਿਨਾਂ ਇੱਕ ਪਲ ਅਸੀ ਨਹੀ ਕੱਢ ਸਕਦੇ। ਹੁਣ ਗੁੱਸੇ-ਨਰਾਜ਼ ਹੋਣ ‘ਤੇ ਕੋਈ ਕਿਸੇ ਨੂੰ ਮਨਾਉਂਦਾ ਨਹੀਂ ਬਲਕਿ ਆਪੋ-ਆਪਣਾ ਫੋਨ ਲੈ ਬੈਠ ਜਾਂਦੇ ਹਨ। ਗੱਲ ਖ਼ਤਮ ..ਪਤਾ ਹੀ ਨਹੀਂ ਲੱਗਿਆ ਕਦੋਂ ਸਾਨੂੰ ਇਸਦੀ ਆਦਤ ਨੇ ਜਕੜ ਲਿਆ। ਹੱਲ ਕੋਈ ਨਹੀਂ ਜਾਣਦਾ ਬੱਸ ਰੱਬ ਰਾਖਾ ਸਾਰਿਆਂ ਦਾ (ਅਸੀ ਆਪ ਵੀ ਵਿੱਚ ਸ਼ਾਮਿਲ ਹਾਂ)।

Related posts

ਚੇਤਿ ਗੋਵਿੰਦੁ ਅਰਾਧੀਐ ਹੋਵੇ ਅਨੰਦ ਘਣਾ॥

admin

ਪਿਆਰ ਅਤੇ ਖੁਸ਼ੀ ਦੇ ਜਸ਼ਨ ਦਾ ਪ੍ਰਤੀਕ – ਰੰਗਾਂ ਦਾ ਤਿਉਹਾਰ ਹੋਲੀ !

admin

ਬਦਲਦੇ ਸਮੇਂ ਵਿੱਚ ਰੰਗ ਬਦਲਣ ਦੀ ਹੋਲੀ !

admin