ਇਸ ਤੇਜ਼ ਰਫ਼ਤਾਰ ਵਾਲੀ ਦੁਨੀਆਂ ਵਿੱਚ ਅਸੀਂ ਮੋਬਾਈਲ ਅਤੇ ਕੰਪਿਊਟਰ ਵਰਗੇ ਉਪਕਰਨਾਂ ਦੇ ‘ਗੁਲਾਮ’ ਬਣ ਗਏ ਹਾਂ ਭਾਵੇਂ ਅਸੀਂ ਚਾਹੁੰਦੇ ਹਾਂ ਜਾਂ ਨਹੀਂ। ਦਫ਼ਤਰ ਦਾ ਕੰਮ ਹੋਵੇ, ਔਨਲਾਈਨ ਕਲਾਸ ਹੋਵੇ ਜਾਂ ਦੋਸਤਾਂ ਨਾਲ ਗੱਲਬਾਤ ਅਸੀਂ ਸਾਰਾ ਦਿਨ ਇਹਨਾਂ ਨਾਲ ਚਿੰਬੜੇ ਰਹਿੰਦੇ ਹਾਂ। ਹੌਲੀ-ਹੌਲੀ ਇਹ ਆਦਤ ਇੰਨੀ ਵੱਧ ਗਈ ਹੈ ਕਿ ਸੂਰਜ ਦੀ ਰੌਸ਼ਨੀ, ਤਾਜ਼ੀ ਹਵਾ ਅਤੇ ਬਾਹਰੀ ਦੁਨੀਆ ਨਾਲ ਸਾਡਾ ਸੰਪਰਕ ਘੱਟ ਹੁੰਦਾ ਜਾ ਰਿਹਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸਦਾ ਪ੍ਰਭਾਵ ਸਿਰਫ਼ ਅੱਖਾਂ ਜਾਂ ਨੀਂਦ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਲਗਾਤਾਰ ਸਕ੍ਰੀਨ ਵੱਲ ਦੇਖਣਾ ਖਾਸ ਕਰਕੇ ਮੋਬਾਈਲ ਅਤੇ ਲੈਪਟਾਪ ਦੀ ਨੀਲੀ ਰੋਸ਼ਨੀ ਸਾਨੂੰ ਸਮੇਂ ਤੋਂ ਪਹਿਲਾਂ ਬੁੱਢਾ ਕਰ ਸਕਦੀ ਹੈ ਅਤੇ ਉਨ੍ਹਾਂ ਬਿਮਾਰੀਆਂ ਦਾ ਖ਼ਤਰਾ ਵੀ ਵਧਾ ਸਕਦੀ ਹੈ ਜੋ ਆਮ ਤੌਰ ‘ਤੇ ਬਜ਼ੁਰਗਾਂ ਨੂੰ ਪ੍ਰਭਾਵਿਤ ਕਰਦੀਆਂ ਹਨ।
ਸਿਹਤ ਵਿਗਿਆਨੀਆਂ ਦੇ ਵਲੋਂ ਕੀਤੀ ਗਈ ਇੱਕ ਖੋਜ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਤੁਹਾਡੇ ਫ਼ੋਨ, ਕੰਪਿਊਟਰ ਅਤੇ ਘਰੇਲੂ ਉਪਕਰਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਦੇ ਲੰਬੇ ਸਮੇਂ ਤੱਕ ਸੰਪਰਕ ਤੁਹਾਡੀ ਲੰਬੀ ਉਮਰ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਜਲਦੀ ਬੁਢਾਪਾ ਲਿਆ ਸਕਦੇ ਹਨ। ਕਈ ਵਿਗਿਆਨਕ ਖੋਜਾਂ ਨੇ ਇਹ ਵੀ ਦਿਖਾਇਆ ਹੈ ਕਿ ਇਨ੍ਹਾਂ ਉਪਕਰਨਾਂ ਦੀ ਲੰਬੇ ਸਮੇਂ ਤੱਕ ਵਰਤੋਂ ਸਰੀਰ ਦੀ ਜੈਵਿਕ ਘੜੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਸ ਨਾਲ ਜਲਦੀ ਥਕਾਵਟ, ਚਮੜੀ ‘ਤੇ ਝੁਰੜੀਆਂ, ਹਾਰਮੋਨਲ ਅਸੰਤੁਲਨ ਦਾ ਖ਼ਤਰਾ ਵਧ ਜਾਂਦਾ ਹੈ। ਇਸ ਨਾਲ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਖ਼ਤਰਾ ਵੀ ਵਧਦਾ ਹੈ। ਕੀ ਤੁਸੀਂ ਵੀ ਅਕਸਰ ਨੀਲੀ ਰੋਸ਼ਨੀ ਦੇ ਸੰਪਰਕ ਵਿੱਚ ਰਹਿੰਦੇ ਹੋ, ਸਾਰਾ ਦਿਨ ਦਫ਼ਤਰ ਵਿੱਚ ਲੈਪਟਾਪ ਕੰਪਿਊਟਰ ਦੇ ਸਾਹਮਣੇ ਬੈਠਦੇ ਹੋ ਅਤੇ ਘਰ ਤੋਂ ਬਾਹਰ ਘੱਟ ਸਮਾਂ ਬਿਤਾਉਂਦੇ ਹੋ? ਜੇਕਰ ਹਾਂ, ਤਾਂ ਅਜੇ ਵੀ ਸਾਵਧਾਨ ਰਹਿਣ ਦਾ ਸਮਾਂ ਹੈ। ਪਹਿਲਾਂ ਵੀ ਕਈ ਸਾਰੇ ਅਧਿਐਨਾਂ ਵਿੱਚ ਇਹ ਕਿਹਾ ਗਿਆ ਹੈ ਕਿ ਘਰ ਜਾਂ ਦਫ਼ਤਰ ਵਿੱਚ ਘੰਟਿਆਂਬੱਧੀ ਬੈਠ ਕੇ ਕੰਮ ਕਰਨ ਨਾਲ ਸਰੀਰਕ ਗਤੀਵਿਧੀ ਘੱਟ ਜਾਂਦੀ ਹੈ ਜਿਸ ਨਾਲ ਮੋਟਾਪਾ, ਦਿਲ ਦੀ ਬਿਮਾਰੀ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਬਾਹਰ ਕੁਦਰਤੀ ਰੌਸ਼ਨੀ ਦੀ ਘਾਟ ਸਰੀਰ ਵਿੱਚ ਵਿਟਾਮਿਨ-ਡੀ ਦੀ ਕਮੀ ਦਾ ਕਾਰਣ ਵੀ ਬਣ ਸਕਦੀ ਹੈ ਜੋ ਹੱਡੀਆਂ ਅਤੇ ਇਮਿਊਨਿਟੀ ਨੂੰ ਕਮਜ਼ੋਰ ਕਰਦੀ ਹੈ। ਇਨ੍ਹਾਂ ਮਾੜੇ ਪ੍ਰਭਾਵਾਂ ਦੇ ਨਾਲ ਜੇਕਰ ਨੀਲੀ ਰੋਸ਼ਨੀ ਵਾਲੀਆਂ ਚੀਜ਼ਾਂ ਦੇ ਸੰਪਰਕ ਵਿੱਚ ਤੁਹਾਡਾ ਸੰਪਰਕ ਵੀ ਵਧ ਰਿਹਾ ਹੈ ਤਾਂ ਇਹ ਚਿੰਤਾਵਾਂ ਨੂੰ ਹੋਰ ਵੀ ਵਧਾਉਣ ਵਾਲਾ ਹੈ।
ਅਮਰੀਕਾ ਦੀ ਓਰੇਗਨ ਸਟੇਟ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਜਗਾ ਗਿਬੁਲਟੋਵਿਜ਼ ਨੇ ਇੱਕ ਖੋਜ ਦੇ ਆਧਾਰ ‘ਤੇ ਦੱਸਿਆ ਹੈ ਕਿ ਤੁਹਾਡੇ ਫ਼ੋਨ, ਕੰਪਿਊਟਰ ਅਤੇ ਘਰੇਲੂ ਉਪਕਰਨਾਂ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਤੁਹਾਡੀ ਲੰਬੀ ਉਮਰ ਪ੍ਰਭਾਵਿਤ ਹੋ ਸਕਦੀ ਹੈ ਜਿਸ ਨਾਲ ਜਲਦੀ ਬੁਢਾਪਾ ਆ ਸਕਦਾ ਹੈ। ਇਹ ਨੀਲੀ ਰੌਸ਼ਨੀ ਦਿਮਾਗ ਦੇ ਸੈੱਲਾਂ ਦੇ ਨਾਲ-ਨਾਲ ਰੈਟੀਨਾ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ‘ਜਰਨਲ ਏਜਿੰਗ ਐਂਡ ਮਕੈਨਿਜ਼ਮ ਆਫ਼ ਡਿਜ਼ੀਜ਼’ ਵਿੱਚ ਪ੍ਰਕਾਸ਼ਿਤ ਇਹ ਅਧਿਐਨ ਜਾਨਵਰਾਂ ‘ਤੇ ਕੀਤਾ ਗਿਆ ਹੈ। ਇਸ ਖੋਜ ਦੇ ਵਿੱਚ ਮੱਖੀਆਂ ਦੇ ਨੀਲੀ ਰੌਸ਼ਨੀ ਦੇ ਸੰਪਰਕ ਦੇ ਨਾਲ-ਨਾਲ ਉਨ੍ਹਾਂ ਦੇ ਸਰੀਰ ਦੀ ਜੈਵਿਕ ਘੜੀ ਦੀ ਵੀ ਨਿਗਰਾਨੀ ਕੀਤੀ ਗਈ। ਸਿੱਟੇ ਵਜੋਂ ਇਹ ਪਾਇਆ ਗਿਆ ਕਿ ਇਸ ਨੀਲੀ ਰੌਸ਼ਨੀ ਨੇ ਬੁਢਾਪੇ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ। ਜਿਨ੍ਹਾਂ ਮੱਖੀਆਂ ਨੂੰ 12 ਘੰਟੇ ਰੋਸ਼ਨੀ ਵਿੱਚ ਅਤੇ 12 ਘੰਟੇ ਹਨੇਰੇ ਵਿੱਚ ਦਿਨ ਵਿੱਚ ਰੱਖਿਆ ਗਿਆ ਸੀ ਉਨ੍ਹਾਂ ਦੀ ਉਮਰ ਪੂਰੀ ਤਰ੍ਹਾਂ ਹਨੇਰੇ ਵਿੱਚ ਰੱਖੀਆਂ ਗਈਆਂ ਮੱਖੀਆਂ ਜਾਂ ਨੀਲੀ ਤਰੰਗ-ਲੰਬਾਈ ਨੂੰ ਫਿਲਟਰ ਕਰਕੇ ਰੌਸ਼ਨੀ ਵਿੱਚ ਰੱਖੀਆਂ ਗਈਆਂ ਮੱਖੀਆਂ ਨਾਲੋਂ ਘੱਟ ਸੀ। ਨੀਲੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਵਾਲੀਆਂ ਮੱਖੀਆਂ ਨੂੰ ਰੈਟੀਨਾ ਸੈੱਲਾਂ ਅਤੇ ਦਿਮਾਗ ਦੇ ਨਿਊਰੋਨਸ ਨੂੰ ਨੁਕਸਾਨ ਪਹੁੰਚਿਆ ਅਤੇ ਉਨ੍ਹਾਂ ਦੀ ਗਤੀਸ਼ੀਲਤਾ ਘੱਟ ਗਈ।
ਇਸੇ ਤਰ੍ਹਾਂ ਹੀ ‘ਏਜਿੰਗ ਐਂਡ ਮੈਕੇਨਿਜ਼ਮ ਆਫ਼ ਡਿਜ਼ੀਜ਼’ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਹਰ ਕਿਸੇ ਨੂੰ ਆਪਣੀ ਸਰਕੇਡੀਅਨ ਘੜੀ ਨੂੰ ਕਾਬੂ ਵਿੱਚ ਰੱਖਣ ਲਈ ਕੁਦਰਤੀ ਰੌਸ਼ਨੀ ਦੀ ਲੋੜ ਹੁੰਦੀ ਹੈ। ਸਰਕੇਡੀਅਨ ਘੜੀ ਸਾਡੇ ਸਰੀਰ ਦੀ ਇੱਕ ਪ੍ਰਣਾਲੀ ਹੈ ਜੋ ਨੀਂਦ-ਜਾਗਣ ਦੇ ਚੱਕਰ, ਹਾਰਮੋਨ ਉਤਪਾਦਨ, ਸਰੀਰ ਦਾ ਤਾਪਮਾਨ ਅਤੇ ਹੋਰ ਸਰੀਰਕ ਕਾਰਜਾਂ ਨੂੰ ਨਿਯੰਤ੍ਰਿਤ ਕਰਦੀ ਹੈ। ਇਸ ਖੋਜ ਦੇ ਵਿੱਚ ਇਹ ਵੀ ਸਬੂਤ ਪਾਏ ਹਨ ਕਿ ਨਕਲੀ ਨੀਲੀ ਰੋਸ਼ਨੀ ਦਾ ਸੰਪਰਕ ਨੀਂਦ ਦੇ ਪੈਟਰਨਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਨੀਂਦ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਤਾਂ ਭਾਰ ਵੀ ਵਧ ਸਕਦਾ ਹੈ। ਪਹਿਲਾਂ ਬਹੁਤ ਸਾਰੀਆਂ ਖੋਜਾਂ ਸੁਝਾਅ ਦਿੰਦੀਆਂ ਰਹੀਆਂ ਹਨ ਕਿ ਮੋਟਾਪਾ ਤੇਜ਼ੀ ਨਾਲ ਬੁਢਾਪਾ ਲਿਆ ਸਕਦਾ ਹੈ ਅਤੇ ਤੁਹਾਡੀ ਉਮਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਨੀਂਦ ਦੀਆਂ ਸਮੱਸਿਆਵਾਂ ਤੋਂ ਇਲਾਵਾ ਨੀਲੀ ਰੋਸ਼ਨੀ ਚਮੜੀ ਦੇ ਸੈੱਲਾਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਖੋਜ ਸੁਝਾਅ ਦਿੰਦੀ ਹੈ ਕਿ ਦਿਨ ਵਿੱਚ 12 ਘੰਟੇ ਨੀਲੀ ਰੋਸ਼ਨੀ ਦੇ ਸੰਪਰਕ ਵਿੱਚ ਰਹਿਣ ਦੇ ਨਾਲ ਉਮਰ ਘੱਟ ਹੋ ਸਕਦੀ ਹੈ ਅਤੇ ਸੰਭਵ ਤੌਰ ‘ਤੇ ਚਮੜੀ ਦੇ ਸੈੱਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਚਮੜੀ ‘ਤੇ ਸਮੇਂ ਤੋਂ ਪਹਿਲਾਂ ਝੁਰੜੀਆਂ ਅਤੇ ਧੱਬੇ ਪੈ ਸਕਦੇ ਹਨ। ਇਹ ਚਮੜੀ ਦੀ ਸੋਜ, ਰੰਗੀਨਤਾ ਅਤੇ ਲਾਲੀ ਦਾ ਕਾਰਣ ਵੀ ਬਣ ਸਕਦੀ ਹੈ। ਜੇਕਰ ਤੁਸੀਂ ਕੰਪਿਊਟਰ, ਫ਼ੋਨ ਅਤੇ ਹੋਰ ਡਿਵਾਈਸਾਂ ਦੁਆਰਾ ਨਿਕਲਣ ਵਾਲੀ ਨਕਲੀ ਨੀਲੀ ਰੋਸ਼ਨੀ ਦੇ ਉੱਚ ਪੱਧਰਾਂ ਦੇ ਸੰਪਰਕ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਜਲਦੀ ਬੁੱਢੇ ਹੋਣ ਦੀ ਸੰਭਾਵਨਾ ਬਹੁਤ ਤੇਜ਼ੀ ਨਾਲ ਵੱਧ ਜਾਂਦੀ ਹੈ।